ਜਰਮਨੀ ਵਿਖੇ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ


ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਚਾਰ ਫਰਬਰੀ 1986 ਨੂੰ ਨਕੋਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਾਂਤਮਈ ਸਿੰਘਾਂ ਉਪਰ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਨਾਲ ਸ਼ਹੀਦ ਹੋਏ ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਝਲਮਣ ਸਿੰਘ ਅਤੇ ਭਾਈ ਰਵਿੰਦਰ ਸਿੰਘ ਹੋਰਾਂ ਦੀ ਯਾਦ ਵਿੱਚ ਜਰਮਨੀ ਦੇ ਗੁਰਦਵਾਰਾ ਸਾਹਿਬ ਡਿਊਸਬਰਗ ਵਿਖੇ ਸ਼ਰਧਾਜਲੀ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਦੀਵਾਨ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਨੂੰ ਰਸਭਿੰਨੇ ਕੀਰਤਨ ਨਾਲ ਨਿਹਾਲ ਕੀਤਾ। ਗੁਰਮਤਿ ਕੈਂਪ ਦੇ ਵਿਦਿਆਰਥੀ ਸਤਜੋਤ ਸਿੰਘ ਅਤੇ ਬ੍ਰਹਮਜੋਤ ਸਿੰਘ ਨੇ ਕਵੀਸ਼ਰੀ ਵਾਰਾਂ ਰਾਂਹੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮੰਚ ਸੰਚਾਲਨ ਦੀ ਸੇਵਾ ਕਰਦਿਆਂ ਭਾਈ ਜਤਿੰਦਰਬੀਰ ਸਿੰਘ ਪਧਿਆਣਾ ਨੇ ਦੁਨੀਆਂ ਭਰ ਵਿੱਚ ਚੱਲ ਰਹੀਆਂ ਅਜ਼ਾਦੀ ਪ੍ਰਾਪਤੀ ਦੀਆਂ ਲਹਿਰਾਂ ਤੇ ਸਿੱਖ ਸੰਘਰਸ਼ ਦੇ ਪਹਿਲੂਆਂ ਬਾਰੇ ਵਿਚਾਰ ਪੇਸ਼ ਕਰਦਿਆਂ ਨਕੋਦਰ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕੀਤੀ। ਸਿੱਖ ਫੈਡਰੇਸ਼ਨ ਜਰਮਨੀ ਦੇ ਸੀਨੀਅਰ ਆਗੂ ਭਾਈ ਗੁਰਦਿਆਲ ਸਿੰਘ ਲਾਲੀ ਨੇ ਅੱਖੀ ਡਿੱਠੇ ਨਕੋਦਰ ਸਾਕੇ ਦੇ ਸ਼ਹੀਦਾਂ ਬਾਰੇ ਜਾਣਕਾਰੀ ਭਰਪੂਰ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਬੱਬਰ ਖਾਲਸਾ ਜਰਮਨੀ ਦੇ ਮੁੱਖੀ ਜਥੇਦਾਰ ਰੇਸ਼ਮ ਸਿੰਘ ਬੱਬਰ ਹੋਰਾਂ ਸ਼ਰਧਾਜਲੀ ਭੇਟ ਕਰਦਿਆਂ ਆਖਿਆ ਕਿ 33 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਦੋਸ਼ੀਆਂ ਨੂੰ ਫੜਿਆ ਨਹੀ ਗਿਆ ਤੇ ਨਾਂ ਹੀ ਦੋਸ਼ੀ ਪੁਲਿਸੀਆਂ ਖਿਲਾਫ ਕੋਈ ਕਾਰਵਾਈ ਕੀਤੀ ਹੈ। ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ ਨੇ ਅਪਣੇ ਭਾਸਣ ਵਿੱਚ ਕਿਹਾ ਕਿ 1986 ਵਿੱਚ ਸੁਰੂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਬਰਗਾੜੀ ਤੱਕ ਪਹੁੰਚ ਗਈਆਂ ਪਰ ਸਿੱਖ ਕੌਂਮ ਨੂੰ ਹਮੇਸਾਂ ਹੀ ਇਨਸਾਫ਼ ਲਈ ਸੰਘਰਸ਼ ਕਰਨਾ ਪਿਆ। ਉਹਨਾਂ ਨਕੋਦਰ ਅਤੇ ਬਹਿਬਲ ਕਲਾਂ ਕਾਂਡ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ। ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਸ਼ਹੀਦਾਂ ਦਾ ਡੁੱਲਿਆਂ ਖੂਨ ਕਦੇ ਵੀ ਅਜ਼ਾਈ ਨਹੀ ਜਾਵੇਗਾ ਤੇ ਕੌਂਮ ਅਜ਼ਾਦੀ ਪ੍ਰਾਪਤੀ ਤੱਕ ਸੰਘਰਸ਼ ਕਰਦੀ ਹੋਈ ਮੰਜਿਲ ਦੀ ਪ੍ਰਾਪਤੀ ਕਰੇਗੀ। ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਜਰਮਨੀ ਦੇ ਪ੍ਰਧਾਨ ਭਾਈ ਸੋਹਣ ਸਿੰਘ ਕੰਗ ਨੇ ਇਸ ਸ਼ਹੀਦੀ ਸਮਾਗਮ ਲਈ ਸਿੱਖ ਸੰਗਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ। ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਸ਼ਹੀਦ ਭਾਈ ਬਲਧੀਰ ਸਿੰਘ ਦੇ ਭਰਾਤਾ ਇੰਦਰਪਾਲ ਸਿੰਘ ਗੋਰਾ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ‘ਤੋਂ ਇਲਾਵਾ ਭਾਈ ਪ੍ਰਤਾਪ ਸਿੰਘ, ਭਾਈ ਰਜਿੰਦਰ ਸਿੰਘ, ਅਮਰਜੀਤ ਸਿੰਘ ਮੰਗੂਪੁਰ, ਅਵਤਾਰ ਸਿੰਘ ਪੱਡਾ ਅਤੇ ਭਾਈ ਜਰਨੈਲ ਸਿੰਘ ਆਦਿ ਸਿੱਖ ਆਗੂ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *