ਪੰਜਾਬੀ ਮਾਂ ਬੋਲੀ ਵੱਲੋਂ ਬੱਚਿਆਂ ਨੂੰ ਪੱਤਰ

ਮੇਰੇ ਪਿਆਰੇ ਬੱਚਿਉ
ਮੈਂ ਤੁਹਾਨੂੰ ਇਹ ਪੱਤਰ (ਚਿੱਠੀ) ਆਪਣੇ ਘਰ ਪੰਜਾਬ ਖਾਲਸਤਾਨ ਦੀ ਸੋਹਣੀ ਧਰਤੀ ਦੇ ਖੁੱਲ੍ਹੇ ਵਿਹੜੇ ‘ਚ ਬੈਠੀ ਲਿੱਖ ਰਹੀ ਹਾਂ। ਤੁਹਾਡੀ ਮਾਂ
ਇੱਥੇ ਠੀਕ ਠਾਕ ਹੈ ਇਹ ਤਾਂ ਨਹੀਂ ਕਹਿ ਸਕਦੀ ਪਰ ਫਿਰ ਵੀ ਤੁਰੀ ਫਿਰਦੀ ਹਾਂ। ਇਕ ਮਾਂ ਹੋਣ ਦੇ ਨਾਤੇ ਮੈਂ ਆਪਣੇ ਬੱਚਿਆਂ ਦੀ ਤੰਦਰੁਸਤੀ ਸਦਾ
ਚਾਹੁੰਦੀ ਹਾਂ। ਗੱਲਬਾਤ ਇਸ ਤਰਾਂ ਹੈ ਕਿ ਮਾਪੇ ਕੁਮਾਪੇ ਨਹੀਂ ਹੁੰਦੇ ਪਰ ਬੱਚੇ ਕਬੱਚੇ ਬਣ ਜਾਂਦੇ ਹਨ। ਮੇਰੀ ਆਪਣੀ ਪੰਜਾਬ ਖਾਲਸਤਾਨ ਦੀ ਧਰਤੀ
ਉੱਪਰ ਮੈਂ ਆਪਣੇ ਆਪ ਨੂੰ ਇਕਲੇ ਪਣ ‘ਚ ਮਹਿਸੂਸ ਕਰ ਰਹੀ ਹਾਂ। ਕਦੇ ਕਦੇ ਮੈਨੂੰ ਉਹ ਸਮਾਂ ਯਾਦ ਆਉਂਦਾ ਹੈ, ਜਦੋਂ ਧੰਨੇ ਵਰਗੇ ਬੱਚਿਆਂ ਨੇ
ਮੇਰੇ ਪੰਜਾਬੀ ਬੋਲੀ ਦੇ ਨਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਮਾਖਿਉਂ ਮਿਠੀ ਆਖ ਆਖ ਕੇ ਜਗਤ ਦੇ ਸਾਹਮਣੇ ਆਪਣੇ ਆਪ ਨੂੰ ਮੇਰੇ ਬੱਚੇ ਹੋਣ ਦਾ
ਮਾਣ ਪ੍ਰਾਪਤ ਕੀਤਾ ਅਤੇ ਮੇਰੇ ਬੱਚਿਆਂ ਨੇ ਆਪਣੀ ਮਾਂ ਪੰਜਾਬੀ ਬੋਲੀ ਦੇ ਨਾਮ ‘ਤੇ ਸਿੱਕਾ ਚਲਾਇਆ। ਕਦੇ ਕਦੇ ਮੈਨੂੰ ਦਰਦਾਂ ਭਰੀ ਜਿੰ਼ਦਗੀ ਬਤੀਤ
ਕਰਦੇ ਬਟਾਲਵੀ ਦੀ ਯਾਦ ਸਤਾਉਂਦੀ ਹੈ। ਪੰਜਾਬ ਖਾਲਸਤਾਨ ਦੀ ਧਰਤੀ ਦੇ ਖੁੱਲ੍ਹੇ ਵਿੱਹੜੇ ਵਿੱਚ ਤੁਰਦੀ ਫਿਰਦੀ ਮੈਂ ਆਪਣੇ ਸ਼ੇਰਾਂ ਵਰਗੇ ਪੁੱਤਰਾਂ ਦੀ
ਪੰਜਾਬੀ ਮਾਂ ਬੋਲੀ ਲੰਗੜੀ ਲੂਲੀ ਹੋਈ ਫਿਰਦੀ ਮਹਿਸੂਸ ਕਰਦੀ ਹਾਂ।
ਲੰਮਾ ਸਮਾਂ ਪਿਹਲਾਂ ਮੇਰੇ, ਕਾਨ ਸਿੰਘ ਨਾਭਾ, ਨਰੈਣ ਸਿੰਘ, ਪ੍ਰੋ:ਸਾਹਿਬ ਸਿੰਘ, ਦਮੋਦਰ ਵਾਰਿਸਸ਼ਾਹ, ਬੁੱਲੇ ਸ਼ਾਹ, ਵਰਗੇ ਅਣਗਿਣਤ ਬੱਚਿਆਂ
ਨੇ ਆਪਣੀਆਂ ਅਕਲਾਂ ਦੇ ਤਿੱਖੇ ਖਿਆਲਾਂ ਅਤੇ ਕਲਮਾਂ ਨਾਲ ਮੈਨੂੰ ਖਰੋਚ ਖਰੋਚ ਕੇ ਦੁਨੀਆਂ ਸਾਹਮਣੇ ਮੇਰੀ ਇਕ ਵੱਖਰੀ ਪਹਿਚਾਣ ਬਣਾਈ ਸੀ।
ਪਰ ਅੱਜ ਕੱਲ੍ਹ ਮੇਰੇ ਆਪਣੇ ਬੱਚੇ ਹੀ ਆਪਣੀ ਪੰਜਾਬੀ ਮਾਂ ਬੋਲੀ ਨੂੰ ਘ੍ਰਿਣਾ ਕਰਦੇ ਦਿਸ ਰਹੇ ਨੇ। ਸੋ ਮੈਂ ਇਨ੍ਹਾਂ ਦਾ ਗੁੱਸਾ ਨਹੀਂ ਕਰਦੀ।
ਮੇਰੇ ਆਪਣੇ ਹੋਣ ਹਾਰ ਬੱਚਿਉ, ਤੁਹਾਡੀ ਆਪਣੀ ਪਿਆਰੀ ਪੰਜਾਬੀ ਮਾਂ ਬੋਲੀ ਨੇ, ਕਿਸੇ ਗੁਆਂਡਣ ਬੋਲੀ ਦੀ ਬੇਇਜ਼ਤੀ ਨਹੀਂ ਕੀਤੀ ਅਤੇ ਨਾ
ਹੀ ਉਸ ਨੂੰ ਤੁਹਾਡੀ ਮਤਰੇਈ ਮਾਂ ਦਾ ਦਰਜਾ ਲੈਣ ਦਿੱਤਾ ਹੈ। ਬਲਕਿ ਮੈਂ ਤਾਂ ਇਸ ਦਾ ਫੱਖਰ ਕਰਦੀ ਹਾਂ ਕਿ ਮੇਰੇ ਬੱਚੇ ਮੇਰੇ ਪਿਆਰ ਦਾ ਨਿੱਘ
ਮਾਣਦੇ ਮਾਣਦੇ, ਆਪਣੀਆਂ ਮਾਸੀਆਂ (ਦੂਜੀਆਂ ਬੋਲੀਆਂ) ਦਾ ਪਿਆਰ ਵੀ ਲੈ ਸਕਣ। ਪਰ ਇਹ ਗੱਲ ਪੱਕੀ ਹੈ ਕਿ ਮਾਸੀ-ਮਾਂ ਦਾ ਸਥਾਨ ਨਹੀਂ
ਪ੍ਰਾਪਤ ਕਰ ਸਕਦੀ। ਜੋ ਕਦੇ ਵੀ ਦੂਸਰੇ ਬੱਚੇ ਨੂੰ ਮਮਤਾ ਦੇ ਪਿਆਲੇ ‘ਚ ਜ਼ਹਿਰ ਮਿਲਾ ਕੇ ਦੇ ਸਕਦੀ ਹੈ ਤਾਂ ਕਿ ਸ਼ਰੀਕਣੀਆਂ, ਮੇਰੀਆਂ ਭੈਣਾਂ
ਦੂਸਰੀਆਂ ਬੋਲੀਆਂ ਦੇ ਮੁਕਾਬਲੇ, ਮੇਰੇ ਪਿਆਰੇ ਜੁਆਨ ਬੱਚਿਆਂ ਨੇ ਕੰਨਿਆ ਕੁਮਾਰੀ ਤੋਂ ਕਛਮੀਰ ਤੱਕ, ਕਾਬਲ ਤੋਂ ਕੰਧਾਰ ਤੱਕ ਆਪਣੀ ਪੰਜਾਬੀ
ਮਾਂ ਬੋਲੀ ਦਾ ਸਿਰ ਉੱਚਾ ਕੀਤਾ ਹੈ। ਅੱਜ ਮੇਰੇ ਕੁੱਝ ਲਾਈਲਗ ਕੰਨਾਂ ਦੇ ਕੱਚੇ ਬੱਚੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਇਜ਼ਤ ਮਾਣ ਸਤਿਕਾਰ ਨਾ ਦੇ ਕੇ
ਘਰ ਵਿੱਚ ਹੀ ਆਪਣੀ ਮਾਂ ਦੇ ਸਾਹਮਣੇ ਬੈਠ ਕੇ, ਆਪਣੀ ਮਾਸੀ (ਦੂਸਰੀ ਬੋਲੀ) ਨੂੰ ਇਜ਼ਤ ਮਾਣ ਦੇ ਕੇ ਆਪਣੀ ਪੰਜਾਬੀ ਮਾਂ ਬੋਲੀ ਦਾ ਵਜੂਦ ਖਤਮ
ਕਰਨ ਦੇ ਰਸਤੇ ਤੁਰ ਪਏ ਲੱਗਦੇ ਨੇ।
ਜਦ ਮੇਰੇ ਆਪਣੇ ਪਰਿਵਾਰਕ ਮੈਂਬਰਾਂ ਦੀ ਫੁੱਟ ਦੇ ਕਾਰਨ, ਆਪਣੇ ਘਰ ਤੇ ਵੀ ਗੋਰੀ ਚਮੜੀ ਦੀ ਹਕੂਮਤ ਆਈ ਤਾਂ ਉਹ ਆਪਣੇ ਨਾਲ ਹੀ
ਸ਼ਰਮ ਹਿਯਾ ਤੋਂ ਕੋਰੀ ਲਫਂਗੀ ਬੋਲੀ ਵੀ ਲੈ ਆਏ। ਗੋਰੀ ਚਮੜੀ ਅਤੇ ਲਫਂਗੀ ਬੋਲੀ ਨੇ ਆਉਂਦਿਆਂ ਹੀ ਮੇਰੀ ਹਰੀ ਭਰੀ, ਹਸਦੀ ਵਸਦੀ ਧਰਤੀ ਤੋਂ
ਧੰਨ ਸੋਨਾ ਚਾਂਦੀ ‘ਤੇ ਹੋਰ ਕੀਮਤੀ ਵਸਤਾਂ ਦੇ ਨਾਲ ਨਾਲ ਅਣਖ ਇਜ਼ਤ ਗੈਰਤ ਆਬਰੂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਝਰੀਟੇ ਹੋਏ ਜ਼ਖਮੀ
ਬਦਨ ‘ਤੇ ਮਲਮ ਦੀ ਥਾਂ ਨੂਣ ਛਿੜਕਦੇ ਰਹੇ ਅਤੇ ਮੈਂ ਰੋਂਦੀ ਕੁਰਲਾਉਂਦੀ ਰਹੀ। ਪੰਜਾਬੀ ਮਾਂ ਬੋਲੀ ਦੇ ਨਿੱਘੇ ਪਿਆਰ ‘ਚ ਪਲੇ ਹੋਏ ਮੇਰੇ ਅਣਖੀਲੇ
ਬੱਚਿਆਂ ਨੇ, ਉਸ ਲਫਂਗੀ ਬੋਲੀ ਦੇ ਵਾਰਸਾਂ ਨੂੰ ਐਸੇ ਐਸੇ ਚੱਣੇ ਚਬਾਏ ਕਿ ਉਨ੍ਹਾਂ ਦੇ ਪੈਰਾਂ ਥਲਿਉਂ ਮੇਰੇ ਪਿਆਰੇ ਵਤਨ ਦੀ ਧਰਤੀ ਖਿਸਕ ਗਈ।
ਉਹ ਅੱਜ ਤੱਕ ਪੰਜਾਬੀ ਮਾਂ ਬੋਲੀ ਦੇ ਬਫਾਦਾਰ ਬੱਚਿਆਂ ਦੀਆਂ ਬਹਾਦਰ ਕਰਤੂਤਾਂ ਕਰਕੇ ਮੇਰੇ ਵਤਨ ਵੱਲ ਨੂੰ ਮੂੰਹ ਕਰਕੇ ਲੰਮਾ ਸਾਹ ਵੀ ਨਹੀਂ ਲੈ
ਸਕਦੇ। ਮੇਰੇ ਬੱਚਿਆਂ ਦੇ ਦਲੇਰੀ ਭਰੇ ਕਾਰਨਾਮਿਆਂ ਮੂਹਰੇ ਉਹ ਅੱਡੀਆਂ ‘ਤੇ ਨਹੀਂ ਪੱਬਾਂ ਭਾਰ ਹੋ ਕੇ ਦੌੜੇ। ਪਰ ਜਾਂਦੇ ਜਾਂਦੇ ਉਹ ਮੇਰੇ ਕੁੱਝ ਕੰਨਾਂ
ਦੇ ਕੱਚੇ ਬੱਚਿਆਂ ਨੁੰ ਮਾਂ ਦੀ ਮਮਤਾ ਨਾਲ ਭੱਦਾ ਵਿਵਹਾਰ ਕਰਨਾ ਸਿੱਖਾ ਗਏ। ਭਾਵੇਂ ਮੈਂ ਅੱਜ ਵੀ ਉਹਨਾਂ ਨੂੰ ਦੁਰਕਾਰ ਫਿਟਕਾਰ ਰਹੀ ਹਾਂ, ਪਰ ਦੋਸ਼
ਆਪਣਿਆਂ ਦਾ ਵੀ ਘੱਟ ਨਹੀਂ। ਜੱਦ ਪੈਸਾ ਖੋਟਾ ਆਪਣਾ ਤਾਂ ਫਿਰ ਹੱਟ ਵਾਲੇ ਨੂੰ ਕੀ ਦੋਸ਼। ਕਦੇ ਕਦੇ ਮੇਰੇ ਬੱਚਿਆਂ ਦੇ ਬੁਲਾਂ ਤੇ ਲਫਂਗੀ ਬੋਲੀ ਮੇਰੇ
ਘਰ ਦੇ ਵਿਹੜੇ ਚੋਂ ਅੰਦਰ ਲੰਘਣ ਦੀ ਕੋਸਿ਼ਸ਼ ਕਰਦੀ ਹੈ। ਜੇ ਮੇਰੇ ਬੱਚਿਆਂ ‘ਚ ਅਣਖ ‘ਤੇ ਗੈਰਤ ਹੋਈ ਤਾਂ ਉਹ ਲਫਂਗੀ ਬੋਲੀ ਦੇ ਸਾਹਮਣੇ ਆਪਣੀ
ਪੰਜਾਬੀ ਮਾਂ ਬੋਲੀ ਦਾ ਨਿਰਾਦਰ ਨਹੀਂ ਹੋਣ ਦੇਣਗੇ। ਉਹ ਤੁਰਦੀ ਫਿਰਦੀ ਮੇਰੇ ਬੱਚਿਆਂ ਦੇ ਖਾਨਦਾਨੀ ਜੀਵਨ ਨੂੰ ਤਬਾਹ ਕਰਨ ਚ ਲੱਗੀ ਹੋਈ ਹੈ।
ਪਰ ਮੈਂ ਵੀ ਆਪਣੇ ਬੱਚਿਆਂ ਨੂੰ ਐਸੀ ਮਾਸੀ ਤੋਂ ਖਬਰਦਾਰ ਕਰਨ ਲਈ ਹਰ ਤਰੀਕਾ ਵਰਤਾਂਗੀ।
ਪਿਆਰੇ ਬੱਚਿਉ, ਮੈਂ ਆਪਣੇ ਜਜਬਾਤਾਂ ਦੇ ਵਹਿਣ ‘ਚ ਵਹਿੰਦੀ ਹੋਈ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਮੇਰਾ ਵਜੂਦ ਵਿਗਾੜਨ ਲਈ
ਦੋਸ਼ੀਆਂ ਨੂੰ ਤੁਸੀਂ ਕੀ ਸਜਾ ਦਿਉਗੇ ? ਜਾਂ ਫਿਰ ਚੁੱਪ ਰਹਿ ਕੇ ਆਪਣੀ ਮਾਂ ਦੀ ਹੋ ਰਹੀ ਬੇਪੱਤੀ ਦੇਖ ਕੇ ਡੁੰਨ ਬਣ ਕੇ ਬੈਠੇ ਰਹੋਗੇ। ਜਿਹੜੀ ਮਾਂ
ਆਪਣੇ ਘਰ ਵਿੱਚ ਸੁੱਖ ਨਾਲ ਦਿਨ ਨਹੀਂ ਕੱਟ ਸਕਦੀ, ਉਹਨੂੰ ਭਲਾ ਬੇਗਾਨਿਆਂ ਵਤਨਾਂ ‘ਚ ਕਿਹੜਾ ਵਿਚਰਨ ਦੇਉਗਾ। ਮੈਂ ਇਹ ਵੀ ਜਾਣਦੀ ਹਾਂ ਕਿ
ਮੇਰੇ ਪੁੱਤਰਾਂ ਵਰਗਾ ਵਿਸ਼ਾਲ ਜੇਰਾ ਕਿਸੇ ਦੇ ਬੱਚਿਆਂ ਦਾ ਨਹੀਂ ਹੋ ਸਕਦਾ। ਤੁਸੀਂ ਦਿਆਲੂ ਵੀ ਬਹੁਤ ਹੋ, ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ
ਤੁਸੀਂ ਕਿਸੇ ਦੀ ਮਾਂ ਨੂੰ ਮਾਂ ਕਹਿ ਕੇ ਮੇਰਾ ਨਿਰਾਦਰ ਕਰੋ।
ਵੇ ਅਕਲਾਂ ਵਾਲਿਓ, ਤੁਸੀਂ ਮੇਰੇ ਲਾਡ ਪਿਆਰ ਦਾ ਪੂਰਾ ਪੂਰਾ ਅਨੰਦ ਮਾਣਿਆ ਹੈ। ਹੁਣ ਤੁਸੀਂ ਵੱਖ ਵੱਖ ਹੁਨਰਾਂ ਰਾਹੀਂ, ਲਿੱਖਤਾਂ ਰਾਹੀਂ ਆਪਣੇ
ਸਭਿਆਚਾਰ ਵਿੱਚ ਪੱਛਮੀ ਰੰਗ ਭਰ ਕੇ ਭਾਵੇਂ ਮੇਰੀ ਕਿਸੇ ਵੀ ਗੱਲ ਨੂੰ ਤੁਸੀਂ ਲੋਕਾਂ ਵਿੱਚ ਵਧੀਆ ਤਰੀਕੇ ਨਾਲ ਦਸਣ ਦਾ ਉਪਰਾਲਾ ਕਰ ਰਹੇ ਹੋ।
ਪਰ ਤੁਸੀਂ ਮੇਰੀ ਹੋਂਦ ਨੂੰ ਕਿਸੇ ਨਾਲ ਰਲਗੱਡ ਨਾ ਕਰੋ, ਇਸ ਕੰਮ ਲਈ ਤੁਹਾਨੂੰ ਜਵਾਬ ਦੇਹ ਹੋਣਾ ਪਵੇਗਾ। ਜਿੱਥੇ ਮੇਰੇ ਢਿਡੋਂ ਜੰਮੇ ਮੇਰੀ ਬੇਕਦਰੀ
ਕਰ ਰਹੇ ਨੇ, ਉਥੇ ਮੇਰੇ ਨਾਲ ਸਮੇਂ ਸਮੇਂ ਆਈਆਂ ਸਰਕਾਰਾਂ ਨੇ ਵੀ ਬਧੇਰਾ ਧੱਕਾ ਕੀਤਾ ਹੈ। ਉਹਨਾਂ ਨੇ ਵੀ ਕਿਸੇ ਆਂਡ ਗੁਆਂਡ ‘ਚ ਮੈਨੂੰ ਕੋਈ
ਦਰਜਾ ਦਿਵਾਉਣ ਲਈ ਨਿਰੰਤਰ ਕੋਸਿ਼ਸ਼ ਨਹੀਂ ਕੀਤੀ। ਜੇ ਕਰ ਅੱਜ ਮੈਂ ਆਪਣੀ ਕਿਸਮਤ ‘ਤੇ ਝੂਰ ਰਹੀ ਹਾਂ ਤਾਂ ਮੈਂ ਮੇਰੇ ਆਪਣਿਆਂ ਦੀ ਸਤਾਈ
ਹੋਈ ਝੂਰ ਰਹੀ ਹਾਂ। ਅੱਜ ਮੈਂ ਆਪਣੀ ਜ਼ਬਾਨ ਥੋਡੇ ਨਾਲ ਸਾਂਝੀ ਕਰਨ ਲਈ ਆਪਣੇ ਇਕ ਨਿਮਾਣੇ ਜਿਹੇ ਪੱਤਰ ਦਾ ਸਹਾਰਾ ਲੈ ਰਹੀ ਹਾਂ। ਅਗਰ
ਤੁਸੀਂ ਮੇਰੇ ਤਨ ਪਈਆਂ ਝਰੀਟਾਂ ਦਾ ਦਰਦ ਮਹਿਸੂਸ ਕਰੋਗੇ ਤਾਂ ਮੈਂ ਭਵਿਖ ਵਿੱਚ ਵੀ ਥੋਨੂੰ ਆਪਣੇ ਦਰਦਾਂ ਦੇ ਬੋਲ ਸੁਣਾ ਕੇ ਦੁੱਖ ਸੁੱਖ ਸਾਂਝਾ
ਕਰਾਂਗੀ। ਪੁੱਤ ਪਤੈ ਮਾਂ ਨੂੰ ਕਿੰਨ੍ਹਾਂ ਦੁੱਖ ਹੁੰਦੈ ਜਦੋਂ ਉਸ ਦੇ ਪੇਟੋਂ ਜਾਏ ਅੱਖਾਂ ਸਾਹਮਣੇ ਮਾਂ ਦੀ ਹੋ ਰਹੀ ਨਿਰਾਦਰੀ ਤੱਕ ਕੇ ਤਮਾਸ਼ਬੀਨ ਬਣ ਜਾਣ। ਮੈਂ
ਅੱਜ ਤੁਹਾਡੇ ਨਾਲ ਇਕ ਵਾਅਦਾ ਕਰਦੀ ਹਾਂ ਕਿ ਮੈਂ ਆਪਣੇ ਆਖਰੀ ਸਾਹਾਂ ‘ਤੇ ਪੁੱਜਣ ਤੋਂ ਪਹਿਲਾਂ ਆਪਣੇ ਜੀਵਨ ਵਿੱਚ ਚੰਗੀ ਮਾੜੀ ਘਟਨਾ ਨਾਲ
ਜਾਣੂ ਕਰਾ ਕੇ ਹੀ ਦਮ ਲਵਾਂਗੀ। ਕਿਸੇ ਸੂਝਵਾਨ ਨੇ ਕਿਹਾ ਹੈ, ਵਰਤਮਾਨ ਅਕਸ, ਭੂਤਕਾਲ ਵਿਚੋਂ ਸਿਰਜਿਆ ਜਾਂਦਾ ਹੈ। ਪਰ ਮੇਰੇ ਤਾਂ ਅਜਿਹੇ
ਪੁੱਤਰ ‘ਤੇ ਧੀਆਂ ਹਨ, ਜਿੰਨ੍ਹਾਂ ਨੇ ਧਰਤੀ ਤੋਂ ਚੰਦਰਮਾ ਤੱਕ ਦੇ ਰਾਹਾਂ ‘ਤੇ ਮੇਰੇ ਨਾਮ ਦੇ ਪੂਰਨੇ ਪਾ ਕੇ ਫੱਟੀਆਂ ਵਾਂਗ ਲਫਜਾਂ ਨੂੰ ਉਕਰਿਆ ਹੈ। ਮੈਨੂੰ
ਜਿਥੇ ਉਹਨਾਂ ‘ਤੇ ਮਾਣ ਮਹਿਸੂਸ ਹੁੰਦਾ ਹੈ, ਉਥੇ ਮੈਂ ਉਹਨਾਂ ਚਾਣਕੀਆ ਨੀਤੀ ਦੇ ਪੁਤਰਾਂ ਦੇ ਦਾਅ ਪੇਜ ਵੇਖ ਕੇ ਉਦਾਸ ਹੋ ਉਠਦੀ ਹਾਂ। ਜਿੰਨਾਂ ਨੇ
ਮੈਨੂੰ ਕਦੇ ਵੀ ਆਪਣੀ ਮਾਂ ਸਵੀਕਾਰ ਨਹੀਂ ਕੀਤਾ।
ਵੇ ਯਭਲ ਪਿਆਰੇ ਬੱਚਿਉ, ਮੈਨੂੰ ਪਤਾ ਹੈ ਕਿ ਤੁਸੀਂ ਵੀ ਅੱਜ ਕੱਲ ਮਿਲਾਵਟ ਵਾਲੀਆਂ ਚੀਜਾਂ ਦੇ ਖਵਾਕ ਬਣ ਕੇ ਰਹਿ ਗਏ ਹੋ। ਅੱਜ ਦੇ
ਮਸ਼ੀਨੀ ਯੁੱਗ ‘ਚ ਤੁਹਾਡੇ ਕੋਲ ਕਿੱਥੇ ਸਮਾਂ ਕਿ ਤੁਸੀਂ ਆਪਣੀ ਮਾਂ ਦੇ ਦਰਦ ਵੰਡਾ ਸਕੋ। ਪਰ ਅੱਜ ਵੀ ਮੇਰੇ ਕਈ ਪੁੱਤਰ ‘ਤੇ ਧੀਆਂ ਮਸ਼ੀਨੀ ਯੁੱਗ ‘ਚ
ਬਣੇ ਰੋਬੋਟਾਂ-ਐਟਮਾਂ ਅਤੇ ਨਵੀਆਂ ਕਾਢਾਂ ਦਾ ਮੂੰਹ ਚਿੜਾ ਕੇ ਮੇਰੀ ਖੈਰ ਮੰਗਦੇ ਹੋਏ, ਮੇਰੀਆਂ ਅਸ਼ੀਰਵਾਦਾਂ ਦੀਆਂ ਫੁਹਾਰਾਂ ਥੱਲੇ ਮੇਰਾ ਦੁੱਖ ਸੁੱਖ
ਵੰਡਾ ਰਹੇ ਹਨ। ਮੈਂ ਅੱਜ ਦਾ ਪੱਤਰ ਖਤਮ ਕਰਨ ਤੋਂ ਪਹਿਲਾਂ ਤੁਹਾਡੇ ਤੋਂ ਇਹ ਆਸ ਕਰਦੀ ਹਾਂ ਕਿ ਮੈਂ ਅੱਜ ਜਿਸ ਸਾਧਨਾਂ ਰਾਹੀਂ ਤੁਹਾਨੂੰ ਪੱਤਰ
ਲਿਖਿਆ ਹੈ, ਤੁਸੀਂ ਵੀ ਉਸ ਤਰਾਂ ਦੇ ਸਾਧਨਾਂ ਰਾਹੀਂ ਮੈਨੂੰ ਆਪਣੀ ਸਾਰੀ ਕਹਾਣੀ ਸੁਣਾਉਣ ਲਈ ਨਿੱਗਰ ਹੁੰਗਾਰੇ ਬਣ ਕੇ, ਮੈਨੂੰ ਮੇਰੀ ਮੰਜਿ਼ਲ
ਖਾਲਸਤਾਨ ਦੀ ਪ੍ਰਾਪਤੀ ਤੱਕ ਪਹੁੰਚਾਉਣ ਵਿੱਚ ਸ਼ਰੀਕ ਹੋਵੋਗੇ।
ਬਾਕੀ ਅਗਲੇ ਪੱਤਰ ਵਿੱਚ ਲਿਖਾਂਗੀ, ਰੁੱਸੇ ਹੋਏ ਬੱਚਿਆਂ ਦੀ ਖੈਰ ਮੰਗਦੀ, ਤੁਹਾਡੀ ਪਿਆਰੀ ਮਾਂ, ਪੰਜਾਬੀ ਮਾਂ ਬੋਲੀ।
ਪਰਮਜੀਤ ਸਿੰਘ ਸੇਖੋਂ (ਦਾਖਾ)

Geef een reactie

Het e-mailadres wordt niet gepubliceerd. Vereiste velden zijn gemarkeerd met *