ਪੰਜਾਬੀ ‘ਸੂਬਾ’, ਅੱਜ ਦਾ ਪੰਜਾਬ 54ਵੇਂ ਵਰ੍ਹੇ ਵਿੱਚ?

ਜਸਵੰਤ ਸਿੰਘ ‘ਅਜੀਤ’

ਪੰਜ ਦਰਿਆਵਾਂ ਦੀ ਧਰਤੀ ਦੇ ਪੰਜ-ਆਬ, ਦੀ ਹੋਈ ਦੂਸਰੀ ਵੰਡ ਨਾਲ ਹੋਂਦ ਵਿੱਚ ਆਇਆ ਪੰਜਾਬੀ ਸੂਬਾ, ਜਿਸਨੂੰ ਅੱਜਕਲ ਪੰਜਾਬ ਆਖਿਆ ਜਾਂਦਾ ਹੈ, 31 ਅਕਤੂਬਰ ਨੂੰ ਆਪਣੀ ਸਥਾਪਨਾ ਦੇ 53 ਵਰ੍ਹੇ ਪੂਰੇ ਕਰ, ਪਹਿਲੀ ਨਵੰਬਰ ਨੂੰ 54ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਗਿਆ ਹੈ। ਬੀਤੇ 53 ਵਰ੍ਹਿਆਂ ਵਿੱਚ ਪੰਜਾਬੀਆਂ ਨੇ ਕੀ ਖਟਿਆ ਅਤੇ ਕੀ ਗਵਾਇਆ? ਇਸਦੀ ਇੱਕ ਬਹੁਤ ਹੀ ਲੰਮੀ ਕਹਾਣੀ ਹੈ, ਜਿਸਦਾ ਜ਼ਿਕਰ ਫਿਰ ਕਿਸੇ ਸਮੇਂ ਕਰਨ ਲਈ ਛੱਡ, ਅਜ ਦੇ ਹਾਲਾਤ ਪੁਰ ਚਰਚਾ ਕੀਤੀ ਜਾਏ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਆਮ ਪੰਜਾਬੀਆਂ ਦੀ ਗਲ ਕਰਨੀ ਹੋਵੇਗੀ ਜੋ ਇਹ ਮੰਨ ਕੇ ਚਲ ਰਹੇ ਹਨ ਕਿ ‘ਪੰਜਾਬੀ ਸੂਬੇ’ ਦੇ ਹੋਂਦ ਵਿੱਚ ਆਉਣ ਨਾਲ ਅਕਾਲੀਆਂ ਦਾ ਮਾਤ੍ਰ ਇੱਕੋ-ਇੱਕ ਉਦੇਸ਼ ਪੂਰਾ ਹੋਇਆ ਹੈ, ਤੇ ਉਹ ਇਹ ਕਿ ਜਦੋਂ ਕਦੀ ਵੀ ਇਸ ਪ੍ਰਦੇਸ਼ ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣਨ ਦੀਆਂ ਸੰਭਾਵਨਾਵਾਂ ਹੋਣ, ਅਕਾਲੀਆਂ ਦਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਪੁਰ ਦਾਅਵਾ ਬਰਕਰਾਰ ਰਹਿ ਸਕੇ। ਇਸਤੋਂ ਬਿਨਾਂ ਨਾ ਤਾਂ ਪੰਜਾਬੀ ਸੂਬੇ ਦੇ ਗਠਨ ਤੋਂ ਬਾਅਦ ਅੱਜ ਤਕ, ਉਸਦੇ ਗਠਨ ਨਾਲ ਸੰਬੰਧਤ ਰਹੀ, ਮੁੱਖ ਮੰਗ, ਪੰਜਾਬੀ ਭਾਸ਼ਾ ਨੂੰ ਸਨਮਾਨ ਦਿੱਤੇ ਜਾਣ ਦਾ ਉਦੇਸ਼ ਪੂਰਾ ਹੋ ਸਕਿਆ ਹੈ। ਅਰਥਾਤ ਇਨ੍ਹਾਂ 53 ਵਰ੍ਹਿਆਂ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪਸਾਰ ਨੂੰ ਉਤਸਾਹਿਤ ਕਰਨ ਦਾ ਨਾ ਤਾਂ ਮੌਕਾ ਹੀ ਬਣ ਪਾਇਆ ਹੈ ਅਤੇ ਨਾ ਹੀ ਪ੍ਰਦੇਸ਼ ਦੀ ਰਾਜ-ਭਾਸ਼ਾ ਵਜੋਂ ਪੰਜਾਬੀ ਭਾਸ਼ਾ ਨੂੰ ਉਹ ਸਨਮਾਨ ਮਿਲ ਸਕਿਆ ਹੈ, ਜਿਸਦੀ ਉਹ ਅਧਿਕਾਰੀ ਹੈ। ਹੋਰ ਤਾਂ ਹੋਰ ਉਸਨੂੰ ਤਾਂ ਉਹ ਸਨਮਾਨ ਵੀ ਨਹੀਂ ਮਿਲ ਪਾਇਆ, ਜੋ ਉਸਨੂੰ ਦੁਆਣ ਲਈ ਮੋਰਚੇ ਲਾਏ ਜਾਂਦੇ ਰਹੇ ਅਤੇ ਜਿਨ੍ਹਾਂ ਵਿੱਚ ਹਜ਼ਾਰਾਂ ਪੰਜਾਬੀ ਜੇਲ੍ਹਾਂ ਵਿੱਚ ਡੱਕੇ, ਮਾਰਾਂ-ਕੁਟਾਂ ਖਾਂਦੇ ਰਹੇ ਅਤੇ ਕਈ ਸ਼ਹੀਦੀ ਜਾਮ ਵੀ ਪੀ ਗਏ।
ਪੁਰਾਣੇ ਟਕਸਾਲੀ ਅਕਾਲੀ ਆਗੂ ਦਸਦੇ ਹਨ ਕਿ, ਜਦੋਂ ਪੰਜਾਬੀ ਸੂਬੇ ਦੀ ਮੰਗ ਨੂੰ ਪੁਰਿਆਂ ਕਰਨ ਦੇ ਉਦੇਸ਼ ਨਾਲ ਉਸਦੇ ਗਠਨ ਦੀ ਪ੍ਰਕ੍ਰਿਆ ਸ਼ੁਰੂ ਹੋ ਰਹੀ ਸੀ, ਉਸ ਸਮੇਂ ਇਸ ‘ਸਫਲਤਾ’ ਦਾ ਸੇਹਰਾ ਬੰਨ੍ਹ ਸੁਆਗਤ-ਸਨਮਾਨ ਕਰਵਾਉਣ ਸੰਤ ਫਤਹ ਸਿੰਘ ਤਾਂ ਵਿਦੇਸ਼ ਰਵਾਨਾ ਹੋ ਗਏ। ਪਿਛੇ ਰਹੇ ਕਥਤ ਸੀਨੀਅਰ ਅਕਾਲੀ ਲੀਡਰਾਂ ਨੇ ਪੰਜਾਬ ਦੀ ਨਵੀਂ ਹੋ ਰਹੀ ਹਦਬੰਦੀ ਵਿੱਚ ਨਾ ਤਾਂ ਪੰਜਾਬੀ ਸੂਬੇ ਦੇ ਅਤੇ ਨਾ ਹੀ ਆਪਣੇ ਹਿਤਾਂ ਦੀ ਰਖਿਆ ਕਰਨ ਦੀ ਜ਼ਿਮੇਂਦਾਰੀ ਨਿਭਾਉਣ ਪ੍ਰਤੀ ਕੋਈ ਦਿਲਚਸਪੀ ਵਿਖਾਈ। ਨਤੀਜਾ ਇਹ ਹੋਇਆ ਪੰਜਾਬ ਲਈ ਉਸਾਰੇ ਗਏ ਚੰਡੀਗੜ੍ਹ ਨੂੰ, ਉਸਤੋਂ ਖੋਹ ਲਿਆ ਗਿਆ ਅਤੇ ਕਈ ਪੰਜਾਬੀ ਬੋਲਦੇ ਇਲਾਕੇ ਵੀ ਉਸ ਨਾਲੋਂ ਤੋੜ ਤੇ ਉਨ੍ਹਾਂ ਨਾਲ ਹਿੰਦੀ ਬੋਲਦੇ ਇਲਾਕੇ ਜੋੜ, ਇੱਕ ਨਵੇਂ ਰਾਜ, ਹਰਿਆਣੇ ਦਾ ਗਠਨ ਕਰ ਦਿੱਤਾ ਗਿਆ। ਇਸੇਤਰ੍ਹਾਂ ਪੰਜਾਬ ਨਾਲੋਂ ਤੋੜ ਪਹਾੜੀ ਇਲਾਕੇ ਇੱਕ ਪਾਸੇ ਕਰ ਹਿਮਾਚਲ ਨੂੰ ਦੇ ਦਿੱਤੇ ਗਏ। ਫਲਸਰੂਪ ਜੋ ਪੰਜਾਬ ਦਿੱਲੀ ਦੀਆਂ ਸਰਹਦਾਂ ਤਕ ਫੈਲਿਆ ਹੋਇਆ ਸੀ, ਉਹ ਇੱਕ ਲੰਗੜੀ ‘ਸੂਬੀ’ ਬਣ ਕੇ ਰਹਿ ਗਿਆ। ਇਨ੍ਹਾਂ ਟਕਸਾਲੀ ਅਕਾਲੀਆਂ ਦਾ ਦਾਅਵਾ ਹੈ ਕਿ ਇਸ ਛੋਟੀ ਜਿਹੀ ਸੂਬੀ ਨੂੰ ਲੈ ਕੇ, ਅਕਾਲੀ ਆਗੂਆਂ ਨੇ ਇੱਕ ਪਾਸੇ ਮਗਰਮੱਛੀ ਅਥਰੂ ਵਹਾਏ ਤੇ ਦੂਸਰੇ ਪਾਸੇ ਇਸ ‘ਸਫਲਤਾ’ ਪੁਰ ਖੁਸ਼ੀ ਦੇ ਸ਼ਾਦਿਆਨੇ ਵਜਾ, ਇਸੇ ਸੋਚ ਅਧੀਨ ਬਗਲਾਂ ਵਜਾਈਆਂ ਕਿ ਇਸ ਸਿੱਖ ਬਹੁਗਿਣਤੀ ਵਾਲੇ ਸੂਬੇ ਵਿੱਚ, ਉਨ੍ਹਾਂ ਦੀ ਹੀ ਤੁਤੀ ਬੋਲਦੀ ਰਹੇਗੀ ਅਤੇ ਇਸਦੇ ਮੁੱਖ ਮੰਤਰੀ ਦੇ ਅਹੁਦੇ ਪੁਰ ਉਨ੍ਹਾਂ ਦਾ ਦਾਅਵਾ ਸਦਾ ਲਈ ਬਣਿਆ ਰਹੇਗਾ। ਉਨ੍ਹਾਂ ਅਨੁਸਾਰ ਇਹ ਅਕਾਲੀ ਆਗੂ, ਜਦੋਂ ਸੱਤਾ ਤੋਂ ਬਾਹਰ ਹੁੰਦੇ ਹਨ, ਤਾਂ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਪੁਰ ਦਾਅਵੇ ਠੋਂਕ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡਣਾ ਸ਼ੁਰੂ ਕਰ ਦਿੰਦੇ ਹਨ, ਜਿਉਂ ਹੀ ਉਹ ਸੱਤਾ ਦੀ ਕੁਰਸੀ ਪੁਰ ਬੈਠਦੇ ਹਨ, ਇਨ੍ਹਾਂ ਮੰਗਾਂ ਨੂੰ ਠੰਡੇ ਬਸਤੇ ਵਿੱਚ ਸੁਟ ਅਗਲੀ ਵਾਰ ਵਾਸਤੇ ਰਾਖਵੇਂ ਕਰ ਲੈਂਦੇ ਹਨ।
‘ਲੰਗੜੇ ਪੰਜਾਬੀ ਸੂਬੇ’ ਦੇ ਗਠਨ ਤੋਂ ਬਾਅਦ ਕਈ ਵਾਰ ਕੇਂਦਰ ਵਿੱਚ ਗੈਰ-ਕਾਂਗ੍ਰਸੀ ਸਰਕਾਰਾਂ ਬਣੀਆਂ, ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਵੀ ਰਹੀ, ਪਰ ਉਸ ਸਮੇਂ ਦੌਰਾਨ ਅਕਾਲੀ ਨੇਤਾਵਾਂ ਨੇ ਕਦੀ ਵੀ ਪੰਜਾਬ ਤੇ ਸਿੱਖਾਂ ਦੇ ਹਿਤਾਂ-ਅਧਿਕਾਰਾਂ ਦੀ ਗਲ ਨਹੀਂ ਕੀਤੀ। ਕੇਂਦਰੀ ਸਰਕਾਰ ਵਿੱਚ ਇੱਕ ਕੁਰਸੀ ਦੀ ਭਾਈਵਾਲੀ ਲੈ ਕੇ, ਪੰਜਾਬ ਤੇ ਸਿੱਖ-ਪੰਥ ਦੇ ਹਿਤਾਂ ਨੂੰ ਠੰਡੇ ਬਸਤੇ ਵਿੱਚ ‘ਸਾਂਭੀ’ ਰਖਣ ਵਿੱਚ ਵੀ ਉਨ੍ਹਾਂ ਕਦੀ ਝਿਝਕ ਮਹਿਸੂਸ ਨਹੀਂ ਕੀਤੀ।
ਜੇ ਸੱਚਾਈ ਸਵੀਕਾਰ ਕਰਨ ਦੀ ਦਲੇਰੀ ਹੋਵੇ ਤਾਂ ਇੱਕ ਸੱਚਾਈ ਇਹ ਵੀ ਹੈ ਕਿ ਅਣਵੰਡੇ ਪੰਜਾਬ ਵਿੱਚ ਜੋ ਪੰਜਾਬੀ ਰਾਜਸੀ ਵਿਚਾਰਧਾਰਕ ਸੋਚ ਤੋਂ ਉਪਰ ਉਠ, ਸਾਂਝਾ, ਸਦੱਭਾਵਨਾ-ਪੂਰਣ ਤੇ ਪਿਆਰ ਭਰਿਆ ਜੀਵਨ ਜੀਉਂਦੇ ਤੇ ਦਿਲਾਂ ਦੀਆਂ ਡੂੰਘਿਆਈਆਂ ਵਿਚੋਂ ਉਮੜੇ ਪਿਆਰ ਨਾਲ ਇੱਕ-ਦੂਸਰੇ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੁੰਦੇ ਚਲੇ ਆ ਰਹੇ ਸਨ, ਉਹ ਭਾਂਵੇਂ ਅੱਜ ਵੀ ਇੱਕ-ਦੂਸਰੇ ਦਾ ਦੁਖ-ਸੁਖ ਵੰਡਾਣ ਲਈ ਅੱਗੇ ਆ ਜਾਂਦੇ ਹਨ, ਪ੍ਰੰਤੂ ਰਾਜਸੀ ਵਿਚਾਰਧਾਰਕ ਸੋਚ ਦੇ ਅਧਾਰ ’ਤੇ ਉਹ ਉਸੇ ਤਰ੍ਹਾਂ ਵੰਡੇ ਹੋਏ ਹਨ, ਜਿਵੇਂ ਪੰਜਾਬੀ ਸੂਬਾ ਮੋਰਚੇ ਦੌਰਾਨ ਉਹ ਵੰਡੇ ਗਏ ਹੋਏ ਸਨ। ਅਰਥਾਤ ਅੱਜ ਵੀ ਉਹ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਿੱਖਾਂ ਅਤੇ ਭਾਜਪਾ ਨੂੰ ਹਿੰਦੂਆਂ ਦਾ ਹੀ ਪ੍ਰਤੀਨਿਧ ਮੰਨ, ਚਲਦੇ ਆ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ਼ਾਇਦ, ਹਿੰਦੂਆਂ ਦੇ ਸਹਿਯੋਗ ’ਤੇ ਸਮਰਥਨ ਲਈ, ਅਕਾਲੀ ਦਲ ਦੀ ਭਾਜਪਾ ਪੁਰ ਰਾਜਸੀ ਨਿਰਭਰਤਾ ਖੱਤਮ ਕਰਨ ਦੇ ਉਦੇਸ਼ ਨਾਲ ਹੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਕੌਮੀ ’ਤੇ ਧਰਮ-ਨਿਰਪੱਖ ਪਾਰਟੀ ਦੇ ਰੂਪ ਵਿੱਚ ਸਥਾਪਤ ਕਰਨ ਲਈ ਹਿੰਦੂਆਂ ਅਤੇ ਪੰਜਾਬ ਵਿਚਲੇ ਹੋਰ ਵਰਗਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਉੱਚੇ ਅਤੇ ਜ਼ਿਮੇਂਦਾਰ ਅਹੁਦਿਆਂ ਪੁਰ ਹਿਸੇਦਾਰੀ ਦਿੱਤੀ, ਇਸਦੇ ਬਾਵਜੂਦ ਉਹ ਸਿੱਖਾਂ ਦੀ ਸਰਵੁੱਚ ਧਾਰਮਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਕਬਜ਼ਾ ਬਣਾਈ ਰੱਖ, ਉਸਦੇ ਫੰਡਾਂ ਅਤੇ ਸਾਧਨਾਂ ਦੀ ਦਲ ਦੇ ਰਾਜਸੀ ਹਿਤਾਂ ਲਈ ਵਰਤੋਂ ਕਰਨ ਦੀ ਲਾਲਸਾ ਦਾ ਤਿਆਗ ਨਾ ਕਰ ਸਕੇ, ਜਿਸਦੇ ਫਲਸਰੂਪ, ਅਕਾਲੀ ਦਲ ਨੂੰ ਕੇਵਲ ਸਿੱਖਾਂ ਦਾ ਹੀ ਪ੍ਰਤੀਨਿਧ ਹੋਣ ਦੇ ਮਿਲੇ ਉਭਾਰ ਤੋਂ ਮੁਕੱਤ ਨਹੀਂ ਕਰ ਸਕੇ। ਇੱਕ ਦਿਲਚਸਪ ਪੱਖ ਇਹ ਵੀ ਰਿਹਾ ਕਿ ਦਲ ਵਿੱਚ ਪੰਜਾਬ ਦੇ ਸਾਰੇ ਵਰਗਾਂ ਨੂੰ ਪ੍ਰਤੀਨਿਧਤਾ ਦਿੱਤੇ ਜਾਣ ਦੇ ਬਾਵਜੂਦ ਸ. ਸੁਖਬੀਰ ਸਿੰਘ ਬਾਦਲ ਇੱਕ ਪਾਸੇ ਤਾਂ ਦਲ ਨੂੰ ਧਰਮ-ਨਿਰਪੱਖ ਕੌਮੀ ਪਾਰਟੀ ਵਜੋਂ ਸਥਾਪਤ ਕਰਨ ਵਿੱਚ ਸਫਲ ਨਹੀਂ ਹੋ ਸਕੇ, ਦੂਸਰੇ ਪਾਸੇ ਸਿੱਖਾਂ ਨੇ ਵੀ ਉਸਦੇ ਇੱਕ-ਮਾਤ੍ਰ ਆਪਣਾ ਪ੍ਰਤੀਨਿਧ ਹੋਣ ਪੁਰ ਵੀ ਸੁਆਲੀਆ-ਨਿਸ਼ਾਨ ਲਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਜਾਬ ਵਿਚਲੇ ਸਿੱਖਾਂ ਦੇ ਇੱਕ ‘ਵਰਗ ਵਿਸ਼ੇਸ਼’ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਆਪਣਾ ਕਬਜ਼ਾ ਬਣਾਈ ਰਖਣ ਵਿੱਚ ਸਫਲ ਹੁੰਦਾ ਚਲਿਆ ਆ ਰਿਹਾ ਹੈ।
…ਅਤੇ ਅੰਤ ਵਿੱਚ: ਪੰਜਾਬ ਭਾਜਪਾ ਦੇ ਮੁੱਖੀਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੁਰ ਆਪਣਾ ਦਬਾਉ ਬਣਾਈ ਰਖਣ ਦੇ ਉਦੇਸ਼ ਨਾਲ, ਉਸ ਵਲੋਂ ਹਿੰਦੂਆਂ ਵਿੱਚ ਕੀਤੀ ਜਾ ਰਹੀ ਘੁਸਪੈਠ ਦੇ ਜਵਾਬ ਵਿੱਚ, ਸਿੱਖਾਂ ਵਿੱਚ ਆਪਣੀ ਪੈਂਠ ਸਥਾਪਤ ਕਰਨ ਦੇ ਉਦੇਸ਼ ਨਾਲ ਸਿੱਖਾਂ ਨੂੰ ਆਪਣੇ ਨਾਲ ਸਿੱਧਾ ਜੋੜਨ ਲਈ ਜੋ ਕਦਮ ਵਧਾਏ, ਉਨ੍ਹਾਂ ਵਿੱਚ ਸਹਿਯੋਗ ਕਰਨ ਲਈ ਆਰ ਐਸ ਐਸ ਦੀ ਸਹਿਯੋਗੀ ਜੱਥੇਬੰਦੀ ਰਾਸ਼ਟਰੀ ਸਿੱਖ ਸੰਗਤ ਅਗੇ ਆ ਗਈ, ਪ੍ਰੰਤੂ ਇਸਦੇ ਬਾਵਜੂਦ ਭਾਜਪਾ ਵੀ, ਪੰਜਾਬੀ ਸੂਬਾ ਮੋਰਚੇ ਦੌਰਾਨ ਹਿੰਦੂਆਂ ਦੀ ਪ੍ਰਤੀਨਿਧ ਜੱਥੇਬੰਦੀ ਹੋਣ ਦੇ ਮਿਲੇ ਉਭਾਰ ਤੋਂ ਆਪਣੇ ਆਪਨੂੰ ਮੁਕੱਤ ਨਹੀਂ ਕਰ ਸਕੀ। ਇਹੀ ਕਾਰਣ ਹੈ ਕਿ ਪੰਜਾਬੀ ਸੂਬੇ ਦੇ ਗਠਨ ਦੇ 54ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਜਾਣ ਦੇ ਬਾਵਜੂਦ, ਪੰਜਾਬ ਵਿੱਚ ਵਧੇਰੇ ਹਿੰਦੂ ਅਤੇ ਸਿੱਖ ਰਾਜਸੀ ਵਿਚਾਰਧਾਰਕ ਸੋਚ ਦੇ ਚਲਦਿਆਂ ਅਕਾਲੀਆਂ ਅਤੇ ਭਾਜਪਾ ਵਿੱਚ ਵੰਡੇ ਚਲੇ ਆ ਰਹੇ ਹਨ। ਭਾਵੇਂ ਇਸ ਵੰਡ ਵਿਚਲੀ ਦਰਾਰ ਭਰਨ ਲਈ ਕਾਂਗ੍ਰਸ ਸਰਗਰਮ ਭੂਮਿਕਾ ਨਿਭਾਣ ਦੀ ਕਥਤ ਕੌਸ਼ਿਸ਼ ਕਰਦੀ ਰਹਿੰਦੀ ਹੈ, ਪ੍ਰੰਤੂ ਪੰਜਾਬੀ ਸੂਬਾ ਮੋਰਚੇ ਦੌਰਾਨ ਪੈਦਾ ਹੋਈ ਦਰਾਰ ਨੂੰ ਪੂਰੀ ਤਰ੍ਹਾਂ ਭਰ ਪਾਣ ਵਿੱਚ ਉਹ ਵੀ ਸਫਲ ਨਹੀਂ ਹੋ ਪਾਈ।

Geef een reactie

Het e-mailadres wordt niet gepubliceerd. Vereiste velden zijn gemarkeerd met *