ਤਾਇਆ ੨੧


ਤਾਏ ਨੂੰ ਦਾਜ ਵਿਚ ਨਵਾਂ ਮੋਟਰਸੈਕਲ ਮਿਲ ਗਿਆ। ਗੱਡੇ ਦੇ ਚੂਲੇ ਤੇ ਬਹਿਕੇ ਮਹੇਂ ਹੱਕਣ ਵਾਲੇ ਨੂੰ ਹੁਣ ਮੋਟਰਸੈਕਲ ਕਿਵੇਂ ਚਲਾਉਣਾ ਆਵੇ। ਸਾਲ ਭਰ ਘਰੇ ਦਲਾਨ ਚ ਹੀ ਖੜ੍ਹਾ ਰੱਖਿਆ। ਅੱਕ ਕੇ ਤਾਈ ਨੇ ਇਕ ਦਿਨ ਹੁਕਮ ਚਾੜ੍ਹਤਾ, ਜਾਂ ਤਾਂ ਸਿਖ ਲਾ ਨਹੀਂ ਮੈ ਭਾਈਆਂ ਨੂੰ ਮੋੜ ਦੂ। ਤਾਏ ਨੇ ਕਿਸੇ ਦਾ ਮਿੰਨਤ ਤਰਲਾ ਕਰਕੇ ਸਿਖ ਹੀ ਲਿਆ। ਹੁਣ ਤਾਇਆ ਰੋਜ਼ ਹੀ ਮੰਡੀ ਨੂੰ ਵਗ ਜਿਆ ਕਰੇ। ਦੂਜੇ ਚੌਥੇ ਦਿਨ ਰਾਹ ਚ ਲੱਗੇ ਨਾਕੇ ਤੇ ਤਾਏ ਨੂੰ ਚਾਹ ਪਾਣੀ ਦੀ ਸੇਵਾ ਕਰਨੀ ਪੈ ਜਿਆ ਕਰੇ। ਇਕ ਦਿਨ ਉਹ ਭਤੀਜ ਨੂੰ ਪੁੱਛਦਾ, “ਯਾਰ ਆ ਰੋਜ਼ ਰੋਜ਼ ਦਾ ਕੰਮ ਔਖਾ, ਕੋਈ ਹੱਲ ਦੱਸ”
“ਇਹ ਤਾਂ ਬਾਹਲਾ ਸੌਖਾ, ਪੱਤਰਕਾਰ ਬਣ ਜਾ, ਫੇਰ ਨਹੀਂ ਕੁਝ ਕਹਿੰਦੇ ਨਾਕੇ ਆਲੇ”
ਨਾਲ ਹੀ ਉਹਨੇ ਦੱਸ ਤਾਂ ਬਈ ਪੱਤਰਕਾਰ ਆਲਾ ਕਾਰਡ ਕਿਵੇਂ ਬਣੂ ਤੇ ਇਕ ਬੰਦੇ ਨਾਲ ਮਿਲਾ ਵੀ ਦਿੱਤਾ, ਜਿਹੜਾ ਵੱਖ ਵੱਖ ਨਾਵਾਂ ਤੇ ਪੰਜ ਸਤ ਅਖਬਾਰਾਂ ਰਸਾਲੇ ਵੀ ਕੱਢਦਾ ਸੀ। ਸੌਦਾ ਸਸਤੇ ਵਿਚ ਹੀ ਹੋ ਗਿਆ ਤੇ ਤਾਇਆ ਫੋਟੋ ਆਲੇ ਕਾਰਡ ਦੇ ਸਹਾਰੇ ਮੰਡੀ ਦੇ ਫਜ਼ੂਲ ਗੇੜੇ ਵੀ ਮਾਰਨ ਲੱਗ ਪਿਆ। ਇਕ ਦਿਨ ਤਾਈ ਤੇ ਰੋਅਬ ਪਾਉਣ ਲਈ ਉਸਨੂੰ ਪਿੱਛੇ ਬਿਠਾ, ਨਾਕੇ ਤੋਂ ਲੰਘਣ ਲੱਗਾ ਤਾਂ, ਅੱਗਲਿਆ ਰੋਕ ਲਿਆ। ਤਾਏ ਨੇ ਕਾਰਡ ਦਿਖਾਇਆ ਤਾਂ ਇਕ ਮੁਸ਼ਕੜੀ ਜਿਹੀ ਦਿੱਖ ਵਾਲੇ ਨੇ ਪੁੱਛ ਲਿਆ, “ਆ ਬੀਬਾ ਤੇਰੀ ਕੀ ਲੱਗਦੀ ਆਂ?”
“ਤਾਈ ਆ ਤੁਹਾਡੀ।”
” ਹੱਛਾ, ਕੱਲ ਵਾਲੀ ਨੂੰ ਵੀ ਤੂੰ ਤਾਈ ਹੀ ਕਹਿੰਦਾ ਸੀ।”
ਉਸ ਤੋਂ ਬਾਅਦ ਜੋ ਹੋਇਆ ਉਹ ਕਲਮ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ।
-ਜਨਮੇਜਾ ਸਿੰਘ ਜੌਹਲ

Geef een reactie

Het e-mailadres wordt niet gepubliceerd. Vereiste velden zijn gemarkeerd met *