ਵਿਧਾਇਕ ਚੀਮਾ ਅਤੇ ਡਿਪਟੀ ਕਮਿਸ਼ਨਰ ਨੇ ਬੂਟੀ ਸਾਫ ਕਰਨ ਵਾਲੀ ਮਸ਼ੀਨ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ

ਸੁਲਤਾਨਪੁਰ ਲੋਧੀ (ਕਪੂਰਥਲਾ), 5 ਜੁਲਾਈ :ਵਿਸ਼ੇਸ਼ ਪ੍ਰਤੀਨਿਧ
ਸੁਲਤਾਨਪੁਰ ਲੋਧੀ ਦੀ ਪਵਿੱਤਰ ਕਾਲੀ ਬੇਈਂ ਵਿਚੋਂ ਜੰਗਲੀ ਬੂਟੀ (ਜਲ ਕੁੰਭੀ) ਨੂੰ ਸਾਫ਼ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਅੱਜ ਹਲਕਾ ਵਿਧਾਇਕ ਸ. ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੀ ਮੌਜੂਦਗੀ ਵਿਚ ਇਕ ਵਿਦੇਸ਼ੀ ਤਕਨੀਕ ਵਾਲੀ ਇਕ ਅਤਿ-ਆਧੁਨਿਕ ਵਿਸ਼ੇਸ਼ ਮਸ਼ੀਨ ਨਾਲ ਬੂਟੀ ਨੂੰ ਸਾਫ਼ ਕਰਨ ਦਾ ਸਫਲ ਡੈਮੋ ਦਿੱਤਾ ਗਿਆ। ਬੂਸੋਵਾਲ ਪੁਲ ’ਤੇ ਵਾਤਾਵਰਨ ਨਾਲ ਜੁੜੀ ਸੰਸਥਾ ‘ਇਨਵਾਇਰੋ ਏਡ’ ਅਤੇ ਇੰਗਲੈਂਡ ਦੀ ਕੰਪਨੀ ਸੋਨਾਟੈ¤ਕ ਇਨਫਰਾਸਟ੍ਰੱਕਚਰ ਲਿਮਟਿਡ ਵੱਲੋਂ ਕਰਵਾਏ ਇਸ ‘ਡੈਮੋ’ ਦੀ ਸ਼ਲਾਘਾ ਕਰਦਿਆਂ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਅਗਲੇ ਸਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਵਿੱਤਰ ਬੇਈਂ ਦੀ ਮੁਕੰਮਲ ਸਫ਼ਾਈ ਲਈ ਵਧੀਆ ਤਕਨਾਲੋਜੀ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਸਬੰਧੀ ਇਹ ‘ਡੈਮੋ’ ਬੇਹੱਦ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਸ਼ਤਾਬਦੀ ਸਮਾਗਮਾਂ ਦੀ ਯੋਜਨਾ ਵਿਚ ਪਾ ਕੇ ਤਜਵੀਜ਼ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਜੋ ਜਲਦ ਤੋਂ ਜਲਦ ਬੂਟੀ ਦੀ ਸਮੱਸਿਆ ਦਾ ਹੱਲ ਹੋ ਸਕੇ। ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਨੇ ਇਸ ਮੌਕੇ ਕਿਹਾ ਕਿ ਪਾਣੀ ਅਤੇ ਜੀਵ-ਜੰਤੂਆਂ ਲਈ ਖ਼ਤਰਾ ਬਣੀ ਹੋਈ ਇਸ ਬੂਟੀ ਨੂੰ ਹਟਾਉਣਾ ਬਹੁਤ ਪੇਚੀਦਾ ਕੰਮ ਹੈ, ਕਿਉਂਕਿ ਇਹ ਬੂਟੀ 6 ਫੁੱਟ ਦੀ ਡੂੰਘਾਈ ਤੱਕ ਫੈਲੀ ਹੋਈ ਹੈ, ਪਰੰਤੂ ਇਸ ਮਸ਼ੀਨ ਦੀ ਕਾਰਗੁਜ਼ਾਰੀ ਵੇਖ ਕੇ ਲੱਗਦਾ ਹੈ ਕਿ ਇਹ ਕੰਮ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ ਅਤੇ ਸਰਕਾਰ ਇਸ ਪ੍ਰਤੀ ਬੇਹੱਦ ਗੰਭੀਰ ਹੈ। ਇਸ ਦੌਰਾਨ ਵਾਤਾਵਰਨ ਦੀ ਸੰਭਾਲ ਦਾ ਬੀੜਾ ਉਠਾਉਣ ਵਾਲੀ ਸੰਸਥਾ ‘ਇਨਵਾਇਰੋ ਏਡ’ ਦੀ ਮੁਖੀ ਡਾ. ਮਨੀਸ਼ਾ ਸ਼ਰਮਾ ਨੇ ਕਿਹਾ ਕਿ ਕਰੀਬ 2.50 ਕਰੋੜ ਰੁਪਏ ਦੀ ਲਾਗਤ ਵਾਲੀ ਇਹ ਮਸ਼ੀਨ ਬੂਟੀ ਦਾ ਮੁਕੰਮਲ ਸਫਾਇਆ ਕਰਨ ਲਈ ਕਾਰਗਰ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਵਾਤਾਵਰਨ ਨੂੰ ਸਵੱਛ ਰੱਖਣ ਲਈ 3 ਹਜ਼ਾਰ ਪੌਦੇ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ ਹੈ। ਇਸ ਮੌਕੇ ਐਸ. ਡੀ. ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਡੀ. ਐਸ. ਪੀ ਸੁਲਤਾਨਪੁਰ ਲੋਧੀ ਸ੍ਰੀ ਤੇਜਬੀਰ ਸਿੰਘ ਹੁੰਦਲ, ਐਸ. ਡੀ. ਓ ਡਰੇਨੇਜ ਸ੍ਰੀ ਕਮਲਜੀਤ, ਸੋਨਾਟੈ¤ਕ ਇਨਫਰਾਸਟ੍ਰੱਕਚਰ ਲਿਮਟਿਡ ਦੇ ਅਧਿਕਾਰੀ ਬੰਨੀ ਸ਼ਰਮਾ, ਸ੍ਰੀ ਰਵਿੰਦਰ ਰਵੀ, ਸ੍ਰੀ ਬਲਜਿੰਤਰ ਸਿੰਘ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *