ਐਮਰਜੈਂਸੀ ਦੀ 43ਵੀਂ ਵਰ੍ਹੇਗੰਢ ਤੇ : -ਜਸਵੰਤ ਸਿੰਘ ‘ਅਜੀਤ’

ਐਮਰਜੈਂਸੀ ਬਨਾਮ ਸਿੱਖ ਲੀਡਰਸ਼ਿਪ…
ਗਲ ਜੂਨ, 1975 ਦੇ ਅਖੀਰ ਦੀ ਹੈ, ਜਦੋਂ ਭਾਰਤ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ, ਦੇਸ਼ ਵਿਚ ਐਮਰਜੈਂਸੀ ਲਾਗੂ ਕੀਤੀ ਗਈ ਸੀ। ਐਮਰਜੈਂਸੀ ਦਾ ਐਲਾਨ ਹੁੰਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ, ਬਾਕੀ ਲਗਭਗ ਸਾਰੀਆਂ ਹੀ ਕਾਂਗ੍ਰਸ-ਵਿਰੋਧੀ ਪਾਰਟੀਆਂ ਦੇ ਆਗੂਆਂ ਸਮੇਤ ਤਕਰੀਬਨ ੰਿਤੰਨ ਹਜ਼ਾਰ ਰਾਜਸੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ।
ਦਿੱਲੀ ਗੁਰਦੁਆਰਾ ਐਕਟ-1971 ਅਨੁਸਾਰ, ਇਸਤੋਂ ਕੁਝ ਹੀ ਸਮਾਂ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਆਮ ਚੋਣਾਂ ਹੋਈਆਂ ਸਨ। ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਸਿੱਖ ਆਗੂ ਜ. ਸੰਤੋਖ ਸਿੰਘ, ਜੋ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸਨ, ਦੀ ਅਗਵਾਈ ਵਿਚ ਲੜੀਆਂ ਸਨ। ਇਨ੍ਹਾਂ ਚੋਣਾਂ ਦੀ ਦਿਲਚਸਪ ਗਲ ਇਹ ਰਹੀ ਕਿ ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਵੀ ਤਰ੍ਹਾਂ ਦੀ ਚੁਨੌਤੀ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ ਤੇ ਉਹ ਪੂਰੀ ਤਰ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਾਬਜ਼ ਹੋਣ ਵਿੱਚ ਸਫਲ ਹੋ ਗਿਆ। ਸ. ਜਸਵੰਤ ਸਿੰਘ ਕੋਛੜ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਜ. ਸੰਤੋਖ ਸਿੰਘ ਗੁਰਦੁਆਰਾ ਕਮੇਟੀ ਦੀ ਅਕਾਲੀ ਪਾਰਟੀ ਦੇ ਨੇਤਾ ਥਾਪੇ ਗਏ।
ਜਾਣਕਾਰ ਹਲਕਿਆਂ ਅਨੁਸਾਰ, ਐਮਰਜੈਂਸੀ ਲਾਣ ਤੋਂ ਬਾਅਦ, ਜਿਥੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਜੇਲ੍ਹਾਂ ਵਿਚ ਬੰਦ ਕਰ ਦਿਤਾ ਗਿਆ, ਉਥੇ ਹੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਜ. ਸੰਤੋਖ ਸਿੰਘ, ਜੋ ਕਿਸੇ ਸਮੇਂ ਪੰਡਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਸ਼੍ਰੀਮਤੀ ਇੰਦਰਾ ਗਾਂਧੀ ਤਕ ਦੇ ਪ੍ਰਧਾਨ ਮੰਤਰੀਆਂ ਦੇ ਨਜ਼ਦੀਕੀ ਰਹੇ ਸਨ, ਰਾਹੀਂ ਅਕਾਲੀ ਆਗੂਆਂ ਨੂੰ ਸੰਦੇਸ਼ ਭੇਜਿਆ ਕਿ ਜੇ ਉਹ ਉਨ੍ਹਾਂ ਦਾ ਸਮਰਥਨ ਕਰਨ ਤਾਂ ਉਹ ਅਕਾਲੀਆਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹਨ। ਜ. ਸੰਤੋਖ ਸਿੰਘ ਨੇ ਇਸ ਸਬੰਧ ਵਿਚ ਜ. ਗੁਰਚਰਨ ਸਿੰਘ ਟੋਹੜਾ ਨੂੰ ਸਾਰੀ ਗਲ ਦਸ, ਉਨ੍ਹਾਂ ਨਾਲ ਵਿਸਥਾਰ ਨਾਲ ਗਲ ਕੀਤੀ। ਜ. ਟੋਹੜਾ ਨੇ ਸਾਰੀ ਗਲ ਨੂੰ ਸਮਝਦਿਆਂ, ਪਹਿਲਾਂ ਆਪਣੇ ਭਰੋਸੇਯੋਗ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਸਤੋਂ ਬਾਅਦ ਉਨ੍ਹਾਂ ਜ. ਸੰਤੋਖ ਸਿੰਘ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸਮਰਥਨ ਦੇਣ ਦਾ ਐਲਾਨ ਕਰਨ ਦੀ ਸਲਾਹ ਦੇ ਦਿਤੀ। ਜ. ਟੌਹੜਾ ਪਾਸੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਜ. ਸੰਤੋਖ ਸਿੰਘ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਕੁਝ ਹੋਰ ਸਿੱਖ ਪਤਵੰਤਿਆਂ ਨੂੰ ਨਾਲ ਲੈ, ਸ਼੍ਰੀਮਤੀ ਇੰਦਰਾ ਗਾਂਧੀ ਦੀ ਕੋਠੀ ਪੁਜੇ ਅਤੇ ਉਥੇ ਜਾ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿਤਾ।
ਹੈਰਾਨੀ ਦੀ ਗਲ ਇਹ ਰਹੀ ਕਿ ਜ. ਸੰਤੋਖ ਸਿੰਘ ਨੇ ਇਹ ਐਲਾਨ, ਜ. ਗੁਰਚਰਨ ਸਿੰਘ ਟੋਹੜਾ ਨਾਲ ਗਲ ਕਰਕੇ ਅਤੇ ਉਨ੍ਹਾਂ ਵਲੋਂ ਪ੍ਰਗਟ ਕੀਤੀ ਗਈ ਸਹਿਮਤੀ ਦੇ ਆਧਾਰ ਤੇ ਕੀਤਾ ਸੀ, ਪਰ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਦਬਾਉ ਹੇਠ ਸ਼੍ਰੋਮਣੀ ਅਕਾਲੀ ਦਲ ਵਲੋਂ ਐਮਰਜੈਂਸੀ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ, ਤਾਂ ਇਸਦੇ ਲਈ ਕੇਵਲ ਜ. ਸੰਤੋਖ ਸਿੰਘ ਨੂੰ ਹੀ ਦੋਸ਼ੀ ਗਰਦਾਨ, ਉਨ੍ਹਾਂ ਨੂੰ ਅਕਾਲੀ ਦਲ ਵਿਚੋਂ ਕਢ ਦਿਤਾ ਗਿਆ।
ਜ. ਸੰਤੋਖ ਸਿੰਘ ਨੇ ਐਮਰਜੈਂਸੀ ਦੇ ਮੁੱਦੇ ਤੇ ਸ਼੍ਰੀਮਤੀ ਇੰਦਰਾ ਗਾਂਧੀ ਦਾ ਸਮਰਥਨ ਕੀਤੇ ਜਾਣ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ, ਆਪਣੇ ਸਾਥੀਆਂ ਨੂੰ ਦਸਿਆ ਕਿ ਉਨ੍ਹਾਂ ਇਹ ਸਮਰਥਨ ਇੱਕ ਤਾਂ ਜ. ਗੁਰਚਰਨ ਸਿੰਘ ਟੋਹੜਾ ਨੂੰ ਭਰੋਸੇ ਵਿਚ ਲੈ ਕੇ ਕੀਤਾ ਹੈ; ਦੂਸਰਾ, ਇਸਦਾ ਕਾਰਣ ਇਹ ਸੀ ਕਿ ਜੋ ਕੁਝ ਅਕਾਲੀ ਦਲ ਵਲੋਂ ਲੰਮੀਆਂ ਲੜਾਈਆਂ ਲੜ ਕੇ ਵੀ ਹਾਸਲ ਨਹੀਂ ਸੀ ਕੀਤਾ ਜਾ ਸਕਿਆ, ਉਹ ਬਿਨਾ ਲੜਾਈ ਦੇ ਹਾਸਲ ਹੋਣ ਦੀ ਵਿਉਂਤ ਬਣ ਰਹੀ ਸੀ। ਇਸ ਸਮੇਂ ਉਨ੍ਹਾਂ ਦੇ ਹੀ ਇਕ ਸਾਥੀ ਨੇ ਪੁਛ ਲਿਆ ਕਿ ਕੀ ਸ਼੍ਰੀਮਤੀ ਇੰਦਰਾ ਗਾਂਧੀ ਪੁਰ ਭਰੋਸਾ ਕੀਤਾ ਜਾ ਸਕਦਾ ਹੈ ਕਿ ਉਹ ਆਪਣੇ ਵਲੋਂ ਕੀਤੇ ਜਾ ਰਹੇ ਵਾਇਦੇ ਨੂੰ ਨਿਭਾਣ ਪ੍ਰਤੀ ਇਮਾਨਦਾਰ ਹੋਵੇਗੀ? ਤਾਂ ਜ. ਸੰਤੋਖ ਸਿੰਘ ਨੇ ਉੱਤਰ ਦਿਤਾ ਕਿ ਛੇਤੀ ਕੀਤੇ ਐਮਰਜੈਂਸੀ ਖਤਮ ਨਹੀਂ ਹੋ ਰਹੀ, ਅਜੇ ਸ਼ੁਰੂ ਹੋਈ ਹੈ। ਜੇ ਸ਼੍ਰੀਮਤੀ ਇੰਦਰਾ ਗਾਂਧੀ ਕੀਤੇ ਵਾਇਦੇ ਤੋਂ ਮੁਕਰਦੀ ਹੈ ਤਾਂ ਉਨ੍ਹਾਂ ਵਿਰੁਧ ਮੋਰਚਾ ਲਾਏ ਜਾਣ ਦੇ ਸਬੰਧ ਵਿਚ ਪੰਥ ਪਾਸ ਮਜ਼ਬੂਤ ਅਧਾਰ ਹੋਵੇਗਾ।
ਇਸ ਸਬੰਧ ਵਿਚ ਕੁਝ ਬੁੱਧੀਜੀਵੀਆਂ ਦਾ ਵੀ ਇਹ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਹਲ ਵਿਚ ਐਮਰਜੈਂਸੀ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਨਹੀਂ ਸੀ ਲੈਣਾ ਚਾਹੀਦਾ, ਸਗੋਂ ਸਿੱਖ ਇਤਿਹਾਸ ਤੋਂ ਅਗਵਾਈ ਲੈਂਦਿਆਂ ਹੀ ਕੋਈ ਫੈਸਲਾ ਲੈਣਾ ਚਾਹੀਦਾ ਸੀ। ਉਨ੍ਹਾਂ ਅਨੁਸਾਰ ਜਿਵੇਂ ਗੁਰੂ ਸਾਹਿਬਾਨ ਤੋਂ ਬਾਅਦ ਸੰਘਰਸ਼ ਵਿਚ ਰੁਝੀਆਂ ਸਿੱਖ ਸ਼ਕਤੀਆਂ, ਸਮੇਂ-ਸਮੇਂ ਵਿਰੋਧੀ ਤਾਕਤਾਂ ਨਾਲ ਸਮਝੌਤਾ ਕਰ, ਕੁਝ ਸਮੇਂ ਲਈ ਅਜਿਹਾ ਸ਼ਾਂਤੀ ਦਾ ਮਾਹੌਲ਼ ਸਿਰਜ ਲੈਂਦੀਆਂ ਰਹੀਆਂ, ਜਿਸ ਵਿਚ ਉਹ ਨਾ ਕੇਵਲ ਆਪਣੀ ਤਾਕਤ ਇਕਠਿਆਂ ਕਰਦੀਆਂ, ਸਗੋਂ ਉਸਨੂੰ ਵਧਾਦੀਆਂ ਵੀ ਸਨ, ਤਾਂ ਜੋ ਮੌਕਾ ਬਣਨ ਤੇ ਉਹ ਵਿਰੋਧੀ ਤਾਕਤ ਨੂੰ ਜ਼ਬਰਦਸਤ ਚੁਨੌਤੀ ਦੇ ਸਕਣ।
ਪਰ ਅਜਿਹਾ ਨਹੀਂ ਹੋ ਸਕਿਆ: ਸ਼੍ਰੋਮਣੀ ਅਕਾਲੀ ਦਲ ਵਲੋਂ ਇਕ ਸਾਂਝਾ ਐਲਾਨ-ਨਾਮਾ ਜਾਰੀ ਕਰਕੇ ਮੋਰਚਾ ਸ਼ੁਰੂ ਕਰ ਦਿਤਾ ਗਿਆ। ਜ. ਧੰਨਾ ਸਿੰਘ ਗੁਲਸ਼ਨ ਲਿਖਤ ਪੁਸਤਕ ‘ਅਜ ਦਾ ਪੰਜਾਬ ਤੇ ਸਿੱਖ ਰਾਜਨੀਤੀ’ ਅਨੁਸਾਰ ਇਸ ਐਲਾਨ-ਨਾਮੇ ਵਿਚ ਕਿਹਾ ਗਿਆ, ਕਿ ‘ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਤੇ ਸੰਗਰਾਮ ਵਿਚ ਹਰਾਵਲ ਦਸਤੇ ਦਾ ਕੰਮ ਕੀਤਾ ਹੈ। ਸਿੱਖਾਂ ਨੇ ਨਾ ਕੇਵਲ ਮੁਗ਼ਲ ਸਾਮਰਾਜ ਦੇ ਜ਼ੁਲਮ ਵਿਰੁਧ ਟੱਕਰ ਲਈ, ਸਗੋਂ ਅੰਗਰੇਜ਼ੀ ਸਾਮਰਾਜ ਵਿਰੁਧ ਵੀ ਦੇਸ਼ ਦੀ ਆਜ਼ਾਦੀ, ਇਨਸਾਫ ਅਤੇ ਜਮਹੂਰੀਅਤ ਦੀ ਪ੍ਰਾਪਤੀ ਲਈ, ਅਣਗਿਣਤ ਕੁਰਬਾਨੀਆਂ ਕੀਤੀਆਂ, ਅੱਜ ਫਿਰ ਦੇਸ਼ ਉਤੇ ਅਕਾਰਨ ‘ਅੰਦਰੂਨੀ ਐਮਰਜੈਂਸੀ’ ਠੌਂਸ ਦਿੱਤੀ ਗਈ ਹੋਣ ਕਰ ਦੇਸ਼ ਵਿਚ ਇਕ ਅਜਿਹੀ ਹਾਲਤ ਪੈਦਾ ਹੋ ਗਈ ਹੈ, ਜਿਸਦੇ ਫਲਸਰੂਪ ਲਿਖਣ ਤੇ ਬੋਲਣ ਦੀ ਆਜ਼ਾਦੀ ਨੂੰ ਕੁਚਲ ਕੇ ਰਖ ਦਿਤਾ ਗਿਆ ਹੈ ਅਤੇ ਜਨਤਾ ਦੇ ਮੁਢਲੇ ਹੱਕਾਂ ਉਤੇ ਛਾਪਾ ਮਾਰਿਆ ਗਿਆ ਹੈ। ਇੰਜ ਜਾਪਦਾ ਹੈ ਕਿ ਜਿਸ ਮਹਾਨ ਕਾਰਜ ਲਈ ਸਿੱਖਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਸਨ, ਉਸਨੂੰ ਵੀ ਮਲੀਆਮੇਟ ਕੀਤਾ ਜਾ ਚੁਕਾ ਹੈ।…’ ਇਸਤੋਂ ਅਗੇ ਉਨ੍ਹਾਂ ਮੰਗਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ, ਜੋ ਅਕਾਲੀ ਦਲ ਵਲੋਂ ਲੰਮੇਂ ਸਮੇਂ ਤੋਂ ਕੀਤੀਆਂ ਜਾਂਦੀਆਂ ਚਲੀਆਂ ਆ ਰਹੀਆਂ ਸਨ।
ਸ਼੍ਰੋਮਣੀ ਅਕਾਲੀ ਦਲ ਵਲੋਂ ਲਾਏ ਮੋਰਚੇ ਦੇ ਪਹਿਲੇ ਹੀ ਦਿਨ ਸ. ਪ੍ਰਕਾਸ਼ ਸਿੰਘ ਬਾਦਲ, ਜ. ਗੁਰਚਰਨ ਸਿੰਘ ਟੋਹੜਾ, ਜ. ਜਗਦੇਵ ਸਿੰਘ ਤਲਵੰਡੀ, ਸ. ਆਤਮਾ ਸਿੰਘ, ਸ. ਬਸੰਤ ਸਿੰਘ ਖਾਲਸਾ ਆਦਿ ਅਕਾਲੀ ਨੇਤਾ ਆਪਣੇ-ਆਪਨੂੰ ਗ੍ਰਿਫਤਾਰੀ ਲਈ ਪੇਸ਼ ਕਰ ਅਣਮਿਥੇ ਸਮੇਂ ਲਈ ਜੇਲ੍ਹ ਚਲੇ ਗਏ। ਉਨ੍ਹੀਂ (19) ਮਹੀਨੇ ਚਲੇ ਇਸ ਮੋਰਚੇ ਦੌਰਾਨ ਲਗਭਗ, 43,000 ਸਿੱਖ ਗ੍ਰਿਫਤਾਰ ਹੋਏ।
ਪ੍ਰਾਪਤੀਆਂ : ਇਤਨਾ ਲੰਮਾਂ ਸਮਾਂ ਮੋਰਚਾ ਲਾ ਅਤੇ ਇਤਨੀਆਂ ਗ੍ਰਿਫਤਾਰੀਆਂ ਦੇ ਐਮਰਜੈਂਸੀ ਤਾਂ ਖਤਮ ਕਰਵਾ ਲਈ ਗਈ, ਪਰ ਇਸ ਕੁਰਬਾਨੀ ਦਾ ਸਿਲਾ ਸਿੱਖ ਕੌਮ ਨੂੰ ਮਿਲਿਆ ਕੀ? ਇਸਦਾ ਕਦੀ ਵੀ ਨਾ ਤਾਂ ਮੁਲਾਂਕਣ ਕੀਤਾ ਗਿਆ ਅਤੇ ਸ਼ਾਇਦ ਨਾ ਹੀ ਕਦੀ ਕੀਤਾ ਜਾਇਗਾ। ਐਮਰਜੈਂਸੀ ਖਤਮ ਹੋਣ ਤੋਂ ਬਾਅਦ ਕਈ ਵਾਰ ਪੰਜਾਬ ਸਮੇਤ ਦੇਸ ਦੇ ਵੱਖ-ਵੱਖ ਰਾਜਾਂ ਵਿਚ ਹੀ ਨਹੀਂ, ਸਗੋਂ ਕੇਂਦਰ ਵਿਚ ਵੀ ਗ਼ੈਰ-ਕਾਂਗ੍ਰਸੀ ਸਰਕਾਰਾਂ ਬਣੀਆਂ, ਪੰਜਾਬ ਵਿਚ ਅਕਾਲੀ ਆਪ ਸੱਤਾ ਵਿਚ ਆਏ ਅਤੇ ਕੇਂਦਰ ਵਿਚ ਵੀ ਉਨ੍ਹਾਂ ਭਾਈਵਾਲੀ ਕੀਤੀ। ਪਰ ਇਸ ਸਮੇਂ ਦੌਰਾਨ ਨਾ ਤਾਂ ਉਨ੍ਹਾਂ ਪੰਜਾਬ ਅਤੇ ਸਿੱਖਾਂ ਨਾਲ ਸਬੰਧਤ ਉਨ੍ਹਾਂ ਮਸੱਲਿਆਂ ਨੂੰ ਹਲ ਕਰਵਾਇਆ ਅਤੇ ਨਾ ਹੀ ਉਨ੍ਹਾਂ ਨੂੰ ਹਲ ਕਰਵਾਉਣ ਦੇ ਲਈ ਕੋਈ ਆਵਾਜ਼ ਹੀ ਉਠਾਈ, ਜਿਨ੍ਹਾਂ ਨੂੰ ਐਮਰਜੈਂਸੀ ਵਿਰੁਧ ਮੋਰਚਾ ਲਾਉਂਦਿਆਂ ਐਲਾਨ-ਨਾਮੇ ਵਿਚ ਸ਼ਾਮਲ ਕੀਤਾ ਗਿਆ ਸੀ ਅਤੇ ਜਿਨ੍ਹਾਂ ਦੇ ਨਾਂ ਤੇ 43 ਹਜ਼ਾਰ ਸਿੱਖ ਜੇਲ੍ਹ ਵਿਚ ਗਏ ਅਤੇ ਕਈ ਜੇਲ੍ਹ ਵਿਚ ਸ਼ਹੀਦ ਵੀ ਹੋਏ। ਜੇ ਇਹ ਕਿਹਾ ਜਾਏ ਕਿ ਇਨ੍ਹਾਂ ਹਜ਼ਾਰਾਂ ਸਿੱਖਾਂ ਦੀ ਕੁਰਬਨੀ ਦੇ ਬਦਲੇ, ਉਨ੍ਹਾਂ ਸਿੱਖ ਤੇ ਗ਼ੈਰ-ਸਿੱਖ ਆਗੂਆਂ ਨੇ ਸੱਤਾ-ਸੁਖ ਮਾਣਿਆ, ਜੋ ਝੰਝਟਾਂ ਤੋਂ ਬਚਣ ਲਈ ਪਹਿਲੇ ਦਿਨ ਹੀ ਜੇਲ੍ਹ ਜਾ, ਰਾਜਸੀ ਆਗੂ ਹੋਣ ਕਾਰਣ ‘ਵਿਸ਼ੇਸ਼ ਵੀਆਈਪੀ’ ਸੈੱਲਾਂ ਵਿਚ ਰਹਿ ‘ਵਿਸ਼ੇਸ਼ ਸਹੂਲਤਾਂ’ ਪ੍ਰਾਪਤ ਕਰਨ ਦੇ ਅਧਿਕਾਰੀ ਬਣੇ ਰਹੇ ਸਨ।
ਮਾਨਤਾ ਵੀ ਨਹੀਂ ਮਿਲ ਸਕੀ : ਇਹ ਗਲ ਸ਼ਾਇਦ ਕੋਈ ਨਹੀਂ ਜਾਣਦਾ, ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਐਮਰਜੈਂਸੀ ਵਿਰੁਧ ਉਸਦੀ ਅਰੰਭਤਾ ਤੋਂ ਸਮਾਪਤੀ ਤਕ ਲਾਏ ਗਏ ਮੋਰਚੇ ਤੇ ਉਸ ਵਿਚ ਸਿੱਖਾਂ ਵਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ, ਕਾਂਗ੍ਰਸ-ਵਿਰੋਧੀ ਪਾਰਟੀਆਂ ਨੇ ਰਾਸ਼ਟਰੀ ਪਧੱਰ ਤੇ ਕੋਈ ਮਾਨਤਾ ਨਹੀਂ ਦਿਤੀ। ਐਮਰਜੈਂਸੀ ਵਿਰੋਧੀ ਸੰਘਰਸ਼ ਨਾਲ ਸਬੰਧਤ ਗ਼ੈਰ-ਸਿੱਖਾਂ ਵਲੋਂ ਲਿਖਿਆ, ਜੋ ਵੀ ਇਤਿਹਾਸ ਜਾਂ ਸਾਹਿਤ ਰਚਿਆ ਗਿਆ, ਉਸ ਵਿਚ ਉਨ੍ਹਾਂ ਪਾਰਟੀਆਂ ਤੇ ਲੀਡਰਾਂ ਦਾ ਹੀ ਜ਼ਿਕਰ ਬਣੇ ਮਾਣ ਨਾਲ ਕੀਤਾ ਗਿਆ, ਜੋ ਜੇਲ੍ਹ ਵਿਚ ਜਾ ਬੈਠੇ ਸਨ ਜਾਂ ਫਿਰ ਗ੍ਰਿਫਤਾਰੀ ਤੋਂ ਡਰਦਿਆਂ ਰੂ-ਪੋਸ਼ ਹੋ ਗਏ ਸਨ, ਜਾਂ ਮਾਫੀ ਮੰਗ ਰਾਜਨੀਤੀ ਤੋਂ ਤੋਬਾ ਕਰ ਘਰੀਂ ਬੈਠ ਗਏ ਸਨ।
…ਅਤੇ ਅੰਤ ਵਿੱਚ : ਭਾਰਤੀ ਜਨਤਾ ਪਾਰਟੀ ਵਲੋਂ ਹਰ ਸਾਲ ਇਨ੍ਹਾਂ ਦਿਨਾਂ ਵਿੱਚ ‘ਐਮਰਜੈਂਸੀ ਦੀ ਵਰ੍ਹੇਗੰਢ ਬਨਾਮ ਕਾਲਾ ਦਿਵਸ’ ਮੰਨਾਉਣ ਦਾ ਆਯੋਜਨ ਕੀਤਾ ਜਾਂਦਾ ਹੈ। ਇਨ੍ਹਾਂ ਮੌਕਿਆਂ ਤੇ ਹੋਏ ਸਮਾਗਮ ਵਿਚ ਕੌਮੀ ਜਮਹੂਰੀ ਗਠਜੋੜ (ਐਨਡੀਏ) ਦੇ ਕਈ ਮੁੱਖੀ ਸ਼ਾਮਲ ਹੁੰਦੇ ਰਹਿੰਦੇ ਹਨ। ‘ਐਮਰਜੈਂਸੀ ਵਿਰੁਧ ਸੰਘਰਸ਼ ਦਾ ਬਿਗੁਲ ਵਜਾਣ’ ਵਾਲੇ ਵਜੋਂ ਜੈ ਪ੍ਰਕਾਸ਼ ਨਾਰਾਇਣ ਦਾ ਨਾਂ ਤਾਂ ਲਿਆ ਜਦਾ ਅਤੇ ਭਾਜਪਾ ਵਲੋਂ ਐਮਰਜੈਂਸੀ ਦਾ ਵਿਰੋਧ ਅਤੇ ਕੀਤੀਆਂ ਗਈਆਂ ਕਥਤ ਕੁਰਬਾਨੀਆਂ ਦਾ ਵੱਧ ਚੜ੍ਹ ਕੇ ਗੁਣ-ਗਾਣ ਵੀ ਕੀਤਾ ਜਾਂਦਾ ਹੈ, ਜੇਲ੍ਹ ਜਾਣ ਵਾਲੇ ਲੋਕਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ।
ਪਰ ਇਨ੍ਹਾਂ ਸਮਾਗਮਾਂ ਵਿਚ ਅਕਾਲੀਆਂ ਨਾਲ ਭਾਈਵਾਲੀ ਕਰ, ਪੰਜਾਬ ਵਿਚ ਸੱਤਾ-ਸੁੱਖ ਮਾਣਦੀ ਰਹਿੰਦੀ ਭਾਜਪਾ ਨੇਤਾ ਐਮਰਜੈਂਸੀ ਵਿਰੁਧ ਉਸਦੀ ਸਮਾਪਤੀ ਤਕ ਮੋਰਚਾ ਲਾਣ ਵਾਲੇ ਤੇ ਕੁਰਬਾਨੀਆਂ ਕਰਨ ਦਾ ਦਾਅਵਾ ਕਰਨ ਵਾਲੇ, ਆਪਣੇ ਭਾਈਵਾਲ ਅਕਾਲੀ ਮੁੱਖੀਆਂ ਨੂੰ ਸ਼ਾਇਦ ਹੀ ਕਦੀ ਬੁਲਾਂਦੇ ਹੋਣ, ਜਾਂ ਐਮਰਜੈਂਸੀ ਵਿਰੁਧ ਉਨ੍ਹਾਂ ਵਲੋਂ ਕੀਤੇ ਗਏ ਸੰਘਰਸ਼ ਦਾ ਜ਼ਿਕਰ ਕੀਤਾ ਜਾਂਦਾ ਹੋਵੇ, ਜੇਲ੍ਹ ਜਾਣ ਵਾਲੇ ਤੇ ਸ਼ਹੀਦੀਆਂ ਦੇਣ ਵਾਲੇ ਉਨ੍ਹਾਂ ਸਿੱਖਾਂ ਦਾ ਸਨਮਾਨ ਕਰਨਾ ਤਾਂ ਦੂਰ ਰਿਹਾ, ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਉਹ ਐਮਰਜੈਂਸੀ ਤੋਂ ਬਾਅਦ ਹੋਈਆਂ ਚੋਣਾਂ ਵਿਚ ਦੇਸ਼ ਦੀ ਸੱਤਾ ਪੁਰ ਕਾਬਜ਼ ਹੋਏ ਸਨ। ਹਾਂ ਇਸ ਵਾਰ ਅਰੁਣ ਜੇਤਲੀ ਨੇ ਆਪਣੇ ਮਜ਼ਮੂਨ ਵਿੱਚ ਉਨ੍ਹਾਂ ਦੇ ਮੋਰਚੇ ਦਾ ਸੰਖੇਪ ਜਿਹਾ ਜ਼ਿਕਰ ਜ਼ਰੂਰ ਕੀਤਾ ਦਸਿਆ ਗਿਆ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *