ਜ਼ਿਲਾ ਪ੍ਰੀਸਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਅਕਾਲੀ ਦਲ ਹੋਇਆ ਸਰਗਰਮ, ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ

-ਕਾਂਗਰਸ ਤੇ ਆਮ ਆਦਮੀ ਪਾਰਟੀ ਵਲੋ ਹਾਲੇ ਤਕ ਨਹੀ ਦਿਖਾਈ ਜਾ ਰਹੀ ਕੋਈ ਖਾਸ ਦਿਲਚਸਪੀ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ

ਅਗਸਤ ਜਾਂ ਸਤੰਬਰ ਹੋਣ ਜਾ ਰਹੀਆ ਸੰਭਾਵੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿਚ ਰਾਜਨੀਤਿਕ ਮਾਹੌਲ ਲਗਾਤਾਰ ਗਰਮਾ ਰਿਹਾ ਹੈ। ਪਰ ਬਾਵਜੂਦ ਇਸਦੇ ਇਨ੍ਹਾਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਇਲਾਵਾ ਦੂਜੀ ਮੁੱਖ ਸਿਆਸੀ ਧਿਰਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਵਲੋ ਹਾਲੇ ਤਕ ਕੋਈ ਬਹੁਤੀ ਸਰਗਰਮੀ ਨਹੀ ਦਿਖਾਈ ਗਈ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਬੇਹੱਦ ਗੰਭੀਰ ਨਜਰ ਆ ਰਿਹਾ ਹੈ। ਜ਼ਿਲ੍ਹੇ ਅੰਦਰ ਇਨ੍ਹਾਂ ਚੋਣਾਂ ਨੂੰ ਲੈ ਕੇ ਤਿੰਨ ਵਿਧਾਨ ਸਭਾ ਖੇਤਰਾਂ ਵਿਚ ਹਲਕਾ ਇੰਚਾਰਜਾਂ ਵਲੋ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਉਥੇ ਅਕਾਲੀ ਦਲ ਵਲੋ 28 ਜੁਲਾਈ ਨੂੰ ਸਟੇਟ ਗੁਰਦੁਆਰਾ ਸਾਹਿਬ ਵਿਖੇ ਇਨ੍ਹਾਂ ਚੌਣਾਂ ਦੇ ਸਬੰਧ ਵਿਚ ਹੀ ਇਕ ਜ਼ਿਲ੍ਹਾ ਪੱਧਰੀ ਮੀਟਿੰਗ ਰੱਖੀ ਗਈ ਹੈ। ਜਿਸ ਵਿਚ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਖੇਤਰਾਂ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਤੇ ਭੁਲੱਥ ਦੇ ਹਲਕਾ ਇੰਚਾਰਜ, ਜ਼ਿਲ੍ਹਾ ਪ੍ਰੀਸਦ ਤੇ ਬਲਾਕ ਸੰਮਤੀ ਮੈਂਬਰ ਸ਼ਾਮਲ ਹੋਣਗੇ। ਜ਼ਿਲ੍ਹਾ ਪ੍ਰਧਾਨ ਜੱਥੇਦਾਰ ਜਗੀਰ ਸਿੰਘ ਵਡਾਲਾ ਤੇ ਹਲਕਾ ਇੰਚਾਰਜ ਕਪੂਰਥਲਾ ਪਰਮਜੀਤ ਸਿੰਘ ਐਡਵੋਕੇਟ, ਸਾਬਕਾ ਮੰਤਰੀ ਬੀਬੀ ਉਪਿੰਦਰਜੀਤ ਕੌਰ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਬੇਹੱਦ ਗੰਭੀਰਤਾ ਦਿਖਾ ਰਹੇ ਹਨ। ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਮਿਲੀ ਤਿੱਖੀ ਹਾਰ ਤੋਂ ਬਾਅਦ ਜ਼ਿਲ੍ਹੇ ਵਿਚ ਪਾਰਟੀ ਦੀਆਂ ਸਰਗਮੀਆਂ ਠੰਡੀਆਂ ਪੈ ਗਈਆਂ ਸਨ। ਪਰ ਬੀਤੇ ਕੁਝ ਸਮੇਂ ਤੋਂ ਅਕਾਲੀ ਦਲ ਨੇ ਜ਼ਿਲ੍ਹੇ ਅੰਦਰ ਲਗਾਤਾਰ ਸਰਗਮੀਆਂ ਦਿਖਾਈਆਂ ਹਨ। ਜਿਸ ਦੇ ਚਲਦੇ ਵਰਕਰਾਂ ਵਿਚ ਵੀ ਚੋਣਾਂ ਨੂੰ ਲੈ ਕੇ ਉਤਸ਼ਾਹ ਨਜ਼ਰ ਆ ਰਿਹਾ ਹੈ। ਪਿਛਲੇ ਸਾਲਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਦਾ ਚੈਅਰਮੈਨ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਹੈ ਤੇ ਜ਼ਿਆਦਾਤਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵਲੋ ਅਕਾਲੀ ਦਲ ਦੇ ਹੀ ਹਨ। ਪਰ ਇਸ ਵਾਰ ਮੌਜੂਦਾ ਸੀਟਾਂ ਤੇ ਜਿੱਤ ਨੂੰ ਕਾਇਮ ਰੱਖਣਾ ਅਕਾਲੀ ਦਲ ਲਈ ਏਨਾ ਅਸਾਨ ਨਹੀ ਹੋਵੇਗਾ। ਕਿਉਕਿ ਇਕ ਤਾਂ ਹੁਣ ਪਾਰਟੀ ਸੱਤਾ ਵਿਚ ਨਹੀ ਹੈ ਦੂਸਰਾ ਇਸ ਵਾਰ ਅਕਾਲੀ ਦਲ ਦੇ ਮੌਜੂਦਾ ਮੈਂਬਰਾਂ ਦੇ ਹਲਕਿਆਂ ਵਿਚ ਭਾਰੀ ਫੇਰਬਦਲ ਹੋਇਆ ਹੈ । ਉਧਰ ਦੂਜੇ ਪਾਸੇ ਇਨ੍ਹਾਂ ਚੋਣਾਂ ਨੂੰ ਲੈ ਕਾਂਗਰਸ ਨੇ ਹਾਲੇ ਤਕ ਕੋਈ ਸਰਗਰਮੀ ਨਹੀ ਦਿਖਾਈ ਹੈ ਨਾ ਕੋਈ ਜ਼ਿਲ੍ਹਾ ਪੱਧਰੀ ਕੋਈ ਮੀਟਿੰਗ ਦਾ ਅਯੋਜਨ ਹੋਇਆ ਹੈ ਨਾ ਹੀ ਚੋਣ ਲੜਨ ਦੇ ਇਛੁਕ ਚਿਹਰੇ ਸਾਹਮਣੇ ਆ ਰਹੇ ਹਨ। ਉਥੇ ਆਪਸੀ ਕਲੇਸ਼ ਵਿਚ ਉਲਝੀ ਆਮ ਆਦਮੀ ਪਾਰਟੀ ਵਲੋ ਬੀਤੇ ਦਿਨੀ ਸੁਲਤਾਨਪੁਰ ਲੋਧੀ ਖੇਤਰ ਵਿਚ ਪੰਜਾਬ ਦੇ ਸਹਿ ਪ੍ਰਧਾਨ ਡਾ ਬਲਬੀਰ ਸਿੰਘ ਨਾਲ ਚੋਣਾਂ ਸਬੰਧੀ ਕੁਝ ਵਿਚਾਰਾਂ ਜਰੂਰ ਕੀਤੀਆਂ ਗਈਆਂ ਹਨ। ਪਰ ਹਾਲੇ ਤਕ ਇਹ ਸਾਫ ਨਹੀ ਹੋ ਸਕਿਆ ਹੈ ਕਿ ਆਮ ਆਦਮੀ ਪਾਰਟੀ ਚੋਣਾਂ ਵਿਚ ਕਿੰਨੀ ਕੁ ਸਰਗਰਮੀ ਦਿਖਾਉਦੀ ਹੈ। ਉਧਰ ਛੋਟੇ ਰਾਜਨੀਤਿਕ ਦਲਾਂ ਵਲੋ ਵੀ ਇਨ੍ਹਾਂ ਚੋਣਾਂ ਨੂੰ ਲੈ ਕੇ ਕੋਈ ਸਰਗਰਮੀ ਨਹੀ ਦਿਖਾਈ ਜਾ ਰਹੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *