ਧਾਰਮਕ ਸੰਸਥਾਵਾਂ ਪੁਰ ਅਪਰਾਧੀਕਰਣ ਦਾ ਪਰਛਾਵਾਂ

ਜਸਵੰਤ ਸਿੰਘ ‘ਅਜੀਤ’
ਕੋਈ ਸਮਾਂ ਸੀ, ਜਦੋਂ ਸਿੱਖ ਆਪਣੀਆਂ ਧਾਰਮਕ ਸੰਸਥਾਵਾਂ ਪੁਰ ਰਾਜਸੀ ਵਾਤਾਵਰਣ ਜਾਂ ਰਾਜਸੀ ਸ਼ਖਸੀਅਤਾਂ ਤਕ ਦਾ ਪਰਛਾਵਾਂ ਪੈਣਾ ਵੀ ਸਹਿਣ ਨਹੀਂ ਸੀ ਕਰ ਸਕਦੇ। ਇਸਦਾ ਕਾਰਣ ਇਹ ਸੀ ਕਿ ਜਿਥੇ ਦੂਸਰੇ ਧਰਮਾਂ ਨਾਲ ਸੰਬੰਧਤ ਸੰਸਥਾਵਾਂ ਕੇਵਲ ਇੱਕੋ ਧਰਮ ਵਿਸ਼ੇਸ਼ ਦੀਆਂ ਹੀ ਮੰਨੀਆਂ ਜਾਂਦੀਆਂ ਹਨ, ਉਥੇ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਗੁਰੂ ਸਹਿਬਾਨ ਦੀਆਂ ਸਿਖਿਆਵਾਂ ਅਤੇ ਉਪਦੇਸ਼ਾਂ ਅਨੁਸਾਰ ਸਰਬ-ਸਾਂਝੀਆਂ ਸਵੀਕਾਰ ਕੀਤੀਆਂ ਜਾਂਦੀਆਂ ਹਨ। ਇਹੀ ਕਾਰਣ ਹੈ ਕਿ ਸਿੱਖਾਂ ਨੇ ਕਦੀ ਵੀ ਇਹ ਨਹੀਂ ਸੀ ਚਾਹਿਆ ਕਿ ਅਜਿਹੇ ਲੋਕੀ ਗੁਰਧਾਮਾਂ ਪੁਰ ਹਾਵੀ ਹੋ ਜਾਣ, ਜੋ ਨਿਜ ਸੁਆਰਥ ਦਾ ਸ਼ਿਕਾਰ ਹੋ ਸਿੱਖੀ ਦੀਆਂ ਸਥਾਪਤ ਮਾਨਤਾਵਾਂ ਨੂੰ ਹੀ ਬਦਲ ਕੇ ਰਖ ਦੇਣ।
ਜਦੋਂ ਕਦੀ ਵੀ ਸਿੱਖਾਂ ਦੇ ਵੇਖਣ-ਸੁਣਨ ਵਿੱਚ ਇਹ ਆਉਂਦਾ ਕਿ ਉਨ੍ਹਾਂ ਦੀਆਂ ਧਾਰਮਕ ਸੰਸਥਾਵਾਂ, ਗੁਰਦੁਆਰਿਆਂ ਦੀ ਪਵਿਤ੍ਰਤਾ ਅਤੇ ਉਨ੍ਹਾਂ ਦੀ ਮਾਣ-ਮਰਿਆਦਾ ਕਾਇਮ ਰਖਣ ਦੇ ਜ਼ਿਮੇਂਦਾਰ ਵਿਅਕਤੀ ਰਾਜਨੈਤਿਕ ਸਰਪ੍ਰਸਤੀ ਪ੍ਰਾਪਤ ਕਰ ਆਪਣੀ ਜ਼ਿਮੇਂਦਾਰੀ ਇਮਾਨਦਾਰੀ ਨਾਲ ਨਿਭਾਉਣ ਦੀ ਬਜਾਏ, ਗੁਰ-ਅਸਥਾਨਾਂ ਦੀ ਨਿਜ ਹਿਤਾਂ ਲਈ ਵਰਤੋਂ ਕਰਨੀ ਸ਼ੁਰੂ ਕਰ ਉਨ੍ਹਾਂ ਦੀ ਪਵਿਤ੍ਰਤਾ ਭੰਗ ਕਰਨ ਦੇ ਨਾਲ ਹੀ ਦੁਰਾਚਾਰ ਵਿੱਚ ਲਿਪਤ ਹੁੰਦੇ ਜਾ ਰਹੇ ਹਨ, ਉਨ੍ਹਾਂ ਦੇ ਦਿਲ ਵਿੱਚ ਚੀਸਾਂ ਉਠਣੀਆਂ ਸ਼ੁਰੂ ਹੋ ਜਾਂਦੀਆਂ ਸਨ। ਇਹੀ ਕਾਰਣ ਸੀ ਕਿ ਉਨ੍ਹੀਵੀਂ ਸੱਦੀ ਦੇ ਅੰਤ ਅਤੇ ਵੀਹਵੀਂ ਸੱਦੀ ਦੇ ਅਰੰਭ ਵਿੱਚ ਜਦੋਂ ਇਹ ਸੁਣਨ ਅਤੇ ਵੇਖਣ ਵਿੱਚ ਆਉਣ ਲਗਾ ਕਿ ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਤ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੀ ਜ਼ਿਮੇਂਦਾਰੀ ਸੰਭਾਲੀ ਚਲੇ ਆ ਰਹੇ ਮਹੰਤ ਆਚਰਣ-ਹੀਨਤਾ ਦੇ ਸ਼ਿਕਾਰ ਹੋ, ਦੁਰਾਚਾਰੀ ਬਣਦੇ ਜਾ ਰਹੇ ਹਨ ਅਤੇ ਦਿਨ-ਦੀਵੀਂ ਗੁਰਧਾਮਾਂ ਦੀ ਪਵਿਤ੍ਰਤਾ ਭੰਗ ਕਰਨ ਵਿੱਚ ਜੁਟ ਗਏ ਹੋਏ ਹਨ, ਤਾਂ ਜਿਸ ਸਿੱਖ ਨੇ ਵੀ ਇਹ ਸੁਣਿਆ-ਵੇਖਿਆ ਉਸੇ ਦਾ ਹਿਰਦਾ ਛਾੜਨੀ-ਛਾੜਨੀ ਹੋ ਗਿਆ।
ਉਨ੍ਹਾਂ ਨੂੰ ਇਹ ਜਾਣਕੇ ਹੋਰ ਵੀ ਦੁੱਖ ਹੋਇਆ ਕਿ ਦੇਸ਼ ਦੇ ਹਾਕਮ ਅੰਗ੍ਰੇਜ਼ ਇਨ੍ਹਾਂ ਆਚਰਣ-ਹੀਨ ਤੇ ਦੁਰਾਚਾਰੀ ਮਹੰਤਾਂ ਨੂੰ ਰਾਜਸੀ ਸਰਪ੍ਰਸਤੀ ਦੇ ਰਹੇ ਹਨ। ਬਸ, ਫਿਰ ਕੀ ਸੀ? ਇਨ੍ਹਾਂ ਦੁਰਾਚਾਰੀ ਮਹੰਤਾਂ ਤੋਂ ਇਤਿਹਾਸਕ ਗੁਰਧਾਮਾਂ ਨੂੰ ਆਜ਼ਾਦ ਕਰਵਾਣ, ਉਨ੍ਹਾਂ ਦੀ ਪਵਿਤ੍ਰਤਾ ਅਤੇ ਮਾਣ-ਮਰਿਆਦਾ ਨੂੰ ਬਹਾਲ ਕਰਾਉਣ ਦਾ ਪ੍ਰਣ ਕਰ, ਪਰਿਵਾਰਕ ਸੁੱਖਾਂ ਦਾ ਤਿਆਗ ਕਰ ਉਹ ਘਰਾਂ ਵਿਚੋਂ ਨਿਕਲ ਤੁਰੇ।
ਇੱਕ ਲੰਮਾਂ ਸੰਘਰਸ਼, ਜਿਸਨੂੰ ‘ਗੁਰਦੁਆਰਾ ਸੁਧਾਰ ਲਹਿਰ’ ਦੇ ਨਾਂ ਨਾਲ ਅੱਜ ਵੀ ਯਾਦ ਕੀਤਾ ਜਾਂਦਾ ਹੈ, ਵਿਢਿਆ ਗਿਆ। ਇਸ ਸੰਘਰਸ਼ ਦੌਰਾਨ ਅਨੇਕਾਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ, ਅਨੇਕਾਂ ਅੰਗ੍ਰੇਜ਼ੀ ਸਾਮਰਾਜ ਦੀ ਪੁਲਿਸ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਸ਼ਹੀਦ ਅਤੇ ਅਨੇਕਾਂ ਲਾਠੀਆਂ ਦਾ ਸ਼ਿਕਾਰ ਹੋ ਸਦਾ ਲਈ ਅਪੰਗ ਹੋ ਕੇ ਰਹਿ ਗਏ। ਅਨੇਕਾਂ ਘਰ-ਘਾਟ ਜ਼ਬਤ ਕਰਵਾ ਬੈਠੇ, ਪਰ ਫਿਰ ਵੀ ਉਨ੍ਹਾਂ ਹਿੰਮਤ ਨਹੀਂ ਹਾਰੀ, ਕਿਉਂਕਿ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ, ਗੁਰਦੁਆਰਿਆਂ ਦੀ ਆਜ਼ਾਦੀ, ਪਵਿਤ੍ਰਤਾ ਅਤੇ ਮਰਿਆਦਾ ਉਨ੍ਹਾਂ ਨੂੰ ਆਪਣੀਆਂ ਜਾਨਾਂ ਅਤੇ ਜਾਇਦਾਦਾਂ ਨਾਲੋਂ ਵਧੇਰੇ ਪਿਆਰੀ ਸੀ। ਆਖਿਰ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਘਾਲਣਾਵਾਂ ਨੂੰ ਫਲ ਲਗਾ। ਮਹੰਤਾਂ ਨੇ ਉਨ੍ਹਾਂ ਸਾਹਮਣੇ ਹਥਿਆਰ ਸੁੱਟ ਦਿੱਤੇ। ਸ਼ਕਤੀਸ਼ਾਲੀ ਅੰਗ੍ਰੇਜ਼ ਹਕੂਮਤ ਵੀ ਉਨ੍ਹਾਂ ਦੀ ਤਾਕਤ ਦਾ ਲੋਹਾ ਮੰਨ, ਝੁਕਣ ਤੇ ਮਜਬੂਰ ਹੋ ਗਈ। ਆਚਰਣ-ਹੀਨ ਤੇ ਦੁਰਾਚਾਰੀ ਮਹੰਤਾਂ ਦੇ ਪੰਜੇ ਵਿਚੋਂ ਗੁਰਧਾਮ ਆਜ਼ਾਦ ਹੋ ਗਏ। ਪੰਥ ਨੇ ਉਨ੍ਹਾਂ ਦਾ ਪ੍ਰਬੰਧ ਸੰਭਾਲ ਲਿਆ। ਅੰਗ੍ਰੇਜ਼ ਹਕੂਮਤ ਨੇ ਵੀ ਇਸ ਤਬਦੀਲੀ ਨੂੰ ਮਾਨਤਾ ਦੇਣ ਲਈ ਪੰਜਾਬ ਗੁਰਦੁਆਰਾ ਐਕਟ-1925 ਬਣਾ ਦਿੱਤਾ। ਇਸੇ ਐਕਟ ਦੇ ਆਧਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਅਤੇ ਸਿੱਖਾਂ ਦੇ ਆਪਣੇ ਚੁਣੇ ਹੋਏ ਪ੍ਰਤੀਨਿਧੀਆਂ ਨੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਚਲਾਣ, ਉਨ੍ਹਾਂ ਦੀ ਪਵਿਤ੍ਰਤਾ ਬਹਾਲ ਰਖਣ ਅਤੇ ਸਥਾਪਤ ਮਰਿਆਦਾਵਾਂ ਨੂੰ ਕਾਇਮ ਰਖਣ ਦੀ ਜ਼ਿਮੇਂਦਾਰੀ ਸੰਭਾਲ ਲਈ। ਇਸਤਰ੍ਹਾਂ ਗੁਰਦੁਆਰਾ ਪ੍ਰਬੰਧ ਦਾ ਨਵਾਂ ਦੌਰ ਅਰੰਭ ਹੋ ਗਿਆ।
ਫਿਰ 1970 ਵਿੱਚ ਵਾਪਰੀ ਇੱਕ ਨਾਟਕੀ ਘਟਨਾ ਦੇ ਫਲਸਰੂਪ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਨਾਲ ਸਬੰਧਤ ਵੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ-1971 ਹੋਂਦ ਵਿੱਚ ਆ ਗਿਆ। ਜਿਸਦੇ ਆਧਾਰ ਤੇ 1975 ਵਿੱਚ ਦਿੱਲੀ ਦੇ ਸਿੱਖਾਂ ਰਾਹੀਂ ਚੁਣੇ ਹੋਏ ਪ੍ਰਤੀਨਿਧੀਆਂ ਰਾਹੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋ ਗਿਆ। ਇਸਤਰ੍ਹਾਂ ਦੋਵੇਂ ਉੱਚ ਧਾਰਮਕ ਜਥੇਬੰਦੀਆਂ ਦਾ ਪ੍ਰਬੰਧ ਪੰਥਕ ਪ੍ਰਤੀਨਿਧੀਆਂ ਨੇ ਆਪਣੇ ਹੱਥਾਂ ਵਿੱਚ ਲੈ ਲਿਆ।
ਇਨ੍ਹਾਂ ਸਰਵੁੱਚ ਧਾਰਮਕ ਸੰਸਥਾਵਾਂ ਦੇ ਗਠਨ ਤੋਂ ਬਾਅਦ ਇਹ ਆਸ ਕੀਤੀ ਜਾਣ ਲਗੀ ਸੀ ਕਿ ਹੁਣ ਇਤਿਹਾਸਕ ਗੁਰਦੁਆਰਿਆਂ ਦੀ ਪਵਿਤ੍ਰਤਾ ਬਣੀ ਰਹੇਗੀ ਅਤੇ ਗੁਰੂ ਸਹਿਬ ਵਲੋਂ ਸਥਾਪਤ ਮਰਿਆਦਾਵਾਂ ਅਤੇ ਪਰੰਪਰਾਵਾਂ ਦਾ ਸੁਚਾਰੂ ਰੂਪ ਵਿੱਚ ਪਾਲਣ ਹੁੰਦਾ ਰਹਿ ਸਕੇਗਾ। ਇਹ ਆਸ ਵੀ ਕੇਵਲ ਕੁਝ ਸਮੇਂ ਤਕ ਹੀ ਬਣੀ ਰਹਿ ਸਕੀ। ਆਹਿਸਤਾ-ਆਹਿਸਤਾ ਇਨ੍ਹਾਂ ਧਾਰਮਕ ਸੰਸਥਾਵਾਂ ਨੂੰ ਰਾਜਨੈਤਿਕ ਗਲਿਆਰਿਆਂ ਤਕ ਪੁਜਣ ਲਈ ਪੌੜੀ ਵਜੋਂ ਇਸਤੇਮਾਲ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ।
ਗੁਰਦੁਆਰਾ ਪ੍ਰਬੰਧ ਵਿੱਚ ਰਾਜਨੈਤਿਕ ਦਖਲ ਨੂੰ ਜਾਇਜ਼ ਕਰਾਰ ਦੇਣ ਲਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨਣ ਦੀ ਉਦਾਹਰਣ ਦੇ ਕੇ ਇਹ ਕਿਹਾ ਜਾਣ ਲਗਾ ਕਿ ਗੁਰੂ ਸਾਹਿਬ ਨੇ ਧਰਮ ਤੇ ਰਾਜਨੀਤੀ ਨੂੰ ਇਕੱਠਿਆਂ ਕਰ ਦਿੱਤਾ ਸੀ।
ਇਸੇ ਹੀ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਬਜ਼ਾ, ਦਿੱਲੀ ਅਤੇ ਕੇਂਦਰ ਦੀਆਂ ਸਰਕਾਰਾਂ ਦੇ ਗਲਿਆਰਿਆਂ ਤੱਕ ਪੁਜਣ ਦੀ ਪੌੜੀ ਬਣਦਾ ਚਲਿਆ ਆਉਣ ਲਗਾ। ਇਸਦੀ ਸੱਤਾ ਪੁਰ ਕਬਜ਼ਾ ਕਰਨ ਲਈ ਪੰਥ ਦੇ ਚੁਣੇ ਹੋਏ ਮੈਂਬਰਾਂ ਨੂੰ ਅਗਵਾ ਕਰਨਾ, ਉਨ੍ਹਾਂ ਪੁਰ ਹਮਲੇ ਕਰਨੇ, ਉਨ੍ਹਾਂ ਦੀਆਂ ਪਗੜੀਆਂ ਉਤਾਰ ਪੈਰਾਂ ਹੇਠ ਰੋਲਣੀਆਂ ਅਤੇ ਉਨ੍ਹਾਂ ਦੀਆਂ ਜ਼ਮੀਰਾਂ ਖਰੀਦਣ ਲਈ ਲੱਖਾਂ ਦੀਆਂ ਬੋਲੀਆਂ ਲਾਉਣਾ ਆਮ ਗਲ ਹੋ ਗਈ ਹੈ।
ਇਹ ਬੋਲੀਆਂ ਇਉਂ ਲਾਈਆਂ ਜਾਂਦੀਆਂ ਹਨ, ਜਿਵੇਂ ਕਿ ਉਹ ਪਹਿਲਾਂ ਤੋਂ ਹੀ ਵਿਕਣ ਲਈ ਗਲ ਵਿੱਚ ‘ਮਾਲ ਵਿਕਾਊ ਹੈ’ ਦੀ ਤਖ਼ਤੀ ਲਟਕਾਈ, ਮੰਡੀ ਵਿੱਚ ਬੈਠੇ ਹੋਣ। ਇਤਨਾ ਹੀ ਨਹੀਂ, ਬੋਲੀਆਂ ਲਾ ਕੇ ਖ੍ਰੀਦੇ ਗਏ ਅਜਿਹੇ ਮੈਂਬਰਾਂ ਨੂੰ ਭ੍ਰਿਸ਼ਟਾਚਾਰ ਕਰ ਆਪਣੇ ਘਰ ਭਰਨ ਦੀ ਖੁਲ੍ਹੀ ਛੁੱਟੀ ਵੀ ਦੇ ਦਿੱਤੀ ਜਾਂਦੀ ਹੈ। ਕਈ ਸਥਾਨਕ ਅਕਾਲੀ ਮੁਖੀ ਦਸਦੇ ਹਨ ਕੁਝ ਵਰ੍ਹੇ ਪਹਿਲਾਂ ਇੱਕ ਪ੍ਰਮੁਖ ਰਾਜਸੀ ਸਿੱਖ ਜਥੇਬੰਦੀ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਬਜ਼ਾ ਕਰਨ ਲਈ, ਲਖਾਂ ਰੁਪਏ ਮੁਲ ਤਾਰ ਕੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀਆਂ ਵਫਾਦਾਰੀਆਂ ਖ੍ਰੀਦੀਆਂ, ਜਿਨ੍ਹਾਂ ਮੈਂਬਰਾਂ ਲਖਾਂ ਰੁਪਏ ਲੈ, ਆਪਣੀਆਂ ਵਫਾਦਾਰੀਆਂ (ਜ਼ਮੀਰਾਂ) ਵੇਚੀਆਂ, ਉਨ੍ਹਾਂ ਨੂੰ ਸ੍ਰੀ ਅੰਮ੍ਰਿਤਸਰ ਲਿਜਾ, ਸ੍ਰੀ ਅਕਾਲ ਤਖ਼ਤ ਤੋਂ ਸਿਰੋਪਾ ਦੀ ਬਖਸ਼ਸ਼ ਕਰਵਾ, ਇਸ ‘ਪੰਥਕ-ਸੇਵਾ’ ਲਈ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਜਦੋਂ ਇਹ ‘ਬਖਸ਼ਸ਼’ ਪ੍ਰਾਪਤ ਕਰ, ਉਹ ਖੁਸ਼ੀ ਵਿੱਚ ਨਸ਼ਿਆਏ ਸ਼ਤਾਬਦੀ ਰਾਹੀਂ ਵਾਪਸ ਪਰਤੇ ਤਾਂ ਰਾਹ ਵਿੱਚ ਉਨ੍ਹਾਂ ਵਿਚੋਂ ਕਈਆਂ ਨੇ ਜਸ਼ਨ ਮੰਨਾਉਣ ਲਈ ਸ਼ਰਾਬ ਦੀਆਂ ਬੋਤਲਾਂ ਖੋਲ੍ਹ, ਉਹ ਖਰੂਦ ਮਚਾਇਆ ਕਿ ਉਸ ਡੱਬੇ ਵਿੱਚ ਬੈਠੇ ਗ਼ੈਰ-ਸਿੱਖ ਤ੍ਰਾਹ-ਤ੍ਰਾਹ ਕਰ ਉਠੇ।
ਇਸਤਰ੍ਹਾਂ ਧਾਰਮਕ ਅਸਥਾਨਾਂ ਪੁਰ ਕਾਬਜ਼ ਹੋ, ਰਾਜਸੀ ਸੱਤਾ ਦੇ ਗਲਿਆਰਿਆਂ ਤੱਕ ਪੁਜਣ ਦੀ ਉਨ੍ਹਾਂ ਨੂੰ ਪੌੜੀ ਵਜੋਂ ਵਰਤੇ ਜਾਣ ਦੀ ਸੋਚ ਦਾ ਹੀ ਨਤੀਜਾ ਹੈ ਕਿ ਇਨ੍ਹਾਂ ਧਾਰਮਕ ਸੰਸਥਾਵਾਂ ਦੇ ਧਾਰਮਕ ਸਰੂਪ ਦਾ ਪੂਰੀ ਤਰ੍ਹਾਂ ਰਾਜਸੀਕਰਣ ਕਰ ਦਿੱਤਾ ਗਿਆ। ਹੁਣ ਤਾਂ ਗਲ ਇਸਤੋਂ ਕਈ ਕਦਮ ਅੱਗੇ ਵੱਧ ਗਈ ਹੈ, ਜਿਸਦੇ ਚਲਦਿਆਂ ਇਨ੍ਹਾਂ ਸੰਸਥਾਵਾਂ ਦਾ ਇੱਕ ਨਵਾਂ ਹੀ ਸਰੂਪ ਉਭਰ ਕੇ ਸਾਮ੍ਹਣੇ ਆਉਣ ਲਗਾ ਹੈ। ਇਹ ਨਵਾਂ ਸਰੂਪ ਉਸੇ ਤਰ੍ਹਾਂ ਦਾ ਹੈ, ਜਿਸਤਰ੍ਹਾਂ ਰਾਜਨੈਤਿਕ ਖੇਤ੍ਰ ਵਿੱਚ ਆਪਣਾ ਪ੍ਰਭਾਵ ਸਥਾਪਤ ਕਰਨ ਲਈ, ਆਪ ਅਪਰਾਧੀ ਹੋਣਾ ਜਾਂ ਪ੍ਰਭਾਵਸ਼ਾਲੀ ਅਪਰਾਧੀਆਂ ਦਾ ਸਰਪ੍ਰਸਤ ਹੋਣਾ ਲਾਜ਼ਮੀ ਹੋ ਗਿਆ ਹੋਇਆ ਹੈ।
…ਅਤੇ ਅੰਤ ਵਿੱਚ : ਅਜਿਹੇ ਆਚਰਣ ਦਾ ਸਨਮਾਨ ਕੀਤਿਆਂ ਜਾਂਦਿਆਂ ਰਹਿਣ ਦਾ ਹੀ ਨਤੀਜਾ ਹੈ ਕਿ ਜਦੋਂ ਵੀ ਉੱਚ ਧਾਰਮਕ ਜਥੇਬੰਦੀਆਂ ਦੀਆਂ ਚੋਣਾਂ ਨੇੜੇ ਆਉਂਦੀਆਂ ਹਨ, ੳਨ੍ਹਾਂ ਵਿੱਚ ਹਿਸਾ ਲੈਣ ਲਈ ਅਜਿਹੀ ਬਿਰਤੀ ਦੇ ਹੀ ਵਿਅਕਤੀ ਵੱਡੀ ਗਿਣਤੀ ਵਿੱਚ ਚੋਣ ਮੈਦਾਨ ਵਿੱਚ ਨਿਤਰਨ ਦੀਆਂ ਤਿਆਰੀਆਂ ਕਰਨ ਵਿੱਚ ਰੁਝੇ ਨਜ਼ਰ ਆਉਣ ਲਗਦੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *