ਸੋਮਵਾਰ 09 ਜੁਲਾਈ ਤੋਂ ਇੰਟੈਂਸੀਫਾਇਡ ਡਾਇਰੀਆ ਕੰਟਰੋਲ ਪੰਦਰਵਾੜੇ ਦੀ ਸ਼ੁਰੂਆਤ ਕੀਤੀ

ਫਗਵਾੜਾ 09 ਜੁਲਾਈ (ਚੇਤਨ ਸ਼ਰਮਾ ) ਸਿਹਤ ਵਿਭਾਗ ਪੰਜਾਬ ਵੱਲੋਂ ਲੋਕਾਂ ਨੂੰ ਡਾਇਰੀਆ ਰੋਗ ਦੇ ਬਾਰੇ ਵਿੱਚ ਜਾਗਰੂਕ ਕਰਨ ਅਤੇ ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਡਾਇਰੀਆਂ ਕਾਰਣ ਹੋਣ ਵਾਲੀਆਂ ਮੌਤਾਂ ਨੂੰ ਖਤਮ ਕਰਨ ਦੇ ਮਕਸਦ ਨਾਲ ਸੋਮਵਾਰ 09 ਜੁਲਾਈ ਤੋਂ ਇੰਟੈਂਸੀਫਾਇਡ ਡਾਇਰੀਆ ਕੰਟਰੋਲ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ।ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਸੇਖੋਂ ਦੀ ਪ੍ਰਧਾਨਗੀ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਤਰਸੇਮ ਸਿੰਘ ਜੀ ਦੀ ਦੇਖਰੇਖ ਵਿੱਚ ਮੰਡੀ ਫੈਂਟਨਗੰਜ ਗਰਲਜ਼ ਸੀਨੀਅਰ ਸੈਕੇਂਡਰੀ ਸਕੂਲ ਵਿਖੇ ਜਿਲ੍ਹਾ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮਿਨਾਕਸ਼ੀ ਭਾਰਦਵਾਜ, ਜਿਲ੍ਹਾ ਐਪੀਡਿਮੋਲੋਜਿਸਟ ਡਾ. ਸਤੀਸ਼ ਕੁਮਾਰ, ਸਿਹਤ ਵਿਭਾਗ ਦੀ ਆਰ.ਬੀ.ਐਸ.ਕੇ ਟੀਮ ਦੇ ਡਾ. ਸਾਹਿਬ ਅਤੇ ਡਾ. ਮਨਦੀਪ ਕੌਰ, ਸਟਾਫ ਨਰਸ ਗਗਨਦੀਪ,ਬੀਈਈ ਚੰਦਨ ਮਿਸ਼ਰਾ ਮੌਜੂਦ ਸਨ।
ਕਾਰਜਕ੍ਰਮ ਦੌਰਾਨ ਆਪਣੇ ਸੰਬੋਧਨ ਵਿੱਚ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਸੇਖੋਂ ਨੇ ਕਿਹਾ ਕਿ ਪੂਰੇ ਵਿਸ਼ਵ ਵਿੱਚ ਤਕਰੀਬਨ ਦੋ ਕਰੋੜ ਮੌਤਾਂ ਡਾਇਰੀਆਂ ਦੇ ਕਾਰਣ ਹਰ ਸਾਲ ਹੋ ਜਾਂਦੀਆਂ ਹਨ ਅਤੇ ਇਹ ਇੱਕ ਅਜਿਹੀ ਬੀਮਾਰੀ ਹੈ, ਜਿਸ ਦੀ ਰੋਕਥਾਮ ਕਿਸੇ ਦਵਾਈ ਨਾਲ ਨਹੀਂ ਸਗੋਂ ਆਪਣਾ ਖਾਣ-ਪੀਣ ਠੀਕ ਰੱਖਣ ਤੇ ਸਾਫ-ਸਫਾਈ ਦਾ ਵਧੇਰੇ ਧਿਆਨ ਰੱਖਣ ਨਾਲ ਕੀਤੀ ਜਾ ਸਕਦੀ ਹੈ। ਡਾਇਰੀਆ ਮੁੱਖ ਤੌਰ ਤੇ ਗੰਦੇ ਹੱਥਾਂ ਨਾਲ ਖਾਣਾ ਖਾਣ, ਖਾਣਾ ਪਕਾਉਣ, ਦੂਸ਼ਿਤ ਪਾਣੀ ਪੀਣ ਅਤੇ ਖਰਾਬ ਤੇ ਬੈਕਟੀਰਿਆ ਯੁਕਤ ਖਾਣਾ ਖਾਣ ਨਾਲ ਹੁੰਦੀ ਹੈ।ਜੇਕਰ ਬੀਮਾਰੀ ਪੈਦਾ ਕਰਨ ਵਾਲੇ ਇਹਨਾਂ ਸਰੋਤਾਂ ਨੂੰ ਹੀ ਖਤਮ ਕਰ ਦਿੱਤਾ ਜਾਵੇ, ਭਾਵ ਕਿ ਸਾਫ ਪਾਣੀ ਦੀ ਵਰਤੋਂ ਹੋਵੇ, ਬਾਹਰਲਾ ਖਾਣਾ ਖਾਣ ਤੋਂ ਬਚਿਆ ਜਾਵੇ, ਖਾਣਾ ਪਕਾਉਣ ਅਤੇ ਖਾਣਾ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਬਨ ਦੇ ਨਾਲ ਹੱਥ ਧੋਤੇ ਜਾਣ, ਤਾਂ ਬਹੁਤ ਹੱਦ ਤੱਕ ਡਾਇਰੀਆ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਜਿਲ੍ਹਾ ਟੀਕਾਕਰਨ ਅਫਸਰ ਡਾ. ਤਰਸੇਮ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਇਸ ਪੰਦਰਵਾੜੇ ਦੌਰਾਨ ਸਾਰੇ ਸਕੂਲਾਂ, ਰਿਹਾਇਸ਼ੀ ਇਲਾਕਿਆਂ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਡਾਇਰੀਆ ਬੀਮਾਰੀ, ਇਸਦੇ ਕਾਰਣ, ਲੱਛਣ ਅਤੇ ਰੋਕਥਾਮ ਦੇ ਤਰੀਕਿਆਂ ਬਾਰੇ ਜਾਗੂਰਕ ਕੀਤਾ ਜਾ ਰਿਹਾ ਹੈ, ਤਾਂ ਜੋ ਵੱਡੇ ਪੱਧਰ ਤੇ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਡਾਇਰੀਆ ਬੀਮਾਰੀ ਕਰਕੇ ਮੌਤ ਨਹੀਂ ਹੁੰਦੀ ਸਗੋਂ ਇਸਦੇ ਕਾਰਣ ਸ਼ਰੀਰ ਵਿੱਚੋਂ ਲਗਾਤਾਰ ਨਿਕਲਣ ਵਾਲੇ ਪਾਣੀ ਤੇ ਸ਼ਰੀਰ ਵਿੱਚ ਪਾਣੀ ਦੀ ਘਾਟ ਹੋ ਜਾਣ ਕਾਰਣ ਹੁੰਦੀ ਹੈ।
ਡਾਇਰੀਆ ਬਾਰੇ ਜਾਣਕਾਰੀ ਦਿੰਦਿਆਂ ਡਾ. ਮੰਦੀਪ ਕੌਰ ਨੇ ਕਿਹਾ ਕਿ ਜੇਕਰ ਇੱਕ ਦਿਨ ਵਿੱਚ ਕਿਸੇ ਵਿਅਕਤੀ ਜਾਂ ਬੱਚੇ ਨੂੰ ਤਿੰਨ ਜਾਂ ਇਸ ਤੋਂ ਵੱਧ ਟਾਇਲਟ ਹੁੰਦੀਆਂ ਹਨ ਅਤੇ ਟਾਇਲਟ ਪਤਲੀ ਹੁੰਦੀ ਹੈ, ਤਾਂ ਉਸਨੂੰ ਡਾਇਰੀਆ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ।ਡਾਇਰੀਆ ਦੇ ਮਰੀਜ਼ਾਂ ਨੂੰ ਸ਼ੁਰੂਆਤੀ ਤੌਰ ਤੇ ਓ.ਆਰ.ਐਸ. ਦਾ ਘੋਲ ਬਣਾ ਕੇ ਨਿਯਮਿਤ ਅੰਤਰਾਲ ਤੇ ਪਿਲਾਇਆ ਜਾਣਾ ਚਾਹੀਦਾ ਹੈ, ਤਾਂ ਜੋ ਉਸਦੇ ਅੰਦਰ ਪਾਣੀ ਦੀ ਘਾਟ ਨਾ ਹੋਵੇ। ਜੇਕਰ ਓ.ਆਰ.ਐਸ ਦਾ ਪੈਕੇਟ ਉਪਲਬਧ ਨਾ ਹੋਵੇ ਤਾਂ ਖੰਡ ਅਤੇ ਨਮਕ ਦਾ ਘੋਲ ਸਾਫ ਉਬਾਲੇ ਹੋਏ ਪਾਣੀ ਵਿੱਚ ਤਿਆਰ ਕਰਕੇ ਮਰੀਜ਼ ਨੂੰ ਪਿਲਾਉਣਾ ਚਾਹੀਦਾ ਹੈ।ਇਸਦੇ ਨਾਲ 14 ਦਿਨਾਂ ਤੱਕ ਜ਼ਿੰਕ ਦਵਾਈ ਦਾ ਸੇਵਨ ਕਰਨਾ ਹੁੰਦਾ ਹੈ, ਤਾਂ ਜੋ ਲੰਮੇ ਸਮੇਂ ਤੱਕ ਦੁਬਾਰਾ ਇਹ ਬੀਮਾਰੀ ਨਾ ਹੋਵੇ।ਅੰਤ ਵਿੱਚ ਪ੍ਰਿੰਸੀਪਲ ਮਿਨਾਕਸ਼ੀ ਭਾਰਦਵਾਜ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਦਿੱਤੀ ਗਈ ਇਹ ਜਾਣਕਾਰੀ ਉਹਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਡਾਇਰੀਆ ਬੀਮਾਰੀ ਤੋਂ ਬਚਾਉਣ ਲਈ ਫਾਇਦੇਮੰਦ ਸਾਬਿਤ ਹੋਵੇਗੀ।ਉਹਨਾਂ ਨੇ ਸਿਵਲ ਸਰਜਨ ਅਤੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *