ਬੇਬੀ ਡੇ-ਲੋਹੜੀ-ਬੇਬੀ ਡੇ, ਪੁੱਤਰਾਂ ਦੇ ਬਰਾਬਰ ਧੀਆਂ ਦੇ ਹੱਕਾਂ ਦੇ ਪਹਿਰੇਦਾਰੋ

ਪਰਮਜੀਤ ਸਿੰਘ ਸੇਖੋ
ਮਾਦਾ ਭਰੂਣ ਹਤਿਆ ਦਾ ਮੁੱਖ ਕਾਰਣ ਇਸਤਰੀ ਦੀ ਨਾ ਬਰਾਬਰੀ ਹੈ। ਹਿੰਦੋਸਤਾਨੀ ਮਰਦ ਪ੍ਰਧਾਨ ਦੇਸ਼ ਵਿੱਚ ਲੜਕੀਆਂ ਨੂੰ ਮਾਰਨ ਦੀ
ਬਿਮਾਰੀ ਕੋਈ ਨਵੀਂ ਪੈਦਾ ਨਹੀਂ ਹੋਈ, ਇਹ ਤਾਂ ਰਾਮ ਰਾਜ ਤੋਂ ਵੀ ਪਹਿਲਾਂ ਦੀ, ਹਿੰਦੂ ਰਾਜ ਘਰਾਣਿਆਂ ਦੇ ਕਾਲ ਤੋਂ ਚਲੀ ਆ ਰਹੀ ਹੈ। ਅਜੋਕੇ
ਸਮੇਂ ‘ਚ ਲੜਕੀਆਂ ਨੂੰ ਮਾਰਨ ਦਾ ਭਰੂਣ ਹਤਿਆ ਰਾਹੀਂ ਸਿਰਫ ਢੰਗ ਹੀ ਬਦਲਿਆ ਹੈ। ਸਾਇੰਸ ਨੇ ਬਣਾ ਲਈਆਂ ਮਸ਼ੀਨਾਂ ਢਿੱਡ ਚ ਹੀ ਧੀਆਂ
ਮਾਰਨ ਨੂੰ, ਕਿਸ ਦਾ ਕਸੂਰ ਹੈ ਪਤਾ ਨਹੀਂ ਹਰ ਕੋਈ ਲਗਾ ਹੈ ਆਪਣਾ ਪੱਲਾ ਝਾੜਨ ਨੂੰ। ਪਤਾ ਨਹੀਂ ਕਿੰਨੀਆਂ ਧੀਆਂ ਦੀ ਜਿੰ਼ਦਗੀ ਇਸ ਸਾਇੰਸ ਨੇ
ਖਾਧੀ ਹੈ, ਇਹ ਤਰਕੀ ਨਹੀਂ ਇਹ ਤਾਂ ਬਰਬਾਦੀ ਹੈ।
ਔਰਤ ਨਾਲ ਤਾਂ ਹਿੰਦੋਸਤਾਨੀ ਧਾਰਮਿਕ ਰਹਿਬਰਾਂ ਨੇ ਵੀ ਘੱਟ ਨਹੀਂ ਗੁਜਾਰੀ।
1-ਮਹਾਂਭਾਰਤ ਦੇ ਨਾਇਕਾਂ ਨੇ ਆਪਣੀ ਪਤਨੀ ਦਰੋਪਤੀ ਨੂੰ ਆਪਣੀ ਵਸਤੂ ਸਮਝ ਕੇ ਜੂਏ ਵਿੱਚ ਹੀ ਹਾਰ ਦਿੱਤਾ ਸੀ। 2-ਰਾਮ ਚੰਦਰ ਨੇ ਆਪਣੀ
ਘਰਵਾਲੀ ਸੀਤਾ ਨੂੰ ਆਪਣੇ ਹੀ ਘਰੋਂ ਕੱਢ ਦਿੱਤਾ ਸੀ। 3-ਤੁਲਸੀ ਜੀ ਰਮਾਇਣ ਵਿੱਚ ਲਿੱਖਦੇ ਹਨ ਕਿ ਢੋਰ, ਸੂਦਰ, ਪਸ਼ੂ ਅਤੇ ਨਾਰੀ ਚਾਰੋਂ ਤਾੜਨ
ਦੇ ਅਧਕਾਰੀ ਹਨ। 4-ਕਿਸੇ ਹਿੰਦੋਸਤਾਨੀ ਨੇ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਅਤੇ ਕਿਸੇ ਨੇ ਨਰਕ ਦਾ ਦਰਵਾਜਾ। 5-ਬੇਸ਼ਕ ਹਿੰਦੋਸਤਾਨੀ ਸਮਾਜ
ਵਿੱਚ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਪਰ ਸਭ ਤੋਂ ਵੱਧ ਦਲਿਤ ਔਰਤਾਂ ਅਤੇ ਘੱਟ ਗਿਣਤੀਆਂ ਦੀਆਂ ਔਰਤਾਂ ਦਾ ਸ਼ੋਸ਼ਣ ਵੀ ਹਿੰਦੋਸਤਾਨੀ
ਸਮਾਜ ਵਿੱਚ ਹੀ ਹੋ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਮੁਸਲਿਮ ਸਮਾਜ ਵਿੱਚ ਵੀ ਔਰਤਾਂ ਨੂੰ ਬਰਾਬਰਤਾ ਦਾ ਹੱਕ ਹਾਂਸਲ ਨਹੀਂ ਹੈ।
ਸਿੱਖ ਮੱਤ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੇ ਔਰਤ ਦੀ ਇਜ਼ਤ ਮਾਣ ਸਤਿਕਾਰ ਨੂੰ ਉਚਾ ਚੁਕਦਿਆਂ ਕਿਹਾ,
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵੀਅਹੁ।। ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ।।
ਭੰਡੁ ਮੁਆ ਭੰਡੁ ਭਾਲੀੲੈ ਭੰਡਿ ਹੋਵੈ ਬੰਧਾਨ।। ਸੋ ਕਿਉਂ ਮੰਦਾ ਆਖੀਐ ਜਿਤੁ ਜਮੰਹਿ ਰਾਜਾਨ।।
ਪ੍ਰੋ:ਸਾਹਿਬ ਸਿੰਘ ਦੇ ਅਰਥਾਂ ਮੁਤਾਬਕ, ਇਸਤਰੀ ਤੋਂ ਜਨਮ ਲਈਦਾ ਹੈ। ਇਸਤਰੀ ਦੇ ਪੇਟ ਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ। ਇਸਤਰੀ
ਰਾਹੀਂ ਹੀ ਹੋਰ ਲੋਕਾਂ ਨਾਲ ਸਬੰਧ ਬਣਦਾ ਹੈ। ਇਸਤਰੀ ਤੋਂ ਹੀ ਜਗਤ ਦੀ ਉਤਪਤੀ ਦਾ ਰਸਤਾ ਚਲਦਾ ਹੈ। ਜੇ ਇਸਤਰੀ ਮਰ ਜਾਏ ਤਾਂ ਹੋਰ
ਇਸਤਰੀ ਦੀ ਭਾਲ ਕਰੀਦੀ ਹੈ। ਜਿਸ ਇਸਤਰੀ ਜਾਤੀ ਤੋਂ ਰਾਜੇ ਵੀ ਜੰਮਦੇ ਹਨ ਉਸ ਨੂੰ ਮਾੜਾ ਆਖਣਾ ਠੀਕ ਨਹੀਂ ਹੈ।
ਜਦੋਂ ਘਰ ਵਿੱਚ ਧੀ ਜੰਮਦੀ ਹੈ, ਤਾਂ ਮਾਪਿਆਂ ਦੀ ਰੂਹ ਕਿਉਂ ਕੰਬਦੀ ਹੈ।
ਅੱਖਾਂ ਵਿੱਚ ਰੋਜ਼ ਸ਼ਾਂਤੀ ਤੇ ਬੋਝ ਉਮਰਾਂ ਦਾ ਰੋਣਾ, ਕਿਉਂ ਸਮਝਿਆ ਜਾਂਦਾ ਹੈ ਧੀ ਦਾ ਆਉਣਾ।
ਧੀ ਦਾ ਬਾਬਲ, ਕਿਉਂ ਹੈ ਝੁੱਕਣ ਦੇ ਕਾਬਲ?
ਧੀ ਲਈ ਮਾਂ ਦੀ ਜਾਨ, ਕਿਉਂ ਹਰਦਮ ਰਹਿੰਦੀ ਹੈ ਪ੍ਰੇਸ਼ਾਨ?
ਕੀ ਧੀ ਦਾ ਹੋਣਾ ਇਕ ਸਰਾਪ ਹੈ, ਕੀ ਧੀ ਦਾ ਹੋਣਾ ਇਕ ਪਾਪ ਹੈ?
ਕੀ ਧੀ ਵੀ ਇਕ ਇਨਸਾਨ ਨਹੀਂ, ਕੀ ਧੀ ਵਿੱਚ ਕੋਈ ਜਾਨ ਨਹੀਂ?
ਕੀ ਇਹ ਮਾਪਿਆਂ ਦੀ ਤੰਗ ਸੋਚ ਹੈ, ਜਾਂ ਫਿਰ ਰੱਬ ਦਾ ਕਸੂਰ ਹੈ?
ਜੇ ਧੀ ਹੋਣਾ ਰੱਬ ਦਾ ਕਸੂਰ ਨਹੀਂ, ਤਾਂ ਫਿਰ ਕਿਸ ਦਾ ਕਸੂਰ ਹੈ?
ਆਖਰ ਧੀ ਪ੍ਰਤੀ ਸਮਾਜ ਦੀ ਸੋਚ, ਏਨੀ ਕਿਉਂ ਕਰੂਰ ਹੈ?
ਸਮਾਜ ਵਾਲਿਓ, ਧੀ ਵੀ ਤਾਂ ਅਸਲ ਵਿੱਚ ਰੱਬ ਦਾ ਹੀ ਨੂਰ ਹੈ।
ਅਜੋਕੀ ਸਿੱਖ ਮੱਤ ਵੀ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਨੂੰ ਰੱਟੇ ਲਗਾ ਕੇ ਪੜ੍ਹਨ ਤੱਕ ਹੀ ਸੀਮਤ ਹੈ, ਅਸਲੀਅਤ ਵਿੱਚ ਬਰਾਬਰਤਾ ਔਰਤਾਂ
ਨੂੰ ਸਿੱਖ ਮੱਤ ਵਿੱਚ ਵੀ ਨਹੀਂ ਮਿਲ ਰਹੀ। ਜਿਵੇਂ ਕਿ ਗੁਰਦੁਆਰਿਆਂ ਵਿੱਚ ਧੀ ਦੀ ਨਹੀਂ ਬਲਕਿ ਸਿਰਫ ਪੁੱਤਰ ਪ੍ਰਾਪਤੀ ਲਈ ਅਰਦਾਸਾਂ ਕਰਨੀਆਂ
ਤੇ ਕਰਵਾਉਣੀਆਂ। ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਪਾਠ ਕਰਵਾਉਣੇ ਅਤੇ ਧੀ ਦੇ ਜਨਮ ਦੀ ਕੋਈ ਖੁਸ਼ੀ ਨਹੀਂ। ਆਦਿ ਰਸਮਾਂ ਰਿਵਾਜ ਨਾ
ਬਰਾਬਰੀ ਦੀਆਂ ਪ੍ਰਤੱਖ ਉਦਹਾਰਣਾਂ ਹਨ। ਬੇਸ਼ਕ ਕੁੱਝ ਗਿਣਤੀ ਦੀਆਂ ਸਿੱਖ ਬੀਬੀਆਂ ਨੇ ਆਪਣੀ ਯੋਗਤਾ ਸਦਕਾ ਉੱਚ ਮੁਕਾਮ ਹਾਂਸਲ ਕੀਤੇ ਹਨ
ਪਰ ਹਿੰਦੋਸਤਾਨੀ ਮਰਦ ਪ੍ਰਧਾਨ ਸਮਾਜ ਦਾ ਪ੍ਰਭਾਵ ਇਸਤਰੀ ਨੂੰ ਆਪਣੀ ਗੁਲਾਮ ਤੋਂ ਵੱਧ ਕੁੱਝ ਵੀ ਨਹੀਂ ਸਮਝਦਾ। ਹਿੰਦੋਸਤਾਨ ‘ਚ ਮੁਸ਼ਕਲ ਨਾਲ
ਧੀਆਂ ਬਚਦੀਆਂ, ਜੋ ਬਚਦੀਆਂ ਉਹ ਅਗੋਂ ਮੱਚਦੀਆਂ।
ਭਾਰਤੀ ਕਲਾਕਾਰ ਵੀ ਔਰਤਾਂ ਦੀ ਨਿਰਾਦਰੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ। ਜਿਸ ਤਰ੍ਹਾਂ ਔਰਤ ਨੂੰ ਅਜੋਕੇ ਗਾਣਿਆਂ ਵਿੱਚ ਪੇਸ਼
ਕੀਤਾ ਜਾ ਰਿਹਾ ਹੈ, ਉਸ ਨੂੰ ਦੇਖ ਸੁਣ ਕੇ ਤਾਂ ਸ਼ੈਤਾਨ ਵੀ ਸ਼ਰਮਾਉਣ ਲਗ ਪੈਂਦੇ ਹੋਣਗੇ। ਅਜੋਕੇ ਕਮੀਨੇ ਕਲਾਕਾਰਾਂ ਨੇ ਗੀਤ ਗਾ ਕੇ ਔਰਤਾਂ ਦੇ
ਪਵਿੱਤਰ ਰਿਸ਼ਤਿਆਂ ਨੂੰ ਅਤੇ ਚਿੱਟੇ ਪਹਿਰਾਵੇ ਨੂੰ ਵੀ ਕਲੰਕਿਤ ਕਰਕੇ ਤਾਰ ਤਾਰ ਕੀਤਾ ਹੈ। ਜੇ ਇਹਨਾਂ ਕਲਾਰਕਾਰਾਂ ਨੂੰ ਹਰ ਔਰਤ ਵਿਚੋਂ ਆਪਣੀ
ਮਾਂ ਧੀ ਭੈਣ ਨਜ਼ਰ ਆਉਂਦੀ ਹੋਵੇ ਤਾਂ ਇਹ ਔਰਤ ਜਾਤੀ ਨੂੰ ਅਪਮਾਨਿਤ ਕਰਦੇ ਗੀਤ ਸ਼ਾਇਦ ਨਾ ਗਾਉਣ। ਇਸਤਰੀ ਜਾਤੀ ਦੀ ਥਾਂ ਥਾਂ ਹੋ ਰਹੀ
ਦੁਰਦਸ਼ਾ ਨੂੰ ਰੋਕਣ ਲਈ ਹਿੰਦੋਸਤਾਨੀ ਸਮੇਂ ਦੀਆਂ ਸਰਕਾਰਾਂ ਕੋਈ ਠੋਸ ਉਪਰਾਲੇ ਨਹੀਂ ਕਰ ਰਹੀਆਂ। ਹਿੰਦੋਸਤਾਨੀ ਸਮੇਂ ਦੀਆਂ ਸਮੂੰਹ ਸਰਕਾਰਾਂ
ਤੋਂ ਔਰਤਾਂ ਨੂੰ ਬਰਾਬਰਤਾ ਜਾਂ ਸਤਿਕਾਰ ਮਿਲਣ ਦੀ ਆਸ ਰੱਖਣੀ ਵੀ ਮੂਰਖਤਾ ਤੋਂ ਵੱਧ ਕੁੱਝ ਨਹੀਂ ਹੋਵੇਗਾ ਕਿਉਂਕਿ ਇਹ ਅੰਦਰੋਂ ਖਤਮ ਹੋਈ
ਇਨਸਾਨੀਅਤ ਦੀਆਂ ਸੂਚਕ ਹਨ। ਸਾਰੀ ਉਮਰ ਜੋ ਕੁੜੀਆਂ ਬਾਰੇ ਬੁਰੇ ਹਾਉਂਕੇ ਭਰਦੇ ਨੇ, ਸ਼ਾਇਦ ਉਹ ਲੋਕ ਹੀ ਆਪਣੇ ਘਰ ਧੀਆਂ ਜੰਮਣ ਤੋਂ
ਡਰਦੇ ਨੇ।
ਤਕਰੀਬਨ ਬਹੁਤੀਆਂ ਕੁੜੀਆਂ ਦੇ ਮਾਪਿਆਂ ਨੂੰ ਇੱਜ਼ਤਦਾਰ ਹੁੰਦੇ ਹੋਏ ਵੀ ਬੇਗੈਰਤੀ ਦੀ ਜਿ਼ੰਦਗੀ ਜਿਉਣੀ ਪੈਂਦੀ ਹੈ। ਜਿਨ੍ਹਾਂ ਚਿਰ ਲੜਕੀਆਂ
ਸਕੂਲ, ਕਾਲਜ ਜਾਂ ਕੰਮ ਤੋਂ ਘਰ ਵਾਪਿਸ ਨਹੀਂ ਪਹੁੰਚਦੀਆਂ ਉਨਾਂ ਚਿਰ ਮਾਪਿਆਂ ਦੀ ਜਾਨ ਫੜੀ ਰਹਿੰਦੀ ਹੈ। ਧੀ ਨੂੰ ਪਾਲ ਪੋਸ ਕੇ ਚੰਗਾ ਪੜਾਉਣ
ਉਪ੍ਰੰਤ ਉਸ ਨੂੰ ਕੰਨਿਆ ਦਾਨ ਕਰਨ ਲਈ ਵੀ ਪੁੱਤ ਵਾਲਿਆਂ ਅੱਗੇ ਮਿੰਨਤਾਂ ਕਰਨੀਆਂ ਪੈਂਦੀਆਂ ਹਨ। ਆਪਣੀ ਧੀ ਦੇਣ ਦੇ ਨਾਲ ਨਾਲ ਪੁੱਤ ਵਾਲਿਆਂ
ਵੱਲੋਂ ਕੀਤੀ ਜਾਂਦੀ ਹਰ ਮੰਗ ਵੀ ਪੂਰੀ ਕਰਨੀ ਪੈਂਦੀ ਹੈ। ਪੁੱਤ ਵਾਲਿਆਂ ਦੀ ਹਰ ਮੰਗ ਪੂਰੀ ਕਰਨ ਦੇ ਬਾਵਜੂਦ ਵੀ ਲੜਕੀ ਆਪਣੇ ਸਹੁਰੇ ਘਰ
ਬੇਗਾਨੀ ਹੀ ਰਹਿੰਦੀ ਹੈ। ਬੇਕਾਰੇ ਅਤੇ ਨਸ਼ੇੜੀ ਲੜਕਿਆਂ ਪਿੱਛੇ ਲਾਈਆਂ ਲੜਕੀਆਂ ਨੂੰ ਸਾਰੀ ਜਿੰ਼ਦਗੀ ਤਿਲ ਤਿਲ ਪਲ ਪਲ ਮਰਨਾ ਪੈਂਦਾ ਹੈ।
ਅਖੀਰ ਮੌਤ ਹੀ ਉਨ੍ਹਾਂ ਨੂੰ ਨਰਕ ਭਰੀ ਜਿੰ਼ਦਗੀ ਤੋਂ ਛੁਟਕਾਰਾ ਦਿਵਾਉਂਦੀ ਹੈ। ਪਰ ਦੁੱਖ ਦੀ ਗੱਲ ਹੈ ਕਿ ਹਿੰਦੋਸਤਾਨੀ ਮਰਦ ਪ੍ਰਧਾਨ ਸਮਾਜ ਨਾਂ
ਔਰਤ ਨੂੰ ਮਰਨ ਦਾ ਹੱਕ ਦਿੰਦਾ ਹੈ ਤੇ ਨਾਂ ਹੀ ਜਿਉਣ ਦਾ। ਪੁੱਤ ਤਾਂ ਹੁੰਦੇ ਨੇ ਘਰ ਦਾ ਦੀਵਾ ਬੱਤੀ ਹੁੰਦੀ ਧੀ, ਦੀਵੇ ਦਾ ਕੰਮ ਚਾਨਣ ਕਰਨਾ ਬਿੰਨ
ਬੱਤੀ ਦੀਵਾ ਕੀ।
ਭਰੂਣ ਹਤਿਆ ਰਾਹੀਂ ਲੜਕੀਆਂ ਨੂੰ ਮਾਰਨ ਵਾਲਿਉ ਲੜਕਿਆਂ ਨੂੰ ਕਿਉਂ ਨਹੀਂ ਮਾਰਦੇ ? ਧੀਆਂ ਦੇ ਕਾਤਲੋ, ਹਿੰਦੋਸਤਾਨ ਅੰਦਰ ਕੀ ਤੁਹਾਡੇ ਸੌ
ਪ੍ਰਤੀਸ਼ਤ ਲੜਕੇ ਵਿਆਹ ਦੇ ਯੋਗ ਹਨ ? ਅੱਜ ਲੜਕੀਆਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਵੀ ਲੜਕੀਆਂ ਵਾਲਿਆਂ ਨੂੰ ਵੱਡੀ ਪੱਧਰ ਤੇ ਭਾਲ
ਕਰਨ ਉਪ੍ਰੰਤ ਮੁਸ਼ਕਲ ਨਾਲ ਨਸਿ਼ਆਂ ਤੋਂ ਰਹਿਤ ਲੜਕੇ ਮਿਲਦੇ ਹਨ। ਅੱਜ ਲਗਭਗ ਪੰਜਾਹ ਪ੍ਰਤੀਸ਼ਤ ਲੜਕੇ ਨਸਿ਼ਆਂ ਦੇ ਆਦੀ ਹੋ ਚੁੱਕੇ ਹਨ ਜਿਨ੍ਹਾਂ
ਵਿਚੋਂ ਤੀਹ ਪ੍ਰਤੀਸ਼ਤ ਲੜਕੇ ਤਾਂ ਵਿਆਹੁਣ ਦੇ ਯੋਗ ਵੀ ਨਹੀਂ ਹਨ। ਅਜਿਹੇ ਲੜਕੇ ਧੀਆਂ ਨਾਲੋਂ ਵੱਧ ਜਿਉਣ ਦਾ ਹੱਕ ਨਹੀਂ ਰੱਖਦੇ ਪਰ ਜੀ ਰਹੇ
ਹਨ। ਜੇ ਕਿਸੇ ਧੀ ਦਾ ਗਰੀਬ ਮਾਂ ਬਾਪ ਕੁੱਝ ਪੈਸੇ ਲੈ ਕੇ ਆਪਣੀ ਧੀ ਨੂੰ ਕਿਤੇ ਵਿਆਹ ਦਿੰਦਾ ਹੈ ਤਾਂ ਸਮਾਜ ਵਿੱਚ ਬਹੁਤ ਮਾੜਾ ਗਿਣਿਆ ਜਾਂਦਾ ਹੈ,
ਪਰ ਮੁੰਡੇ ਵਾਲੇ ਅਮੀਰ ਹੁੰਦੇ ਹੋਏ ਵੀ ਬਗੈਰ ਲੋੜ ਤੋਂ ਧੀਆਂ ਵਾਲਿਆਂ ਤੋਂ ਸ਼ਰੇਆਮ ਲੱਖਾਂ ਲੈ ਕੇ ਵੀ ਇੱਜ਼ਤਦਾਰ ਕਹਾਉਂਦੇ ਹਨ, ਐਸਾ ਕਿਉਂ ?
ਦੇਖੋ ਹਿੰਦੋਸਤਾਨੀ ਸਮਾਜ ਦੀ ਦੋਗਲੀ ਨੀਤੀ, ਧੀਆਂ ਦੇ ਪੈਸੇ ਲੈਣ ਵਾਲੇ ਬੇਇੱਜਤੇ ਅਤੇ ਪੁੱਤਾਂ ਦੇ ਪੈਸੇ ਲੈਣ ਵਾਲੇ ਇਜੱਤਦਾਰ। ਹਿੰਦੋਸਤਾਨੀ ਸਮਾਜ
ਵਿੱਚ ਔਰਤ ਨੂੰ ਮਿਲੀ ਬਰਾਬਰਤਾ ਇੱਥੇ ਸਪੱਸ਼ਟ ਹੈ ਕਿ ਜਿੱਥੇ ਚੰਗੀਆਂ ਤੇ ਹੋਣਹਾਰ ਧੀਆਂ ਦੇ ਮਾਪੇ ਇੱਜਤਦਾਰ ਨਹੀਂ ਹੋ ਸਕਦੇ ਅਤੇ ਮਾੜੇ
ਪੁੱਤਰਾਂ ਦੇ ਮਾਪੇ ਬੇਇੱਜਤ ਨਹੀਂ ਹੋ ਸਕਦੇ। ਮੈਂ ਬੇਗੈਰਤ ਮੁਰਦਿਆਂ ਦੇ ਉਸ ਦੇਸ਼ ਦਾ ਬਾਸਿ਼ੰਦਾ ਹਾਂ, ਜਿੱਥੇ ਧੀ ਨੂੰ ਕੁੱਖ ਵਿੱਚ ਗਰੀਬ ਨੂੰ ਭੁੱਖ ਵਿੱਚ
ਅਤੇ ਘੱਟ ਗਿਣਤੀਆਂ ਨੂੰ ਜਿਉਂਦਿਆਂ ਸਾੜਨ ਦਾ ਰਿਵਾਜ ਹੈ।
ਹਿੰਦੋਸਤਾਨੀ ਮਰਦ ਪ੍ਰਧਾਨ ਸਮਾਜ ਵਿੱਚ ਕੌਣ ਧੀਆਂ ਨੂੰ ਪੈਦਾ ਕਰਕੇ ਬੇਇੱਜਤੀ ਕਰਵਾਉਣੀ ਚਾਹੇਗਾ ? ਹਿੰਦੋਸਤਾਨੀ ਗੁੰਡਾ ਰਾਜ ਵਿੱਚ ਅੱਜ
ਲੜਕੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਕਿਰਨ ਬੇਦੀ ਵਰਗੀਆਂ ਬਹਾਦਰ ਔਰਤਾਂ ਨੂੰ ਵੀ ਆਪਣੇ ਅਹੁਦੇ ਤੋਂ ਅਸਤੀਫੇ ਦੇਣੇ ਪੈ ਜਾਂਦੇ ਹਨ।
ਹਿੰਦੋਸਤਾਨੀ ਕਾਨੂੰਨ ਦੇ ਰਾਖੇ ਸਾਬਕਾ ਪੁਲਿਸ ਮੁਖੀ ਕੇਪੀ ਐਸ ਗਿਲ ਵਰਗੇ ਵੀ ਔਰਤਾਂ ਨਾਲ ਛੇੜ ਛਾੜ ਦੇ ਮਾਮਲਿਆਂ ਚ ਨੰਗੇ ਹੋ ਚੁੱਕੇ ਹਨ।
ਹਿੰਦੋਸਤਾਨੀ ਘਰਾਂ ਤੋਂ ਲੈ ਕੇ ਸਕੂਲਾਂ, ਕਾਲਜਾਂ, ਬਸਾਂ, ਰਸਤਿਆਂ, ਥਾਣਿਆਂ, ਜੇਲ੍ਹਾਂ, ਮੰਦਰਾਂ, ਡੇਰਿਆਂ ਆਦਿ ਵਿੱਚ ਔਰਤਾਂ ਕਿਤੇ ਵੀ ਸੁਰੱਖਿਅਤ
ਨਹੀਂ ਹਨ। ਧੀਆਂ ਦੀ ਹੱਤਿਆ ਲੁਕੋਣ ਦੀ ਹੁਣ ਕੋਸਿ਼ਸ਼ ਨਾ ਕਰ ਐ ਹਿੰਦੋਸਤਾਨੀ ਕਾਤਿਲ, ਤਾਜੇ ਲਹੂ ਨਾਲ ਭਿੱਜਿਆ ਆਪਣਾ ਲਿਬਾਸ ਦੇਖ। ਤੇਰਾ
ਉਘੜੇਗਾ ਪਾਜ ਜਦ ਵੀ ਸੋਚੇਗਾ ਕੀ ਜਮਾਨਾ, ਕਰਤੂਤ ਆਪਣੀ ਦਾ ਕਰ ਕੇ ਕਿਆਸ ਦੇਖ।
ਪੁੱਤਰਾਂ ਦੇ ਬਰਾਬਰ ਧੀਆਂ ਦੇ ਹੱਕਾਂ ਦੇ ਪਹਿਰੇਦਾਰੋ, ਭਰੂਣ ਹੱਤਿਆ ਇੱਕ ਬਹੁਤ ਵੱਡਾ ਗੁਨਾਹ ਹੈ, ਜਿਸ ਦਾ ਡੱਟ ਕੇ ਵਿਰੋਧ ਹੋਣਾ ਚਾਹੀਦਾ ਹੈ
ਪਰ ਸਾਨੂੰ ਅਣ ਜੰਮੀਆਂ ਧੀਆਂ ਦੇ ਦਰਦਾਂ ਦੀ ਕੁਰਲਾਹਟ ਵੀ ਸੁਣਾਈ ਦੇਣੀ ਚਾਹੀਦੀ ਹੈ। ਮਰਦ ਅਤੇ ਔਰਤ ਗ੍ਰਹਿਸਥੀ ਗੱਡੀ ਦੇ ਦੋ ਪਹੀਏ ਹਨ,
ਦੋਹਾਂ ਵਿੱਚ ਹਰ ਪਹਿਲੂ ਤੇ ਬਰਾਬਰਤਾ ਹੋਣੀ ਅਤੀ ਜਰੂਰੀ ਹੈ। ਲੜਕੀ ਦਾ ਆਪਣਾ ਕਿਤੇ ਵੀ ਘਰ ਨਹੀਂ ਹੁੰਦਾ। ਮਾਪਿਆਂ ਦੇ ਘਰ ਲੜਕੀ ਬੇਗਾਨਾ
ਧਨ ਹੁੰਦੀ ਹੈ ਅਤੇ ਸਹੁਰਿਆਂ ਦੇ ਘਰ ਬੇਗਾਨੀ ਧੀ ਹੁੰਦੀ ਹੈ। ਅੱਜ ਲੋੜ ਹੈ ਲੜਕੀਆਂ ਨੂੰ ਅਸਲੀਅਤ ਵਿੱਚ ਸਮਾਜਿਕ, ਆਰਥਿਕ, ਧਾਰਮਿਕ
ਬਰਾਬਰਤਾ ਦੇਣ ਦੀ ਅਤੇ ਲੜਕੀਆਂ ਪ੍ਰਤੀ ਆਪਣੀ ਮਾਨਸਿਕਤਾ ਬਦਲਣ ਦੀ। ਜਦੋਂ ਧੀਆਂ ਸਮਾਜ ਵਿੱਚ ਅਤੇ ਮਾਪਿਆਂ ਲਈ ਕਿਸੇ ਪ੍ਰਕਾਰ ਦਾ ਬੋਝ
ਨਹੀਂ ਰਹਿਣਗੀਆਂ ਫਿਰ ਕੋਈ ਵੀ ਮਾਂ ਬਾਪ ਮਾਦਾ ਭਰੂਣ ਹੱਤਿਆ ਕਰਵਾਉਣ ਬਾਰੇ ਸੋਚੇਗਾ ਵੀ ਨਹੀਂ। ਜਿਨ੍ਹਾਂ ਚਿਰ ਲੜਕੀਆਂ ਨੂੰ ਲੜਕਿਆਂ ਵਾਂਗ
ਹਰ ਪੱਖ ਤੋਂ ਬਰਾਬਰਤਾ ਨਹੀਂ ਦਿੱਤੀ ਜਾਂਦੀ ਉਨਾਂ ਚਿਰ ਭਰੂਣ ਹੱਤਿਆ ਨੂੰ ਰੋਕਣਾ ਸੰਭਵ ਨਹੀਂ ਹੋਵੇਗਾ।
ਜਿੰਨੀ ਟੌਹਰ ਪੱਗ ਦੀ ਉਨੀ ਸ਼ਾਨ ਗੁੱਤ ਦੀ, ਉਨੀ ਹੀ ਲੋੜ ਧੀ ਦੀ ਜਿੰਨੀ ਲੋੜ ਪੁੱਤ ਦੀ। ਭਰੂਣ ਹੱਤਿਆ ਨੂੰ ਰੋਕਣ ਚ ਸਮਝਦਾਰੀ ਇਸੇ ਵਿੱਚ
ਹੈ ਕਿ ਆਪਾਂ ਸਮਾਜ ਦੀ ਮਾਨਸਿਕਤਾ ਬਦਲ ਕੇ ਇਸ ਵਿਚੋਂ ਮੁੰਡੇ ਕੁੜੀ ਦੇ ਅੰਤਰ ਨੂੰ ਹੀ ਖਤਮ ਕਰ ਦੇਈਏ। ਧੀਆਂ ਦੇ ਮਾਪੇ ਸਮਾਜ ਵਿੱਚ ਨੀਵੇਂ
ਨਾ ਹੋਣ ਅਤੇ ਪੁੱਤਾਂ ਦੇ ਮਾਪੇ ਸਮਾਜ ਵਿੱਚ ਉੱਚੇ ਨਾ ਹੋਣ। ਕੋਈ ਕਿਸੇ ਦਾ ਗੁਲਾਮ ਨਾ ਹੋਵੇ। ਔਰਤ ਅਤੇ ਮਰਦ ਇੱਕ ਦੂਜੇ ਦੇ ਪੂਰਕ ਹੁੰਦੇ ਹੋਏ ਹਰ
ਪੱਖ ਤੋਂ ਬਰਾਬਰਤਾ ਦਾ ਅਨੰਦ ਮਾਨਣ। ਇਸੇ ਅਨੰਦ ਦੀ ਸ਼ੁਰੂਆਤ ਬੇਬੀ ਡੇ ਰਾਹੀਂ ਹੀ ਹੋ ਸਕਦੀ ਹੈ ਨਾ ਕਿ ਲੋਹੜੀ ਰਾਹੀਂ ਕਿਉਂਕਿ ਲੋਹੜੀ ਇਕਲੇ
ਪੁੱਤਰ ਲਈ, ਬੇਬੀ ਡੇ ਧੀ ‘ਤੇ ਪੁੱਤਰ ਦੋਹਾਂ ਲਈ। ਜੇ ਬੱਚਾ ਜਨਮ ਲੈਂਦਾ ਹੈ ਤਾਂ ਹੀ ਫਾਦਰ ਡੇ ਕਹਿਲਾਉਂਦਾ ਹੈ, ਜੇ ਬੱਚੀ ਜਨਮ ਲੈਂਦੀ ਹੈ ਤਾਂ ਹੀ
ਮਦਰ ਡੇ ਕਹਿਲਾਉਂਦੀ ਹੈ। ਜੇ ਮਦਰ ਡੇ ਹੈ ‘ਤੇ ਫਾਦਰ ਡੇ ਹੈ ਤਾਂ ‘ਬੇਬੀ ਡੇ’ ਕਿਉਂ ਨਹੀਂ ਹੈ ? ਇਸ ਲਈ ਪੂਰੀ ਦੁਨੀਆਂ ‘ਚ ਪਹਿਲ ਦੇ ਅਧਾਰ ‘ਤੇ
2002 ਤੋਂ ‘ਦਲ ਖਾਲਸਾ ਅਲਾਇੰਸ’ ਨੇ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸੇਖੋਂ (ਦਾਖਾ) ਦੀ ਅਗਵਾਈ ਹੇਠ ‘ਧੀਆਂ ਦੀ ਲੋਹੜੀ’ ਉਰਫ ‘ਬੇਬੀ ਡੇ’
ਨੂੰ ਅਮਰੀਕਾ ਦੇ ਕੈਲੇਫੋਰਨੀਆਂ ਚੋਂ ਬੇ ਏਰੀਆ ਦੇ ਐਲਸੋਬਰਾਂਟੇ ਸ਼ਹਿਰ ਤੋਂ ਮਨਾਉਣਾ ਸ਼ੁਰੂ ਕੀਤਾ ਜੋ ਕਿ ਅੱਜ ਕੱਲ੍ਹ ਪੂਰੀ ਦੁਨੀਆਂ ਚ ‘ਧੀਆਂ ਦੀ
ਲੋਹੜੀ’ ਜਾਂ ‘ਬੇਬੀ ਡੇ’ ਦੇ ਤੌਰ ਤੇ ਮਨਾਉਣਾ ਸ਼ੁਰੂ ਹੋ ਕੇ 2019 ਤੱਕ 18 ਸਾਲਾਂ ‘ਚ ਔਖੀਆਂ ਘਾਟੀਆਂ ਬੜੇ ਮੁਸ਼ਕਿਲ ਪੈਂਡੇ ਤਹਿ ਕਰਕੇ ਲੋਕ
ਲਹਿਰ ਦਾ ਹਿੱਸਾ ਬਣ ਚੁੱਕਾ ਹੈ। ਇਸ ਲੋਕ ਲਹਿਰ ਨੂੰ ਅੱਜ ਕੱਲ੍ਹ ‘ਇੰਟਰਨੈਸ਼ਨਲ ਸਿੱਖ ਸਾਹਿਤ ਸਭਾ’ ਦੇ ਪ੍ਰਧਾਨ ਕੁਲਦੀਪ ਸਿੰਘ ਢੀਂਡਸਾ
ਅਗਵਾਈ ਦੇ ਰਹੇ ਹਨ। ਜਨਵਰੀ ‘ਚ ਲੋਹੜੀ ਨੂੰ ‘ਬੇਬੀ ਡੇ’ ਦੇ ਤੌਰ ‘ਤੇ ਮਨਾਉਣਾ ਜਾਰੀ ਰੱਖਕੇ ਧੀ ‘ਤੇ ਪੁੱਤਰ ਦੀ ਬਰਾਬਰਤਾ ਦਾ ਹੋਕਾ ਦੇ ਕੇ
ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਪਹਿਰੇਦਾਰ ਬਣਿਆ ਜਾ ਸਕਦਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *