ਮੋਹਾਲੀ ‘ਚ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਦਾ ਪੰਜਾਬ ਸਰਕਾਰ ਖਿਲਾਫ ਵੱਡਾ ਧਰਨਾ, ਮੰਗਾਂ ਨਾ ਮੰਨਣ ਤੇ ਅਣਮਿਥੇ ਸਮੇਂ ਲਈ ਧਰਨੇ ਤੇ ਭੁੱਖ ਹੜਤਾਲ ਤੇ ਬੈਠਣ ਦੀ ਚੇਤਾਵਨੀ


ਚੰਡੀਗੜ੍ਹ, ਪੱਤਰ ਪ੍ਰੇਰਕ
ਪੰਜਾਬ ਦੀ ਕਾਂਗਰਸ ਸਰਕਾਰ ਲਗਾਤਾਰ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਕਾਮਿਆਂ ਵਲੋ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤੇ ਜਾ ਰਹੀ ਸੂਬਾ ਪੱਧਰੀ ਰੋਸ ਧਰਨਿਆਂ ਵਿਚ ਘਿਰਦੀ ਜਾ ਰਹੀ ਹੈ। ਜਿਥੇ ਬੀਤੇ ਦਿਨਾਂ ਵਿਚ ਸਿਖਿਆ ਦਾ ਚਾਨਣ ਫੈਲਾਉਣ ਵਾਲੇ ਵਰਕਰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ ਆਪਣੀ ਮੰਗਾਂ ਨੂੰ ਲੈ ਲੰਬਾ ਸਮਾਂ ਧਰਨੇ ਤੇ ਬੈਠੇ ਰਹੇ ਉਥੇ ਹੁਣ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਧੀਨ ਅਤੇ ਪੇਂਡੂ ਵਾਟਰ ਸਪਲਾਈ ਸਕੀਮਾਂ ਤੋਂ ਲੋਕਾਂ ਨੂੰ 24 ਘੰਟੇ ਪਾਣੀ ਦੀ ਸਪਲਾਈ ਕਾਇਮ ਕਰਵਾਉਣ ਲਈ ਪੰਜਾਬ ਦੇ 22 ਜ਼ਿਲ੍ਹਿਆ ਵਿਚ ਕੰਮ ਕਰਦੇ ਹਜ਼ਾਰਾਂ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਗਾ ਕੇ ਮੈਦਾਨ ਵਿਚ ਨਿੱਤਰ ਗਏ ਹਨ। ਪੰਜਾਬ ਦੇ 22 ਜਿਲ੍ਹਿਆ ਤੋਂ ਆਏ ਸੈਕੜੇ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਵਰਕਰਾਂ ਨੇ ਚੰਡੀਗੜ੍ਹ ਨੇੜਲੇ ਮੋਹਾਲੀ ਦੇ ਫੇਜ਼-2 ਵਿਚ ਸਥਿਤ ਮਹਿਕਮੇ ਦੇ ਐਚਓਡੀ ਦਫਤਰ ਅੱਗੇ ਵਿਸ਼ਾਲ ਰੋਸ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਅਤੇ ਸੂਬੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿਚ ਮਹਿਲਾ ਵਰਕਰਾਂ ਵੀ ਮੌਜੂਦ ਸਨ। ਯੂਨੀਅਨ ਆਗੂ ਬੱਗਾ ਸਿੰਘ ਅਨੁਸਾਰ ਪੰਜਾਬ ਵਿਚ ਵੱਡੀ ਗਿਣਤੀ ਵਿਚ ਸਵੱਛ ਭਾਰਤ ਮਿਸ਼ਨ ਅਧੀਨ ਵਰਕਰ ਕੰਮ ਕਰ ਰਹੇ ਹਨ ਜਿਨ੍ਹਾਂ ਦਾ ਵਿਭਾਗ ਅਤੇ ਸਰਕਾਰ ਵਲੋ ਲਗਾਤਾਰ ਸ਼ੋਸਨ ਕੀਤਾ ਜਾ ਰਿਹਾ ਹੈ। ਮਹਿਕਮੇ ਵਲੋ ਆਊਟ ਕਮ ਸੋਰਸ ਤੇ ਰੱਖ ਇਨ੍ਹਾਂ ਵਰਕਰਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਵਿਭਾਗ ਵਿਚ ਮਰਜ਼ ਕੀਤਾ ਪੱਕੀ ਮਹੀਨਾਵਰ ਤਨਖਾਹ ਦਿੱਤੀ ਜਾਵੇ। ਵਰਕਰਾਂ ਦਾ ਤਰਕ ਹੈ ਕਿ ਉਨ੍ਹਾਂ ਨੂੰ ਕੰਮ ਦੇ ਮੁਕਾਬਲੇ 10 ਫੀਸਦੀ ਵੀ ਮਾਣ ਭੱਤਾ ਨਹੀ ਮਿਲਦਾ। ਜੋ ਮਾਣ ਭੱਤਾ ਮਹਿਕਮੇ ਵਲੋ ਦਿੱਤਾ ਵੀ ਜਾਂਦਾ ਹੈ ਉਸਨੂੰ ਹਾਸਲ ਕਰਨ ਵਾਸਤੇ ਲੰਬੀ ਪ੍ਰਕੀਰਿਆਂ ਵਿਚੋ ਲੰਘਣਾ ਪੈਦਾ ਹੈ। ਜਿਸ ਦੇ ਚਲਦੇ ਇਨ੍ਹਾਂ ਵਰਕਰਾਂ ਵਾਸਤੇ ਦੋ ਵੇਲੇ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਔਖਾ ਹੋ ਗਿਆ ਹੈ। ਇਨ੍ਹਾਂ ਵਰਕਰਾਂ ਦਾ ਦਾਅਵਾ ਹੈ ਕਿ ਪੰਜਾਬ ਸਰਕਾਰ ਦੇ ਮੰਤਰੀਆਂ, ਅਧਿਕਾਰੀਆਂ ਤੇ ਮਹਿਕਮੇ ਦੇ ਸੀਨੀਅਰ ਅਧਿਕਾਰੀਅ ਨੇ ਦੋ ਪੱਖੀ ਮੀਟਿੰਗਾਂ ਕੀਤੀਆਂ ਹਨ ਪਰ ਹਰ ਵਾਰ ਉਨ੍ਹਾਂ ਨੂੰ ਬਰਫ ਦੇ ਟੁਕੜੇ ਵਰਗਾ ਵਾਅਦਾ ਦੇ ਦਿੱਤਾ ਜਾਂਦਾ ਹੈ ਜੋ ਕੁਝ ਹੀ ਦਿਨਾਂ ਵਿਚ ਪਿਗਲ ਕੇ ਪਾਣੀ ਬਣ ਜਾਂਦਾ ਹੈ। ਵਰਕਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋ ਮੁੱਖ ਮੰਤਰੀ ਦੇ ਓਐਸਡੀ ਨੇ ਕਲ੍ਹ ਉਨ੍ਹਾਂ ਦੀ ਮੀਟਿੰਗ ਕਿਸੇ ਮੰਤਰੀ ਪੱਧਰ ਦੇ ਅਧਿਕਾਰੀ ਨਾਲ ਕਰਵਾਉਣ ਦਾ ਭਰੋਸਾ ਦਿੱਤਾ ਹੈ ਕਲ੍ਹ ਜੋ ਵੀ ਫੈਸਲਾ ਆਉਂਦਾ ਹੈ ਉਸਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਪਰ ਵਰਕਰਾਂ ਨੇ ਸਪੱਸ਼ਟ ਕੀਤਾ ਹੈ ਕਿ ਕਲ੍ਹ ਵੀ ਧਰਨਾ ਪ੍ਰਦਰਸ਼ਨ ਅੱਜ ਦੀ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਹੁਣ ਉਹ ਆਰ ਪਾਰ ਦੀ ਲੜਾਈ ਲੜ ਰਹੇ ਹਨ ਤੇ ਉਨ੍ਹਾਂ ਆਪਣੀਆਂ ਹੱਕੀ ਤੇ ਜ਼ਾਇਜ਼ ਮੰਗਾਂ ਸਰਕਾਰ ਕੋਲੋ ਮਨਵਾ ਕੇ ਹੀ ਧਰਨਾ ਤੋਂ ਉਠਣਗੇ। ਜੇ ਸਰਕਾਰ ਨੇ ਉਨ੍ਹਾਂ ਦੀ ਕੋਈ ਗੱਲ ਨਾ ਸੁਣੀ ਤਾਂ ਅਣਮਿਥੇ ਸਮੇ ਲਈ ਧਰਨੇ ਦੇ ਨਾਲ ਨਾਲ ਭੁੱਖ ਹੜਤਾਲ ਤੇ ਵੀ ਵਰਕਰ ਬੈਠ ਜਾਣਗੇ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਵਿਭਾਗ ਦੀ ਹੋਵੇਗੀ। ਇਸ ਮੌਕੇ ਤੇ ਬੱਗਾ ਸਿੰਘ ਮੋਹਾਲੀ, ਗੁਰਿੰਦਰ ਸਿੰਘ ਸਮਰਾ ਲੁਧਿਆਣਾ, ਜਸਦੀਪ ਸਿੰਘ ਕਪੂਰਥਲਾ, ਗੁਰਦੇਵ ਸਿੰਘ ਭੱਟੀ ਕਪੂਰਥਲਾ, ਬਲਜੀਤ ਸਿੰਘ ਮੋਗਾ, ਗਨਸ਼ਾਮ ਭਾਰਤੀ ਮੋਗਾ, ਸੁਖਬੀਰ ਸਿੰਘ ਚੀਮਾ ਅੰਮ੍ਰਿੰਤਸਰ, ਰਣਜੀਤ ਸਿੰਘ ਰਾਣਾ, ਹਰਦੇਵ ਸਿੰਘ, ਰਮਨਦੀਪ ਕੌਰ, ਕੁਲਦੀਪ ਸਿੰਘ ਬਠਿੰਡਾ, ਪ੍ਰਿੰਸ ਬਾਂਸਲ, ਅਮਨਦੀਪ ਕੌਰ ਬਠਿੰਡਾ, ਸੁਖਵਿੰਦਰ ਕੰਗ ਪਟਿਆਲਾ, ਗੁਰਦੀਪ ਸਿੰਘ ਹੁਸ਼ਿਆਰਪੁਰ, ਨਰਿੰਦਰਪਾਲ ਨਵਾਂਸ਼ਹਿਰ, ਕਰਮਜੀਤ ਸਿੰਘ, ਰਾਜਵਿੰਦਰ ਹੁੰਦਲ, ਮਨਦੀਪ ਸਿੰਘ ਫਾਜ਼ਿਲਕਾ, ਸੀਮਾ ਰਾਣੀ, ਰਵਿੰਦਰ ਸ਼ਰਮਾ, ਰਾਜਾ ਮੁਕਤਸਰ, ਜਸਵੀਰ ਸਿੰਘ ਫਰੀਦਕੋਟ, ਸੁਰਜੀਤ ਸਿੰਘ ਤਰਨਤਾਰਨ, ਸਿਮਰਨਜੀਤ ਸਿੰਘ ਗੁਰਦਾਸਪੁਰ ਤੇ ਵੱਡੀ ਗਿਣਤੀ ਵਿਚ ਵੱਖ ਵੱਖ ਜਿਲਿਆ ਤੋਂ ਆਏ ਵਰਕਰ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *