ਸ਼ਿਲਾਂਗ ਦੇ ਸਿੱਖਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ?

-ਜਸਵੰਤ ਸਿੰਘ ‘ਅਜੀਤ’

ਮੇਘਾਲਯ ਦੇ ਸ਼ਿਲਾਂਗ ਸ਼ਹਿਰ ਦੀ ‘ਪੰਜਾਬੀ ਹਰੀਜਨ ਬਸਤੀ’ ਵਿੱਚ 150 ਤੋਂ ਵੀ ਵੱਧ ਵਰ੍ਹਿਆਂ ਤੋਂ ਅਮਨ-ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿ ਰਹੇ ਸਿੱਖਾਂ ਦੇ ਸਿਰ ’ਤੇ ਬੀਤੇ ਕੁਝ ਸਮੇਂ ਤੋਂ ਉਜਾੜੇ ਦੀ ਤਲਵਾਰ ਲਟਕਣ ਲਗੀ ਹੈ। ਮਿਲ ਰਹੀ ਜਾਣਕਰੀ ਅਨੁਸਾਰ ‘ਪੰਜਾਬੀ ਹਰੀਜਨ ਬਸਤੀ’ ਨੂੰ ਵਰਤਮਾਨ ਜਗ੍ਹਾ ਤੋਂ ਉਠਾ ਸ਼ਹਿਰ ਦੇ ਬਾਹਰ ਕਿਸੇ ਹੋਰ ਥਾਂ ਲੈ ਜਾਣ ਦੇ ਉਦੇਸ਼ ਨਾਲ ਸਰਕਾਰ ਵਲੋਂ ਗਠਤ ਪੁਨਰਵਾਸ ਕਮੇਟੀ ਵਲੋਂ ਸਰਵੇ ਕੀਤਾ ਜਾ ਰਿਹਾ ਹੈ। ਦਸਿਆ ਜਾਂਦਾ ਹੈ ਕਿ ਇਸ ਬਸਤੀ ਦੇ ਸ਼ਹਿਰ ਦੇ ਬਿਲਕੁਲ ਵਿਚਕਾਰ ਹੋਣ ਕਾਰਣ, ਇਸਦੀ ਜ਼ਮੀਨ ਦੀ ਕੀਮਤ ਬਹੁਤ ਵੱਧ ਗਈ ਹੈ, ਜਿਸ ਕਾਰਣ ਰਾਜ ਸਰਕਾਰ ਦੇ ਇੱਕ ਵਰਗ ਦੀ ਸ਼ਹਿ ਤੇ ‘ਖਾਸੀ’ ਜਾਤੀ ਦੇ ਲੋਕੀ ਇਸ ਜ਼ਮੀਨ ਪੁਰ ਨਜ਼ਰਾਂ ਲਾਈ ਬੈਠੇ ਹਨ। ਦਸਿਆ ਗਿਆ ਹੈ ਕਿ ਸਿੱਖਾਂ ਨੂੰ ਇਥੋਂ ਉਠਾ ਦੂਸਰੀ ਜਗ੍ਹਾ ਲਿਜਾਣ ਦੇ ਉਦੇਸ਼ ਨਾਲ, ਉਨ੍ਹਾਂ ਦਾ ਜੋ ਸਰਵੇ ਕੀਤਾ ਜਾ ਰਿਹਾ ਹੈ, ਉਸਦੇ ਦੂਜੇ ਚਰਣ ਦੇ ਚਲਦਿਆਂ ਬਸਤੀ ਨੂੰ ਪੁਲਿਸ ਅਤੇ ਫੌਜ ਨਾਲ ਘੇਰ, ਹਰ ਘਰ ਦੀ ਤਲਾਸ਼ੀ ਲਈ ਗਈ ਅਤੇ ਕਾਗਜ਼-ਪਤਰਾਂ ਦੀ ਸਖਤੀ ਨਾਲ ਜਾਂਚ-ਪੜਤਾਲ ਕੀਤੀ ਗਈ। ਉਧਰ ਇਸ ਬਸਤੀ ਨੂੰ ਉਜਾੜੇ ਜਾਣ ਦੇ ਵਿਰੁਧ ਔਰਤਾਂ ਵਲੋਂ ਜ਼ੋਰਦਾਰ ਪ੍ਰੰਤੂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਰ ਜਾਵਾਂਗੇ ਪਰ ਇਥੋਂ ਕਿਧਰੇ ਹੋਰ ਨਹੀਂ ਜਾਵਾਂਗੇ। ਦਸਿਆ ਜਾਂਦਾ ਹੈ ਕਿ ਜਦੋਂ ਅਰੰਭ ਵਿੱਚ ਸ਼ਿਲਾਂਗ ਦੇ ਸਿੱਖਾਂ ਨਾਲ ‘ਖਾਸੀ’ ਜਾਤੀ ਦੇ ਲੋਕਾਂ ਦੇ ਹੋ ਰਹੇ ਟਕਰਾਉ-ਪੂਰਣ ਵਿਵਾਦ ਦੀਆਂ ਖਬਰਾਂ ਇਧਰ ਪੰਜਾਬ ਅਤੇ ਦਿੱਲੀ ਵਲ ਆਉਣ ਲਗੀਆਂ ਸਨ, ਤਾਂ ਉਸ ਸਮੇਂ ਮੌਕੇ ’ਤੇ ਜਾ ਜਾਇਜ਼ਾ ਲੈਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਟੀਮ, ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਉਥੇ ਗਈ ਸੀ, ਜਿਸਨੇ ਸਥਾਨਕ ਸਿੱਖ ਮੁਖੀਆਂ ਨਾਲ ਗਲ ਕਰਨ ਉਪਰੰਤ ਪੰਜਾਬੀ ਬਸਤੀ ਦਾ ਦੌਰਾ ਕਰ ਹਾਲਾਤ ਦਾ ਜਾਇਜ਼ਾ ਲਿਆ ਤੇ ਉਥੇ ਵਸ ਰਹੇ ਸਿੱਖਾਂ ਦੀ ਸੁਰਖਿਆ ਨਿਸ਼ਚਿਤ ਕਰਵਾਉਣ ਲਈ ਮੇਘਾਲਯ ਦੇ ਮੁੱਖ ਮੰਤਰੀ ਅਤੇ ਸਥਾਨਕ ਅਧਿਕਾਰੀਆਂ ਨਾਲ ਮੁਲਾਕਾਤ ਕਰ, ਉੱਚ ਪੱਧਰੀ ਵਿਚਾਰ-ਵਟਾਂਦਰਾ ਕੀਤਾ। ਉਸਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਦਲ ਦੇ ਮੁਖੀਆਂ ਦੀ ਵੀ ਇੱਕ ਟੀਮ ਉਥੇ ਗਈ, ਜਿਸਨੇ ਲੋੜਵੰਦਾਂ ਨੂੰ ਕਪੜੇ ਅਤੇ ਰਾਸ਼ਨ-ਪਾਣੀ ਦਾ ਸਾਮਾਨ ਦਿੱਤਾ ਅਤੇ ਨਾਲ ਹੀ ਉਸਨੇ ਵੀ ਮੇਘਾਲਯ ਦੇ ਮੁੱਖ ਮੰਤਰੀ ਅਤੇ ਸਥਾਨਕ ਅਧਿਕਾਰੀਆਂ ਨਾਲ ਗਲਬਾਤ ਕਰ ਸਿੱਖ ਪਰਿਵਾਰਾਂ ਦੀ ਸੁਰਖਿਆ ਨਿਸ਼ਚਿਤ ਕਰਨ ਲਈ ਦਬਾਉ ਪਾਇਆ। ਉਨ੍ਹਾਂ ਸਥਾਨਕ ਸਿੱਖਾਂ ਨੂੰ ਇਹ ਭਰੋਸਾ ਵੀ ਦਿੱਤਾ ਕਿ ਉਹ ਹਰ ਦੁਖ-ਸੁਖ ਦੀ ਘੜੀ ਵਿੱਚ ਉਨ੍ਹਾਂ ਨਾਲ ਖੜੇ ਹੋਣਗੇ। ਮੁੱਖ ਮੰਤਰੀ ਅਤੇ ਸਥਾਨਕ ਅਧਿਕਾਰੀਆਂ ਵਲੋਂ ਸਥਾਨਕ ਸਿੱਖਾਂ ਦੀ ਸੁਰਖਿਆ ਦਾ ਭਰੋਸਾ ਦੁਆਏ ਜਾਣ ਤੋਂ ਬਾਅਦ ਵੀ ਜੋ ਖਬਰਾਂ ਮਿਲ ਰਹੀਆਂ ਹਨ, ਉਨ੍ਹਾਂ ਅਨੁਸਾਰ ਉਥੇ ਹਾਲਾਤ ਤਣਾਉ-ਪੂਰਣ ਹੀ ਬਣੇ ਹੋਏ ਹਨ। ਸਥਾਨਕ ਟੈਕਸੀ ਡ੍ਰਾਈਵਰ ਸਿੱਖ ਸਵਾਰੀਆਂ ਨੂੰ ਅਣਗੋਲਿਆਂ ਕਰ ਰਹੇ ਹਨ ਅਤੇ ਸਕੂਲਾਂ ਵਿੱਚ ਸਿੱਖ ਬਚਿਆਂ ਨੂੰ ਵੀ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ। ਇਹ ਵੀ ਦਸਿਆ ਗਿਆ ਹੈ ਕਿ ਪਿਛੇ ਜਿਹੇ ਜਦੋਂ ਪੰਜਾਬ ਸਰਕਾਰ ਦੀ ਟੀਮ ਉਥੇ ਗਈ ਸੀ ਤਾਂ ਉਸਨੇ ਵੀ ਸਾਰੇ ਹਾਲਾਤ ਦਾ ਜਾਇਜ਼ਾ ਲੈਂਦਿਆਂ ਸਿੱਖ ਪਰਿਵਾਰਾਂ ਨੂੰ ਭਰੋਸਾ ਦੁਆਇਆ ਸੀ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਕਾਨੂੰਨੀ ਮਦਦ ਦਿੱਤੀ ਜਾਇਗੀ। ਪ੍ਰੰਤੂ ਅਜੇ ਤਕ ਕੁਝ ਵੀ ਨਹੀਂ ਹੋਇਆ। ਇਨ੍ਹਾਂ ਹਾਲਾਤ ਦੇ ਚਲਦਿਆਂ ਸਾਰਾ ਸਿੱਖ ਜਗਤ ਇਸ ਗਲ ਨੂੰ ਲੈ ਕੇ ਚਿੰਤਤ ਵਿਖਾਈ ਦੇ ਰਿਹਾ ਸੀ ਕਿ ਤਣਾਉ ਭਰੇ ਵਾਤਾਵਰਣ ਵਿੱਚ ਰਹਿ ਰਹੇ ਸ਼ਿਲਾਂਗ ਦੇ ਸਿੱਖਾਂ ਨੂੰ ਕਿਸ ਤਰ੍ਹਾਂ ਦੀ ਅਤੇ ਕਿਵੇਂ ਮਦਦ ਪਹੁੰਚਾਈ ਜਾਏ। ਇਸੇ ਦੌਰਾਨ ਪਤਾ ਲਗਾ ਹੈ ਕਿ ‘ਸਿੱਖ ਏਡ’, ਜੋ ਸੰਸਾਰ ਭਰ ਵਿੱਚ ਸੰਕਟ-ਗ੍ਰਸਤ ਲੋਕਾਂ ਦੀ ਬਿਨਾ ਜਾਤ-ਧਰਮ, ਦੇਸ਼-ਕਾਲ ਦੇ ਭੇਦ-ਭਾਵ ਦੇ ਮਦਦ ਕਰ ਰਹੀ ਹੈ, ਦੇ ਵਕੀਲਾਂ ਦੀ ਇੱਕ ਟੀਮ ਨੇ ਕੌਮੀ ਘਟਗਿਣਤੀ ਕਮਿਸ਼ਨ ਵਿੱਚ ਪਟੀਸ਼ਨ ਦਾਖਲ ਕੀਤੀ, ਜਿਸ ਪੁਰ ਸੁਣਵਾਈ ਕਰ ਕਮਿਸਨ ਨੇ ਪੁਨਰਵਾਸ ਕਮੇਟੀ ਵਲੋਂ ਕੀਤੀ ਜਾਣ ਵਾਲੀ ਕਿਸੇ ਵੀ ਅਗਲੀ ਕਾਰਵਾਈ ਪੁਰ ਰੋਕ ਲਾ ਦਿੱਤੀ ਹੈ। ਜੇ ਇਹ ਸੱਚ ਹੈ, ਤਾਂ ਵੀ ਇਹ ਹਲ ਅੰਤਿਮ ਨਹੀਂ। ਕਿਉਂਕਿ ਮਿਲ ਰਹੇ ਸੰਕੇਤਾਂ ਅਨੁਸਾਰ ਰਾਜ ਸਰਕਾਰ ਦਾ ਹੀ ਇੱਕ ਵਰਗ ਸਿੱਖ-ਵਿਰੋਧੀ ਧਿਰ ਨੂੰ ਉਕਸਾ ਰਿਹਾ ਹੈ।
ਸਾਂਸਦ ਪ੍ਰੇਸ਼ਾਨ : ਸੰਸਦ ਵਿੱਚ ਭਾਰੀ ਬਹੁਮਤ ਹੋਣ ਕਾਰਣ, ਜਿਥੇ ਭਾਜਪਾ ਆਗੂਆਂ ਨੇ ਵਿਰੋਧੀ ਧਿਰਾਂ ਨੂੰ ਚਿਤਾਵਨੀ ਰੂਪ ਵਿੱਚ ਇਹ ਗਲ ਸਪਸ਼ਟ ਦਸ ਦਿੱਤੀ ਹੋਈ ਹੈ ਕਿ ਉਹ ਬਹੁਮਤ ਪੁਰ ਆਪਣੀ ਦਾਦਾਗਿਰੀ ਥੋਪਣ ਦੀ ਕੌਸ਼ਿਸ਼ ਨਾ ਕਰਿਆ ਕਰਨ। ਉਹ ਜਿਸਤਰ੍ਹਾਂ ਚਾਹੁਣਗੇ ਸਰਕਾਰ ਚਲਾਣਗੇ, ਉਥੇ ਹੀ ਉਨ੍ਹਾਂ ਆਪਣੇ ਪਾਰਟੀ ਸਾਂਸਦਾਂ ਨੂੰ ਵੀ ਸਮਝਾ ਦਿੱਤਾ ਹੋਇਆ ਹੈ ਕਿ ਉਹ ਵੀ ਆਪਣੇ ਕੰਮਾਂ ਲਈ ਸਰਕਾਰ ਪੁਰ ਦਬਾਉ ਬਣਾਉਣ ਦੀ ਸੋਚ ਲੈ ਕੇ ਨਾ ਚਲਣ। ਇਹੀ ਕਾਰਣ ਹੈ ਕਿ ਅੱਜ ਸੱਤਾਧਾਰੀ ਪਾਰਟੀ ਨਾਲ ਸੰਬੰਧਤ ਸਾਂਸਦਾਂ ਨੂੰ ਵੀ ਇਹ ਅਹਿਸਾਸ ਹੋਣ ਲਗ ਪਿਆ ਹੈ ਕਿ ਸਰਕਾਰੀ ਕੁਰਸੀਆਂ ਪੁਰ ਬੈਠਿਆਂ ਦੀਆਂ ਨਜ਼ਰਾਂ ਵਿੱਚ ਪਹਿਲਾਂ ਤਾਂ ਉਨ੍ਹਾਂ ਦੀ ਕੋਈ ਵੁਕਤ ਹੈ ਹੀ ਨਹੀਂ ਸੀ, ਹੁਣ ਤਾਂ ਉਨ੍ਹਾਂ ਦੀਆਂ ਚਿੱਠੀਆਂ ਦੀ ਵੀ ਕੋਈ ਵੁਕਤ ਨਹੀਂ ਰਹਿ ਗਈ ਹੋਈ। ਸ਼ਾਇਦ ਉਨ੍ਹਾਂ ਦੀਆਂ ਚਿਠੀਆਂ ਵੀ ਉਸੇਤਰ੍ਹਾਂ ਹੀ ਰੱਦੀ ਦੀ ਟੋਕਰੀ ਵਿੱਚ ਸੁੱਟੀਆਂ ਜਾਣ ਲਗੀਆਂ ਹਨ, ਜਿਵੇਂ ਉਨ੍ਹਾਂ ਨੂੰ ਸੁੱਟ ਦਿੱਤਾ ਗਿਆ ਹੋਇਆ ਹੈ! ਕਿਹਾ ਜਾਂਦਾ ਹੈ ਕਿ ਕੁਝ ਵਿਭਾਗਾਂ ਪਾਸੋਂ ਉਨ੍ਹਾਂ ਦੀਆਂ ਚਿਠੀਆਂ ਦੀ ਪਹੁੰਚ ਤਾਂ ਮਿਲ ਜਾਂਦੀ ਹੈ, ਪਰ ਉਨ੍ਹਾਂ ਦਾ ਕੰਮ ਕੋਈ ਨਹੀਂ ਹੁੰਦਾ। ਇਹ ਵੀ ਦਸਿਆ ਗਿਆ ਹੈ ਕਿ ਆਪਣੇ ਨਾਲ ਹੋ ਰਹੇ ਇਸ ਵਿਹਾਰ ਤੋਂ ਦੁੱਖੀ ਹੋ ਕੁਝ ਸਾਂਸਦਾਂ ਨੇ ਜੁਰਅੱਤ ਕਰ ਪ੍ਰਧਾਨ ਮੰਤਰੀ ਦਫਤਰ ਨੂੰ ਚਿਠੀ ਲਿਖ ਇਹ ਜਾਣਨ ਦੀ ਕੌਸ਼ਿਸ਼ ਕੀਤੀ ਕਿ ਆਖਰ ਸਾਂਸਦਾਂ ਦੀਆਂ ਚਿਠੀਆਂ ਦੇ ਜਵਾਬ ਦੇਣ ਲਈ ਕਿਹੜਾ ਪੈਮਾਨਾ ਨਿਸ਼ਚਿਤ ਕੀਤਾ ਗਿਆ ਹੋਇਆ ਹੈ? ਉਨ੍ਹਾਂ ਨੂੰ ਤਾਂ ਇਸ ਸੁਆਲ ਦਾ ਜਵਾਬ ਵੀ ਨਹੀਂ ਮਿਲ ਰਿਹਾ ਕਿ ਸਾਂਸਦਾਂ ਦੇ ਕੰਮ ਕਿਵੇਂ ਹੋ ਸਕਦੇ ਹਨ? ਜਾਣਕਾਰ ਸੂਤਰਾਂ ਅਨੁਸਾਰ ਖਜ਼ਾਨਾ ਵਿਭਾਗ ਦੇ ਅਧਿਾਕਾਰੀਆਂ ਨੂੰ ਤਾਂ ਸਖਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹੋਈਆਂ ਹਨ ਕਿ ਉਹ ਆਪਣੇ ਵਿਭਾਗ ਵਿੱਚ ਕਿਸੇ ਵੀ ਤਰ੍ਹਾਂ ਦੀ ਬਦਲੀ ਦੇ ਮਾਮਲੇ ਤੇ ਸਾਂਸਦਾਂ ਸਮੇਤ ਕਿਸੇ ਵੀਵੀਆਈਪੀ ਤਕ ਦੀ ਵੀ ਸਿਫਾਰਿਸ਼ ਪੁਰ ਧਿਆਨ ਨਾ ਦੇਣ। ਖਜ਼ਾਨਾ ਵਿਭਾਗ ਦੇ ਇੱਕ ਅਧਿਕਾਰੀ ਅਨੁਸਾਰ ਉਨ੍ਹਾਂ ਨੂੰ ਜ਼ਬਾਨੀ ਆਦੇਸ਼ ਹੈ ਕਿ ਉਹ ਜੋ ਵੀ ਕੰਮ ਕਰਨ ਨਿਯਮਾਂ ਅਨੁਸਾਰ ਹੀ ਕਰਨ।
…ਅਤੇ ਅੰਤ ਵਿੱਚ : ਧਨੌਰਾ (ਬਾਗਪਤ) ਸਿਲਵਰ ਨਗਰ ਪਿੰਡ ਵਾਸੀ ਸਰਦਾਰ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਬੀਤੇ ਦਿਨੀਂ ‘ਆਪਣੀ’ ਮੂੰਹ ਬੋਲੀ ਮੁਸਲਿਮ ਬੇਟੀ, ਖੁਸ਼ੀ ਖਾਨ ਦਾ ਨਿਕਾਹ ਬੜੀ ਹੀ ਧੂਮ-ਧਾਮ ਨਾਲ ਕਰਵਾਇਆ। ਧਾਰਮਕ ਸਦਭਾਵਨਾ ਦੀ ਪ੍ਰਤੀਕ ਇਸ ਸ਼ਾਦੀ ਵਿੱਚ ਦੋਹਾਂ ਫਿਰਕਿਆਂ ਨੇ ਉਤਸਾਹ ਨਾਲ ਆਪਣੀ ਹਿਸੇਦਾਰੀ ਨਿਬਾਹੀ। ਦਸਿਆ ਜਾਂਦਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਪਿੰਡ ਵਾਸੀ ਨਿਸ਼ਾ ਖਾਨ ਦੇ ਪਤੀ ਦਾ ਸਵਰਗਵਾਸ ਹੋ ਗਿਆ ਸੀ। ਗਰੀਬੀ ਤੇ ਮੁਫਲਸੀ ਦੇ ਹਾਲਾਤ ਵਿਚੋਂ ਗੁਜ਼ਰ ਰਹੇ, ਨਿਸ਼ਾ ਖਾਨ ਦੇ ਪਰਿਵਾਰ ਦੀ ਹਾਲਤ ਵੇਖ ਉਨ੍ਹਾਂ ਦੀ ਪੁਤਰੀ ਖੁਸ਼ੀ ਖਾਨ ਨੂੰ ਪਿੰਡ ਦੇ ਇੱਕ ਰਿਟਾਇਰਡ ਸਿਪਾਹੀ ਸਰਦਾਰ ਸਿੰਘ ਨੇ ਆਪਣੀ ਬੇਟੀ ਵਜੋਂ ਅਪਨਾ ਲਿਆ। ਜਦੋਂ ਉਹ ਵਿਆਹ ਯੋਗ ਹੋਈ ਤਾਂ ਸਰਦਾਰ ਸਿੰਘ ਨੇ ਉਸਦਾ ਨਿਕਾਹ ਨੇੜਲੇ ਪਿੰਡ ਬੁੜਾਨਾ ਦੇ ਹਬੀਬ ਪੁਰ ਵਿਖੇ ਤੈਅ ਕਰ ਦਿੱਤਾ। ਜਦੋਂ ਖੁਸੀ ਦੀ ਬਰਾਤ ਪਿੰਡ ਵਿੱਚ ਪੁਜੀ ਤਾਂ ਸਰਦਾਰ ਸਿੰਘ, ਉਸਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਪਿੰਡ ਵਾਸੀਆਂ ਨੇ ਵੀ ਬਹੁਤ ਹੀ ਗਰਮਜੋਸ਼ੀ ਨਾਲ ਉਸਦਾ ਸੁਆਗਤ ਕੀਤਾ। ਸੁਆਗਤ-ਸਤਿਕਾਰ ਤੋਂ ਬਾਅਦ ਨਿਕਾਹ ਦੀ ਰਸਮ ਅਦਾ ਕੀਤੀ ਗਈ। ਨਿਕਾਹ ਦੀ ਰਸਮ ਦੇ ਪੂਰਿਆਂ ਹੋ ਜਾਣ ਤੋਂ ਬਾਅਦ ਸਰਦਾਰ ਸਿੰਘ ਨੇ ਖੁਸ਼ੀ ਖਾਨ ਨੂੰ ਬੇਟੀ ਵਾਂਗ ਵਿਦਾਇਗੀ ਦਿੱਤੀ। ਦਸਿਆ ਜਾਂਦਾ ਹੈ ਕਿ ਖੁਸ਼ੀ ਖਾਨ ਵੀ ਸਰਦਾਰ ਸਿੰਘ ਦੀ ਬਹੁਤ ਇਜ਼ਤ ਕਰਦੀ ਸੀ ਤੇ ਉਸਨੂੰ ਪਾਪਾ ਕਹਿ ਕੇ ਹੀ ਬੁਲਾਂਦੀ ਸੀ। ਨਿਕਾਹ ਦੀ ਰਸਮ ਪੂਰੀ ਤੋਂ ਹੋ ਜਾਣ ਤੋਂ ਬਾਅਦ ਜਦੋਂ ਉਸਦੀ ਡੋਲੀ ਟੁਰਨ ਲਗੀ ਤਾਂ ਉਸ ਕਿਹਾ ਕਿ ਪਹਿਲਾਂ ਪਾਪਾ ਨੂੰ ਖਾਣਾ ਖੁਆਉ, ਮੈਂ ਫਿਰ ਸਹੁਰੇ ਜਾਵਾਂਗੀ, ਕਿਉਂਕਿ ਮੇਰੇ ਜਾਣ ਤੋਂ ਬਾਅਦ ਪਾਪਾ ਖਾਣਾ ਨਹੀਂ ਖਾਣਗੇ। ਇਹ ਸੁਣ ਸਾਰਿਆਂ ਦੀਆਂ ਅੱਖਾਂ ਭਰ ਆਈਆਂ। ਖੁਸ਼ੀ ਖਾਨ ਦੀ ਵਿਦਾਇਗੀ ਤੋਂ ਬਾਅਦ ਉਸਦੀ ਮਾਂ ਨਿਸ਼ਾ ਖਾਨ ਦਾ ਕਹਿਣਾ ਸੀ ਕਿ ਸਰਦਾਰ ਸਿੰਘ ਤੇ ਉਨ੍ਹਾਂ ਦੇ ਬੇਟੇ ਪਪੇਸ਼ ਸਿੰਘ ਦਾ ਅਹਿਸਾਨ ਉਹ ਕਦੀ ਵੀ ਨਹੀਂ ਭੁਲਾ ਸਕੇਗੀ। ਉਸਨੇ ਦਸਿਆ ਕਿ ਖੁਸੀ ਖਾਨ ਦੇ ਨਿਕਾਹ ਪੁਰ ਹੋਇਆ ਸਾਰਾ ਖਰਚ, ਜੋ ਲਗਭਗ ਸੱਤ ਲਖ ਰੁਪਏ ਦਸਿਆ ਜਾਂਦਾ ਹੈ, ਸਰਦਾਰ ਸਿੰਘ ਨੇ ਹੀ ਉਠਾਇਆ।

Geef een reactie

Het e-mailadres wordt niet gepubliceerd. Vereiste velden zijn gemarkeerd met *