ਪਾਕਿਸਤਾਨ ਸਿੱਖ ਗੁਰਧਾਮਾਂ ਦੀ ਯਾਤਰਾ -ਗੁਰਚਰਨ ਪੱਖੋਕਲਾਂ


ਪੰਜਾਬੀਆ ਅਤੇ ਸਿੱਖਾ ਦੀ ਮੂਲ ਜਨਮ ਭੂਮੀ ਦਾ ਕੇਂਦਰ ਪਾਕਿਸਤਾਨ ਦਾ ਸਭ ਤੋਂ ਵੱਡਾ ਸਹਿਰ ਲਹੌਰ ਰਿਹਾ ਹੈ ਜੋ ਵਰਤਮਾਨ ਸਮੇਂ ਪਾਕਿਸਤਾਨ ਵਿੱਚ ਹੈ ਹਰ ਸਿੱਖ ਦੀ ਇੱਛਾ ਆਪਣੇ ਧਰਮ ਦੇ ਮੱਕਾ ਅਖਵਾਉਣ ਵਾਲੇ ਨਨਕਾਣਾ ਸਾਹਿਬ ਜਿੱਥੇ ਸਾਡੇ ਧਰਮ ਦੇ ਬਾਨੀ ਗੁਰੂ ਨਾਨਕ ਦਾ ਜਨਮ ਹੋਇਆ ਦੇਖਣ ਦੀ ਇੱਛਾ ਅਤੇ ਚਾਉ ਹੁੰਦਾਂ ਹੈ। ਵਰਤਮਾਨ ਸਮੇਂ ਦੋਨਾਂ ਦੇਸ਼ਾ ਦੀਆਂ ਸਰਕਾਰਾਂ ਆਪੋ ਆਪਣੇ ਹਿੱਤਾਂ ਲਈ ਸਿੱਖਾਂ ਦੀ ਆਸਾਂ ਨੂੰ ਕੁਚਲਦੇ ਹੋਏ ਆਪੋ ਆਪਣੇ ਹਿੱਤਾਂ ਦੀ ਪੂਰਤੀ ਲਈ ਸਿੱਖਾ ਦੀਆਂ ਇੱਛਾਵਾਂ ਦਾ ਦਮਨ ਕਰ ਰਹੀਆਂ ਹਨ। ਸਿੱਖ ਕੌਮ ਦੇ ਆਗੂ ਸਿੱਖ ਭਾਵਨਾਵਾ ਦੀ ਤਰਜਮਾਨੀ ਕਰਨ ਦੀ ਥਾਂ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਦੇ ਮੋਹਰੇ ਬਣਕੇ ਸਿੱਖਾਂ ਦੀਆਂ ਇੱਛਾਵਾ ਦਾ ਦਮਨ ਕਰਵਾ ਰਹੇ ਹਨ। ਦੋਨਾਂ ਦੇਸਾਂ ਦੇ ਵਿਗੜੇ ਸਬੰਧਾ ਅਤੇ ਸਰੋਮਣੀ ਕਮੇਟੀ ਦੀ ਰਾਜਨੀਤੀ ਦੀ ਗੁਲਾਮੀ ਕਾਰਨ ਲਏ ਫੈਸਲੇ ਅਨੇਕਾਂ ਵਾਰ ਯਾਤਰਾ ਰੱਦ ਕਰਵਾਉਣ ਵਿੱਚ ਹਿੱਸਾ ਪਾਉਂਦੇ ਹਨ ।
ਦੋ ਵਾਰ ਯਾਤਰਾ ਰੱਦ ਹੋ ਜਾਣ ਕਾਰਨ ਵੀਜੇ ਲੱਗਣ ਦੇ ਬਾਵਜੁਦ ਅਟਾਰੀ ਰੇਲਵੇ ਸਟੇਸਨ ਤੋਂ ਵਾਪਸ ਮੁੜਨਾਂ ਪਿਆ ਅਤੇ ਤੀਸਰੀ ਵਾਰ 9 ਜੂਨ 2018 ਨੂੰ 84 ਯਾਤਰੀਆਂ ਨਾਲ ਪਾਕਿਸਤਾਨ ਦੇ ਸਿੱਖ ਗੁਰਧਾਮ ਦੇਖਣ ਜਾਣ ਦਾ ਸੁਭਾਗ ਪਰਾਪਤ ਹੋਇਆ ਜਿਸ ਦਾ ਵੇਰਵਾ ਇਸ ਲੇਖ ਲੜੀ ਵਿੱਚ ਹੈ। ਯਾਤਰਾ ਦੇ ਅਟਾਰੀ ਰੇਲਵੇ ਸਟੇਸਨ ਤੋਂ ਰਵਾਨਾ ਹੋਣ ਸਮੇਂ ਪੰਜਾਬ ਪੁਲੀਸ ਦੇ ਹਾਜਰ ਸੀਨੀਅਰ ਅਧਿਕਾਰੀ ਸਮੇਤ ਸਾਰੇ ਮੁਲਾਜਮਾਂ ਵੱਲੋ ਬਹੁਤ ਹੀ ਅਦਬ ਨਾਲ ਸੁਭ ਇਛਾਵਾਂ ਦਿੰਦਿਆਂ ਗੁਰਧਾਮਾਂ ਦੇਖਣ ਅਤੇ ਯਾਤਰਾ ਸਫਲ ਰਹਿਣ ਦੀ ਕਾਮਨਾਂ ਕੀਤੀ ਜਾਂਦੀ ਹੈ। ਪੰਜਾਬ ਪੁਲੀਸ ਦਾ ਇਹ ਵਰਤਾਰਾ ਵਾਪਸ ਆਉਣ ਤੇ ਵੀ ਦਿਖਾਈ ਦਿੰਦਾਂ ਹੈ ਜਿਸਨੂੰ ਦੇਖਕੇ ਹੈਰਾਨੀ ਹੁੰਦੀ ਹੈ ਕਿ ਪੰਜਾਬ ਪੁਲੀਸ ਦਾ ਇਹ ਇੱਕ ਵਧੀਆ ਰੂਪ ਵੀ ਹੈ ਪਰ ਕਸਟਮ ਕਲੀਅਰੈਂਸ ਵੇਲੇ ਇਸ ਵਰਤਾਰ ਵਿੱਚ ਕਮੀ ਸੁਰੂ ਹੋ ਜਾਂਦੀ ਹੈ ਜੋ ਸਾਡੀ ਹਕੀਕਤ ਹੇ। ਇਸ ਤਰਾਂ ਦੇ ਵਰਤਾਰੇ ਦੇ ਬਾਵਜੁਦ ਜਿਹੜੇ ਸਿੱਖ ਜਾਂ ਪੰਜਾਬੀ ਪਾਕਿਸਤਾਨ ਦੀ ਯਾਤਰਾ ਕਰਨ ਵਿੱਚ ਸਫਲ ਹੋ ਜਾਂਦੇ ਹਨ ਆਪਣੇ ਆਪ ਨੂੰ ਵੱਡਭਾਗੇ ਸਮਝਦੇ ਹਨ। ਪਾਕਿਸਤਾਨ ਸਰਕਾਰ ਵੱਲੋਂ ਆਮ ਤੌਰ ਤੇ ਚਾਰ ਦਿਹਾੜਿਆ ਤੇ ਵੀਜੇ ਜਾਰੀ ਕੀਤੇ ਜਾਦੇ ਹਨ ਜੂਨ ਮਹੀਨੇ ਗੁਰੂ ਅਰਜਨ ਦੇਵ ਸਹੀਦੀ ਦਿਨ , ਮਹਾਰਾਜਾ ਰਣਜੀਤ ਸਿੰਘ , ਨਵੰਬਰ ਵਿੱਚ ਗੁਰੂ ਨਾਨਕ ਦੇਵ ਗੁਰਪੁਰਬ ਜਿਸ ਵਿੱਚ ਮੁੱਖ ਹਨ। ਪਾਕਿਸਤਾਨ ਸਰਕਾਰ ਵੱਲੋਂ ਆਮ ਤੌਰ ਤੇ ਯਾਤਰੀਆਂ ਨੂੰ ਅਟਾਰੀ ਰੇਲਵੇ ਸਟੇਸਨ ਤੋਂ ਸਪੈਸਲ ਟਰੇਨ ਜਾਂ ਪੈਦਲ ਬਾਹਗਾ ਬਾਰਡਰ ਰਾਹੀਂ ਅੱਗੇ ਬੱਸਾ ਰਾਹੀ ਵੀ ਲਿਜਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਯਾਤਰੀਆਂ ਨੂੰ ਹਸਨ ਅਬਦਾਲ ਲਿਜਾਇਆ ਜਾਂਦਾ ਹੈ ਜੋ ਲਹੌਰ ਤੋਂ 7-8 ਘੰਟੇ ਦੀ ਲੱਗ ਭੱਗ 400 ਕਿਲੋਮੀਟਰ ਦੂਰ ਹੈ । ਚਾਰ ਕੁ ਵਜੇ ਤੱਕ ਲਹੌਰ ਤੋਂ ਕਸਟਮ ਕਲੀਅਰੈਸ਼ ਹੋਕੇ ਦੇਰ ਰਾਤ ਤੱਕ ਯਾਤਰੀ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਹਸਨ ਅਬਦਾਲ ਪਹੁੰਚਦੇ ਹਨ। ਹਸਨ ਅਬਦਾਲ ਪਾਕਿਸਤਾਨੀ ਪੰਜਾਬ ਦੇ ਅਖੀਰਲਾ ਸਹਿਰ ਹੈ। ਸਿੱਖ ਯਾਤਰੀਆਂ ਦਾ ਪਹਿਲਾਂ ਵਾਹਘਾ ਬਾਰਡਰ ਪਾਰ ਹੋਣ ਤੇ ਪਾਕਿਸਤਾਨ ਦੇ ਪਹਿਲੇ ਹੀ ਰੇਲਵੇ ਸਟੇਸਨ ਤੇ ਵਿਸੇਸ ਸਵਾਗਤ ਕੀਤਾ ਜਾਂਦਾ ਹੈ ਜੋ ਯਾਤਰੀਆਂ ਲਈ ਹੈਰਾਨੀਜਨਕ ਹੁੰਦਾਂ ਹੈ ਜਦੋ ਆਮ ਲੋਕਾਂ ਉੱਪਰ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਤਦ ਉਹ ਹੈਰਾਨ ਹੋ ਜਾਂਦੇ ਹਨ। ਪਾਕਿਸਤਾਨੀ ਸਿੱਖ ਆਗੂਆ ਅਤੇ ਸਰਕਾਰੀ ਅਧਿਕਾਰੀਆਂ ਹੱਥੋਂ ਪੇਸ਼ ਕੀਤੇ ਫੁੱਲਾਂ ਦੇ ਗੁਲਦਸਤੇ ਫੜਦਿਆ ਵੀ ਆਈ ਪੀ ਹੋਣ ਦਾ ਅਹਿਸਾਸ ਅਚੰਭਿਤ ਕਰਦਾ ਹੈ। ਸਕਿਉਰਿਟੀ ਵਿੱਚ ਖੜੇ ਸੈਲੂਟ ਕਰਦੇ ਹਜਾਰਾਂ ਬਲੈਕ ਕਮਾਡੋਂ ਦੇਖਕੇ ਮੰਤਰੀਆਂ ਵਰਗੀ ਫੀਲਿੰਗ ਮਹਿਸੂਸ ਹੁੰਦੀ ਹੈ। ਸਟੇਸਨ ਉੱਪਰ ਠੰਡੇ ਮਿੱਠੇ ਸਰਬੱਤ ਦੀ ਛਬੀਲ ਅਤੇ ਖਾਣ ਪੀਣ ਦੇ ਪਰਬੰਧ ਬਹੁਤ ਹੀ ਅਨੰਦ ਦਿੰਦੇ ਹਨ । ਕਸਟਮ ਕਲੀਅਰ ਕਰਨ ਤੋਂ ਬਾਅਦ ਸਵਾਦਲਾ ਗੁਰੂ ਕਾ ਲੰਗਰ ਛਕਾਇਆ ਜਾਂਦਾ ਹੈ।
ਭਾਗ ਦੂਜਾ ਪਾਕਿਸਤਾਨ ਸਿੱਖ ਗੁਰਧਾਮਾਂ ਦੀ ਯਾਤਰਾ
ਹਰ ਯਾਤਰੀ ਦੇ ਪਾਸਪੋਰਟ ਜਮਾਂ ਕਰ ਲਏ ਜਾਂਦੇ ਹਨ ਅਤੇ ਸਪੈਸਲ ਯਾਤਰੀ ਟੋਕਨ ਗਲਾਂ ਵਿੱਚ ਪਹਿਨਣ ਲਈ ਦੇ ਦਿੱਤੇ ਜਾਂਦੇ ਹਨ । ਇੱਥੇ ਹੀ ਸਾਰੇ ਦਸ ਦਿਨਾਂ ਲਈ ਸਪੈਸਲ ਟਰੇਨ ਦੀ ਟਿਕਟ 1200 ਭਾਰਤੀ ਰੁਪਏ ਪਾਕਿਸਤਾਨੀ 1800ਵਿੱਚ ਮਿਲਦੀ ਹੈ। ਇਸ ਤੋਂ ਬਾਅਦ ਯਾਤਰਾ ਵਾਲੀਆਂ ਬੱਸਾਂ ਜਾਂ ਸਪੈਸਲ ਟਰੇਨ ਪੰਜਾਂ ਸਾਹਿਬ ਜਿਲਾ ਅਤੇ ਸਹਿਰ ਹਸਨ ਅਬਦਾਲ ਦੀ ਲੰਬੀ ਯਾਤਰਾ ਨੂੰ ਚੱਲ ਪੈਂਦੀ ਹੈ। ਰਸਤੇ ਵਿੱਚ ਲੰਘ ਰਹੀ ਸਪੈਸਲ ਟਰੇਨ ਵਿੱਚ ਬੈਠੇ ਪਗੜੀਧਾਰੀ ਸਿੱਖਾਂ ਨੂੰ ਦੇਖਕੇ ਬਾਹਰ ਬੈਠੇ ਆਮ ਲੋਕ ਹੱਥ ਹਿਲਾਕੇ ਸਵਾਗਤ ਕਰਦੇ ਆਮ ਹੀ ਦਿਖਾਈ ਦਿੰਦੇ ਹਨ। ਯਾਤਰੀ ਵੀ ਸਭ ਨੂੰ ਆਪਣੇ ਖੁਸ ਚਿਹਰਿਆ ਨਾਲ ਸਨਮਾਨ ਦਿੰਦੇ ਹੋਏ ਹੱਥ ਹਿਲਾਉਂਦੇ ਹੋਏ ਦੁਆਵਾਂ ਸਲਾਮਾਂ ਨਾਲ ਭਰ ਜਾਂਦੇ ਹਨ। ਜੂਨ ਮਹੀਨੇ ਵਿੱਚ ਫਸਲਾਂ ਤੋਂ ਖਾਲੀ ਪਏ ਖੇਤ ਵਿਰਾਨਗੀ ਦੀ ਬਾਤ ਪਾਉਂਦੇ ਹਨ ਪਰ ਜਿਆਦਾਤਰ ਘਰਾਂ ਦੇ ਨੇੜੇ ਬਣੇ ਹੋਏ ਪਸੂਆਂ ਖਾਸਕਰ ਮੱਝਾਂ ਦੇ ਵੱਡੇ ਸਧਾਰਨ ਢਾਰੇ ਜਾਂ ਦਰੱਖਤਾਂ ਦੀਆਂ ਛਾਵਾਂ ਵਿੱਚ ਬੰਨੀਆਂ ਦਿਖਾਈ ਦਿੰਦੀਆਂ ਹਨ। ਰਾਵਲ ਪਿੰਡੀ ਤੱਕ ਪਹੁੰਚਦਿਆ ਹਨੇਰਾ ਹੋ ਜਾਂਦਾ ਹੈ ਅਤੇ ਇਸ ਤੋਂ ਬਾਅਦ ਰੇਲਵੇ ਸਟਸਨਾਂ ਤੇ ਸੁਰੱਖਿਆ ਲਈ ਖੜੇ ਹਜਾਰਾਂ ਸੁਰੱਖਿਆ ਮੁਲਾਜਮ ਹੀ ਸਵਾਗਤ ਕਰਦੇ ਹਨ। ਪੁਲੀਸ ਮੁਲਾਜਮ ਅਤੇ ਉਹਨਾਂ ਦੇ ਅਫਸਰ ਸਾਹਿਬਾਨ ਵੀ ਹੱਥ ਹਿਲਾਕੇ ਜੀ ਆਇਆ ਨੂੰ ਆਖਦੇ ਹਨ। ਭਾਵੇਂ ਯਾਤਰੀਆਂ ਨੂੰ ਸਖਤ ਨਿਗਾਹਾਂ ਹੇਠ ਰੱਖਿਆ ਜਾਂਦਾ ਹੈ ਕਿਧਰੇ ਵੀ ਦੂਰ ਜਾਣ ਨਹੀਂ ਦਿੱਤਾ ਜਾਦਾ ਅਤੇ ਨਾਂ ਹੀ ਆਮ ਲੋਕਾਂ ਨੂੰ ਯਾਤਰੀਆ ਦੇ ਨੇੜੇ ਆਉਣ ਦਿੱਤਾ ਜਾਂਦਾ ਹੈ ਜਿਸ ਦਾ ਉੱਤਰ ਸਕਿਉਰਿਟੀ ਦੇ ਕਾਰਣ ਦੱਸਿਆ ਜਾਦਾ ਹੈ। ਰਸਤੇ ਵਿੱਚ ਜਿਹਲਮ ਅਤੇ ਚਨਾਬ ਦਰਿਆ ਦੇ ਦਰਸ਼ਨ ਕਰਕੇ ਰੂਹ ਖੁਸ਼ ਹੋ ਜਾਂਦੀ ਹੈ ਕਿਉਂਕਿ ਪੰਜਾਬ ਦੇ ਅੱਧੇ ਆਬ ਵਾਲੇ ਦਰਿਆ ਪਾਕਿਸਤਾਨੀ ਪੰਜਾਬ ਦੀ ਜਿੰਦ ਜਾਨ ਹਨ। ਲਹੌਰ ਦੇ ਨੇੜੇ ਤੇੜੇ ਸਧਾਰਨ ਅਤੇ ਕੱਚੇ ਘਰਾਂ ਅਤੇ ਮੱਝਾ ਵਾਲੇ ਵੱਡੇ ਵੱਡੇ ਖੁੱਲੇ ਢਾਰਿਆਂ ਦੇ ਦਰਸ਼ਨ ਹੁੰਦੇ ਹਨ। ਜੂਨ ਮਹੀਨੇ ਵਿੱਚ ਖਾਲੀ ਪਈਆ ਤਪਦੀਆਂ ਜਮੀਨਾਂ ਦਿਖਾਈ ਦਿੰਦੀਆ ਹਨ। ਤਰੱਕੀ ਵਿੱਚ ਪਛੜਿਆ ਦਿਸਣ ਦੇ ਬਾਵਜੂਦ ਪੁਰਾਤਨ ਪੰਜਾਬ ਦੇ ਦਰਸਨ ਰੂਹ ਖੁਸ਼ ਕਰ ਦਿੰਦੇ ਹਨ। ਇਸਤਰੀਆ ਨੂੰ ਪਰਦੇ ਵਿੱਚ ਦੇਖਦਿਆ ਨਵਾਂ ਸੁਆਦਲਾ ਅਨੁਭਵ ਹੁੰਦਾਂ ਹੈ। ਗਰਮੀ ਵਿੱਚ ਟਰੇਨ ਵਿੱਚ ਪਾਣੀ ਦੇ ਪਰਬੰਧ ਦੀ ਕਮੀ ਮਹਿਸੂਸ ਹੁੰਦੀ ਹੈ ਜੋ ਕਿ ਹਰ ਯਾਤਰੀ ਨੂੰ ਪਾਣੀ ਦਾ ਪਰਬੰਧ ਖੁਦ ਕਰਕੇ ਰੱਖਣ ਨੂੰ ਪਹਿਲ ਦੇਣੀ ਚਾਹੀਦੀ ਹੈ । ਰਸਤੇ ਦੇ ਵਿੱਚ ਕਈ ਵੱਡੇ ਸਹਿਰ ਦੂਰੋਂ ਦੇਖਣ ਨੂੰ ਮਿਲਦੇ ਹਨ ਜਿੰਹਨਾਂ ਵਿੱਚ ਗੁਜਰਾਂਵਾਲਾ ਰਾਵਲਪਿੰਡੀ ਜਿਹਲਮ ਆਦਿ ਹਨ। ਜਿਹਲਮ ਅਤੇ ਚਨਾਬ ਦਰਿਆ ਵਗਦੇ ਦੇਖਕੇ ਪੰਜਾਬ ਦੇ ਵੰਡੇ ਗਏ ਪਾਣੀਆਂ ਦਾ ਦਰਦ ਮਹਿਸੂਸ ਹੁੰਦਾਂ ਹੈ।ਜਿਉਂ ਜਿਉਂ ਪੰਜਾ ਸਾਹਿਬ ਵੱਲ ਜਾਈਦਾ ਹੈ ਪੱਧਰ ਜਮੀਨ ਦੀ ਥਾਂ ਬੇਅਬਾਦ ਪਹਾੜੀ ਇਲਾਕਾ ਆਉਂਦਾ ਜਾਂਦਾ ਹੈ। ਸਹਿਰਾਂ ਤੋਂ ਬਿਨਾਂ ਖੇਤਾਂ ਵਿੱਚ ਬਿਜਲੀ ਪਰਬੰਧ ਬਹੁਤ ਹੀ ਘੱਟ ਦਿਖਾਈ ਦਿੰਦਾਂ ਹੈ। ਹਸਨ ਅਬਦਾਲ ਦੇ ਰੇਲਵੇ ਸਟੇਸਨ ਤੇ ਰਾਤ ਦੇ 10 ਵਜੇ ਪਹੁੰਚਣ ਤੇ ਫੁੱਲਾਂ ਅਤੇ ਹਾਰਾਂ ਨਾਲ ਸਵਾਗਤ ਹੁੰਦਾਂ ਹੈ ਜਿਸ ਨੂੰ ਦੇਖਦਿਆ ਮਹਿਸੂਸ ਦਿਆ ਰਸਤੇ ਦਾ ਸਾਰਾ ਥਕੇਵਾਂ ਦੂਰ ਹੋ ਜਾਂਦਾ ਹੈ। ਗੁਰੂ ਕੀ ਚਰਨ ਛੋਹ ਪਰਾਪਤ ਨਗਰੀ ਪਹੁੰਚਣ ਦਾ ਚਾਉ ਖੁਸੀਆਂ ਦੁਗਣੀਆਂ ਚੌਗੁਣੀਆਂ ਕਰ ਦਿੰਦਾਂ ਹੈ। ਰੇਲਵੇ ਸਟੇਸਨ ਤੋਂ ਗੁਰਦੁਆਰਾ ਸਾਹਿਬ ਤੱਕ ਛੋਟੇ ਰਸਤੇ ਉੱਪਰ ਹੀ ਹਜਾਰਾ ਕਮਾਡੋ ਸੁਰੱਖਿਆ ਵਿੱਚ ਪਹੁੰਚਾਇਆ ਜਾਂਦਾ ਹੈ। ਪੰਜਾ ਸਾਹਿਬ ਨੂੰ ਨਮਸਕਾਰ ਕਰਦਿਆਂ ਹਾਜਰੀ ਫਾਰਮ ਜਮਾਂ ਕਰਵਾਕੇ ਸਭ ਯਾਤਰੀ ਸੌਣ ਲਈ ਕਮਰਿਆਂ ਵੱਲ ਰੁੱਖ ਕਰਦੇ ਹਨ। ਅਸਲ ਯਾਤਰਾ ਗੁਰੂ ਦਰਸਨਾਂ ਨਾਲ ਅਗਲੇ ਦਿਨ ਤੋਂ ਸੁਰੂ ਹੁੰਦੀ ਹੈ। …ਦੂਜਾ ਭਾਗ ..ਬਾਕੀ ਕਲ… ਗੁਰਚਰਨ ਪੱਖੋਕਲਾਂ ਮੋਬਾਈਲ 9417727245
ਯਾਤਰਾ ਸ੍ਰੀ ਪੰਜਾ ਸਾਹਿਬ ਜਿਲਾ ਅਤੇ ਸਹਿਰ ਹਸਨ ਅਬਦਾਲ
ਦੇਰ ਰਾਤ ਨੂੰ ਲੰਬੇ ਸਫਰ ਤੋਂ ਬਾਅਦ 10 ਜੂਨ ਦੀ ਸਵੇਰ ਨੂੰ ਗੁਰਬਾਣੀ ਦੀਆਂ ਮਿੱਠੀਆਂ ਧੁਨਾਂ ਸੁਣਦਿਆਂ ਅੱਖ ਖੁਲਦੀ ਹੈ ਪੰਜਾ ਸਾਹਿਬ । ਹਰ ਕੋਈ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸਨ ਕਰਨ ਤੋਂ ਪਹਿਲਾਂ ਪਾਕਿ ਪਵਿੱਤਰ ਜਲ ਵਾਲੇ ਸਰੋਵਰ ਵਿੱਚ ਇਸਨਾਨ ਕਰਨ ਦੀ ਕੋਸਿਸ ਵਿੱਚ ਹੁੰਦਾਂ ਹੈ। ਚਾਹ ਦਾ ਲੰਗਰ ਸਵੇਰੇ ਹੀ ਸੁਰੁ ਹੋ ਜਾਦਾ ਹੈ। ਚਾਹ ਪੀਣ ਅਤੇ ਇਸਨਾਨ ਕਰਨ ਤੋਂ ਬਾਅਦ ਪਾਣੀ ਦੇ ਵਿਚਕਾਰ ਬਣੇ ਹੋਏ ਗੁਰਦੁਆਰਾ ਸਾਹਿਬ ਵਿੱਚ ਆਪੋ ਆਪਣੀ ਤਿਆਰੀ ਅਤੇ ਸਰਧਾ ਅਨੁਸਾਰ ਸਾਰੇ ਯਾਤਰੀ ਨਤਮਸਤਕ ਹੁੰਦੇ ਹਨ । ਸਹਿਰ ਅਤੇ ਨੇੜੇ ਤੇੜੇ ਦੇ ਇਲਾਕਿਆਂ ਦੇ ਲੰਬੇ ਕੁੜਤੇ ਪਠਾਣੀ ਸਲਵਾਰਾਂ ਵਰਗੇ ਪਜਾਮਿਆ ਵਿੱਚ ਅਤੇ ਪਠਾਣੀ ਸੂਟਾਂ ਨਲ਼ ਸਜੇ ਹਰੀ ਸਿੰਘ ਨਲੂਏ ਵਰਗੀਆਂ ਸਕਲਾਂ ਅਤੇ ਮਜਬੂਤ ਸਰੀਰਾਂ ਵਾਲੇ ਸਿੰਘ ਅਤੇ ਸਿੰਧੀ ਸਿੱਖਾ ਦੇ ਦਰਸਨ ਵੀ ਅਨੰਦਮਈ ਹੁੰਦੇ ਹਨ। ਸਹਿਜਧਾਰੀ ਰੁਮਾਲਾਂ ਨਾਲ ਸਿਰ ਢਕੀ ਦਰਬਾਰ ਅੰਦਰ ਸਰਧਾ ਨਾਲ ਹਰ ਗੇਟ ਬਾਰੀਆਂ ਜਾਂ ਹੋਰ ਥਾਵਾਂ ਨੂੰ ਕੱਪੜੀਆਂ ਰੁਮਾਲਾਂ ਨਾਲ ਸਾਫ ਕਰਦੇ ਹੋਏ ਦੇਖਦਿਆਂ ਕੌਣ ਸਿੱਖ ਕੌਣ ਹਿੰਦੂ ਕੌਣ ਮੁਸਲਮਾਨ ਦਾ ਭੁਲੇਖਾ ਹੀ ਦੂਰ ਹੋ ਜਾਂਦਾ ਹੈ । ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਬਾਹਰ ਹਜਾਰਾਂ ਪੁਲੀਸ ਜਾ ਸੁਰੱਖਿਆ ਫੋਰਸਾਂ ਦੇ ਜਵਾਨ ਵੀ ਪਹਿਰਾ ਦਿੰਦੇ ਹਨ। ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਗਰੰਥ ਦੀ ਹਜੂਰੀ ਤੋਂ ਬਿਨਾਂ ਸਿਰ ਢੱਕਣ ਦੀ ਕੋਈ ਪਾਬੰਦੀ ਨਹੀਂ । ਤਲਾਅ ਵਿੱਚ ਨਹਾਉਣ ਸਮੇਂ ਵੀ ਸਿਰ ਢੱਕਣ ਜਾਂ ਨਾਂ ਢੱਕਣ ਤੇ ਕੋਈ ਰੋਕ ਟੋਕ ਨਹੀਂ । ਯਾਤਰੀ ਇਸ ਅਜਾਦ ਵਾਤਵਰਣ ਨੂੰ ਦੇਖਕੇ ਭਾਰਤੀ ਪੰਜਾਬ ਵਿੱਚਲੇ ਬਰਛਿਆਂ ਵਾਲਿਆਂ ਦਾ ਬੁੱਰਾ ਪਰਭਾਵ ਜਰੂਰ ਚੇਤੇ ਕਰਦੇ ਹਨ। ਇਸ ਇਲਾਕੇ ਵਿੱਚ ਸਿਰਫ ਪੰਜ ਕੁ ਸੌ ਸਿੱਖ ਪਰੀਵਾਰ ਹਨ ਜਿੰਹਨਾਂ ਦੇ ਸੌ ਪ੍ਰਤੀਸਤ ਮੈਂਬਰ ਸਿੱਖੀ ਸਰੂਪ ਵਿੱਚ ਹਨ। ਗੁਰਦੁਆਰਾ ਸਾਹਿਬ ਅੰਦਰ ਇਸਤਰੀ ਪੁਰਸ਼ ਇਕੱਠੇ ਹੀ ਕੀਰਤਨ ਅਤੇ ਪਾਠ ਕਰਨ ਦੀ ਸੇਵਾ ਨਿਭਾਉਂਦੇ ਹਨ। ਗੁਰਦੁਆਰਾ ਪੰਜਾ ਸਾਹਿਬ ਦੀ ਇਮਾਰਤ ਪਾਣੀ ਦੇ ਤਲਾਬ ਵਿਚਕਾਰ ਹੈ । ਤਲਾਬ ਜਾਂ ਗੁਰਦੁਆਰਾ ਸਾਹਿਬ ਦੇ ਚਾਰ ਚੁਫੇਰੇ ਰਹਿਣ ਲਈ ਰਿਹਾਇਸੀ ਕਮਰੇ ਤੇ ਉਹਨਾਂ ਅੱਗੇ ਵਰਾਡਾ ਹਰਮੰਦਿਰ ਸਾਹਿਬ ਦੀ ਤਰਜ ਤੇ ਹੀ ਬਣਿਆ ਹੋਇਆ ਹੈ। ਲੰਗਰ ਹਾਲ ਪਿੱਛਲੇ ਪਾਸੇ ਬਣਾਇਆ ਗਿਆ ਹੈ। ਇਸ ਤਰਾ ਹੀ ਇੱਕ ਹੋਰ ਵੱਡੀ ਸਰਾਂ ਵੀ ਇੱਕ ਪਾਸੇ ਬਣੀ ਹੋਈ ਹੈ।
ਦਿਨ ਦੇ ਦਸ ਕੁ ਵਜੇ ਨਾਲ ਸੰਗਤਾਂ ਨੂੰ ਬਲੀ ਕੰਧਾਰੀ ਦੀ ਉਪਰ ਪਹਾੜੀ ਦੇ ਬਣੀ ਹੋਈ ਥਾਂ ਤੇ ਯਾਤਰਾ ਕਰਨ ਦੀ ਇਜਾਜਤ ਦਿੱਤੀ ਜਾਂਦੀ ਹੈ। ਸੁਰੱਖਿਆਂ ਫੋਰਸਾਂ ਦੇ ਪਹਿਰੇ ਵਿੱਚ ਯਾਤਰੀ ਵਲੀ ਕੰਧਾਰੀ ਦੀ ਉਸ ਜਗਾਹ ਨੂੰ ਦੇਖਣ ਜਾਂਦੇ ਹਨ। ਢਾਈ ਤਿੰਨ ਕਿਲੋਮੀਟਰ ਦੀ ਉਚਾਈ ਤੇ ਹੈ ਇਹ ਜਗਾਹ । ਸੁਰੱਖਿਆ ਕਾਰਨਾਂ ਕਰਕੇ ਨੇੜੇ ਤੇੜੇ ਦੇ ਬਜਾਰ ਪੂਰੀ ਤਰਾ ਬੰਦ ਕਰਵਾ ਦਿੱਤੇ ਜਾਂਦੇ ਹਨ ਅਤੇ ਯਾਤਰੀਆਂ ਨੂੰ ਬਜਾਰ ਵਗੈਰਾ ਘੁੰਮਣ ਦੀ ਇਜਾਜਤ ਘੱਟ ਹੀ ਦਿੱਤੀ ਜਾਂਦੀ ਹੈ ਜਿਸ ਲਈ ਕਾਰਨ ਅਫਗਾਨਿਸਤਾਨ ਦਾ ਨੇੜੇ ਹੋਣਾਂ ਅਤੇ ਅੱਤਵਾਦੀ ਵਾਰਦਾਤ ਹੋਣ ਤੋਂ ਬਚਾਉਣਾਂ ਹੀ ਦੱਸਿਆ ਜਾਦਾ ਹੈ । ਆਮ ਲੋਕ ਬੰਦ ਦਰਵਾਜਿਆਂ ਥਾਂਈ ਸਿੱਖਾਂ ਨੂੰ ਦੇਖਣ ਦੀ ਕੋਸਿਸ ਕਰਦੇ ਹਨ। ਬਜਾਰ ਦੇ ਰਸਤੇ ਤੋਂ ਬਾਹਰ ਨਿਕਲਦਿਆ ਹੀ ਚੜਾਈ ਸੁਰੂ ਹੋ ਜਾਂਦੀ ਹੈ। ਪਹਾੜੀ ਉੱਪਰ ਚੜਕੇ ਦੇਖਦਿਆਂ ਗੁਰਦੁਆਰਾ ਸਾਹਿਬ ਕਾਫੀ ਦੂਰ ਦਿਖਾਈ ਦਿੰਦਾ ਹੈ ਅਤੇ ਵਿਚਕਾਰ ਕਾਫੀ ਵੱਡੀ ਪਹਾੜੀ ਖਾਈ ਦਿਸਦੀ ਹੈ ਜੋ ਵਰਤਮਾਨ ਸਮੇਂ ਰਿਹਾਇਸੀ ਹੋ ਚੁੱਕੀ ਹੈ ਇਸ ਥਾਂ ਤੋਂ ਸਿੱਟਿਆ ਪੱਥਰ ਗੁਰੂ ਦੁਆਰਾ ਸਾਹਿਬ ਵਾਲੀ ਜਗਾਹ ਪਹੁੰਚਿਆਂ ਸੀ ਜਾਂ ਪਹਾੜੀ ਦੇ ਨੇੜੇ ਬੈਠੇ ਸਨ ਗੁਰੂ ਨਾਨਕ ਜੀ ਉਸ ਵਕਤ ਜਿੱਥੇ ਇਹ ਪੱਥਰ ਡਿੱਗਿਆ ਹੋਵੇਗਾ। ਪੰਜੇ ਦੇ ਨਿਸਾਨ ਵਾਲਾ ਦੋ ਜਾਂ ਤਿੰਨ ਫੁੱਟ ਸਾਈਜ ਦਾ ਯਾਦਗਾਰੀ ਪੱਥਰ ਇਸ ਵਕਤ ਦਰਬਾਰ ਸਾਹਿਬ ਨੇੜੇ ਤਲਾਬ ਦੇ ਚੜਦੇ ਪਾਸੇ ਲੱਗਿਆ ਹੋਇਆ ਹੈ ਜਿਸ ਦੇ ਥੱਲੇ ਜਲ ਦਾ ਸਰੋਤ ਹਰ ਵਕਤ ਵੱਗਦਾ ਹੈ। ਕੀ ਇਹ ਪੱਥਰ ਗੁਰਦੁਆਰਾ ਸਾਹਿਬ ਵਾਲੀ ਜਗਾਹ ਬਾਅਦ ਵਿੱਚ ਫਿੱਟ ਕੀਤਾ ਗਿਆ ਜਾਂ ਉਸ ਵਕਤ ਪੰਜ ਸੌ ਸਾਲ ਪਹਿਲਾਂ ਇਸ ਪਹਾੜੀ ਦਾ ਰੂਪ ਹੁਣ ਨਾਲੋਂ ਕਾਫੀ ਵੱਖਰਾ ਸੀ ਇਹ ਇਤਿਹਾਸਕਾਰਾਂ ਲਈ ਖੋਜ ਦਾ ਵਿਸਾ ਹੈ , ਕਿਉਂਕਿ ਵਲੀ ਕੰਧਾਰੀ ਦੀ ਉੱਚੀ ਜਗਾਹ ਤੋਂ ਦੇਖਿਆ ਪਤਾ ਚਲਦਾ ਹੈ ਕਿ ਵਰਤਮਾਨ ਜਗਾਹ ਤੇ ਵਲੀ ਕੰਧਾਰੀ ਦੀ ਮਜਾਰ ਤੋਂ ਸਿੱਟਿਆ ਪੱਥਰ ਪਹੁੰਚ ਹੀ ਨਹੀ ਸਕਦਾ ਕਿਉਂਕਿ ਵਿਚਕਾਰ ਕਾਫੀ ਵੱਡਾ ਏਰੀਆ ਖਾਈ ਨੀਵਾਂ ਅਤੇ ਕਾਫੀ ਦੂਰੀ ਤੇ ਹੈ। ਵਲੀ ਕੰਧਾਰੀ ਦੀ ਜਗਾਹ ਬੇਅਬਾਦ ਜਿਹੀ ਹੀ ਹੈ ਅਤੇ ਇਹ ਸਿਰਫ ਜਦ ਸਥਾਨਕ ਮੁਸਲਮਾਨ ਉਸ ਵਲੀ ਦਾ ਕੋਈ ਦਿਨ ਮਨਾਉਂਦੇ ਹਨ ਮੇਲੇ ਦੇ ਰੂਪਵਿੱਚ ਉਸ ਵਕਤ ਹੀ ਰੌਣਕਾਂ ਨਾਲ ਭਰਦਾ ਹੈ। ਵਰਤਮਾਨ ਸਮੇਂ ਉੱਥੇ ਕਬੂਤਰਾਂ ਲਈ ਇੱਕ ਜਾਲੀਦਾਰ ਵੱਡੀ ਅਲਮਾਰੀ ਰੂਪ ਆਹਲਣੇ ਬਣੇ ਹੋਏ ਹਨ। ਮਜਾਰ ਤੋਂ ਖੜਕੇ ਸਹਿਰ ਦਾ ਵਿਸਾਲ ਰੂਪ ਦਿਖਾਈ ਦਿੰਦਾ ਹੈ। ਸਰਧਾ ਰੂਪ ਵਿੱਚ ਸਾਡੇ ਲੋਕ ਇੱਥੇ ਵੀ ਸਿਰ ਝੁਕਾ ਹੀ ਦਿੰਦੇ ਹਨ।ਥੋੜੇ ਸਮੇਂ ਬਾਅਦ ਹੀ ਅਧਿਕਾਰੀਆਂ ਦੀ ਰਾਇ ਅਨੁਸਾਰ ਸੰਗਤ ਵਾਪਸ ਉਤਰਾਈ ਸੁਰੂ ਕਰ ਦਿੰਦੀ ਹੈ। ਇਸ ਵਾਰ ਬਜਾਰ ਬੰਦ ਸਨ ਪਰ ਪਹਿਲਾਂ ਯਾਤਰੀ ਦੱਸਦੇ ਹਨਕਿ ਖਰੀਦ ਦਾਰੀ ਕਰਨ ਲਈ ਸੀਮਤ ਬਜਾਰ ਖੁਲਵਾ ਦਿੱਤਾ ਜਾਂਦਾ ਸੀ ਜਿੱਥੋ ਲੋਕ ਪਹਾੜੀ ਸੁੱਕੇ ਮੇਵੇ ਆਮ ਹੀ ਖਰੀਦਦੇ ਸਨ।
ਪਹਾੜੀ ਦੀ ਚੜਾਈ ਦਾ ਥਕੇਵਾਂ ਰਾਤ ਨੂੰ ਵਧੀਆ ਨੀਂਦ ਦੇਣ ਵਿੱਚ ਸਹਾਈ ਹੁੰਦਾਂ ਹੈ। ਅਗਲੇ ਦਿਨ ਸਵੇਰੇ ਦਾ ਕੀਰਤਨ ਅਤੇ ਪਾਠ ਅਤੇ ਅਰਦਾਸ ਹੋ ਲੈਣ ਤੋਂ ਬਾਅਦ ਸੰਗਤਾ ਲੰਗਰ ਵਗੈਰਾ ਛਕਕੇ ਅਗਲੇ ਪੜਾਅ ਨਨਕਾਣਾ ਸਾਹਿਬ ਦੀ ਤਿਆਰੀ ਸੁਰੂ ਕਰ ਦਿੰਦੀਆਂ ਹਨ। ਤਿੰਨ ਚਾਰ ਵਜਦੇ ਨੂੰ ਯਾਤਰੀ ਵਾਪਸ ਰੇਲਵੇ ਸਟੇਸਨ ਲਿਜਾਇ ਜਾਂਦੇ ਹਨ ਅਤੇ ਸਥਾਨਕ ਪਰਸਾਸਨ ਦੇ ਡੀਸੀ ਵਗੈਰਾ ਸੀਨੀਅਰ ਅਧਿਕਾਰੀ ਵਿਦਾਇਗੀ ਦੇਣ ਆਉਂਦੇ ਹਨ ਅਤੇ ਸਾਰੇ ਇੰਤਜਾਮਾਂ ਦੀ ਖੁਦ ਨਿਗਰਾਨੀ ਵੀ ਕਰਦੇ ਹਨ। ਵਾਪਸੀ ਨਨਕਾਣਾ ਸਾਹਿਬ ਪਹੁੰਚਣ ਨੂੰ 500 ਕਿਲੋਮੀਟਰ ਦਾ ਸਫਰ ਤੈਅ ਕਰਨਾਂ ਹੁੰਦਾਂ ਹੈ ਅਤੇ ਸੰਗਤਾਂ ਰਾਤ ਨੂੰ ਹੀ ਨਨਕਾਣਾਂ ਸਾਹਿਬ ਪਹੁੰਚਦੀਆਂ ਹਨ। ਨਨਕਾਣਾਂ ਸਾਹਿਬ ਪਹੁੰਚਣ ਤੇ ਵੀ ਸਥਾਨਕ ਪਰਸਾਸਨ ਅਤੇ ਸਿੱਖ ਆਗੂਆਂ ਦੁਆਰਾ ਰਾਤ ਦੇ ਦੋ ਵਜੇ ਵੀ ਫੁੱਲਾਂ ਅਤੇ ਹਾਰਾ ਨਾਲ ਸਵਾਗਤ ਕੀਤਾ ਜਾਂਦਾ ਹੈ। ਫੁੱਲਾਂ ਦੇ ਗੁਲਦਸਤੇ ਫੜੀ ਸੰਗਤਾਂ ਗੁਰਦੁਆਰਾ ਸਾਹਬ ਦਾਖਲ ਹੁੰਦਿਆਂ ਹੀ ਨਤਮਸਤਕ ਹੁੰਦੇ ਹਨ। ਗੁਰੂ ਨਾਨਕ ਦੀ ਜੰਮਣ ਭੋਇ ਪਹੁੰਚ ਕੇ ਅਗੰਮੀ ਖੁਸੀ ਮਹਿਸੂਸ ਹੁੰਦੀ ਹੈ। ਰਾਤ ਹੋਣ ਕਾਰਨ ਸੰਗਤਾਂ ਗੁਰੂ ਘਰ ਨੂੰ ਬਾਹਰੋਂ ਹੀ ਨਮਸਕਾਰ ਕਰਦਿਆਂ ਸਰਾਵਾਂ ਦੇ ਕਮਰਿਆਂ ਵਿੱਚ ਸੌਣ ਲਈ ਚਲੇ ਜਾਂਦੇ ਹਨ ਅਤੇ ਸਵੇਰ ਹੋਣ ਦੀ ਉਡੀਕ ਕਰਦੇ ਹਨ। ਭਾਗ ਤੀਜਾ ..ਬਾਕੀ ਕਲ… ਗੁਰਚਰਨ ਪੱਖੋਕਲਾਂ ਮੋਬਾਈਲ 9417727245
ਗੁਰਧਾਮ ਯਾਤਰਾ ਪਾਕਿਸਤਾਨ ਗੁਰੂ ਨਾਨਕ ਦੀ ਜੰਮਣ ਭੋਇੰ ਨਨਕਾਣਾ ਸਾਹਿਬ
ਸਵੇਰ ਹੁੰਦਿਆ ਹੀ ਸੰਗਤਾ ਇਸਨਾਨ ਆਦਿ ਕਰਕੇ ਚਾਹ ਦਾ ਲੰਗਰ ਜੋ ਗੁਰਦੁਆਰਾ ਸਾਹਿਬ ਦੇ ਬਾਹਰ ਜਾਂ ਸਰਾਵਾਂ ਅੱਗੇ ਹੀ ਲਾਇਆ ਜਾਂਦਾ ਹੈ ਤੋਂ ਚਾਹ ਪੀਦੀਆ ਹਨ ਅਤੇ ਖਾਣ ਨੂੰ ਬਿਸਕੁਟ ਵਗੈਰਾ ਨਾਸਤੇ ਦੇ ਰੁਪ ਵਿੱਚ ਫਰੀ ਵੰਡੇ ਜਾਂਦੇ ਹਨ। ਇਸ ਤੋਂ ਬਾਅਦ ਬਿਜਲੀ ਲਾਈਟਾਂ ਵਿੱਚ ਜਗਮਗਾਉਂਦੀ ਗੁਰੂ ਘਰ ਦੀ ਵਿਸਾਲ ਇਮਾਰਤ ਦੀ ਵਿਸਾਲ ਡਿਉਡੀ ਵਿੱਚ ਸਿਰ ਝੁਕਾਉਦਿਆ ਮੱਥੇ ਟੇਕਦਿਆ ਸੰਗਤਾਂ ਗੁਰੂ ਗਰੰਥ ਦੀ ਹਜੂਰੀ ਦਰਬਾਰ ਸਾਹਿਬ ਵਿੱਚ ਸਿਰ ਝੁਕਾਉਦੀਆ ਹਨ। ਆਸਾ ਦੀ ਵਾਰ ਅਤੇ ਕੀਰਤਨ ਆਮ ਤੌਰ ਤੇ ਭੈਣਾਂ ਦਾ ਜਥਾ ਹੀ ਕਰ ਰਿਹਾ ਹੁੰਦਾ ਹੈ ਕਿਉਂਕਿ ਨਨਕਾਣਾ ਸਾਹਿਬ ਵਿੱਚ ਕੀਰਤਨ ਦੇ 24 ਜਥਿਆਂ ਵਿੱਚੋਂ 20 ਜਥੇ ਇਸਤਰੀਆਂ ਦੇ ਹੀ ਹਨ। ਇਲਾਕੇ ਦੀ ਪਰਦੇ ਦੀ ਰਵਾਇਤ ਅਨੁਸਾਰ ਇਸਤਰੀਆਂ ਆਮ ਤੌਰ ਤੇ ਘਰਾ ਦੇ ਅੰਦਰ ਦੇ ਕੰਮ ਸੰਭਾਲਦੀਆਂ ਹਨ ਮਰਦ ਆਪਣੇ ਬਾਹਰੀ ਕੰਮ ਸੰਭਾਲਦੇ ਹਨ। ਘਰੇਲੂ ਕੰਮਾ ਦੇ ਸਮੇਂ ਵਿੱਚੋ ਬਚਿਆ ਵਕਤ ਇਸਤਰੀਆਂ ਗੁਰੂ ਘਰ ਦੀ ਸੇਵਾ ਨੂੰ ਅਰਪਣ ਕਰਦੀਆਂ ਹਨ ਜਿਸ ਕਾਰਨ ਆਮ ਹੀ ਹੋਰ ਗੁਰੂ ਘਰਾਂ ਵਿੱਚ ਵੀ ਇਸਤਰੀਆਂ ਹੀ ਪਾਠ ਅਤੇ ਕੀਰਤਨ ਕਰਦੀਆ ਦਿਖਾਈ ਦਿੰਦੀਆ ਹਨ। ਘਰਾਂ ਨੂੰ ਚਲਾਉਣ ਅਤੇ ਕਮਾਉਣ ਲਈ ਬੰਦੇ ਜਿਆਦਾ ਵਕਤ ਕਾਰੋਬਾਰਾਂ ਵਿੱਚ ਰੁਝੇ ਰਹਿੰਦੇ ਹਨ। ਦਰਬਾਰ ਸਾਹਿਬ ਵਿੱਚ ਸੀਸ ਝੁਕਾਉਣ ਮੱਥਾ ਟੇਕਣ ਤੋਂ ਬਾਅਦ ਦਰਬਾਰ ਸਾਹਿਬ ਦੀ ਪਰਕਰਮਾਂ ਕਰਦਿਆ ਪਿੱਛਲੇ ਪਾਸੇ ਇੱਕ ਜੰਡ ਦਿਖਾਈ ਦਿੰਦਾ ਹੈ । ਇਹ ਉਹ ਇਤਿਹਾਸਕ ਜੰਡ ਜਿਸ ਨਾਲ ਅੰਗਰੇਜ ਰਾਜ ਦੋਰਾਨ ਮਹੰਤਾਂ ਤੇ ਮਸੰਦਾਂ ਦੇ ਕਬਜਾ ਤੋੜਨ ਸਮੇਂ ਹੋਏ ਸੰਘਰਸ਼ ਵਿੱਚ ਮਹੰਤ ਨਰੈਣੂ ਨੇ ਸਿੰਘਾ ਨੂੰ ਇਸ ਜੰਡ ਨਾਲ ਬੰਨ ਕੇ ਸਾੜਿਆ ਸੀ। ਇਸ ਇਤਿਹਾਸਕ ਜੰਡ ਦਾ ਇਤਿਹਾਸ ਪੜਦਿਆਂ ਹੀ ਸਿਰ ਸਹੀਦ ਸਿੰਘਾ ਲਈ ਸਰਧਾ ਵਿੱਚ ਝੁਕ ਹੀ ਜਾਂਦਾ ਹੈ।
ਇਸਦੇ ਨਾਲ ਹੀ ਪਰਮਜੀਤ ਸਿੰਘ ਸਰਨਾਂ ਦੀ ਅਗਵਾਈ ਵਿੱਚ ਲਿਜਾਈ ਗਈ ਸੋਨੇ ਦੀ ਪਾਲਕੀ ਸੁਸੋਭਤ ਕੀਤੀ ਗਈ ਹੈ। ਕਿਸੇ ਵਿਵਾਦ ਜਾਂ ਅਣਜਾਣੇ ਕਾਰਨਾਂ ਕਰਕੇ ਇਸ ਪਾਲਕੀ ਨੂੰ ਦਰਬਾਰ ਸਾਹਿਬ ਅੰਦਰ ਸੁਸੋਭਿਤ ਨਹੀਂ ਕੀਤਾ ਗਿਆ। ਇਸ ਲਈ ਹੀ ਇਸ ਨੂੰ ਦਰਬਾਰ ਸਾਹਿਬ ਅੰਦਰ ਦੀ ਬਜਾਇ ਬਾਹਰ ਹੀ ਵਿਸੇਸ ਥਾਂ ਬਣਾਕਿ ਰੱਖਿਆ ਗਿਆ ਹੈ। ਇਹ ਪਾਕਿਸਤਾਨੀ ਸਿੱਖਾਂ ਦੀ ਚੰਗੀ ਸੋਚ ਹੀ ਹੈ ਜਿਹਨਾਂ ਨੇ ਗੁਰੂਆਂ ਦੀ ਸਾਦਗੀ ਵਾਲੀ ਸੋਚ ਨੂੰ ਪਹਿਲ ਦੇਕੇ ਸੋਨੇ ਦੇ ਮਹਿੰਗੇ ਦਿਖਾਵੇ ਨੂੰ ਦੂਰ ਹੀ ਰੱਖਣ ਵਿੱਚ ਸਫਲ ਹੋਏ ਹਨ। ਜਦੋਕਿ ਹਰਮੰਦਿਰ ਸਾਹਿਬ ਸੋਨੇ ਨਾਲ ਢੱਕਕੇ ਅਸੀਂ ਗੁਰੂਆਂ ਦੀ ਸਾਦਗੀ ਵਾਲੀ ਸੋਚ ਦੀ ਤੌਹੀਨ ਕੀਤੀ ਹੈ ਇੱਕ ਹੁਕਮਰਾਨ ਦੀ ਹੁਕਮ ਵਜਾਉਣ ਕਾਰਨ। ਗੁਰਦੁਆਰਾ ਸਾਹਿਬ ਦੀ ਹਜੂਰੀ ਅੰਦਰ ਅਸਲੀ ਸਹਿਜ ਵਾਲੀ ਅਵਸਥਾ ਵਿੱਚ ਕੀਰਤਨ ਸੁਣਕੇ ਜਿਸ ਵਿੱਚ ਕਥਾਵਾਂ ਦੀ ਬਜਾਇ ਸਿਰਫ ਗੁਰਬਾਣੀ ਗਾਈ ਜਾਂਦੀ ਹੈ ਮਨ ਨੂੰ ਅਕਹਿ ਅਨੰਦ ਮਿਲਦਾ ਹੈ। ਭਾਰਤ ਤੋਂ ਗਏ ਇੱਕ ਵਿਸੇਸ ਟਕਸਾਲੀ ਅਖਵਾਉਂਦੇ ਕਥਾਕਾਰਾਂ ਨੇ ਭਾਵੇਂ ਨਫਰਤ ਭਰਿਆ ਅਤੇ ਇਸਤਰੀ ਜਾਤੀ ਨੂੰ ਨਿੰਦਣ ਵਾਲੀ ਕਥਾ ਕੀਤੀ ਜਿਸ ਨੂੰ ਸੰਗਤ ਨੇ ਵੱਡੇ ਪੱਧਰ ਤੇ ਨਕਾਰਿਆ ਅਤੇ ਬੁਰਾ ਮੰਨਾਇਆ ਗਿਆ ਪਰ ਪਾਕਿਸਤਾਨੀ ਸਿੱਖ ਪਰਬੰਧਕਾਂ ਦੇ ਵਿਸਾਲ ਹਿਰਦੇ ਦੀ ਤਾਰੀਫ ਸਭ ਵੱਲੋਂ ਕੀਤੀ ਗਈ। ਇੱਥੇ ਚਾਰ ਵੱਡੀਆਂ ਸਰਾਵਾਂ ਸੰਗਤਾਂ ਦੇ ਰਹਿਣ ਲਈ ਬਣੀਆਂ ਹੋਈਆਂ ਹਨ ਤਲਾਬ ਵੀ ਗੁਰਦੁਆਰਾ ਸਾਹਿਬ ਅਤੇ ਸਰਾਵਾਂ ਵਿਚਕਾਰ ਹੈ ਲੰਗਰ ਦੀ ਵਿਸਾਲ ਇਮਾਰਤ ਇਤਿਹਾਸਕ ਜੰਡ ਵਾਲੇ ਪਾਸੇ ਬਾਹਰ ਨਿਕਲਕੇ ਦਿਖਾਈ ਦਿੰਦੀ ਹੈ। ਲੰਗਰ ਦੇ ਬਰਾਬਰ ਵੀ ਇੱਕ ਨਵੀ ਇੱਕ ਪੁਰਾਣੀ ਸੈਕੜੇ ਕਮਰਿਆਂ ਦੀਆਂ ਸਰਾਵਾਂ ਹਨ। ਇਹ ਗੁਰਦੁਆਰਾ ਸਾਇਦ ਪਾਕਿਸਤਾਨ ਵਿੱਚ ਸਭ ਤੋਂ ਵੱਡਾ ਅਤੇ ਵਿਸਾਲ ਪਰਬੰਧਾ ਨਾਲ ਲੈਸ ਹੈ। ਗੁਰਦੁਆਰਾ ਸਾਹਿਬ ਅੰਦਰ ਹਰਿਆਲੀ ਅਤੇ ਘਾਹ ਫੁੱਲ ਬੂਟਿਆਂ ਦਰੱਖਤਾ ਨਾਲ ਭਰੇ ਹੋਏ ਵੱਡੇ ਪਾਰਕ ਵੀ ਬਣੇ ਹੋਏ ਹਨ। ਇਸ ਤੋਂ ਬਾਅਦ ਸਾਰਾ ਦਿਨ ਸੰਗਤਾਂ ਨੇ ਸਥਾਨਕ ਸਹਿਰ ਅੰਦਰ ਹੋਰ ਗੁਰਦੁਆਰਿਆਂ ਦੇ ਦਰਸਨ ਕਰਨ ਵਿੱਚ ਬਿਤਾਇਆ ਜਾਦਾਂ ਹੈ ਜਿੰਹਨਾਂ ਵਿੱਚ ਬਹੁਤੇ ਸਥਾਨ ਗੁਰੂ ਨਾਨਕ ਨਾਲ ਸਬੰਧਤ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *