ਫ਼ਿੰਨਲੈਂਡ ਦੇ ਗੁਰੂਦਵਾਰਾ ਸਾਹਿਬ ਵਾਨਤਾ ਵਿਖੇ ਬੰਦੀ ਛੋੜ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਫ਼ਿੰਨਲੈਂਡ 8 ਨਵੰਬਰ (ਵਿੱਕੀ ਮੋਗਾ) ਬੀਤੇ ਬੁੱਧਵਾਰ ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਵਾਨਤਾ ਵਿੱਚ ਸਮੂਹ ਸੰਗਤ ਵਲੋਂ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਪਾਵਨ ਦਿਹਾੜੇ ਤੇ ਫ਼ਿੰਨਲੈਂਡ ਦੀਆਂ ਸੰਗਤਾਂ ਨੇ ਕੰਮਾਂ ਕਾਰਾਂ ਤੋਂ ਵਿਹਲੇ ਹੋਕੇ ਸ਼ਾਮ ਨੂੰ ਗੁਰੂਘਰ ਵਿੱਚ ਭਾਰੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ। ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਵਲੋਂ ਸੰਗਤਾਂ ਲਈ ਚਾਹ ਪਕੌੜੇ ਅਤੇ ਮਿਠਾਈਆਂ ਦਾ ਪ੍ਰਬੰਧ ਕੀਤਾ ਗਿਆ। ਗੁਰੂਘਰ ਵਿੱਚ ਸੰਗਤਾਂ ਨੇ ਦੀਪਮਾਲਾ ਕਰਕੇ ਗੁਰੂਘਰ ਨੂੰ ਬਹੁਤ ਮਨਮੋਹਕ ਅਤੇ ਸੁੰਦਰ ਢੰਗ ਨਾਲ ਸਜਾਇਆ। ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸੰਗਤਾਂ ਨੇ ਰਸਭਿੰਨੇ ਸ਼ਬਦ ਕੀਰਤਨ “ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ” ਅਤੇ “ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਿਤ ਕਰੇ ਓਡੀਣਾ” ਦਾ ਸਰਵਣ ਕੀਤਾ। ਇਸ ਤੋਂ ਇਲਾਵਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿਚੋਂ ਬਵੰਜਾਂ ਰਾਜਿਆਂ ਨੂੰ ਰਿਹਾਅ ਕਰਾਉਣ ਸਬੰਧੀ ਇਤਿਹਾਸ ਵੀ ਸਾਝਾਂ ਕੀਤਾ, ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਆਉਣ ਵਾਲੀ 2 ਦਸੰਬਰ ਨੂੰ ਗੁਰੂਦਵਾਰਾ ਵਾਨਤਾ ਵਿੱਚ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਗੁਰੂਦਵਾਰਾ ਸਾਹਿਬ ਵਿੱਚ 30 ਨਵੰਬਰ ਨੂੰ ਅਖੰਡ ਪਾਠ ਦੇ ਆਰੰਭ ਕੀਤੇ ਜਾਣਗੇ ਅਤੇ 2 ਦਸੰਬਰ ਨੂੰ ਭੋਗ ਪਾਏ ਜਾਣਗੇ। ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਨ੍ਹੀਂ ਦਿਨੀ ਆਪਣੇ ਕੀਮਤੀ ਸਮੇਂ ਵਿਚੋਂ ਕੁੱਝ ਸਮਾਂ ਕੱਢਕੇ ਗੁਰੂਘਰ ਹਾਜ਼ਰੀਆਂ ਲਵਾਕੇ ਆਪਣਾ ਜਨਮ ਸਫ਼ਲ ਕਰੋ।

Geef een reactie

Het e-mailadres wordt niet gepubliceerd. Vereiste velden zijn gemarkeerd met *