ਸੇਵਾ ਕੀ ਹੈ ?

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਸਿੱਖੀ ਵਿੱਚ ਸੇਵਾ ਨੂੰ ਬਹੁਤ ਹੀ ਅਹਿਮ ਗਿਣਿਆ ਗਿਆ ਹੈ ਹਰ ਧਰਮ ਹੀ ਸੇਵਾ ਨੂੰ ਇਨਸਾਨੀ ਫ਼ਰਜ਼ਾਂ ਵਿਚ ਸਿਰਮੌਰ ਫ਼ਰਜ਼ ਦਾ ਦਰਜਾ ਦਿੰਦਾ ਹੈ । ਧੰਨ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਵਿੱਚ ਬਹੁਤ ਵਾਰ ਸੇਵਾ ਦਾ ਜ਼ਿਕਰ ਆਇਆ ਹੈ ਪਰ ਕੀ ਅੱਜ ਜੋ ਅਸੀਂ ਕਰ ਰਹੇ ਹਾਂ ਉਸ ਨੂੰ ਸੇਵਾ ਦਾ ਨਾਮ ਦਿੱਤਾ ਜਾ ਸਕਦਾ ਹੈ। ਸੇਵਾ ਦੇ ਨਾਮ ਤੇ ਧਾਰਮਿਕ ਅਸਥਾਨਾ ਤੇ ਹੋਰ ਥਾਵਾਂ ਤੇ ਜਾ ਕੇ ਲੰਗਰ ਬਣਾਉਣੇ, ਜੋੜੇ ਸਾਫ਼ ਕਰਨੇ, ਝਾੜੂ ਲਾਉਣੇ, ਲੰਗਰ ਵਰਤਾਉਣੇ ਕੀ ਇਹ ਹੀ ਸੇਵਾ ਹੈ । ਧਾਰਮਿਕ ਅਸਥਾਨਾਂ ਤੇ ਜਾ ਕੇ ਭੱਜ ਭੱਜ ਕੇ ਕੰਮ ਕਰਨ ਵਾਲੇ ਕਈ ਇਹੋ ਜਿਹੇ ਲੋਕ ਵੀ ਹਨ ਜੋ ਆਪਣੇ ਘਰ ਵੜਦੇ ਸਾਰ ਹੀ ਆਪਣੇ ਬਜ਼ੁਰਗ ਮਾਂ ਪਿਉ ਨੂੰ ਪਾਣੀ ਤੱਕ ਨਹੀਂ ਫੜਾ ਸਕਦੇ ਫਿਰ ਉਸ ਦੁਆਰਾ ਜਿਹੜੀ ਧਾਰਮਿਕ ਅਸਥਾਨ ਤੇ ਸੇਵਾ ਕੀਤੀ ਉਸ ਦਾ ਕੀ ਫ਼ਾਇਦਾ? ਇਸ ਦਾ ਮਤਲਬ ਤਾਂ ਇਹ ਹੀ ਹੈ ਕਿ ਸ਼ਾਇਦ ਸਾਨੂੰ ਸੇਵਾ ਦਾ ਮਤਲਬ ਹੀ ਸਮਝ ਨਹੀਂ ਆਇਆ। ਅੱਜ ਦਸਵੰਧ ਜਾਂ ਸੇਵਾ ਦੇ ਨਾਮ ਤੇ ਡੇਰੇਦਾਰ ਅਤੇ ਕੁੱਝ ਕੁ ਅਖੌਤੀ ਲੋਕਾਂ ਵੱਲੋਂ ਅਣਭੋਲ ਲੋਕਾਂ ਨੂੰ ਦੋਵਾਂ ਹੱਥਾਂ ਨਾਲ ਲੁੱਟਿਆ ਜਾ ਰਿਹਾ ਹੈ, ਲੋਕਾਂ ਕੋਲੋਂ ਡਾਲਰਾਂ, ਪੌਂਡਾਂ ਦੇ ਢੇਰ ਇਹ ਲੋਕ ਲੁੱਟ ਰਹੇ ਹਨ। ਐਥੋਂ ਤੱਕ ਕੇ ਕਈ ਲੋਕ ਸੇਵਾ ਸਮਝ ਕੇ ਇਹਨਾਂ ਨੂੰ ਕਾਰਾਂ ਅਤੇ ਜ਼ਮੀਨਾਂ ਤੱਕ ਦੇ ਦੇਂਦੇ ਹਨ।
ਹੁਣ ਬੇਅੰਤ ਸੰਗਤਾਂ ਨੂੰ ਕਈ ਸਵਾਲਾਂ ਨੇ ਘੇਰ ਰੱਖਿਆ ਹੈ ਕਿ ਆਖ਼ਿਰ ਕੀ ਹੈ ਸੇਵਾ? ਉਹ ਅਸੀਂ ਕਿਵੇਂ ਕਰ ਸਕਦੇ ਹਾਂ? ਸਾਡਾ ਗੁਰੂ ਤਾਂ ਸ਼ਬਦ ਗੁਰੂ ਹੈ ਕੋਈ ਦੇਹਧਾਰੀ ਨਹੀਂ ਅਸੀਂ ਗੁਰੂ ਨੂੰ ਲੰਗਰ ਨਹੀਂ ਛਕਾ ਸਕਦੇ, ਗੁਰੂ ਦੀਆਂ ਲੱਤਾਂ ਨਹੀਂ ਘੁੱਟ ਸਕਦੇ, ਗੁਰੂ ਨੂੰ ਨਵੇਂ ਕੱਪੜੇ ਨਹੀਂ ਲੈ ਕੇ ਦੇ ਸਕਦੇ, ਗੁਰੂ ਨੂੰ ਮਕਾਨ ਜਾਂ ਕਾਰ ਨਹੀਂ ਦੇ ਸਕਦੇ ? ਫਿਰ ਅਸੀਂ ਕਿਸ ਤਰਾਂ ਸੇਵਾ ਭਾਵਨਾ ਲੈ ਕੇ ਆ ਸਕਦੇ ਹਾਂ ?
ਮੇਰੇ ਖ਼ਿਆਲ ਵਿਚ ਇਨ•ਾਂ ਸਵਾਲਾਂ ਦੇ ਜੁਆਬਾਂ ਵਿਚ ਕੁੱਝ ਵਿਚਾਰਾਂ ਹਨ ਜੋ ਆਪਣੀ ਬੁੱਧ ਅਨੁਸਾਰ ਆਪ ਜੀ ਦੇ ਸਨਮੁੱਖ ਰਖ਼ਣਾ ਚਾਹਾਂਗਾ ਜੋ ਕੁੱਝ ਇਸ ਤਰਾਂ ਹਨ …………..ਜੋ ਵੀ ਪੁਰਖ ਸ਼ਬਦ ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਵਿਚਾਰ ਬਣਾਉਂਦਾ ਹੈ, ਹਉਮੈ ਨੂੰ (ਆਪਣੇ ਅੰਦਰੋਂ) ਮਾਰਦਾ ਹੈ, ਸ਼ਬਦ ਗੁਰੂ ਦੇ ਸ਼ਬਦ ਸਮਝ ਕੇ ਉਸ ਦੁਆਰਾ ਦੱਸੇ ਗੁਣਾ ਨੂੰ ਆਪਣੇ ਅੰਦਰ ਧਾਰਨਾ ਹੀ ਕੁਦਰਤ ਦੀ ਅਸਲੀ ਸੇਵਾ ਕਰਨ ਵਾਲਾ ਪੁਰਖ ਹੀ ਦਾਨੀ ਅਖਵਾਉਣ ਦੇ ਕਾਬਿਲ ਹੈ। ਸ਼ਬਦ ਗੁਰੂ ਵੱਲੋਂ ਦਰਸਾਏ ਮਾਰਗ ਤੇ ਰਜਾ ਵਿਚ ਚੱਲਣਾ ਹੀ ਅਕਾਲ ਪੁਰਖ ਪ੍ਰਮਾਤਮਾ ਦੀ ਅਸਲੀ ਅਧਿਆਤਮਕ ਸੇਵਾ ਕਰਨੀ ਹੈ। ਇਸ ਵਾਸਤੇ ਜੇ ਸੇਵਾ ਦੇ ਅਸਲ ਅਰਥਾਂ ਨੂੰ ਗਿਆਨ ਵਿਚ ਲਿਆਉਣਾ ਹੈ ਤਾਂ ਗੁਰੂ ਸ਼ਬਦ ਨੂੰ ਪੜੋ• ਵਿਚਾਰੋ ਅਤੇ ਆਪਣੇ ਜੀਵਨ ਵਿਚ ਲੈ ਕੇ ਆਓ। ਗੁਰੂ ਦੀ ਦਿੱਤੀ ਮੱਤ ਅਨੁਸਾਰ ਚੱਲ ਕੇ ਕਿਸੇ ਲੋੜਵੰਦ ਦੀ ਮਦਦ ਕਰਨੀ ਵੀ ਸੇਵਾ ਦਾ ਮੁੱਖ ਕਾਰਜ ਹੈ ਨਾ ਕੇ ਪਹਿਲਾਂ ਹੀ ਰੱਜੇ ਲੋਕਾਂ ਨੂੰ ਧੱਕੇ ਦੀ ਭੁੱਖ ਮਿਟਾਉਣੀ। ਆਪਣਾ ਦਸਵੰਧ ਕੱਢ ਕੇ ਆਪਣੇ ਹੱਥੀਂ ਕਿਸੇ ਗ਼ਰੀਬ ਦੀ ਮਦਦ ਕਰਨੀ ਸੇਵਾ ਹੈ ਨਾ ਕੇ ਪਖੰਡੀਆਂ ਦੇ ਡੇਰਿਆਂ ਤੇ ਜਾ ਕਿਸੇ ਅਖੌਤੀਆਂ ਨੂੰ ਮਾਇਆ ਦੇਣੀ।
ਇੱਥੇ ਧਿਆਨ ਦੇਣ ਵਾਲੀ ਇੱਕ ਹੋਰ ਵੀ ਹੈ ਕਿ ਅੱਜ ਬਹੁਤ ਸਾਰੀਆਂ ਇਹੋ ਜਿਹੀਆਂ ਜਥੇਬੰਦੀਆਂ ਹਨ ਜੋ ਗ਼ਰੀਬਾਂ ਦੀ ਮਦਦ ਕਰਨ ਵਾਸਤੇ ਜਾਂ ਧਰਮ ਦਾ ਪ੍ਰਚਾਰ ਕਰਨ ਵਾਸਤੇ ਅੱਗੇ ਆ ਰਹੀਆਂ ਹਨ ਉਨ•ਾਂ ਦੀ ਸਹਾਇਤਾ ਪਰਖ ਕਰ ਕੇ ਹੀ ਕਰਨੀ ਚਾਹੀਦੀ ਹੈ ਜਦ ਕੇ ਆਪਣੇ ਹੱਥੋ ਕੀਤੀ ਗਈ ਸੇਵਾ ਦਾ ਗੁਰਮਤਿ ਵਿਚ ਅਹਿਮ ਅਸਥਾਨ ਹੈ। ਅੱਖਾਂ ਮੀਚ ਕੇ ਪਖੰਡੀਆਂ ਨੂੰ ਪੈਸੇ ਦੇਣੇ ਜਾਂ ਭੇਜਣੇ ਵਿਅਰਥ ਹਨ । ਕਿਸੇ ਨੰਗੇ ਨੂੰ ਕੱਪੜੇ ਲੈ ਕੇ ਦੇਣੇ ਸੇਵਾ ਹੈ ਨਾ ਕੇ ਧਾਰਮਿਕ ਅਸਥਾਨਾਂ ਤੇ ਜਾ ਕੇ ਵਸਤਰ ਚੜ•ਾਉਣੇ। ਇਨਸਾਨੀ ਧਰਮ ਲਈ ਕੁਰਬਾਨੀਆਂ ਕਰਨੀਆਂ, ਲੋਕਾਂ ਨੂੰ ਜਾਗਰੂਕ ਕਰਨਾ, ਪਾਖੰਡੀ ਸੰਤਾਂ ਨੂੰ ਨੰਗਾਂ ਕਰ ਕੇ ਡੇਰਾਵਾਦ ਦਾ ਖ਼ਾਤਮਾ ਕਰਨ ਵਾਲਿਆਂ ਦਾ ਸਹਿਯੋਗ ਦੇਣਾ ਵੀ ਸੇਵਾ ਰੂਪ ਹੈ।
ਹੁਣ ਜੇਕਰ ਵਿਸਥਾਰ ਨਾਲ ਦੋ ਪਹਿਲੂ ਕਿਰਤ ਕਰੋ ਤੇ ਵੰਡ ਛਕੋ ਦੇ ਸ਼ਬਦਾਂ ਤੇ ਵਿਚਾਰ ਕਰੀਏ ਤਾਂ:-
*ਕਿਰਤ ਕਰੋ:- ਕਿਰਤ ਕਰੋ, ਨਾਮ ਜਪੋ ਦਾ ਹੀ ਰੂਪ ਹੈ। ਗੁਰਮਤਿ ਵਿੱਚ ਵਿਹਲੜਾਂ ਦੀ ਕੋਈ ਥਾਂ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਵੀ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਜ਼ਮੀਨ ਲੈ ਕੇ ਆਪ ਖੇਤੀ ਕਰਦੇ ਰਹੇ ਪਰ ਅੱਜ-ਕੱਲ• ਦੇ ਅਖੌਤੀ ਸੰਤ ਬਣਦੇ ਹੀ ਇਸ ਕਰ ਕੇ ਹਨ ਕਿ ਕੋਈ ਕੰਮ ਨਾ ਕਰਨਾ ਪਵੇ। ਆਪ ਵੀ ਵਿਹਲੜ ‘ਤੇ ਨਾਲ ਦੇ ਚੇਲੇ-ਚਪਟੇ ਵੀ ਵਿਹਲੜ ਪਰ ਕਿਰਤ ਕਰਨ ਵਾਲਿਆਂ ਦੇ ਪੈਸੇ ਲੁੱਟ-ਲੁੱਟ ਕੇ ਮਹਿਲ ਖੜ•ੇ ਕਰ ਲਏ। ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਫ਼ਰਮਾਉਂਦੇ ਹਨ ਕਿ: ‘‘ਆਪਣ ਹੱਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥’’ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਹੀ ਨਾਮ ਜਪਣਾ ਹੈ ਅਤੇ ਆਪਣੇ ਗੁਰੂ ਦੇ ਹੁਕਮ ‘ਤੇ ਚੱਲਣ ਦੀ ਭਾਵਨਾ ਵੀ ਸੇਵਾ ਰੂਪ ਹੈ।
*ਵੰਡ ਛਕੋ :- ਗੁਰੂ ਸਾਹਿਬ ਜੀ ਦਾ ਇਹ ਸਿਧਾਂਤ ਬਹੁਤ ਹੀ ਜ਼ਰੂਰੀ ਹੈ ਅਤੇ ਨਾਮ ਜਪਣ ਦੀ ਹੀ ਅਗਲੀ ਅਵਸਥਾ ਹੈ। ਇਮਾਨਦਾਰੀ ਨਾਲ ਕਿਰਤ ਕਰ ਕੇ ਦਸਵੰਧ ਕੱਢਣਾ ਅਤੇ ਉਸ ਦਸਵੰਧ ਨਾਲ ਕਿਸੇ ਲੋੜਵੰਦ ਦੀ ਮਦਦ ਕਰਨੀ ਹੀ ਅਸਲੀ ਵੰਡ ਕੇ ਛਕਣਾ ਹੈ। ਆਪਣੇ ਇਮਾਨਦਾਰੀ ਨਾਲ ਕਮਾਏ ਹੋਏ ਪੈਸੇ ਕਿਸੇ ਵਿਹਲੜ ਨੂੰ ਦੇਣੇ ਤਾਂ ਕੇ ਉਹ ਕੁਦਰਤੀ ਧਰਮ ਦਾ ਹੋਰ ਘਾਣ ਕਰ ਸਕੇ ਬਹੁਤ ਵੱਡੀ ਬੇਵਕੂਫ਼ੀ ਹੈ। ਆਪ ਖਾਣ ਤੋਂ ਪਹਿਲਾਂ ਆਪਣੇ ਗੁਆਂਢੀ ਦੇ ਘਰ ਦੇਖਣਾ ਕਿ ਖਾਣਾ ਖਾਧਾ ਹੈ ਕਿ ਨਹੀਂ, ਹੀ ਅਸਲੀ ਗੁਰਮਤਿ ਹੈ।
ਆਖ਼ਿਰ ਵਿਚ ਬੇਨਤੀ ਕਰਾਂਗੇ ਕਿ ਸੇਵਾ ਭਾਵਨਾ ਨੂੰ ਸਹੀ ਦਿਸ਼ਾ ਵਿਚ ਤਬਦੀਲ ਕਰ ਕੇ ਕੁਦਰਤ / ਲੁਕਾਈ ਦੀ ਸੇਵਾ ਕੀਤੀ ਜਾਵੇ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ
ਆਪ ਜੀ ਦਾ ਦਾਸ
ਹਰਮਿੰਦਰ ਸਿੰਘ ਭੱਟ

Geef een reactie

Het e-mailadres wordt niet gepubliceerd. Vereiste velden zijn gemarkeerd met *