ਫਿਨਲੈਂਡ ਵਿੱਚ ਨਾਗਰਿਕਤਾ ਸੋਧ ਐਕਟ ਖਿਲਾਫ਼ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕੀਤਾ ਗਿਆ

ਫਿਨਲੈਂਡ 21 ਦਸੰਬਰ ( ਵਿੱਕੀ ਮੋਗਾ ) ਫਿਨਲੈਂਡ ਦੇ ਸ਼ਹਿਰ ਹੇਲਸਿੰਕੀ ਦੇ ਮੁੱਖ ਰੇਲਵੇ ਸਟੇਸ਼ਨ ਦੇ ਬਾਹਰ ਫਿਨਲੈਂਡ ਵਿੱਚ ਵਸਦੇ ਭਾਰਤੀਆਂ ਨੇ ਗੈਰ ਸੰਵਿਧਾਨਕ ਅਤੇ ਪੱਖਪਾਤੀ ਨਾਗਰਿਕ ਸੋਧ ਐਕਟ (2019) ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਜ਼ੀਰੋ ਡਿਗਰੀ ਤਾਪਮਾਨ ਹੋਣ ਦੇ ਬਾਵਜੂਦ ਵੀ ਕੜਾਕੇ ਦੀ ਠੰਡ ਵਿੱਚ ਪ੍ਰਦਰਸ਼ਨਕਾਰੀਆਂ ਨੇ ਲੱਗਭਗ 3 ਘੰਟੇ ਲਗਾਤਾਰ ਰੋਸ ਮੁਜ਼ਾਹਰਾ ਕੀਤਾ ਜਿਸ ਵਿੱਚ ਜਿਆਦਾਤਰ ਵਿਦਿਆਰਥੀ ਅਤੇ ਕੰਮ ਕਰਨ ਵਾਲੇ ਪੇਸ਼ੇਵਰ ਸ਼ਾਮਿਲ ਹੋਏ। ਇਸ ਵਿਰੋਧ ਪ੍ਰਦਰਸ਼ਨ ਵਿੱਚ ਮੁਜ਼ਾਹਰਾਕਾਰੀਆਂ ਨੇ ਰੋਸ ਮਾਰਚ ਸ਼ੁਰੂ ਕਰਦਿਆਂ ਨਾਗਰਿਕਤਾ ਸੋਧ ਕਾਨੂੰਨ ਨੂੰ ਭਾਰਤੀ ਸਮਾਜ ਨੂੰ ਵੰਡਣ ਵਾਲਾ ਕਰਾਰ ਦੱਸਿਆ। ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਅਸੀ ਜਾਮੀਆ ਮਿਲਿਆ ਇਸਲਾਮੀਆ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ‘ਤੇ ਹੋਏ ਅੱਤਿਆਚਾਰਾਂ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦੇ ਹਾਂ। ਭਾਰਤ ਦੀ ਹਰ ਪਹਿਚਾਣ ਦੇ ਲੋਕਾਂ ਨੂੰ ਸਵੀਕਾਰਣ ਅਤੇ ਉਹਨਾਂ ਵਿਚ ਸ਼ਾਮਲ ਕਰਨ ਦੀ ਪੁਰਾਣੀ ਅਤੇ ਮਾਣ ਵਾਲੀ ਪਰੰਪਰਾ ਰਹੀ ਹੈ। ਬਿਨਾਂ ਕਿਸੇ ਪੱਖਪਾਤ ਦੇ ਸਹਿਣਸ਼ੀਲਤਾ ਦੀ ਭਾਵਨਾ ਅਤੇ ਸਾਰੇ ਵਿਚਾਰਾਂ, ਦਰਸ਼ਨਾਂ ਅਤੇ ਪਛਾਣਾਂ ਦੀ ਸਵੀਕ੍ਰਿਤੀ ਭਾਰਤੀ ਇਤਿਹਾਸ, ਸਭਿਆਚਾਰ ਅਤੇ ਪਰੰਪਰਾ ਦਾ ਇਕ ਅਨਿੱਖੜਵਾਂ ਅੰਗ ਰਿਹਾ ਹੈ। ਇਸ ਲਈ ਸੀ.ਏ.ਏ ਕਰਕੇ ਭਾਰਤੀ ਸਮਾਜ ਨੂੰ ਵੰਡਣਾ ਬਹੁਤ ਹੀ ਨਿੰਦਾ ਯੋਗ ਅਤੇ ਚਿੰਤਾਜਨਕ ਹੈ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਯੂਨੀਵਰਸਿਟੀਆਂ ਵਿੱਚ ਪੁਲਿਸ ਨੇ ਕਈ ਨਿਹੱਥੇ ਅਤੇ ਸ਼ਾਂਤਮਈ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨੂੰ ਬੇਰਹਿਮੀ ਨਾਲ ਕੁੱਟਿਆ ਹੈ ਜਿਸਦੀ ਅਸੀਂ ਨਿੰਦਾ ਕਰਦੇ ਹਾਂ ਅਤੇ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂਕਿ ਨਾਗਰਿਕਤਾ ਸੋਧ ਐਕਟ ( ਸੀ.ਏ.ਏ.) ਨੂੰ ਤੁਰੰਤ ਰੱਦ ਕੀਤਾ ਜਾਵੇ।

Geef een reactie

Het e-mailadres wordt niet gepubliceerd. Vereiste velden zijn gemarkeerd met *