ਸਰਜੀਕਲ ਸਟ੍ਰਾਈਕ : ਸੈਨਾ ਦਾ ਗੁਪਤ ਮਿਸ਼ਨ

ਜਸਵੰਤ ਸਿੰਘ ‘ਅਜੀਤ’
ਇਥੇ ਇਹ ਗਲ ਵਰਣਨਣੋਗ ਹੈ ਕਿ ਦੋ-ਕੁ ਸਾਲ ਪਹਿਲਾਂ ਭਾਰਤੀ ਸੈਨਾ ਵਲੋਂ ਕੰਟਰੋਲ ਰੇਖਾ ਪਾਰ ਕਰ ਪਾਕਿਸਤਾਨੀ ਕਬਜ਼ੇ ਵਾਲੇ ਇਲਾਕੇ ਵਿੱਚ ਸਥਿਤ ਅੱਤਵਾਦੀਆਂ ਦੇ ਟਿਕਾਣਿਆਂ ਪੁਰ ਹਮਲਾ ਕਰ ਉਨ੍ਹਾਂ ਦਾ ਲੱਕ ਤੋੜਨ ਦੀ (ਸਰਜੀਕਲ ਸਟ੍ਰਾਈਕ) ਕਾਰਵਾਈ ਕੀਤੀ ਗਈ ਸੀ। ਇਸ ਸਰਜੀਕਲ ਸਟ੍ਰਾਈਕ ਦੀ ਦੋ-ਸਾਲਾ ਯਾਦ ਮੰਨਾਉਣ ਲਈ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਜਸ਼ਨ ਰੂਪੀ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਇਹ ਜਸ਼ਨ ਮੰਨਾਉਂਦਿਆਂ ਦਾਅਵਾ ਕੀਤਾ ਗਿਆ ਕਿ ਇਸ ਨਾਲ ਇੱਕ ਤਾਂ ਸੈਨਾਵਾਂ ਦਾ ਮਨੋਬਲ ਵਧਦਾ ਹੈ ਅਤੇ ਦੂਸਰਾ ਦੇਸ਼ ਦੇ ਸੈਨਿਕਾਂ ਵਿੱਚ ਗੌਰਵ ਦੀ ਭਾਵਨਾ ਵੀ ਪ੍ਰਬਲ ਹੁੰਦੀ ਹੈ। ਇਸ ਸੋਚ ਦੇ ਵਿਰੁਧ ਸੈਨਿਕ ਮਾਮਲਿਆਂ ਦੇ ਜਾਣਕਾਰਾਂ ਦੀ ਮਾਨਤਾ ਹੈ ਕਿ ਅਜਿਹੇ ਦਾਅਵੇ ਰਾਜਸੀ ਲਾਲਸਾ ਨੂੰ ਪੱਠੇ ਪਾਣ ਤੋਂ ਵੱਧ ਕੁਝ ਨਹੀਂ ਹੁੰਦੇ। ਉਹ ਦਸਦੇ ਹਨ ਕਿ ਭਾਰਤੀ ਸੈਨਾਵਾਂ ਵਲੋਂ ਯੂਪੀਏ ਸਰਕਾਰ ਦੇ ਸਮੇਂ ਦੌਰਾਨ ਵੀ ਤਕਰੀਬਨ ਦਸ ਵਾਰ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿਚਲੇ ਅੱਤਵਾਦੀਆਂ ਦੇ ਕੈਂਪਾਂ ਨੂੰ ਤਬਾਹ ਕਰਨ ਦੇ ਉਦੇਸ਼ ਨਾਲ ‘ਸਰਜੀਕਲ ਸਟ੍ਰਾਈਕ’ ਕੀਤੀ ਗਈ। ਪਰ ਕਿਸੇ ਨੇ ਵੀ ਉਨ੍ਹਾਂ ਦਾ ਧੂੰਆਂ ਤਕ ਨਹੀਂ ਸੀ ਨਿਕਲਣ ਦਿੱਤਾ। ਦੋ ਵਰ੍ਹੇ ਪਹਿਲਾਂ ਕੀਤੀ ਗਈ ਸਰਜੀਕਲ ਸਟ੍ਰਾਈਕ ਦੀ ਚਰਚਾ ਕਰਦਿਆਂ ਉਹ ਦਸਦੇ ਹਨ ਕਿ ਜੇ ਅਸੀਂ ਜ਼ਮੀਨੀ ਸੱਚਾਈ ਸਵੀਕਾਰ ਕਰਨ ਲਈ ਤਿਆਰ ਹੋਈਏ ਤਾਂ ਸੱਚ ਇਹੀ ਹੈ ਕਿ ਉਸ ਪ੍ਰਚਾਰਤ ਸਰਜੀਕਲ ਸਟ੍ਰਾਈਕ ਤੋਂ ਬਾਅਦ ਕਸ਼ਮੀਰ ਘਾਟੀ ਦੇ ਲੋਕਾਂ ਨੂੰ ਅਮਨ-ਸ਼ਾਂਤੀ ਦਾ ਸੂਰਜ ਵੇਖਿਆਂ, ਦੋ ਵਰ੍ਹਿਆਂ ਤੋਂ ਵੀ ਵੱਧ ਦਾ ਸਮਾਂ ਹੋਣ ਨੂੰ ਆ ਰਿਹਾ ਹੈ। ਇਸ ਸਮੇਂ ਦੌਰਾਨ ਸ਼ਾਇਦ ਹੀ ਕੋਈ ਦਿਨ ਅਜਿਹਾ ਲੰਘਿਆ ਹੋਵੇ, ਜਿਸ ਦਿਨ ਕੰਟਰੋਲ ਰੇਖਾ ਦੇ ਪਾਰੋਂ ਪਾਕ ਸੈਨਾ ਵਲੋਂ ਜਾਂ ਦਹਿਸ਼ਤਗਰਦਾਂ ਵਲੋਂ ਕਸ਼ਮੀਰ ਘਾਟੀ ਅੰਦਰ ਦਾਖਲ ਹੋ ਸੈਨਾ ਅਤੇ ਪੁਲਿਸ ਦੇ ਕੈਂਪਾਂ ਪੁਰ ਹਮਲੇ ਨਾ ਕੀਤੇ ਗਏ ਹੋਣ। ਕਸ਼ਮੀਰ ਦੇ ਅੰਦਰੋਂ ਤਾਂ ਅਰਾਜਕਤਾ ਦੇ ਹਾਲਾਤ ਪੈਦਾ ਕਰਨ ਦੀ ਕੌਸ਼ਿਸ਼ ਕਰਨਾ ਆਮ ਗਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤ ਦੇ ਚਲਦਿਆਂ ਭਾਰਤੀ ਮੀਡੀਆ ਵਿੱਚ ਕਈ ਵਾਰ ਅਜਿਹੀਆਂ ਖਬਰਾਂ ਆਉਂਦਿਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚ ਹੋਰ ‘ਸਰਜੀਕਲ ਸਟ੍ਰਾਈਕ’ ਕੀਤੇ ਜਾਣ ਦੇ ਦਾਅਵੇ ਕੀਤੇ ਗਏ ਹੁੰਦੇ ਹਨ। ਇਸੇ ਤਰ੍ਹਾਂ ਦੀ ਹੀ ਇੱਕ ਖਬਰ ਕੁਝ ਸਮਾਂ ਪਹਿਲਾਂ, ਮੀਡੀਆ ਦੇ ਇੱਕ ਹਿਸੇ ਵਿੱਚ ‘ਅਬ ਕਰੇਂਗੇ, ਸਰਜੀਕਲ ਸਟ੍ਰਾਈਕ’ ਦੀਆਂ ਮੋਟੀਆਂ-ਮੋਟੀਆਂ ਸੁਰਖੀਆਂ ਨਾਲ ਪੜ੍ਹਨ ਨੂੰ ਮਿਲੀ। ਜਿਸ ਵਿੱਚ ਦਾਅਵਾ ਕੀਤਾ ਗਿਆ ਹੋਇਆ ਸੀ ਕਿ ਪਾਕ ਵਲੋਂ ਅੱਤਵਾਦੀਆਂ ਜਾਂ ਕਿਸੇ ਹੋਰ ਅੱਤਵਾਦੀ ਗੁਟ ਵਲੋਂ ਭਾਰਤ ਦੀਆਂ ਸਰਹਦਾਂ ਪੁਰ ਜਾਂ ਕਿਸੇ ਵੀ ਅੰਦਰੂਨੀ ਹਿਸੇ ਪੁਰ ਹਮਲਾ ਕੀਤਾ ਗਿਆ ਤਾਂ ਦੇਸ਼ ਦੀ ਸੈਨਾ ਉਸਦਾ ਜਵਾਬ ਗੋਲੇ-ਬਾਰੂਦ ਨਾਲ ਨਹੀਂ, ਸਗੋਂ ਇਨ੍ਹਾਂ ਅੱਤਵਾਦੀ ਹਮਲਿਆਂ ਦਾ ਜਵਾਬ ‘ਸਰਜੀਕਲ ਸਟ੍ਰਾਈਕ’ ਨਾਲ ਹੀ ਦੇਵੇਗੀ।
ਇਸ ਖਬਰ ਵਿੱਚ ਇਹ ਵੀ ਦਸਿਆ ਗਿਆ, ਕਿ ਜਲ ਸੈਨਾ ਦੇ ਇੱਕ ਮੁੱਖੀ ਅਨੁਸਾਰ ਇਸ ਫਾਰਮੂਲੇ ਦੇ ਤਹਿਤ ਹਮਲੇ ਜਾਂ ਦੇਸ਼-ਵਿਰੋਧੀ ਸਰਗਰਮੀਆਂ ਦੌਰਾਨ ਸੈਨਾ ਦੇ ਤਿੰਨੋਂ ਵਿੰਗ, ਥਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਆਪਸੀ ਤਾਲਮੇਲ ਰਾਹੀਂ ਸੈਨਕ ਆਪ੍ਰੇਸ਼ਨ ਨੂੰ ਅੰਜਾਮ ਤਕ ਪਹੁੰਚਾਣ ਲਈ ‘ਸਰਜੀਕਲ ਸਟ੍ਰਾਈਕ’ ਦੀ ਮੁੱਖ ਹਥਿਆਰ ਵਜੋਂ ਵਰਤੋਂ ਕਰਨ ਤੇ ਜ਼ੋਰ ਦਿੱਤਾ ਜਾਇਗਾ। ਉਸੇ ਖਬਰ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਸੈਨਾ ਵਲੋਂ ਜਾਰੀ ਫਾਰਮੂਲੇ ਅਨੁਸਾਰ ਵਰਤਮਾਨ ਸਮੇਂ ਵਿੱਚ ਦੇਸ਼ (ਭਾਰਤ) ਕਈ ਤਰ੍ਹਾਂ ਦੇ ਬਾਹਰਲੇ ਖਤਰਿਆਂ ਦੇ ਨਾਲ ਜੰਮੂ-ਕਸ਼ਮੀਰ ਵਿੱਚ ਵੱਖਵਾਦੀਆਂ ਦੀ ਛੱਦਮ (ਧੋਖੇ ਭਾਰੀ) ਜੰਗ ਅਤੇ ਦੇਸ਼ ਦੇ ਕਈ ਹਿਸਿਆਂ ਵਿੱਚ ਮਾਉਵਾਦੀਆਂ ਦੀ ਦਹਿਸ਼ਤ ਨਾਲ ਵੀ ਜੂਝ ਰਿਹਾ ਹੈ। ਇਸੇ ਖਬਰ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਅੱਤਵਾਦ-ਵਿਰੋਧੀ ਆਪ੍ਰੇਸ਼ਨ ਵਿੱਚ ‘ਸਰਜੀਕਲ ਸਟ੍ਰਾਈਕ’ ਨੂੰ ਸਭ ਤੋਂ ਉਪਰ ਰਖਿਆ ਜਾਇਗਾ। ਦੇਸ਼ ਵਿੱਚ ਚਲ ਰਹੇ ਕਈ ਤਰ੍ਹਾਂ ਦੇ ਸੰਘਰਸ਼ਾਂ ਦੀ ਸਥਿਤੀ ਨਾਲ ਨਿਪਟਣ ਲਈ ਸਰਕਾਰ ਕਈ ਤਰ੍ਹਾਂ ਦੇ ਸਖਤ ਅਤੇ ਵਿਹਾਰਕ ਕਦਮ ਉਠਾਣ ਜਾ ਰਹੀ ਹੈ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਕਦਮਾਂ ਵਿੱਚੋਂ ਹਥਿਆਰਬੰਦ ਅੱਤਵਾਦੀ ਕਾਰਵਾਈ ਦਾ ਜਵਾਬ ਦੇਣ ਲਈ ‘ਸਰਜੀਕਲ ਸਟ੍ਰਾਈਕ’ ਨੂੰ ਹੀ ਕਾਰਗਰ ਹਥਿਆਰ ਮੰਨਿਆ ਜਾ ਰਿਹਾ ਹੈ। ਸਾਂਝੀ ਕਾਰਵਾਈ ਦੇ ਸਿਧਾਂਤ ਵਿੱਚ ਸੈਨਾ ਦੇ ਜਵਾਨਾਂ ਦੀ ਸਾਂਝੀ ਟਰੇਨਿੰਗ (ਯੂਨੀਫਾਈਡ ਕਮਾਂਡ) ਅਤੇ ਨਿਯੰਤ੍ਰਿਤ (ਕੰਟਰੋਲਡ) ਢਾਂਚੇ ਤੋਂ ਬਿਨਾਂ ਤਿੰਨਾਂ ਸੈਨਾਵਾਂ ਦੇ ਆਧੁਨਿਕੀਕਰਣ ਦਾ ਪ੍ਰਾਵਧਾਨ ਵੀ ਹੈ। ਇਸ ਖਬਰ ਦਾ ਆਧਾਰ ਕੀ ਹੈ? ਇਸ ਸੰਬੰਧ ਵਿੱਚ ਇਸ ਖਬਰ ਨੂੰ ਪ੍ਰਚਾਰਤ ਕਰਨ ਵਾਲੇ ਮੀਡੀਆ ਵਲੋਂ ਕੋਈ ਸੰਕੇਤ ਨਹੀਂ ਦਿੱਤਾ ਗਿਆ, ਕੇਵਲ ‘ਏਜੰਸੀਆਂ’ ਦਾ ਹਵਾਲਾ ਦੇ ਕੇ ਗਲ ਖਤਮ ਕਰ ਦਿੱਤੀ ਗਈ।
ਜਿਥੋਂ ਤੱਕ ਸੈਨਾ ਵਲੋਂ ‘ਸਰਜੀਕਲ ਸਟ੍ਰਾਈਕ’ ਕੀਤੇ ਜਾਣ ਦਾ ਸੰਬੰਧ ਹੈ, ਇਸ ਸੰਬੰਧ ਵਿੱਚ ਬੀਤੇ ਲੰਬੇ ਸਮੇਂ ਦੌਰਾਨ ਦਰਜਨ ਤੋਂ ਕਿਤੇ ਵੱਧ ਸਾਬਕਾ ਫੌਜੀਆਂ ਅਤੇ ਫੋਜੀ ਅਫਸਰਾਂ ਨਾਲ ਚਰਚਾ ਹੋਈ। ਇਨ੍ਹਾਂ ਵਿਚੋਂ ਬਹੁਤਿਆਂ ਨੇ ਤਾਂ ਇਸ ਸੁਆਲ ਨੂੰ ਸੁਣਿਆ-ਅਣਸੁਣਿਆ ਕਰ ਟਾਲਾ ਵਰਤ ਲਿਆ, ਜੇ ਕਿਸੇ ਨੇ ਇਸ ਸੰਬੰਧ ਵਿੱਚ ਕੁਝ ਕਿਹਾ ਵੀ ਤਾਂ ਉਸਨੇ ਵੀ ਸੰਕੇਤ ਮਾਤਰ ਗਲ ਕਰ, ਮੁੱਦਾ ਟਾਲ ਦਿੱਤਾ। ਇਸਤਰ੍ਹਾਂ ਟੁਕੜਿਆਂ ਵਿੱਚ ਜੋ ਵੀ ਜਾਣਕਾਰੀ ਮਿਲੀ, ਉਸ ਅਨੁਸਾਰ ‘ਸਰਜੀਕਲ ਸਟ੍ਰਾਈਕ’ ਕੋਈ ਰਾਜਸੀ ਦਾਅ-ਪੇਚ ਹੋਣ ਦੀ ਬਜਾਏ ਸੈਨਾ ਦਾ ਇੱਕ ‘ਗੁਪਤ ਮਿਸ਼ਨ’ ਹੈ। ਜਿਸਦੀ ਚਰਚਾ ਨਾ ਤਾਂ ਇਸ ਮਿਸ਼ਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਨਾਲ ਕੀਤੀ ਜਾਂਦੀ ਹੈ ਅਤੇ ਨਾ ਹੀ ਇਸਤੇ ਅਮਲ ਪੂਰਿਆਂ ਹੋਣ ਤੋਂ ਬਾਅਦ ਹੀ। ਮਿਲੀ ਜਾਣਕਾਰੀ ਅਨੁਸਾਰ ਇਸ ਮਿਸ਼ਨ ਲਈ ਜਿਸ ਫੌਜੀ ਟੁਕੜੀ (ਕੰਪਨੀ) ਨੂੰ ਵਿਸ਼ੇਸ਼ ਟਰੇਨਿੰਗ ਦੇ ਕੇ ਤਿਆਰ ਕੀਤਾ ਗਿਆ ਹੁੰਦਾ ਹੈ, ਉਸਦੇ ਮੈਂਬਰਾਂ ਵਿਚੋਂ ਵੀ ਕਿਸੇ ਨੂੰ ਮਿਸ਼ਨ ਤੇ ਜਾਣ ਤੋਂ ਪਹਿਲਾਂ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਕਿਸ ਮਿਸ਼ਨ ’ਤੇ ਅਤੇ ਕਿਥੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਦਿੱਤੇ ਗਏ ਸੰਕੇਤ ਅਨੁਸਾਰ ਉਨ੍ਹਾਂ ਨੂੰ ਕੇਵਲ ਇਤਨਾ ਹੀ ਪਤਾ ਹੁੰਦਾ ਹੈ ਕਿ ਉਹ ਕਿਸੇ ਬਹੁਤ ਹੀ ਮਹਤੱਵਪੂਰਣ ਮਿਸ਼ਨ ਦੀ ਪੂਰਤੀ ਲਈ ਜਾ ਰਹੇ ਹਨ। ਇਸਲਈ ਉਹ ਮਿਸ਼ਨ ਨੂੰ ਸਿਰੇ ਚਾੜ੍ਹਨ ਦੀ ਜ਼ਿਮੇਂਦਾਰੀ ਨੂੰ ਲੈ, ਬਹੁਤ ਹੀ ਉਤਸੁਕ ਤੇ ਉਤਸਾਹਤ ਹੋ ਜਾਂਦੇ ਹਨ। ਮਿਸ਼ਨ ਪੁਰ ਰਵਾਨਾ ਕਰਦਿਆਂ ਹੋਇਆਂ ਵੀ ਉਨ੍ਹਾਂ ਨੂੰ ਮਿਸ਼ਨ ਦੇ ਸੰਬੰਧ ਵਿੱਚ ਨਾ ਤਾਂ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਨਾ ਹੀ ਸਮੁਚੀਆਂ ਹਿਦਾਇਤਾਂ ਹੀ ਦਿੱਤੀਆਂ ਜਾਦੀਆਂ ਹਨ। ਮਿਸ਼ਨ ਤੇ ਹੋ ਰਹੇ ਅਮਲ ਦੌਰਾਨ ਹੀ ਨਾਲੋ-ਨਾਲ ਮਿਲ ਰਹੀਆਂ ਹਿਦਾਇਤਾਂ ਅਨੁਸਾਰ ਉਨ੍ਹਾਂ ਵਲੋਂ ਆਪਣੀ ਡਿਊਟੀ ਨਿਭਾਈ ਚਲੀ ਜਾਂਦੀ ਰਹਿੰਦੀ ਹੈ। ਇੱਕ ਸਾਬਕਾ ਫੋਜੀ ਅਫਸਰ ਵਲੋਂ ਦਿੱਤੀ ਗਈ ਸੰਕੇਤਕ ਜਾਣਕਾਰੀ ਅਨੁਸਾਰ ‘ਸਰਜੀਕਲ ਸਟ੍ਰਾਈਕ’ ਦੇ ਸੰਬੰਧ ਵਿੱਚ ਕੇਵਲ ਉਨ੍ਹਾਂ ਹੀ ਕੁਝ-ਇਕ ਅਫਸਰਾਂ ਨੂੰ ਪਤਾ ਹੁੰਦਾ ਹੈ, ਜਿਨ੍ਹਾਂ ਨੇ ਉਸਦੀ ਰੂਪ-ਰੇਖਾ ਤੇ ਉਸ ਪੁਰ ਅਮਲ ਦੀ ਰਣਨੀਤੀ ਤਿਆਰ ਕੀਤੀ ਹੁੰਦੀ ਹੈ। ਉਨ੍ਹਾਂ ਨੇ ਹੀ ਵਾਰ-ਰੂਮ ਵਿੱਚ ਬੈਠ ਸਥਿਤੀ ਤੇ ਨਜ਼ਰ ਰਖਦਿਆਂ ਮੌਕੇ-ਮਾਹੋਲ ਅਨੁਸਾਰ ਮਿਸ਼ਨ ਤੇ ਰਵਾਨਾ ਕੀਤੇ ਗਏ ਫੋਜੀਆਂ ਨੂੰ ਹਿਦਾਇਤਾਂ ਦਿੰਦਿਆਂ ਰਹਿਣਾ ਹੁੰਦਾ ਹੈ। ਜੇ ਮਿਸ਼ਨ ਪੁਰ ਅਮਲ ਦੌਰਾਨ ੳਨ੍ਹਾਂ ਨੂੰ ਕੋਈ ਖਤਰਾ ਜਾਪਣ ਲਗਦਾ ਹੈ ਤਾਂ ਉਹ ਮਿਸ਼ਨ ਤੇ ਭੇਜੀ ਗਈ ਟੁਕੜੀ ਨੂੰ ਤੁਰੰਤ ਹੀ ਵਾਪਸ ਮੁੜਨ ਦੀ ਹਿਦਾਇਤ ਦੇ ਦਿੰਦੇ ਹਨ।
ਦਸਿਆ ਜਾਂਦਾ ਹੈ ਕਿ ਇਸ ਮਿਸ਼ਨ ਦੀ ਇਸ ਕਰਕੇ ਸੂਹ ਤਕ ਨਹੀਂ ਨਿਕਲਣ ਦਿੱਤੀ ਜਾਂਦੀ, ਕਿਉਂਕਿ ਇੱਕ ਤਾਂ ਇਸਨੂੰ ਦੁਸ਼ਮਣ ਦੇ ਅਵੇਸਲੇ-ਪਨ ਦਾ ਲਾਭ ਉਠਾ ਕੇ ਅਮਲ ਵਿੱਚ ਲਿਆਉਣਾ ਹੁੰਦਾ ਹੈ। ਦੂਸਰਾ ਜਦੋਂ ਤੱਕ ਦੁਸ਼ਮਣ ਨੂੰ ਅਚਾਨਕ ਹੋਏ ਹਮਲੇ ਦੀ ਸਮਝ ਆਉਂਦੀ ਹੈ, ਤਦੋਂ ਤਕ ਮਿਸ਼ਨ ਤੇ ਗਈ ਟੁਕੜੀ ਆਪਣਾ ਕੰਮ ਪੂਰਾ ਕਰ ਮੁੜ ਆਈ ਹੁੰਦੀ ਹੈ। ਇਸ ਮਿਸ਼ਨ ਦਾ ਪ੍ਰਚਾਰ ਨਾ ਕੀਤੇ ਜਾਣ ਦੇ ਸੰਬੰਧ ਵਿੱਚ ਦਸਿਆ ਗਿਆ, ਕਿ ਇਸ ਦਾ ਮੁੱਖ ਕਾਰਣ ‘ਸਰਜੀਕਲ ਸਟ੍ਰਾਈਕ’ ਦਾ ਉਦੇਸ਼ ਦੁਸ਼ਮਣ ਦੇ ਅਵੇਸਲੇਪਨ ਤੋਂ ਲਾਭ ਉਠਾਣਾ ਹੁੰਦਾ ਹੈ। ਜੇ ਇਸਦੀ ਜ਼ਰਾ ਜਿਹੀ ਸੂਹ ਵੀ ਬਾਹਰ ਨਿਕਲ ਜਾਏ ਤਾਂ ਦੁਸ਼ਮਣ ਚੇਤੰਨ ਹੋ ਜਾਂਦਾ ਹੈ, ਫਲਸਰੂਪ ਇੱਕ ਤਾਂ ਮਿਸ਼ਨ ਦਾ ਉਦੇਸ਼ ਪੂਰਾ ਨਹੀਂ ਹੁੰਦਾ, ਦੂਸਰਾ ਉਸਦੇ ਅਸਫਲ ਹੋਣ ਦੇ ਨਾਲ ਹੀ ਮਿਸ਼ਨ ਤੇ ਗਈ ਟੁਕੜੀ ਦਾ ਨੁਕਸਾਨ ਵੀ ਬਹੁਤਾ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ।
…ਅਤੇ ਅੰਤ ਵਿੱਚ : ਮਿਸ਼ਨ ਦੀ ਸਫਲਤਾ ਸਹਿਤ ਪੂਰਤੀ ਤੋਂ ਬਾਅਦ ਵੀ ਇਸ ਮਿਸ਼ਨ ਅਤੇ ਇਸਦੀ ਸਫਲਤਾ ਦਾ ਪ੍ਰਚਾਰ ਨਾ ਕੀਤੇ ਜਾਣ ਦੇ ਸੰਬੰਧ ਵਿੱਚ ਪੁਛੇ ਜਾਣ ਤੇ ਦਸਿਆ ਗਿਆ ਕਿ ਇਸਤਰ੍ਹਾਂ ਇਹ ਗਲ ਸਟ੍ਰਾਈਕ ਕਰਨ ਵਾਲੀ ਟੀਮ ਅਤੇ ਜੋ ਧਿਰ ਸਟ੍ਰਾਈਕ ਦਾ ਸ਼ਿਕਾਰ ਹੋਈ ਹੈ, ਵਿਚ ਹੀ ਦੱਬ ਕੇ ਰਹਿ ਜਾਂਦੀ ਹੈ। ਜੋ ਧਿਰ ਸਟ੍ਰਾਈਕ ਦਾ ਸ਼ਿਕਾਰ ਹੋਈ ਹੈ, ਉਹ ਆਪਣੇ ਨੁਕਸਾਨ ਦੀ ਸੂਹ ਇਸ ਕਰਕੇ ਨਹੀਂ ਨਿਕਲਣ ਦੇਣਾ ਚਾਹੁੰਦੀ, ਜੇ ਇਸਦੀ ਸੂਹ ਨਿਕਲ ਜਾਏ ਤਾਂ ਆਪਣੇ ਦੇਸ਼ ਦੀਆਂ ਸਰਹਦਾਂ ਪੁਰ ਉਸ ਵਲੋਂ ਈਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਏ ਜਾਣ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਆਲ ਖੜੇ ਕੀਤੇ ਜਾਣ ਲਗਦੇ ਹਨ, ਜਿਸ ਨਾਲ ਉਸਨੂੰ ਆਪਣੇ ਦੇਸ਼ ਵਾਸੀਆਂ ਸਾਹਮਣੇ ਨਮੋਸ਼ੀ ਭਰੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ‘ਸਰਜੀਕਲ ਸਟ੍ਰਾਈਕ’ ਕਰਨ ਵਾਲੀ ਧਿਰ ਇਸ ਕਾਰਣ ਚੁਪ ਵੱਟ ਲੈਂਦੀ ਹੈ ਕਿ ਜੇ ਉਸਨੇ ਇਸ ਕਾਰਵਾਈ ਦਾ ਕ੍ਰੈਡਿਟ ਲੈਣ ਲਈ ਇਸਨੂੰ ਹਵਾ ਦਿੱਤੀ ਤਾਂ ਇੱਕ ਤਾਂ ਵਿਰੋਧੀ ਧਿਰ ਆਪਣੇ ਲੋਕਾਂ ਵਿੱਚ ਆਪਣੇ ਆਪਨੂੰ ਅਪਮਾਨਤ ਹੋਣ ਤੋਂ ਬਚਾਣ ਲਈ, ਜ਼ਖਮੀ ਸ਼ੇਰ ਵਾਂਗ ਪੁਰੀ ਤਾਕਤ ਨਾਲ ਜਵਾਬੀ ਕਾਰਵਾਈ ਕਰ ਆਪਣੇ ਦੇਸ਼ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੇਗੀ ਕਿ ਉਹ ਦੇਸ਼ ਦੀਆਂ ਸਰਹਦਾਂ ਪੁਰ ਹੋਣ ਵਾਲੇ ਹਰ ਹਮਲੇ ਦਾ ਮੂੰਹ-ਤੋੜ ਜਵਾਬ ਦੇਣ ਲਈ ਪੂਰਣ ਰੂਪ ਵਿੱਚ ਸਮਰਥ ਹੈ। ਦੂਸਰਾ ਇਸਦਾ ਪ੍ਰਚਾਰ ਕਰ, ਕ੍ਰੈਡਿਟ ਲੈਣ ਦੀਆਂ ਕੌਸ਼ਿਸ਼ਾਂ ਕਾਰਣ ਅਗੋਂ ਲਈ ਕਿਸੇ ਵੀ ਸਮੇਂ ‘ਸਰਜੀਕਲ ਸਟ੍ਰਾਈਕ’ ਦੇ ਮਿਸ਼ਨ ਪੁਰ ਅਮਲ ਸਹਿਜ ਨਹੀਂ ਰਹਿ ਜਾਂਦਾ, ਕਿਉਂਕਿ ਵਿਰੋਧੀ ਧਿਰ ਹਰ ਸਮੇਂ ਚੌਕਸ ਰਹਿਣ ਲਗਦੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *