ਤਾਇਆ ੩੯

ਤਾਏ ਮੰਡੀਓਂ ਮੁੜਦੇ ਹੀ ਜੁੱਤੀ ਲਾਹ ਕੇ ਔਹ ਮਾਰੀ, ਪਰਨਾ ਮੰਜੇ ਉੱਤੇ ਸੁਟਿਆ। ਕਪੜੇ ਗੁਸਲ ਮੂਹਰੇ ਹੀ ਸੁੱਟ ਕੇ ਪਿੰਡੇ ਪਾਣੀ ਪਾਉਣ ਲੱਗ ਪਿਆ। ਨਾ ਉਸਨੂੰ ਪਾਣੀ ਗਰਮ ਲੱਗਾ ਨਾ ਠੰਡਾ । ਗੁਸਲੋਂ ਬਾਹਰ ਨਿਕਲਦੇ ਹੀ. ਉਸਨੇ ਐਲਾਨ ਕਰ ਦਿੱਤਾ, ‘ਅੱਜ ਤੋਂ ਖੇਤੀ ਦਾ ਕੰਮ ਬੰਦ’ ਕੋਈ ਹੋਰ ਕੰਮ ਕਰਨਾ, ਛੋਟੀ ਮੋਟੀ ਨੌਕਰੀ ਵੀ ਚੱਲੂ । ਦੂਜੇ ਦਿਨ ਤਾਏ ਨੇ ਇਕ ਝੱਗਾ ਪਾ ਲਿਆ ਤੇ ਇਕ ਵਾਧੂ ਝੋਲੇ ਵਿਚ ਪਾ ਲਿਆ ਬਈ ਖਵਰੇ ਕਿਹੋ ਜਿਹਾ ਕੰਮ ਮਿਲੇ। ਉਹ ਮੰਡੀ ਪਹੁੰਚਿਆ ਸੀ ਕਿ ਉਹਨੂੰ ਚਾਹ ਦੀ ਤਲਬ ਹੋ ਗਈ। ਪਿੱਪਲ ਥੱਲੇ ਦੁਕਾਨ ਤੇ ਬੈਠ ਕਿ ਹਾਲੇ ਘੁੱਟ ਭਰਿਆ ਹੀ ਸੀ ਕਿ ਕਿਧਰੋਂ ਦੋ ਖੁਸਰਿਆਂ ਨੇ ਆਕੇ ਤਾਏ ਏ ਕੰਨਾਂ ਕੋਲ ਤਾੜੀ ਮਾਰ ਕੇ ਬੋਲੇ.’ ਸਰਦਾਰਾ ਸਾਡੀ ਚਾਹ ਕਿੱਥੇ ਆ? ‘
‘ ਉਹ ਭਾਈ, ਮੈਂ ਤਾਂ ਆਪ ਵਿਹਲਾਂ, ਜੋ ਮੇਰਾ ਸੀ, ਮੰਡੀ ਆਲੇ ਲੁੱਟ ਕੇ ਲੈ ਗਏ, ਮੈਂ ਤਾਂ ਨੌਕਰੀ ਭਾਲਦਾ ਫਿਰਦਾਂ’
‘ ਲੈ ਇਹ ਗੱਲ ਆ ਤਾਂ ਫਿਰ ਸਾਡੇ ਨਾਲ ਰੱਲ ਜਾਂ।
‘ਨਾ ਭਾਈ ਨਾ, ਮੈਂ ਕਿਹੜਾ ਖੁਸਰਾ?’
‘ ਐਂ ਕਰ ਤੂੰ ਢੋਲਕੀ ਵਜਾ ਲੀਂ ਅਸੀਂ ਆਪੇ ਨੱਚ ਲੈਣਾ’
‘ ਮੈਨੂੰ ਕਿਹੜਾ ਢੋਲਕੀ ਵਜਾਉਣੀ ਆਉਂਦੀ ਆ’
‘ ਨਾ ਪਹਿਲਾ ਜਿਹੜਾ ਸਾਡੇ ਨਾਲੋਂ ਭੱਜ ਗਿਆ. ਉਹ ਕਿਹੜਾ ਅਜਮਦ ਖਾਂ ਸੀ, ਤੇਰੇ ਅਰਗਾ ਈ ਚੁਮ੍ਹਾਸੇ ਤੋਂ ਭੱਜਿਆ ਹੋਇਆ ਸੀ, ਆਪੇ ਸਿਖ ਗਿਆ ਸੀ ‘
ਸੁਣਿਆ ਅੱਜ ਕੱਲ ਤਾਏ ਦੀ ਢੋਲਕੀ ਖੂਬ ਵੱਜਦੀ ਹੈ ਪਰ ਆਪਣੇ ਪਿੰਡਾਂ ਤੋ ਘੱਟੋ ਘੱਟ ਵੀਹ ਕੋਹ ਦੂਰ।
-ਜਨਮੇਜਾ ਸਿੰਘ ਜੌਹਲ

Geef een reactie

Het e-mailadres wordt niet gepubliceerd. Vereiste velden zijn gemarkeerd met *