ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੇ ਸੁਖਾਸਨ ਅਸਥਾਨਾਂ ਪੁਰ ਸੁਰਖਿਆ ਨਿਸ਼ਚਿਤ ਹੋਵੇ
ਨਵੀਂ ਦਿੱਲੀ, 9 ਅਕਤੂਬਰ, 2018
ਰਾਣਾ ਪਰਮਜੀਤ ਸਿੰਘ, ਚੇਅਰਮੈਨ, ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਦੇ ਪ੍ਰਬੰਧਕਾਂ ਦੇ ਨਾਂ ਜਾਰੀ ਇੱਕ ਗਸ਼ਤੀ ਪਤ੍ਰ ਰਾਹੀਂ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਬੀਤੇ ਦਿਨਾਂ ਵਿੱਚ ਕੁਝ ਅਜਿਹੀਆਂ ਘਟਨਾਵਾਂ ਹੋਣ ਦੀਆਂ ਸੁਚਨਾਵਾਂ ਮਿਲੀਆਂ ਹਨ, ਜਿਨ੍ਹਾਂ ਵਿੱਚ ਦਸਿਆ ਗਿਆ ਹੈ ਕਿ ਬਿਜਲੀ ਦੀਆਂ ਤਾਰਾਂ ਅਤੇ ਉਪਕਰਣਾਂ ਦੇ ਸ਼ਾਰਟ-ਸਰਕਟ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ, ਪਾਲਕੀ ਸਾਹਿਬ ਅਤੇ ਰੁਮਾਲਿਆਂ ਆਦਿ ਨੂੰ ਨੁਕਸਾਨ ਪੁਜਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਹੋਈ ਹੈ। ਇਸ ਕਾਰਣ ਸਮੂਹ ਸਿੰਘ ਸਭਾਵਾਂ ਦੇ ਮੁੱਖੀਆਂ ਨੂੰ ਚਾਹੀਦਾ ਹੈ ਕਿ ਉਹ ਅਜਿਹੀਆ ਘਟਨਾਵਾਂ ਤੋਂ ਬਚਾਅ ਲਈ ਵਿਸ਼ੇਸ਼ ਸਾਵਧਾਨੀ ਵਰਤਣ। ਸ. ਰਾਣਾ ਨੇ ਕਿਹਾ ਕਿ ਇਸਦੇ ਲਈ ਜ਼ਰੂਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਅਤੇ ਸੁਖਾਸਨ ਦੇ ਕਮਰਿਆਂ ਅਤੇ ਅਸਥਾਨਾਂ ਪੁਰ ਬਿਜਲੀ ਦੀ ਫਿਟਿੰਗ ਕਰਵਾਂਦਿਆਂ ਇਸ ਗਲ ਦਾ ਉਚੇਚਾ ਧਿਆਨ ਰਖਿਆ ਜਾਏ ਕਿ ਉਨ੍ਹਾਂ ਵਿੱਚ ਸ਼ਾਰਟ-ਸਰਕਟ ਹੋਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੋਵੇ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਇਸ ਗਲ ਦੀ ਜਾਂਚ ਵੀ ਕਰਦਿਆਂ ਰਿਹਾ ਜਾਏ। ਸ. ਰਾਣਾ ਨੇ ਉਨ੍ਹਾਂ ਪਰਿਵਾਰਾਂ ਨੂੰ ਵੀ ਇਸ ਸੰਬੰਧ ਵਿੱਚ ਵਿਸੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਜਿਨ੍ਹਾਂ ਆਪਣੇ ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਬਿਰਾਜਮਾਨ ਕੀਤੇ ਹੋਏ ਹਨ। ਉਨ੍ਹਾਂ ਨੇ ਇਨ੍ਹਾਂ ਅਸਥਾਨਾਂ ਪੁਰ ਦੇਖਭਾਲ ਕਰਦਿਆਂ ਰਹਿਣ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਾਏ ਜਾਣ ਦੀ ਸਲਾਹ ਵੀ ਸਿੰਘ ਸਭਾਵਾਂ ਨੂੰ ਦਿੱਤੀ ਹੈ। ਸ. ਰਾਣਾ ਨੇ ਇਸ ਸੰਬੰਧ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਇੱਕ ਵਖਰਾ ਪਤ੍ਰ ਲਿਖ, ਕਿਹਾ ਹੈ ਕਿ ਉਹ ਆਪੋ-ਆਪਣੇ ਇਲਾਕੇ ਦੀਆਂ ਸਿੰਘ ਸਭਾਵਾਂ ਤਕ ਨਿਜੀ ਪਹੁੰਚ ਕਰ, ਨਿਸ਼ਚਿਤ ਕਰਨ ਕਿ ਉਨ੍ਹਾਂ ਵਲੌ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਪੁਰ ਅਤੇ ਸੁਖਾਸਨ ਦੇ ਕਮਰਿਆਂ ਵਿੱਚ ਅਜਿਹੀਆਂ ਸਾਵਧਾਨੀਆਂ ਲਈ ਉਚੇਚੇ ਪ੍ਰਬੰਧ ਕੀਤੇ ਗਏ ਹੋਏ ਹਨ ਜਾਂ ਨਹੀਂ।