ਮਤਾ ਤੇਲਗੂ ਦੇਸ਼ਮ ਦਾ, ਮੇਲਾ ਲੁਟਿਆ ਰਾਹੁਲ ਨੇ

-ਜਸਵੰਤ ਸਿੰਘ ‘ਅਜੀਤ’

ਬੀਤੇ ਸ਼ੁਕਰਵਾਰ (20 ਜੁਲਾਈ) ਵਿਰੋਧੀ ਪਾਰਟੀਆਂ ਦੇ ਸਹਿਯੋਗ ਨਾਲ ਤੇਲਗੂ ਦੇਸ਼ਮ ਪਾਰਟੀ ਵਲੋਂ ਕੇਂਦਰ ਸਰਕਾਰ ਦੇ ਵਿਰੁਧ ਬੇਭਰੋਗੀ ਦਾ ਇੱਕ ਮਤਾ ਪੇਸ਼ ਕੀਤਾ ਗਿਆ। ਇੱਕ ਰਾਜਸੀ ਵਿਸ਼ਲੇਸ਼ਕ ਅਨੁਸਾਰ ਭਾਵੇਂ, ਸਰਕਾਰ ਵਿਰੁਧ ਬੇਭਰੋਸਗੀ ਦਾ, ਇਹ ਮਤਾ ਤੇਲਗੂ ਦੇਸ਼ਮ ਪਾਰਟੀ ਵਲੋਂ ਪੇਸ਼ ਕੀਤਾ ਗਿਆ ਸੀ, ਪਰ ਰਾਹੁਲ ਹੀ ‘ਸੇਂਟਰ ਆਫ ਸਟੇਜ’ ਰਹੇ ਅਰਥਾਤ ਮੇਲਾ ਰਾਹੁਲ ਦੇ ਹੀ ਹੱਥ ਰਿਹਾ, ਉਨ੍ਹਾਂ ਦੀ (ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦਿੱਤੀ ਗਈ) ਝੱਪੀ, ਸੱਤਾ ਪੱਖ ਦੇ ਮੋਢਿਆਂ ਦਾ ਭਾਰ ਬਣ ਗਈ ਅਤੇ ਉਨ੍ਹਾਂ ਦੀ ਅੱਖ ਮਾਰਨ ਦੀ ਅਦਾ ਭਗਵਾ ਖੇਮੇ ਦੀਆਂ ਅੱਖਾਂ ਵਿੱਚ ਅਜੇ ਤਕ ਕਿਰਚਾਂ ਬਣ ਰੜਕ ਰਹੀ ਹੈ। ਇਸੇ ਵਿਸ਼ਲੇਸ਼ਕ ਅਨੁਸਾਰ ਉਸ ਆਦਮੀ ਵਿੱਚ ਬਚਿਆਂ ਦੀਆਂ ਸਾਰੀਆਂ ਆਦਤਾਂ ਮੌਜੂਦ ਹਨ, ਪਰ (ਉਸ ਵਿੱਚ) ਹਾਰ ਕੇ ਜਿਤਣ ਦਾ ਹੁਨਰ ਵੀ ਬਹੁਤ ਖੂਬ ਹੈ। ਸਰਕਾਰ ਵਿਰੁਧ ਬੇਭਰੋਸਗੀ ਦਾ ਮੱਤਾ ਭਾਵੇਂ ਮੂਧੇ ਮੂੰਹ ਡਿਗ ਪਿਆ ਹੋਵੇ, ਪਰ ਸਾਰਾ ਦਿਨ ਚਲੇ ਇਸ ਰਾਜਸੀ ਡਰਾਮੇ ਨੇ ਕਈ ਤਲਖ ਹਕੀਕਤਾਂ ਤੋਂ ਵੀ ਪਰਦਾ ਉਠਾਣ ਵਿੱਚ ਮੁਖ ਭੂਮਿਕਾ ਅਦਾ ਕੀਤੀ। ਰਾਹੁਲ ਗਾਂਧੀ ਨੇ ਭਰੀ ਸੰਸਦ ਵਿੱਚ ਪ੍ਰਧਾਨ ਮੰਤਰੀ ਪਾਸੋਂ ਜੋ ਤਲਖ ਸੁਆਲ ਪੁਛੇ ਉਨ੍ਹਾਂ ਨੂੰ 2019 ਦੀਆਂ ਆਮ ਚੋਣਾਂ ਦਾ ਅਰੰਭ ਵੀ ਮੰਨਿਆ ਜਾ ਸਕਦਾ ਹੈ ਅਤੇ ਇਸ ਗਲ ਦਾ ਖੁਲਾਸਾ ਵੀ ਕਿ ਵਿਰੋਧੀ ਧਿਰ ਕਿਨ੍ਹਾਂ ਮੁਦਿਆਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਨਿਤਰ ਰਹੀ ਹੈ। ਰਾਫਲ ਡੀਲ ਪੁਰ ਝਟਪਟ ਹੀ ਫਰਾਂਸ ਸਰਕਾਰ ਦਾ ਬਿਆਨ ਆ ਗਿਆ ਕਿ ਦੋਹਾਂ ਸਰਕਾਰਾਂ ਵਿੱਚ ਕੋਈ ਗੁਪਤ ਸਮਝੌਤਾ ਹੈ, ਪਰ ਇੱਕ ਜਹਾਜ਼ ਦਾ ਮੁਲ ਕੀ ਸਚਮੁਚ 520 ਕਰੋੜ ਤੋਂ 1600 ਕਰੋੜ ਹੋ ਗਿਆ ਹੈ? ਸੱਤਾ ਪੱਖ ਵਲੋਂ ਇਸਦਾ ਕੋਈ ਤਸਲੀਬਖਸ਼ ਜਵਾਬ ਨਹੀਂ ਦਿੱਤਾ ਜਾ ਸਕਿਆ। ਇਸੇ ਤਰ੍ਹਾਂ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਾਇਦੇ ’ਤੇ ਵੀ ਨਰੇਂਦਰ ਮੋਦੀ ਘੁਮਾ-ਫਿਰਾ ਇੱਕ ਕਰੋੜ ਰੁਜ਼ਗਾਰ ਦਾ ਹੀ ਹਿਸਾਬ, ਜੋ ਕਿ ਇੱਕ ਸਾਲ ਦਾ ਸੀ, ਦਸ ਸਕੇ, ਪਰ ਬਾਕੀ ਤਿੰਨ ਸਾਲਾਂ ਦਾ ਹਿਸਾਬ ਗੋਲ ਕਰ ਗਏ।
ਇੱਕ ਹੋਰ ਰਾਜਸੀ ਵਿਸ਼ਲੇਸ਼ਕ ਅਨੁਸਾਰ ਰਾਹੁਲ ਗਾਂਧੀ ਨੇ ਸੰਸਦ ਦੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਬੇਭਰੋਸਗੀ ਦਾ ਮਤਾ ਲਿਆਏ ਜਾਣ ਦੇ ਮੌਕੇ ਤੇ ਜਿਸਤਰ੍ਹਾਂ ਆਪਣੇ ਆਪਨੂੰ ਪੇਸ਼ ਕੀਤਾ ਅਤੇ ਵਿਸ਼ੇਸ਼ ਅੰਦਾਜ਼ ਵਿੱਚ ਇੱਕ ਵਿਰੋਧੀ ਨੇਤਾ ਦੇ ਰੂਪ ਵਿੱਚ ਸੱਤਾ ਪੱਖ ਪੁਰ ਹਮਲੇ ਕੀਤੇ, ਉਹ ਨਾ ਕੇਵਲ ਲਾਜਵਾਬ ਸੀ, ਸਗੋਂ ਉਨ੍ਹਾਂ ਦੀ ਛੱਬੀ ਨੂੰ ਬਦਲਣ ਲਈ ਇਸ ਅੰਦਾਜ਼ ਨੂੰ ਦੇਸ਼ਵਾਸੀ ਸਮੇਂ ਦੀ ਹੀ ਇੱਕ ਲੋੜ ਦਸ ਰਹੇ ਹਨ। ਆਪਣੇ ਸੰਬੋਧਨ ਨੂੰ ਖਤਮ ਕਰਦਿਆਂ ਰਾਹੁਲ ਨੇ ਜਿਸ ਖਾਸ ਅੰਦਾਜ਼ ਨਾਲ ਪ੍ਰਧਾਨ ਮੰਤਰੀ ਦੀ ਸੀਟ ਵਲ ਕਦਮ ਵਧਾਏ ਤੇ ਸਿਧਾ ਹੀ ਉਨ੍ਹਾਂ ਨੂੰ, ਉਨ੍ਹਾਂ ਦੀ ਸੀਟ ਪੁਰ ਬੈਠਿਆਂ ਹੀ ਗਲੇ ਲਾ ਲਿਆ, ਉਸਨੂੰ ਵੇਖ ਪ੍ਰਧਾਨ ਮੰਤਰੀ ਆਪ ਵੀ ਕੁਝ ਪਲ ਹਕੇ-ਬਕੇ ਰਹਿ ਗਏ। ਇਹੀ ਵਿਸ਼ਲੇਸ਼ਕ ਹੋਰ ਦਸਦਾ ਹੈ ਕਿ ਕਈ ਰਾਜਨੀਤਕ ਵਿਸ਼ਲੇਸ਼ਕ ਵੀ ਹੁਣ ਇਹ ਵਿਚਾਰ ਪ੍ਰਗਟ ਕਰਨ ਤੇ ਮਜਬੂਰ ਹੋ ਰਹੇ ਹਨ ਕਿ ਸੰਨ 2019 ਦੀਆਂ ਚੋਣਾਂ ਤੋਂ ਪਹਿਲਾਂ ਕਾਂਗ੍ਰਸ ਅਤੇ ਰਾਹੁਲ ਗਾਂਧੀ ਤੋਂ ਇਲਾਵਾ ਵਿਰੋਧੀ ਧਿਰ ਨੂੰ ਜੋ ਚਾਹੀਦਾ ਸੀ, ਉਹ ਇੱਕ ਮਜ਼ਬੂਤ ਅਧਾਰ ਦੇ ਰੂਪ ਵਿੱਚ ਉਨ੍ਹਾਂ ਨੂੰ ਮਿਲ ਗਿਆ ਹੈ। ਇਸ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਰਾਹੁਲ ਨੇ ਸਹੀ ਜਗ੍ਹਾ ਤੇ ਸੰਸਦ ਦੇ ਸਹੀ ਮੰਚ ਤੇ ਬੇਰੁਜ਼ਗਾਰੀ ਜਿਹੇ ਕੁਝ ਸਾਰਥਕ ਮੁੱਦੇ ਉਠਾਏ ਹਨ। ਇਤਨਾ ਹੀ ਨਹੀਂ ਰਾਫਲ ਡੀਲ ਨੂੰ ਲੈ ਕੇ ਵੀ ਉਨ੍ਹਾਂ ਪ੍ਰਧਾਨ ਮੰਤਰੀ ਅਤੇ ਸਰਕਾਰ ਤੇ ਚੁਣ-ਚੁਣ ਕੇ ਵਾਰ ਕੀਤੇ। ਰਾਹੁਲ ਨੇ ਜ਼ੋਰ ਦੇ ਕੇ ਕਿਹਾ ਕਿ ਤੁਸੀਂ ਭਾਵੇਂ ਮੈਂਨੂ ‘ਪੱਪੂ’ ਕਹਿ ਸਕਦੇ ਹੋ ਪਰ ਮੇਰੇ ਦਿਲ ਵਿੱਚ ਤੁਹਾਡੇ ਵਿਰੁਧ ਕੋਈ ਕੜਵਾਹਟ ਨਹੀਂ, ਮੇਰੇ ਦਿਲ ਵਿੱਚ ਹਿੰਦੁਸਤਾਨ ਵਸਦਾ ਹੈ ਤੇ ਹਰ ਆਮ ਹਿੰਦੁਸਤਾਨੀ ਦੇ ਦਿਲ ਵਿੱਚ ਡਾ. ਅੰਬੇਡਕਰ ਵਸਦੇ ਹਨ ਤੇ ਤੁਸੀਂ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੇ। ਇਹ ਵਿਸ਼ਲੇਸ਼ਕ ਹੋਰ ਲਿਖਦਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰਾਹੁਲ ਦੇ ਸੰਬੰਧ ਵਿੱਚ ਕਹਿੰਦੇ ਰਹਿੰਦੇ ਸਨ ਕਿ ਰਾਹੁਲ ਬੋਲਣਗੇ ਤਾਂ ਪਤਾ ਨਹੀਂ ਕਿਹੜਾ ਭੂਚਾਲ ਆ ਜਾਇਗਾ? ਪਰ ਹੁਣ ਕਹਿਣ ਵਾਲੇ ਕਹਿ ਰਹੇ ਹਨ ਕਿ ਅੱਜ ਸਚਮੁਚ ਹੀ ਰਾਹੁਲ ਦੇ ਭਾਸ਼ਣ ਨਾਲ ਭੂਚਾਲ ਹੀ ਤਾਂ ਆ ਗਿਆ ਸੀ, ਉਹ ਭੂਚਾਲ ਦੇ ਕੇਂਦਰ ਮੋਦੀ ਵਲ ਗਏ ਅਤੇ ਉਥੇ ਜੋ ਕੁਝ ਹੋਇਆ ਉਹ ਕਿਸੇ ਤੋਂ ਛੁਪਿਆ ਹੋਇਆ ਨਹੀਂ।
ਚਿਹਰਿਆਂ ਦੇ ਉਤਾਰ-ਚੜ੍ਹਾਅ ਬਦਲਦੇ ਰਹੇ: ਬੇਭਰੋਸਗੀ ਦੇ ਮਤੇ ਪੁਰ ਚਰਚਾ ਦੌਰਾਨ ਚਲਦੀ ਰਹੀ ਸੰਸਦੀ ਕਾਰਵਾਈ ਦੇ ਪ੍ਰਤੱਖ-ਦਰਸ਼ੀ ਪਤ੍ਰਕਾਰਾਂ ਅਨੁਸਾਰ ਲੋਕਸਭਾ ਵਿੱਚ ਬਹੁਮਤ ਦੇ ਅੰਕੜਿਆਂ ਦਾ ਗਣਿਤ ਤਾਂ ਸਵੇਰੇ ਤੋਂ ਹੀ ਸਪਸ਼ਟ ਸੀ, ਪਰ ਚਰਚਾ ਦੇ ਨਤੀਜਿਆਂ ਦੀਆਂ ਸ਼ੰਕਾਵਾਂ ਦੇ ਚਲਦਿਆਂ ਰਾਜਨੈਤਿਕ ਸੰਦੇਸ਼ ਵਿੱਚ ਅਗੇ ਵਧਣ ਦੀ ਹੋੜ, ਸਦਨ ਵਿੱਚ ਤੇ ਸਦਨ ਤੋਂ ਬਾਹਰ ਸਾਫ ਨਜ਼ਰ ਆ ਰਹੀ ਸੀ। ਸੱਤਾਧਾਰੀ ਅਤੇ ਵਿਰੋਧੀ ਧਿਰਾਂ ਦੇ ਆਗੂਆਂ ਦੇ ਚਿਹਰਿਆਂ ਦੇ ਉਤਾਰ-ਚੜ੍ਹਾਅ ਲਗਾਤਾਰ ਬਦਲਦੇ ਵਿਖਾਈ ਦੇ ਰਹੇ ਸਨ। ਜਦੋਂ ਪਤਾ ਲਗਦਾ ਕਿ ਮਾਮਲਾ ‘ਆਪਣੇ’ ਹਕ ਵਿੱਚ ਚਲ ਰਿਹਾ ਹੈ ਤਾਂ ਚਿਹਰੇ ਖਿੜ ਜਾਂਦੇ, ਪਰ ਜਦੋਂ ਗਲ ਵਿਗੜਦੀ ਵਿਖਾਈ ਦਿੰਦੀ ਤਾਂ ਚਿਹਰਿਆਂ ਤੋਂ ਹਵਾਈਆਂ ਉਡਣ ਲਗਦੀਆਂ। ਪੀਐਮਓ ਅਤੇ ਕਾਂਗ੍ਰਸ ਪ੍ਰਧਾਨ ਰਾਹੁਲ ਗਾਂਧੀ ਦੇ ਦਫਤਰ ਦੀਆਂ ਰਿਸਰਚ ਅਤੇ ਫੀਡਬੈਕ ਟੀਮਾਂ ਲਗਾਤਾਰ ਸਰਗਰਮ ਚਲੀਆਂ ਆ ਰਹੀਆਂ ਸਨ। ਮੰਨਿਆ ਜਾਂਦਾ ਹੈ ਕਿ ਰਾਹੁਲ ਦਾ ਭਾਸ਼ਣ ਖਤਮ ਹੋਣ ਦੇ ਨਾਲ ਹੀ ਗਰਮੀ ਵੱਧ ਗਈ ਸੀ। ਦਸਿਆ ਗਿਆ ਹੈ ਕਿ ਰਾਹੁਲ ਗਾਂਧੀ ਦੇ ਭਾਸ਼ਣ ਤੋਂ ਪਹਿਲਾਂ ਤਕ ਸਦਨ ਦੇ ਅੰਦਰ ਅਤੇ ਬਾਹਰ ਕੋਈ ਬਹੁਤੀ ਗਹਿਮਾ-ਗਹਿਮੀ ਨਜ਼ਰ ਨਹੀਂ ਸੀ ਆ ਰਹੀ। ਪਰ ਜਿਉਂ ਹੀ ਰਾਹੁਲ ਗਾਂਧੀ ਦਾ ਭਾਸ਼ਣ ਖਤਮ ਹੋਇਆ ਪਰਦੇ ਦੇ ਪਿਛੇ ਚਲਦੀਆਂ ਆ ਰਹੀਆਂ ਸਰਗਰਮੀਆਂ ਨਿਕਲ ਬਾਹਰ ਆ ਗਈਆਂ। ਰਾਹੁਲ ਦਾ ਭਾਸ਼ਣ ਸੱਤਾ ਅਤੇ ਵਿਰੋਧੀ, ਦੋਹਾਂ ਧਿਰਾਂ ਵਿੱਚ ਚਰਚਾ ਦਾ ਕੇਂਦਰ ਬਣਿਆ ਰਿਹਾ। ਕੁਝ ਨੇਤਾਵਾਂ ਨੇ ਸਵਾਲ ਖੜੇ ਕੀਤੇ ਤੇ ਕੁਝ ਰਾਹੁਲ ਗਾਂਧੀ ਦੇ ਮੁਰੀਦ ਨਜ਼ਰ ਆਏ।
ਰਾਹੁਲ ਨੂੰ ਘੇਰਨ ਦੀ ਰਣਨੀਤੀ : ਰਾਜਸੀ ਹਲਕਿਆਂ ਵਿੱਚ ਚਲ ਰਹੀ ਚਰਚਾ ਅਨੁਸਾਰ ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਪੁਰ ਕੀਤੇ ਗਏ ਤਿਖੇ ਹਮਲਿਆਂ ਤੋਂ ਤਿਲਮਿਲਾਏ ਸੱਤਾ ਪੱਖ ਨੇ ਰਾਹੁਲ ਨੂੰ ਘੇਰਨ ਦੀ ਰਣਨੀਤੀ ਪੁਰ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ। ਸਦਨ ਦੇ ਅੰਦਰ ਅਤੇ ਬਾਹਰ ਰਾਹੁਲ ਗਾਂਧੀ ਨੂੰ ਘੇਰਨ ਦੇ ਆਦੇਸ਼ ਮਿਲਦਿਆਂ ਹੀ ਸੱਤਾ ਪਖ ਦੇ ਵੱਡੇ ਆਗੂਆਂ ਨੇ ਸੰਸਦੀ ਕਾਰਵਾਈ ਦੀ ਨਿਯਮਾਂਵਲੀ ਲੈ ਕੇ ਇਧਰ-ਉਧਰ ਭਜਣਾ ਸ਼ੁਰੂ ਕਰ ਦਿਤਾ। ਸੰਸਦ ਕੰਪਲੈਕਸ ਵਿੱਚ ਮੌਜੂਦ ਪੀਐਮਓ ਦੀ ਰਿਸਰਚ ਟੀਮ ਦੀ ਸਰਗਰਮੀ ਵੀ ਵੱਧ ਗਈ।
ਨਰੇਂਦਰ ਮੌਦੀ ਰਹਿ ਗਏ ਹੈਰਾਨ: ਰਾਹੁਲ ਵਲੋਂ ਅਪਨਾਏ ਗਏ, ਆਪਣੇ ਗਲੇ ਮਿਲਣ ਦੇ ਅੰਦਾਜ਼ ਤੋਂ ਪ੍ਰਧਾਨ ਮੰਤਰੀ ਪਹਿਲਾਂ ਤਾਂ ਬਹੁਤ ਹੀ ਹੈਰਾਨ ਹੋਏ। ਬਾਅਦ ਵਿੱਚ ਉਨ੍ਹਾਂ ਰਾਹੁਲ ਗਾਂਧੀ ਨੂੰ ਬੁਲਾਇਆ ਤੇ ਹੱਥ ਮਿਲਾ ਉਨ੍ਹਾਂ ਦੀ ਪਿੱਠ ਥਪਥਪਾਈ। ਰਾਹੁਲ ਦੇ ਉਨ੍ਹਾਂ ਦੇ ਗਲੇ ਮਿਲਣ ਦੇ ਅੰਦਾਜ਼ ਨੂੰ ਲੈ ਕੇ ਰਾਜਸੀ ਹਲਕਿਆਂ ਦੇ ਨਾਲ ਹੀ ਸੋਸ਼ਲ ਮੀਡੀਆ ਵਿੱਚ ਖੂਬ ਚਰਚਾ ਹੋਈ।
…ਅਤੇ ਅੰਤ ਵਿੱਚ : ਖਬਰਾਂ ਅਨੁਸਾਰ ਕਾਂਗ੍ਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੰਸਦ ਵਿੱਚ ਬੇਭਰੋਸਗੀ ਦੇ ਮਤੇ ਪੁਰ ਬੋਲਦਿਆਂ ਆਪਣੇ ਭਾਸ਼ਣ ਦੀ ਸਮਾਪਤੀ ਜਿਸ ਅੰਦਾਜ਼ ਵਿੱਚ ਕੀਤੀ, ਉਸਨੇ ਸੋਸ਼ਲ ਮੀਡੀਆ ਪੁਰ ਇਸੇ ਸੰਬੰਧ ਵਿੱਚ ਚਲ ਰਹੀ ਚਰਚਾ ਦਾ ਰੁਖ ਹੀ ਬਦਲ ਕੇ ਰਖ ਦਿੱਤਾ। ਰਾਹੁਲ ਦੇ ਪ੍ਰਧਾਨ ਮੰਤਰੀ ਮੋਦੀ ਦੀ ਸੀਟ ਪੁਰ ਜਾ, ਉਨ੍ਹਾਂ ਦੇ ਗਲੇ ਮਿਲਦਿਆਂ ਹੀ ਸੋਸ਼ਲ ਮੀਡੀਆ ਵਿੱਚ ਚਲ ਰਹੀਆਂ ਸਾਰੀਆਂ ਹੀ ਚਰਚਾਵਾਂ ਨੂੰ ਠਲ੍ਹ ਪੈ ਗਈ ਅਤੇ ਕੁਝ ਹੀ ਮਿੰਟਾਂ ਵਿੱਚ ਨਵੇਂ ਹੈਸ਼ ਟੈਗ ‘ਰਾਹੁਲ ਗਾਂਧੀ ਹੱਗਸ ਮੋਦੀ’, ‘ਹਗਪਲੋਮੈਸੀ’ ਆਦਿ ਸ਼ੁਰੂ ਹੋ ਗਏ। ਦਿੱਲੀ ਦੇ ਇਕ ਆਗੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪੂਰਾ ਸ਼ੋਅ ਲੁਟ ਲਿਆ। ਇੱਕ ਟਵੀਟ ਕਰ ਕਿਸੇ ਨੇ ਲਿਖਿਆ, ‘ਗਲੇ ਲਾ ਜੋ ਕੁਝ ਪਾਇਆ, ਉਹ ਅੱਖ ਮਾਰ ਗੁਆ ਲਿਆ’, ਇੱਕ ਹੋਰ ਸਜਣ ਨੇ ਟਵੀਟ ਕੀਤਾ ‘ਰਾਹੁਲ ਗਾਂਧੀ ਪੁਰ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਕਰਨ ਦੇ ਦੋ ਮਾਮਲੇ ਬਣਦੇ ਹਨ। ਇੱਕ ਮੋਦੀ ਨੂੰ ਹਗ ਕਰਨਾ ਦੂਜਾ (ਦਖਣ ਦੀ ਫਿਲਮੀ ਕਲਾਕਾਰ) ਪ੍ਰਿਯੰਕਾ ਦਾ ਅੱਖ ਮਾਰਨ ਦਾ ਸਟਈਲ’ ਚੋਰੀ ਕਰਨਾ। ਇਸੇ ਤਰ੍ਹਾਂ ਇੱਕ ਮੋਦੀ ਭਗਤ ਦਾ ਟਵੀਟ ਸੀ, ‘ਰਾਹੁਲ ਦਾ ਕਹਿਣਾ ਸੀ ਕਿ 15 ਮਿੰਟ ਵਿੱਚ ਭੂਚਾਲ ਲੈ ਆਉਣਗੇ। ਪਰ ਇਥੇ ਤਾਂ ਪਤਾ ਵੀ ਨਹੀਂ ਹਿਲਿਆ’।

Geef een reactie

Het e-mailadres wordt niet gepubliceerd. Vereiste velden zijn gemarkeerd met *