ਸੁੱਖ ਦਾ ਸਾਹ

ਮਨਦੀਪ ਬਹੁਤ ਤੇਜੀ ਨਾਲ ਤੁਰੀ ਜ ਰਹੀ ਸੀ। ਉਸ ਦੇ ਹੱਥ ‘ਚ ਸਾਇਕਲ ਪਿੱਛੇ ਬਸਤਾ ਟੰਗਿਆ ਹੋਇਆ ਸੀ। ਮਨ ਹੀ ਮਨ ਸੋਚਦੀ ਜਾ ਰਹੀ ਸੀ, ‘ਅੱਜ ਤਾਂ ਲੇਟ ਹੀ……ਹਰਪ੍ਰੀਤ ਗਾਲ੍ਹਾਂ ਦੇਵੇਗੀ’। ਹਰਪ੍ਰੀਤ ਮਨਦੀਪ ਦੀ ਪੱਕੀ ਸਹੇਲੀ ਸੀ। ਮਨਦੀਪ ਉਸ ਨੂੰ ਹਰ ਰੋਜ਼ ਘਰੋਂ ਬੁਲਾ ਕੇ ਲਿਜਾਂਦੀ ਸੀ। ਉਸ ਦਾ ਘਰ ਸਕੂਲ ਦੇ ਰਸਤੇ ਵਿਚ ਆਉਂਦਾ ਸੀ। ਹਰਪ੍ਰੀਤ ਕੋਲ ਸਾਇਕਲ ਨਹੀਂ ਸੀ। ਮਨਦੀਪ ਉਸਨੂੰ ਆਪਣੇ ਨਾਲ ਲੈ ਕੇ ਜਾਂਦੀ ਸੀ। ਸਕੂਲ ਪਿੰਡ ਤੋਂ ਢਾਈ ਕੁ ਮੀਲ ਦੂਰ ਸੀ।
ਹਰਪ੍ਰੀਤ ਦੇ ਘਰ ਅੱਗੇ ਆ ਕੇ ਜਦੋਂ ਮਨਦੀਪ ਨੇ ਅਵਾਜ਼ ਮਾਰਦੇ ਹੋਏ ਗਲੀ ‘ਚੋਂ ਅੰਦਰ ਨੂੰ ਨਿਗ੍ਹਾ ਮਾਰੀ, ਤਾਂ ਅੰਦਰ ਘਰ ‘ਚ ਇੱਕਠ ਹੋ ਰਿਹਾ ਸੀ। ਮਨਦੀਪ ਨੇ ਜਲਦੀ ਨਾਲ ਸਾਇਕਲ ਖੜਾ ਕੇ ਅੰਦਰ ਚਲੀ ਗਈ। ਉਸਨੇ ਦੇਖਿਆ ਹਰਪ੍ਰੀਤ ਦਾ ਬਾਪੂ ਬਹੁਤ ਔਖੇ ਸਾਹ ਲੈ ਰਿਹਾ ਸੀ। ਉਸਨੂੰ ਕਾਫ਼ੀ ਸਮੇਂ ਤੋਂ ਸਾਹ ਦੀ ਬਿਮਾਰੀ ਸੀ। ਪਤਾ ਨਹੀਂ ਸੀ ਲਗਦਾ ਕਦੋਂ ਸਾਹ ਉੱਖੜ ਜਾਂਦਾ, ਕਿੰਨਾ-ਕਿੰਨਾ ਵਕਤ ਔਖੇ ਹੀ ਸਾਹ ਲਈ ਜਾਂਦਾ ਸੀ। ਅੱਜ ਵੀ ਉਸੇ ਤਰ੍ਹਾਂ ਹੋ ਰਿਹਾ ਸੀ। ਹਰਪ੍ਰੀਤ ਕੋਲ ਖੜੀ ਰੋ ਰਹੀ ਸੀ। ਹਰਪ੍ਰੀਤ ਬਹੁਤ ਛੋਟੀ ਸੀ, ਜਦੋਂ ਤੋਂ ਉਸਦਾ ਬਾਪੂ ਬਿਮਾਰ ਸੀ। ਭਰਾ ਵੱਡੇ ਸਨ, ਉਹ ਵੀ ਸ਼ਰਾਬੀ। ਅੱਗੋਂ ਭਰਜਾਈਆਂ ਵੀ ਦੁਖੀ ਸਨ। ਹਰ ਰੋਜ਼ ਕੁਟ ਮਾਰ ਕਰਦੇ ਰਹਿੰਦੇ ਇੱਥੋਂ ਤੱਕ ਕਿ ਹਰਪ੍ਰੀਤ ਤੇ ਉਸਦੀ ਮਾਂ ਨੂੰ ਵੀ ਮਾਰਦੇ ਰਹਿੰਦੇ ਸੀ। ਹਰਪ੍ਰੀਤ ਬਹੁਤ ਦੁੱਖੀ ਸੀ। ਪੜ੍ਹਨ ‘ਚ ਉਹ ਬਹੁਤ ਹੁਸ਼ਿਆਰ ਸੀ। ਸਾਰੇ ਟੀਚਰ ਵੀ ਬਹੁਤ ਪਿਆਰ ਕਰਦੇ ਸਨ। ਦੋਵੇਂ ਸਹੇਲੀਆਂ ਦਾ ਆਪਸੀ ਬਹੁਤ ਪਿਆਰ ਸੀ। ਮਨਦੀਪ ਨੇ ਹਰਪ੍ਰੀਤ ਨੂੰ ਦਿਲਾਸਾ ਦਿੱਤਾ ‘ਤੇ ਚੁੱਪ ਹੋਣ ਨੂੰ ਕਿਹਾ। ਹਰਪ੍ਰੀਤ ਦੀ ਮਾਂ ਵੀ ਉਸਦੇ ਬਾਪੂ ਦੇ ਸਿਰਹਾਣੇ ਬੈਠੀ ਰੋ ਰਹੀ ਸੀ।
ਅੱਜ ਪਹਿਲਾਂ ਨਾਲੋਂ ਜ਼ਿਆਦਾ ਔਖਾ ਸਾਹ ਲੈ ਰਿਹਾ ਸੀ। ਘਰ ਵਿਚ ਖੜੀਆਂ ਜਨਾਨੀਆਂ ਵਿਚੋਂ ਇੱਕ ਸਿਆਣੀ ਬਜ਼ੁਰਗ ਔਰਤ ਕਹਿ ਰਹੀ ਸੀ ਕਿ ਸਾਹ ਦਾ ਰਹੀਆਂ ਆਇਆ ਨਾ ਆਇਆ। ਕੋਈ ਹਰਪ੍ਰੀਤ ਵੱਲ ਤੇ ਕੋਈ ਉਸਦੀ ਮਾਂ ਵੱਲ ਵੇਖ ਆਖੀ ਜਾ ਰਿਹਾ ਸੀ, ‘ਵਿਚਾਰੀਆਂ ਨੂੰ ਕਦੀ ਸੁੱਖ ਦਾ ਸਾਹ ਨਹੀਂ ਮਿਲਣਾ’। ਹਰਪ੍ਰੀਤ ਦੀ ਮਾਂ ਨੇ ਪਹਿਲਾਂ ਬੀਮਾਰ ਪਤੀ ਨਾਲ ਕੱਟ ਕੇ ਮਸਾ ਬੱਚੇ ਪਾਲੇ ਲੋਕਾਂ ਦੇ ਘਰਾਂ ‘ਚ ਕੰਮ ਕਰ-ਕਰ ਫਿਰ ਵਿਆਹੇ ਸਨ। ਅੱਗੋਂ ਤਿੰਨੋਂ ਮੁੰਡੇ ਨਲਾਇਕ ਨਿਕਲੇ। ਵਿਚਾਰੀ ਹਰਪ੍ਰੀਤ ਰਹਿ ਗਈ ਸੀ, ਕਿਉਂਕਿ ਉਹ ਸਾਰਿਆਂ ਤੋਂ ਛੋਟੀ ਸੀ। ਹੁਣ ਦਸਵੀਂ ਕਲਾਸ ਵਿੱਚ ਪੜ੍ਹਦੀ ਸੀ। ਅੱਜ ਉਸਦਾ ਪੇਪਰ ਸੀ। ਵਿਹੜੇ ਖੜੀਆਂ ਔਰਤਾਂ ਨੇ ਹਰਪ੍ਰੀਤ ਨੂੰ ਕਿਵੇਂ ਨਾ ਕਿਵੇਂ ਕਰਕੇ ਸਕੂਲ ਪੇਪਰ ਦੇਣ ਲਈ ਭੇਜ ਦਿੱਤਾ।
ਅਜੇ ਗਿਆਰ੍ਹਾਂ ਹੀ ਵੱਜੇ ਸਨ ਕਿ ਹਰਪ੍ਰੀਤ ਨੂੰ ਲੈਣ ਲਈ ਉਸਦੇ ਤਾਏ ਦਾ ਮੁੰਡਾ ਆ ਗਿਆ। ਉਸਦਾ ਬਾਪੂ ਦੁਨੀਆ ਤੋਂ ਚਲ ਵਸਿਆ ਸੀ। ਹਰਪ੍ਰੀਤ ਦਾ ਪੇਪਰ ਅਜੇ ਰਹਿੰਦਾ ਸੀ। ਮੈਡਮ ਨੇ ਪੇਪਰ ਜਲਦੀ ਕਰਨ ਲਈ ਕਿਹਾ। ਹਰਪ੍ਰੀਤ ਸੋਚ ਰਹੀ ਸੀ ਕਿ ਪੇਪਰ ‘ਚ ਤਾਂ ਅਜੇ ਘੰਟਾ ਪਿਆ, ਮੈਡਮ ਜਲਦੀ ਕਿਉਂ ਕਹਿ ਰਹੇ ਨੇ? ਚਪੜਾਸੀ ਕਲਾਸ ਅੰਦਰ ਆਇਆ ‘ਤੇ ਹਰਪ੍ਰੀਤ ਦੇ ਘਰੋਂ ਲੈਣ ਆਏ ਉਸਦੇ ਤਾਏ ਦੇ ਮੁੰਡੇ ਬਾਰੇ ਦਸਿਆ। ਹਰਪ੍ਰੀਤ ਦਾ ਮੱਥਾ ਠਣਕ ਗਿਆ ਕਿ ਕੋਈ ਅਣਹੋਣੀ ਹੋ ਗਈ। ਉਸ ਦੀਆਂ ਅੱਖਾਂ ‘ਚੋਂ ਤਪਕ-ਤਪਕ ਹੰਝੂ ਡਿੱਗਣ ਲੱਗੇ। ਜਦੋਂ ਉਸ ਨੇ ਆਪਣੇ ਤਾਏ ਦੇ ਮੁੰਡੇ ਨੂੰ ਦੇਖਿਆ ਤਾਂ ਰੌਣ ਲੱਗ ਪਈ। ਪੁੱਛਣ ਲੱਗੀ, “ਬਾਪੂ ਠੀਕ ਹੈ?” ਉਸਦੇ ਭਰਾ ਬਿਨਾਂ ਬੋਲੇ ਹੀ ਸਿਰ ਹਿਲਾ ਦਿੱਤਾ, “ਹਾਂ ਠੀਕ ਐ”। ‘ਪਰ ਉਹ ਉਸਨੂੰ ਲੈਣ ਕਿਉਂ ਆਇਆ’, ਉਹ ਮਨ ਹੀ ਮਨ ਸਮਝ ਚੁੱਕੀ ਸੀ। ‘ਕੀ ਉਸਦਾ ਬਾਪੂ ਇਸ ਦੁਨੀਆ ਵਿੱਚ ਨਹੀਂ ਰਿਹਾ!’
ਘਰ ਆਏ ਤਾਂ ਕੂਕ ਰੌਲੀ ਪਈ ਰਹੀ ਸੀ। ਉਹ ਸੁੰਨ ਹੋ ਗਈ। ਪਿੰਡ ਦੀਆਂ ਔਰਤਾਂ ਫੜ ਕੇ ਉਸਨੂੰ ਉਸਦੇ ਪਿਓ ਦੀ ਮੰਜੀ ਕੋਲੇ ਲੈ ਗਈਆਂ। ਮੂੰਹ ਨੰਗਾ ਕਰਕੇ ਦਿਖਾਇਆ, ਉਹ ਮੂੰਹ ਦੇਖਣ ਸਾਰ ਹੀ ਉੱਚੀ-ਉੱਚੀ ਰੋਣ ਲੱਗ ਪਈ। ਕਿਸੇ ਤਰ੍ਹਾਂ ਕਰਦੇ ਕਰਾਉਂਦੇ ਸਭ ਕੁਝ ਹੋ ਗਿਆ। ਮਰਨ ਤੋਂ ਨੌਵੇਂ ਦਿਨ ਭੋਗ ਪੈ ਗਿਆ। ਸਾਰੇ ਰਿਸ਼ਤੇਦਾਰ ਇੱਕਠੇ ਬੈਠੇ ਸਨ। ਕੋਈ ਕਹਿ ਰਿਹਾ ਸੀ ਕਿ ਭਾਈ ਕੁੜੀ ਨੂੰ ਸਕੂਲੋਂ ਹਟਾ ਲੈ ਤੇ ਕੋਈ ਮੁੰਡਾ ਦੇਖ ਕੇ ਚੁੰਨੀ ਚੜਾ ਕੇ ਕੁੜੀ ਨੂੰ ਤੋਰ ਦੇ। ਤੇਰੇ ਸਿਰ ਦਾ ਭਾਰ ਹੌਲਾ ਹੋਜੂ। ਸਭ ਆਪੋ ਆਪਣੀ ਸਲਾਹ ਦੇ ਰਹੇ ਸਨ। ਮਨਦੀਪ ਵੀ ਭੋਗ ਤੇ ਆਪਣੀ ਮਾਂ ਨਾਲ ਉਹਨਾਂ ਦੇ ਘਰ ਬੈਠੀ ਸਭ ਦੀਆਂ ਗੱਲਾਂ ਸੁਣ ਰਹੀ ਸੀ। ਉਹ ਸੋਚ ਰਹੀ ਸੀ ਕਿ ਇਹ ਮਾਵਾਂ-ਧੀਆਂ ਕਦੀ ਸੁੱਖ ਦਾ ਸਾਹ ਵੀ ਲੈਣ ਗਈਆਂ! ਮਨਦੀਪ ਸੋਚ ਰਹੀ ਸੀ ਕਿ ਜਦੋਂ ਦੀਆਂ ਉਹ ਇੱਕਠੀਆਂ ਨੇ ਕਦੀ ਵੀ ਹਰਪ੍ਰੀਤ ਨੂੰ ਖੁੱਲ ਕੇ ਹੱਸਦੇ ਨਹੀਂ ਦੇਖਿਆ ਸੀ। ਹਮੇਸ਼ਾ ਦੁੱਖਾਂ ਤਕਲੀਫਾਂ ਵਿੱਚ ਹੀ ਦੇਖਦੀ ਆਈ ਹਾਂ।
ਹਰਪ੍ਰੀਤ ਦਸਵੀਂ ਕਰਕੇ ਮਾਂ ਨਾਲ ਖੇਤਾਂ ਦਾ ਕੰਮ ਕਰਾਉਂਦੀ। ਹੁਣ ਦੋਵੇਂ ਮਾਵਾਂ-ਧੀਆਂ ਆਪਣਾ ਖਰਚ ਆਪ ਚਲਾਉਂਦੀਆਂ। ਭਰਾ ਅੱਡੋ ਅੱਡੀ ਸਨ। ਕਈ ਵਾਰ ਨਸ਼ੇ ਵਿਚ ਉਹਨਾਂ ਦੇ ਕਮਾਏ ਪੇਸੈ ਵੀ ਖੋ ਕੇ ਲੈ ਜਾਂਦੇ। ਕਈ ਵਾਰੀ ਭਰਜਾਈਆਂ ਵੀ ਉਸਨੂੰ ਤੇ ਉਸਦੀ ਮਾਂ ਨੂੰ ਗਾਲ੍ਹਾਂ ਦਿੰਦੀਆਂ ਕਿ ਅਮਲੀ ਉਹਨਾਂ ਦੇ ਪੱਲੇ ਪਾ ਦਿੱਤੇ। ਪਰ ਵਿਚਾਰੀਆਂ ਚੁੱਪ-ਚਾਪ ਸਹਿਣ ਕਰ ਜਾਂਦੀਆਂ ਸਨ। ਸ਼ਾਇਦ ਮਨ ਹੀ ਮਨ ਸੋਚਦੀਆਂ ਸੀ ਕਿ ਰੱਬ ਕਦੇ ਤਾਂ ਸੁਣੇਗਾ।
ਇਸ ਤਰ੍ਹਾਂ ਇੱਕ ਦਿਨ ਉਹਨਾਂ ਦੇ ਘਰ ਗੁਆਂਢ ਦੀ ਕੁੜੀ ਹਰਪ੍ਰੀਤ ਲਈ ਰਿਸ਼ਤਾ ਲੈ ਕੇ ਆਈ। ਹਰਪ੍ਰੀਤ ਕੱਦ-ਕਾਠ ਦੀ ਲੰਮੀ ਤੇ ਸੋਹਣੀ ਸੀ। ਮੁੰਡੇ ਦੇ ਘਰ ਦੀ ਵਰਕਸ਼ਾਪ ਸੀ। ਮੁੰਡੇ ਦੀ ਮਾਂ ਨਹੀਂ ਸੀ। ਪਿਓ ਫੌਜ਼ ‘ਚ ਰਿਟਾਇਰ ਸੀ। ਉਹ ਦੋ ਭਰਾ ਸਨ। ਕੰਮ ਕਾਜ ਬਹੁਤ ਵਧਿਆ ਸੀ। ਉਹਨਾਂ ਨੂੰ ਘਰ ਸਾਂਭਣ ਵਾਲੀ ਕੁੜੀ ਚਾਹੀਦੀ ਸੀ। ਮੁੰਡਾ ਵੀ ਬਹੁਤ ਸਾਊ ਤੇ ਸੋਹਣਾ ਸਨੁੱਖਾ ਸੀ। ਗੱਲ ਅੱਗੇ ਚਲਦੀ ਗਈ। ਹਰਪ੍ਰੀਤ ਦੇ ਭਰਾ ਤੇ ਮਾਮੇ ਮੁੰਡਾ ਦੇਖ ਆਏ। ਹੁਣ ਗੱਲ ਹਰਪ੍ਰੀਤ ‘ਤੇ ਸੀ ਕਿਉਂਕਿ ਮੁੰਡੇ ਨੇ ਹਰਪ੍ਰੀਤ ਨੂੰ ਦੇਖਣਾ ਸੀ। ਹਰਪ੍ਰੀਤ ਮਨ ਹੀ ਮਨ ਬਹੁਤ ਖੁਸ਼ ਸੀ। ਕਿਤੇ ਨਾ ਕਿਤੇ ਉਸਨੂੰ ਡਰ ਵੀ ਸੀ ਕਿ ਕਿਤੇ ਮੁੰਡਾ ਉਸਨੂੰ ਪਸੰਦ ਨਾ ਕਰੇ। ਮਨਦੀਪ ਦੇਖ ਦਖਾਈ ਕਰਨ ਤੋਂ ਪਹਿਲਾਂ ਦੇਰ ਰਾਤ ਤੱਕ ਹਰਪ੍ਰੀਤ ਦੇ ਘਰ ਰਹੀ। ਦੋਵਾਂ ਨੇ ਖੂਬ ਗੱਲਾਂ ਕੀਤੀਆਂ। ਹਰਪ੍ਰੀਤ ਦੇ ਚਿਹਰੇ ‘ਤੇ ਖੁਸ਼ੀ ਦੇ ਨਾਲ-ਨਾਲ ਇੱਕ ਡਰ ਵੀ ਦਿਖਾਈ ਦੇ ਰਿਹਾ ਸੀ।
ਅਗਲੇ ਦਿਨ ਮਾਵਾਂ-ਧੀਆਂ ਜਲਦੀ ਉਠੀਆਂ ਤੇ ਘਰ ਦਾ ਸਾਰਾ ਕੰਮ ਨਿਬੇੜ ਲਿਆ। ਹਰਪ੍ਰੀਤ ਨੂੰ ਮਾਂ ਨੇ ਜਲਦੀ ਤਿਆਰ ਹੋਣ ਨੂੰ ਕਹਿ ਦਿੱਤਾ। ਗੁਆਂਢੀਆਂ ਦੀ ਕੁੜੀ ਨੇ ਸੁਨੇਹਾ ਲਾ ਦਿੱਤਾ ਸੀ ਕਿ ਮੁੰਡੇ ਵਾਲੇ ਜਲਦੀ ਆਉਣਗੇ। ਪ੍ਰੋਗਰਾਮ ਗੁਰਦੁਆਰੇ ਵਿਚ ਰੱਖਿਆ ਗਿਆ ਸੀ। ਦੇਖ ਦਿਖਾਈ ਹੋਈ ਸਮੇਂ ਹਰਪ੍ਰੀਤ ਨੂੰ ਪਸੰਦ ਆ ਗਈ ਸੀ। ਮੁੰਡੇ ਦਾ ਨਾਂਓ ਚਰਨਜੀਤ ਸੀ। ਹਰਪ੍ਰੀਤ ਅੱਜ ਬਹੁਤ ਖੁਸ਼ ਸੀ, ਸ਼ਾਇਦ ਜ਼ਿੰਦਗੀ ‘ਚ ਸਭ ਤੋਂ ਵੱਧ ਖੁਸ਼ ਸੀ। ਘਰ ਆਉਣ ਸਾਰ ਸਭ ਤੋਂ ਪਹਿਲਾਂ ਉਹ ਮਨਦੀਪ ਦੇ ਘਰ ਲੱਡੂ ਲੈ ਕੇ ਆਪਣੀ ਖੁਸ਼ੀ ਸਾਂਝੀ ਕਰਨ ਗਈ। ਦੋਨਾਂ ਨੇ ਬਹੁਤ ਗੱਲਾਂ ਕੀਤੀਆਂ। ਮਨਦੀਪ ਚਰਨਜੀਤ ਬਾਰੇ ਹਰਪ੍ਰੀਤ ਤੋਂ ਕੁਝ ਕੁਝ ਪੁੱਛੀ ਜਾ ਰਹੀ ਸੀ। ਹਰਪ੍ਰੀਤ ਸ਼ਰਮਾਉਂਦੇ-ਸਰਮਾਉਂਦੇ ਦੱਸ ਰਹੀ ਸੀ। ਫਿਰ ਦੋਨੋਂ ਜਣੀਆਂ ਪਿੰਡ ਦੇ ਗੁਰਦੁਆਰੇ ਰੱਬਾ ਦਾ ਸ਼ੁਕਰਾਨਾ ਕਰਨ ਲਈ ਮੱਥਾ ਟੇਕਣ ਚਲੀਆਂ ਗਈਆਂ। ਮੱਥਾ ਟੇਕ ਜਦੋਂ ਬਾਹਰ ਆਈਆਂ ਤਾਂ ਲੰਬੜਾਂ ਦੀ ਬੁੜੀ ਮਿਲ ਗਈ ਤੇ ਹਾਲ ਚਾਲ ਪੁੱਛਣ ਲੱਗੀ। ਹਰਪ੍ਰੀਤ ਨੂੰ ਦੇਖ ਕੇ ਕਹਿਣ ਲੱਗੀ, “ਚਲ ਧੀਏ ਫ਼ਿਕਰ ਨਾ ਕਰਿਆ ਕਰ। ਕਦੀ ਤਾਂ ਰੱਬ ਸੁਣੂਗਾ ਈ। ਕਦੇ ਤਾਂ ਸੁੱਖ ਦਾ ਸਾਹ ਮਿਲੂ……ਜਿਉਂਦੀ ਰਹੇ। ਤੇਰੀ ਮਾਂ ਜਿਉਂਦੀ ਰਹੇ। ਤੇਰੇ ਭਾਈ ਜਿਹੋ ਵੀ ਨੇ”। ਹਰਪ੍ਰੀਤ ਮਨ ਭਰ ਆਈ। ਮਨਦੀਪ ਨੇ ਉਸਨੂੰ ਚੁੱਪ ਹੋਣ ਲਈ ਕਿਹਾ ਕਿ ਅੱਜ ਨਾ ਰੋ। ਅੱਜ ਤਾਂ ਬੜੀ ਖੁਸ਼ੀ ਦਾ ਦਿਨ ਹੈ। ਰਾਤ ਨੂੰ ਉਸਦੀ ਮਾਂ ਨੇ ਖੀਰ ਬਣਾਈ। ਹਰਪ੍ਰੀਤ ਨੇ ਮਨਦੀਪ ਨੂੰ ਵੀ ਸੁਨੇਹਾ ਭੇਜ ਕੇ ਬੁਲਾ ਲਿਆ ਸੀ। ਦੋਵੇਂ ਮਾਵਾਂ ਧੀਆਂ ਬਹੁਤ ਖੁਸ਼ ਸਨ।
ਕੁਝ ਦਿਨ ਲੰਘੇ ਕਿ ਚਰਨਜੀਤ ਨੇ ਵਿਚੋਲੇ ਤੋਂ ਫੋਨ ਨੰਬਰ ਮੰਗ ਲਿਆ। ਹਰਪ੍ਰੀਤ ਦੇ ਘਰ ਫੋਨ ਨਹੀਂ ਸੀ। ਉਸਨੇ ਮਨਦੀਪ ਦੇ ਘਰ ਦਾ ਨੰਬਰ ਦੇ ਦਿੱਤਾ। ਚਰਨਜੀਤ ਹਫ਼ਤੇ ‘ਚ ਦੋ ਵਾਰ ਫੋਨ ਕਰਿਆ ਕਰਦਾ। ਕਿੰਨਾ-ਕਿੰਨਾ ਚਿਰ ਦੋਵੇਂ ਗੱਲਾਂ ਕਰਦੇ ਰਹਿੰਦੇ। ਮੰਗਣੇ ਹੋਏ ਨੂੰ ਦੋ ਮਹਿਨੇ ਹੋ ਗਏ ਸਨ। ਹਰਪ੍ਰੀਤ ਤੇ ਉਸਦੀ ਮਾਂ ਨੇ ਵਿਆਹ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਕਿਉਂਕਿ ਚਰਨਜੀਤ ਦੇ ਪਿਓ ਨੇ ਪਹਿਲੇ ਨਰਾਤਿਆਂ ਨੂੰ ਵਿਆਹ ਕਰਨ ਤਾਰੀਕ ਕੀਤੀ ਸੀ।
ਵਿਆਹ ਦੀਆਂ ਸਭ ਤਿਆਰੀਆਂ ਹੋ ਚੁੱਕੀਆਂ ਸਨ। ਸਿੱਧਾ ਸਾਦਾ ਹੀ ਵਿਆਹ ਕਰਨਾ ਸੀ। ਦਸ ਕੁ ਬੰਦਿਆਂ ਨੇ ਹੀ ਆਉਣਾ ਸੀ। ਚੁੰਨੀ ਚੜਾ ਕਰ ਕੇ ਲੈ ਜਾਣਾ ਸੀ। ਇੱਕ ਨਰਾਤੇ ਨੂੰ ਵਿਆਹ ਹੋ ਗਿਆ। ਉਸਦੀ ਮਾਂ ਬਹੁਤ ਰੋਈ। ਕਿਉਂਕਿ ਉਸਦੇ ਸਹਾਰੇ ਨਾਲ ਉਹ ਹੀ ਰਹਿੰਦੀ ਸੀ। ਮਾਵਾਂ ਧੀਆਂ ਇੱਕਠੀਆਂ ਬੈਠ ਕੇ ਅੰਨ-ਪਾਣੀ ਕਰਦੀਆਂ ਸਨ। ਹੁਣ ਉਹ ਇਕ ੱਲੀ ਰਹਿ ਗਈ ਸੀ। ਅੰਦਰੋਂ-ਅੰਦਰ ਇੱਕ ਖੁਸ਼ੀ ਵੀ ਸੀ ਕਿ ਉਹ ਆਪਣੇ ਘਰ ਚਲੀ ਗਈ। ਕੁੜੀ ਦਾ ਪ੍ਰਾਹੁਣਾ ਵੀ ਬਹੁਤ ਵਧੀਆ ਸੁਭਾਅ ਦਾ ਸੀ।
ਲੰਘਦੇ ਲੰਘਾਉਂਦੇ ਕਰੀਬ ਦੋ ਸਾਲ ਲੰਘ ਗਏ। ਹਰਪ੍ਰੀਤ ਆਪਣੇ ਘਰ ਬਹੁਤ ਖੁਸ਼ ਸੀ। ਪਿੰਡ ਵੀ ਬਹੁਤ ਘੱਟ ਆਇਆ ਕਰਦੀ। ਜਦੋਂ ਵੀ ਆਉਂਦੀ ਭਰਾਵਾਂ ਤੋਂ ਦੁੱਖੀ ਹੋ ਕੇ ਹੀ ਜਾਂਦੀ ਸੀ। ਉਹਨੂੰ ਇਹ ਵੀ ਡਰ ਲੱਗਿਆ ਰਹਿੰਦਾ ਕਿ ਉਸਦੇ ਭਰਾ ਚਰਨਜੀਤ ਨੂੰ ਵੀ ਸ਼ਰਾਬ ਪੀਣ ਲਾ ਦੇਣ। ਪਰ ਦੋਵੇਂ ਜਣੇ ਪੂਰੀ ਟੌਰ ਕੱਢ ਕੇ ਮੋਟਰ ਸਾਇਕਲ ‘ਤੇ ਆਉਂਦੇ। ਸਾਰੇ ਦੇਖ ਕੇ ਖੁਸ਼ ਹੁੰਦੇ। ਚਲੋ ਇਹਨੂੰ ਵੀ ਸੁੱਖ ਦਾ ਸਾਹ ਮਿਲਿਆ। ਹਰਪ੍ਰੀਤ ਨੂੰ ਖੁਸ਼ ਦੇਖ ਮਾਂ ਵੀ ਬੜੀ ਖੁਸ਼ ਹੁੰਦੀ। ਉਸ ਕੋਲ ਪਹਿਲਾਂ ਮੁੰਡੇ ਨੇ ਜਨਮ ਲਿਆ ਤੇ ਫਿਰ ਦੋ ਸਾਲ ਬਾਅਦ ਕੁੜੀ ਹੋਈ। ਦੋਵੇਂ ਬੱਚੇ ਵਧੀਆ ਭੱਜਣ ਲੱਗ ਗਏ ਸਨ। ਹਰਪ੍ਰੀਤ ਆਪਣੇ ਬੱਚਿਆਂ ਅਤੇ ਪਤੀ ਨਾਲ ਬੜੀ ਖੁਸ਼ ਸੀ। ਉਸਦਾ ਦਿਓਰ ਪ੍ਰਦੇਸ ਚਲਿਆ ਗਿਆ ਸੀ। ਸਹੁਰਾ ਵੀ ਹਰਪ੍ਰੀਤ ਨੂੰ ਆਪਣੀ ਧੀਆਂ ਤੋਂ ਵੱਧ ਪਿਆਰ ਕਰਦਾ ਸੀ।
ਇਕ ਦਿਨ ਚਰਨਜੀਤ ਸਹਿਰੋਂ ਘਰ ਵਾਪਸ ਆ ਰਿਹਾ ਸੀ। ਮੋਟਰ ਸਾਇਕਲ ਤੇ ਬਹੁਤ ਸਾਰਾ ਸਮਾਨ ਲੱਦਿਆ ਹੋਇਆ ਸੀ। ਉਹਨਾਂ ਦੀ ਧੀ ਦਾ ਜਨਮਦਿਨ ਸੀ। ਹਰਪ੍ਰੀਤ ਘਰੇ ਤਿਆਰੀ ਕਰ ਰੱਖੀ ਸੀ। ਕਿਉਂਕਿ ਚਰਨਜੀਤ ਨੇ ਕੈਕ ਲੈ ਕੇ ਆਉਣਾ ਸੀ, ਉਸਨੇ ਖਾਣ-ਪੀਣ ਦੀਆਂ ਸਾਰੀਆਂ ਚੀਜਾਂ ਬਣਾ ਲਈਆਂ ਸਨ। ਜਦ ਚਰਨਜੀਤ ਪਿੰਡ ਵਾਲਾ ਮੋੜ ਮੋੜਨ ਲੱਗਿਆ ਅੱਗੋਂ ਤੇਜੀ ਨਾਲ ਕਾਰ ਉਸਦੇ ਮੋਟਰਸਾਇਕਲ ‘ਚ ਆ ਵੱਜੇ। ਉਸਨੇ ਸੰਭਲਣ ਦੀ ਬੜੀ ਕੋਸ਼ੀਸ਼ ਕੀਤੀ ਪਰ ਕਾਰ ਦੀ ਟੱਕਰ ਨਾਲ ਸੜਕ ‘ਤੇ ਗਰਦਨ ਭਾਰ ਡਿੱਗਿਆ। ਕੈਕ ਸੜਕ ਦੇ ਵਿਚਾਲੇ ਖਿਲਰ ਗਿਆ। ਚਰਨਜੀਤ ਦੀ ਗਰਦਨ ਗਿੱਡਦੇ ਸਾਰ ਹੀ ਟੁਟ ਗਈ। ਇਕੱਠ ਹੋ ਗਿਆ। ਘਰ ਉਡੀਕ ਰਹੀ ਹਰਪ੍ਰੀਤ ਨੂੰ ਉਸਨੂੰ ਹਸਪਤਾਲ ਪਹੁੰਚਾਏ ਜਾਣ ਦਾ ਸੁਨੇਹਾ ਦਿੱਤਾ ਗਿਆ। ਡਾਕਟਰ ਨੇ ਮ੍ਰਿਤਕ ਕਰਾਰ ਦਿੱਤਾ। ਅੱਜ ਫਿਰ ਹਰਪ੍ਰੀਤ ਟੁੱਟ ਗਈ ਸੀ। ਉਸਦੀ ਦੁਨੀਆ ਹੀ ਉਜੜ ਗਈ ਸੀ। ਉਹ ਕੰਧ ਬਣੀ ਬੈਠੀ ਸ਼ਾਇਦ ਇਹ ਸੋਚ ਰਹੀ ਸੀ, ‘ਇੰਨੇ ਸੁੱਖ ਦੇ ਸਾਹ…’। ਹਰਪ੍ਰੀਤ ਦੀ ਹਾਲਤ ਖਰਾਬ ਸੀ। ਸਭ ਉਸਨੂੰ ਹੌਂਸਲਾ ਦੇ ਰਹੇ ਸਨ ਕਿ ਫ਼ਿਕਰ ਨਾ ਕਰ ਸਭ ਠੀਕ ਹੋ ਜਾਵੇਗਾ। ਪੁੱਤ ਦੇ ਮਰਨ ਕਰਕੇ ਸਹੁਰਾ ਬਿਮਾਰ ਰਹਿਣ ਲੱਗ ਪਿਆ। ਮਾਂ ਜਵਾਈ ਦੇ ਮਰਨ ਤੋਂ ਛੇ ਮਹਿਨੇ ਬਾਅਦ ਗੁਜ਼ਰ ਗਈ। ਇੰਨੇ ਦੁੱਖਾਂ ਨਾਲ ਲੜਦੀ ਦੇ ਵੀਹ ਸਾਲ ਲੰਘ ਗਏ। ਪੁੱਤ ਜਵਾਨ ਹੋ ਚੁਕਿਆ ਸੀ। ਇਹ ਸੋਚ ਕੇ ਸਮੇਂ ਨਾਲ ਲੜਦੀ ਰਹੀ, ‘ਪੁੱਤ ਜਵਾਨ ਹੋਇਆ’। ਪਰ ਜਦੋਂ ਅੱਜ ਪੁੱਤ ਦਾਰੂ ਨਾਲ ਰੱਜ ਕੇ ਘਰ ਵੜਿਆ ਤਾਂ ਉਹ ਸੋਚੀਂ ਪੈ ਗਈ, ‘ਸੁੱਖ ਦੇ ਸਾਹ ਕਦੋਂ ਆਉਣਗੇ………’।

                          -ਰਾਜਵਿੰਦਰ ਕੌਰ 'ਭਰੂਰ' 

Geef een reactie

Het e-mailadres wordt niet gepubliceerd. Vereiste velden zijn gemarkeerd met *