ਸਾਮਰਾਜੀ ਅਮਰੀਕਾ ਦਾ ਹਮਲਾਵਰੀ ਰੁੱਖ ਅਮਨ ਲਈ ਖਤਰਾ

ਜਗਦੀਸ਼ ਸਿੰਘ ਚੋਹਕਾ

    3-ਜਨਵਰੀ ਸਵੇਰ ਨੂੰ ਬਗਦਾਦ ਦੇ ਕੌਮਾਂਤਰੀ ਹਵਾਈ-ਅੱਡੇ ਤੇ ਇਕ ਅਮਰੀਕੀ ਡਰੋਨ ਹਮਲੇ ਰਾਹੀਂ ਇਰਾਨ ਦੀ ਕੁਦਸ ਫੋਰਸ ਦੇ ਮੁੱਖੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਕਰ ਦਿੱਤੀ ਗਈ। ਸੁਲੇਮਾਨੀ ਦੀ ਮੌਤ ‘ਤੇ ਇਰਾਨ ਦੇ ਪ੍ਰਮੁੱਖ ਆਗੂ ਆਇਤਉਲਾ-ਅਲ-ਖਾਮਨੇਈ ਨੇ ਕਿਹਾ, ‘ਕਿ ਸਹੀ ਜਗ•ਾ ਅਤੇ ਸਹੀ ਸਮਾਂ ਆਉਣ ‘ਤੇ ਅਸੀਂ ਬਦਲਾ ਲਵਾਂਗੇ ? ਤੁਰੰਤ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ- ਇਰਾਨ ਅਗਰ ਹਮਲਾ ਕਰੇਗਾ ਤਾਂ ਅਸੀਂ ਅਜਿਹੀ ਕਾਰਵਾਈ ਕਰਾਂਗੇ ਜੋ ਪਹਿਲਾਂ ਕਦੀ ਕਿਸੇ ਨੇ ਨਾ ਕੀਤੀ ਹੋਵੇਗੀ ! ਇਸ ਡਰੋਨ ਹਮਲੇ ਬਾਅਦ ਇਰਾਨ ਨੂੰ ਇਹ ਇਕ ਧਮਕੀ ਵੀ ਦਿੱਤੀ ਗਈ। ਜਿਹੜਾ ਕਿ ਸਾਮਰਾਜੀ ਅਮਰੀਕਾ ਦੀ ਤੀਜੇ ਸੰਸਾਰ ਜੰਗ ਛੇੜਨ ਦੀ ਆਸ਼ੰਕਾ ਨੂੰ ਜਨਮ ਵੀ ਦੇਣਾ ਹੈ ? ਰਾਜਨੀਤਕ ਹਲਕਿਆ ਅੰਦਰ ਇਸ ਡਰੋਨ ਹਮਲੇ ਅਤੇ ਟਰੰਪ ਦੀ ਧਮਕੀ ਬਾਦ ਦੁਨੀਆ ਅੰਦਰ ਇਹ ਇਕ ਚਰਚਾ ਵੀ ਗਰਮ ਹੋ ਗਈ ਹੈ, ‘ਕਿ ਟਰੰਪ ਜਿਸ ‘ਤੇ ਇਕ ਮਹਾ ਅਭਿਯੋਗ ਚਲ ਰਿਹਾ ਹੈ। ਰਾਸ਼ਟਰਪਤੀ ਚੋਣ ਜਿਤਣ ਲਈ ਅਜਿਹੇ ਮੌਕੇ ਦੀ ਤਾਲਾਸ਼ ‘ਚ ਇਹੋ ਜਿਹੇ ਹਾਲਾਤ ਪੈਦਾ ਕਰ ਰਿਹਾ ਹੈ! ਕੁਝ ਵੀ ਹੋਵੇ! ਟਰੰਪ ਦੀ ਇਹ ਇਕ ਵੱਡੀ ਰਾਜਸੀ ਗਲਤੀ ਹੋਵੇਗੀ, ‘ਜੇਕਰ ਉਹ ਇਰਾਨ ਵਿਰੁਧ ਜੰਗ ਛੇੜ ਕੇ ਰਾਸ਼ਟਰਪਤੀ ਦੀ ਚੋਣ ਜਿਤਣ ਦੀ ਆਸ ਰੱਖੇਗਾ?
ਇਰਾਨ ਵਿਰੁਧ ਜੰਗ ਵਿੱਚ ਅਮਰੀਕਾ ਅੱਗੇ ਹੈ, ਪਰ ਲੋਕ ਰਾਏ ਅੰਦਰ ਉਹ ਅਮਨ ਨੂੰ ਢਾਅ ਲਾਉਣ ਕਰਕੇ ਉਸ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ ? ਸੁਲੇਮਾਨੀ ‘ਤੇ ਹਮਲਾ ਇਸੇ ਰੋਸ਼ਨੀ ‘ਚ ਸਮਝਿਆ ਜਾ ਰਿਹਾ ਹੈ। ਟਰੰਪ ਨੂੰ ਸਮਝਣਾ ਚਾਹੀਦਾ ਕਿ ਸੁਲੇਮਾਨੀ ਨੂੰ ਮਾਰਨਾ ਉਸ ਨੂੰ ਸ਼ਹੀਦ ਬਣਾ ਕੇ, ‘ਇਸਲਾਮੀ ਮੁਲਕਾਂ ਅੰਦਰ ਉਸ ਨੂੰ ਹੀਰੋ ਬਣਾ ਦਿੱਤਾ ਹੈ ? ਹੁਣ ਜੇਕਰ ਟਰੰਪ ਨੇ ਮੱਧ-ਪੂਰਬ ਅੰਦਰ ਅੱਗ ਲਾ ਦਿੱਤੀ ਤਾਂ ਇਹ ਅੱਗ ਦੀ ਲਪੇਟ ‘ਚ ਸਾਰਾ ਸੰਸਾਰ ਸਮੇਤ ਅਮਰੀਕਾ ਤਬਾਹ ਹੋ ਜਾਵੇਗਾ ? ਜੋ ਰੋਲ ਬਰਤਾਨੀਆਂ ਅਤੇ ਕੁਝ ਨਾਟੋ ਦੇ ਭਾਈਵਾਲ ਦੇਸ਼ ਅਦਾ ਕਰ ਰਹੇ ਹਨ, ‘ਉਨ•ਾਂ ਨੂੰ ਜਦੋਂ ਜੰਗ ਦਾ ਸੇਕ ਲੱਗੇਗਾ ਤਾਂ ਸਭ ਕੁਝ ਭੁਲ ਜਾਵੇਗਾ ! ਅੱਜ ਦੇ ਸੰਦਰਭ ਅੰਦਰ ਜੋ ਰੋਲ ਸੰਯੁਕਤ ਰਾਸ਼ਟਰ ਨੂੰ ਅਦਾ ਕਰਨਾ ਚਾਹੀਦਾ ਸੀ, ‘ਉਹ ਵੀ ਕਾਫੀ ਕੁਝ ਨਹੀਂ। ਸਗੋਂ ਦੋਨੋਂ ਦੇਸ਼ਾਂ ਨੂੰ ਸੰਜਮ ਵਰਤਣ ਦਾ ਕਹਿ ਕੇ ਹਮਲਾਵਰ ਨੂੰ ਹੋਰ ਪਤਿਆਉਣਾ ਹੈ। ਅਮਰੀਕਾ ਵੱਲੋ ਹਮਲਾ ਕਰਨਾ ਤੇ ਧਮਕੀ ਵੀ ਦੇਣੀ  ਕਿਥੋਂ ਦਾ ਇਹ ਇਨਸਾਫ਼ ਹੈ ? ਭਾਰਤ ਜਿਹੜਾ ਕਦੀ ਗੁਟ-ਨਿਰਲੇਪ ਦੇਸ਼ਾਂ ਦਾ ਮੋਢੀ ਰਿਹਾ ਸੀ, ਮੋਦੀ ਸਰਕਾਰ ਵੱਲੋ ਇਹ ਕਹਿ ਕੇ ਪੱਲਾ ਝਾੜ ਦੇਣਾ ਕਿ, ‘ਦੋਨੋ ਦੇਸ਼ ਸੰਜਮ ਵਰਤਣ ਕੌਮਾਂਤਰੀ ਪਿੜ ਅੰਦਰ ਭਾਰਤ ਦੀ ਵਿਦੇਸ਼ ਨੀਤੀ ਤੋਂ ਪਿਛੇ ਹੱਟਣਾ ਹੈ। 
ਅਮਰੀਕੀ ਰਾਸ਼ਟਰਪਤੀ ਦੀ ਇਹ ਧਮਕੀ ਕਿ ਇਰਾਨ ਦੇ 52-ਅਹਿਮ ਟਿਕਾਣਿਆ ਤੇ ਹਮਲੇ ਹੋਣਗੇ ਅਤੇ ਫਿਰ ਜਰਨੈਲਾਂ ਤੇ ਹਮਲਾ ਇਹ ਅਮਰੀਕੀ ਸਾਮਰਾਜ ਦੀ ਨਿੰਦਣਯੋਗ ਮਨਮਾਨੀ ਹੀ ਨਹੀਂ ਸਗੋਂ ਫੌਜੀ ਧੌਂਸ ਅਤੇ ਸੰਸਾਰ ਅਮਨ ਨੂੰ ਇਕ ਵੱਡਾ ਖਤਰਾ ਪੈਦਾ ਕਰਨਾ ਹੈ। ਦੁਨੀਆਂ ਅੰਦਰ ਜੇਕਰ ਜੰਗ ਭੜਕਦੀ ਹੈ ਤਾਂ ਇਸ ਲਈ ਸਾਮਰਾਜ ਅਮਰੀਕਾ ਜ਼ਿੰਮੇਵਾਰ ਹੋਵੇਗਾ ? ਆਪਣੀ ਵਿਸ਼ਵ ਵਿਆਪੀ ਸਰਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਆਰਥਿਕ ਸੰਕਟ ਦੇ ਨਾਂਹ ਪੱਖੀ ਪ੍ਰਭਾਵਾਂ ਉਪਰ ਕਾਬੂ ਪਾਉਣ ਦੇ ਆਪਣੇ ਯਤਨਾਂ ਵਿੱਚ, ‘ਅਮਰੀਕੀ ਸਾਮਰਾਜਵਾਦ ਸਰਵ-ਪੱਖੀ ਵਧੇਰੇ ਹਮਲਾਵਰੀ ਦਾ, ਖਾਸਕਰ ਰਾਜਨੀਤਕ, ਆਰਥਿਕ ਤੇ ਫੌਜੀ ਦਖ਼ਲਅੰਦਾਜ਼ੀਆਂ ਰਾਹੀਂ ਹਮਲਾਵਰੀ ਰੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ। ਟਰੰਪ ਅਮਰੀਕਾ ਅੰਦਰ ਆ ਰਹੀ ਰਾਸ਼ਟਰਪਤੀ ਪੱਦ ਦੀ ਚੋਣ ਲਈ  ਉਪਰੋਕਤ ਪ੍ਰਭਾਵਾਂ ਨੂੰ ਵਰਤਣ ਲਈ ਯਤਨਸ਼ੀਲ ਹੈ। ਪੱਛਮੀ ਏਸ਼ੀਆ ਵਿੱਚ ਅਮਰੀਕਾ, ਇਜ਼ਰਾਇਲ ਧੁਰੀ ਨੇ ਆਪਣੀ ਕੇਂਦਰੀ ਭੂਮਿਕ ਨਿਭਾਉਂਦੇ ਹੋਏ ਆਪਣੇ ਟੀਚੇ ਅਨੁਸਾਰ ਅਮਰੀਕੀ ਸਾਮਰਾਜ ਨੇ ਆਪਣਾ ਰਾਜਨੀਤਕ ਕੰਟਰੋਲ ਵਧਾਉਣ ਅਤੇ ਇਜ਼ਰਾਇਲ ਨੂੰ ਮਜ਼ਬੂਤ ਕਰਨਾ, ਦੋਹਾਂ ਮੰਤਵਾਂ ਲਈ ਇਰਾਨ ਨੂੰ ਕਮਜ਼ੋਰ ਤੇ ਅਲੱਗ-ਥਲੱਗ ਕਰਨਾ ਹੈ।
ਅਮਰੀਕਾ ਅਤੇ ਉਸ ਦੇ ਅਰਬ-ਸਹਿਯੋਗੀਆਂ ਵੱਲੋ ਸਮਰਥਿਤ ਇਸਲਾਮੀ ਸ਼ਕਤੀਆਂ ਦੇ ਅਸਫ਼ਲ ਹੋਣ ਦਾ, ਪੱਛਮੀ ਏਸ਼ੀਆ ਦੀ ਰਾਜਨੀਤੀ ਉਤੇ ਡੂੰਘਾ ਅਸਰ ਪੈਣ ਜਾ ਰਿਹਾ ਹੈ। ਸੀਰੀਆ ਵਿੱਚ ਰੂਸ ਦੀ ਯੁੱਧਨੀਤਕ ਫੌਜੀ ਦਖ਼ਲਅੰਦਾਜ਼ੀ ਨਾਲ, ਇਸ ਖੇਤਰ ਵਿੱਚ ਰੂਸ ਦਾ ਪ੍ਰਭਾਵ ਮਜ਼ਬੂਤ ਹੋਇਆ ਹੈ। ਰੂਸ-ਤੁਰਕੀ-ਇਰਾਨ ਸਾਂਝੀ ਪਹਿਲ ਨੇ ਇਸ ਖੇਤਰ ਵਿੱਚ ਅਮਰੀਕੀ ਮਨਸੂਬਿਆ ਨੂੰ ਅਸਫ਼ਲ ਕੀਤਾ ਹੈ। ਅਮਰੀਕਾ, ‘ਅਸਦ ਨੂੰ ਸੀਰੀਆ ਵਿਚੋਂ ਉਖਾੜਨ ਦੇ ਆਪਣੇ ਟੀਚੇ ‘ਚ ਅਸਫ਼ਲ ਹੋਇਆ ਹੈ। ਇਸ ਲਈ ਉਸ ਨੇ ਇਸ ਖੇਤਰ ‘ਚ ਆਪਣਾ ਧਿਆਨ ਇਰਾਨ ਵਲ ਮੋੜ ਲਿਆ ਹੈ। ਹੁਣ ਇਰਾਨ ਇਸ ਖੇਤਰ ਵਿੱਚ ਅਮਰੀਕੀ ਯੁੱਧਨੀਤੀ ਦਾ ਮੁੱਖ ਨਿਸ਼ਾਨਾ ਬਣਿਆ ਹੈ। ਟਰੰਪ ਨੇ ਇਰਾਨ ਦੇ ਨਾਲ ਪ੍ਰਮਾਣੂ ਸਮਝੌਤੇ ਨੂੰ ਪ੍ਰਮਾਣਿਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਿਹੜਾ ਇਹ ਦਿਖਾਉਂਦਾ ਹੈ ‘ਕਿ ਇਰਾਨ ਉਤੇ ਵੀ ਅਤੇ ਇਸ ਖੇਤਰ ਉਤੇ ਵੀ ਦੋਹਾਂ ‘ਤੇ ਦਬਾਅ  ਲੱਦੇ ਜਾਣ ਵਾਲੇ ਹਨ। ਇਰਾਨ ਨੇ ਨਵੀਆਂ ਰੋਕਾਂ ਤੇ ਬੰਦਸ਼ਾਂ, ਤੇਲ ਸਪਲਾਈ ‘ਚ ਵਿਘਨ, ਸਾਊਦੀ ਅਰਬ ਨੂੰ ਅਮਰੀਕਾ ਹੋਰ ਨੇੜੇ ਲਾ ਕੇ ਇਰਾਨ ਨੂੰ ਕਮਜ਼ੋਰ ਕਰਨ ਅਤੇ ਯਮਨ ਅੰਦਰ ‘‘ਹੌਥੀ‘‘ ਲੜਾਕਿਆ ਵਿਰੁੱਧ ਜਿਨ•ਾਂ ਨੂੰ ਇਰਾਨ ਦੀ ਹਮਾਇਤ ਹੈ, ‘ਵਿਰੁਧ ਹਵਾਈ ਹਮਲੇ ਕਰਾ ਰਿਹਾ ਹੈ। ਸਾਊਦੀ ਅਰਬ ਦੇ ਨਵੇਂ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਅਮਰੀਕਾ ਦੀ ਸ਼ਹਿ ‘ਤੇ ਕਤਰ, ਸੀਰੀਆ, ਯਮਨ ਤੇ ਲਿਬਨਾਨ ਵਿਰੁੱਧ ਅੰਦਰੂਨੀ ਕਾਰਵਾਈਆਂ ਜਾਰੀ ਰੱਖ ਰਿਹਾ ਹੈ। 
ਇਰਾਨ ਦੇ ਮੁੱਖੀ ਖਾਮਨੇਈ ਨੇ ਅਮਰੀਕਾ ਹਮਲੇ ਦਾ ਜਵਾਬ ਦੇਣ ਲਈ ਕੌਮੀ ਸੁਰੱਖਿਆ ਪ੍ਰੀਸ਼ਦ ਦੀ ਤਹਿਰਾਨ ਵਿਖੇ ਇਕ ਬੈਠਕ ਬੁਲਾਈ। ਜਿਵੇਂ ਪਹਿਲਾ ਹੀ ਮਹਿਸੂਸ ਹੋ ਰਿਹਾ ਸੀ, ‘ਕਿ ਇਰਾਨ ਵੀ ਕੋਈ ਕਾਰਵਾਈ ਕਰੇਗਾ। 8-ਜਨਵਰੀ ਨੂੰ ਇਰਾਨ ਵੱਲੋਂ ਇਰਾਕ ਸਥਿਤ ਅਮਰੀਕੀ ਫ਼ੌਜੀ ਅੱਡਿਆਂ-ਅਲਅਸਦ ਅਤੇ ਇਰਬਿਲ ‘ਤੇ 22-ਮਿਜ਼ਾਇਲਾਂ ਦਾਗੀਆਂ ਗਈਆਂ। ਇਰਾਨੀ ਟੀ.ਵੀ. ਦੀਆਂ ਖਬਰਾਂ ਅਨੁਸਾਰ 80-ਅਮਰੀਕੀ ਫੌਜੀ ਮਾਰੇ ਜਾਣਾ ਦਾ ਦਾਅਵਾ ਕੀਤਾ ਗਿਆ। ਜਦਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਇਨ•ਾਂ ਖਬਰਾਂ ਦਾ ਖੰਡਨ ਕੀਤਾ ਹੈ। ਇਸ ਵੇਲੇ ਮੱਧ-ਪੂਰਬ ‘ਚ ਹਾਲਾਤ ਧਮਾਕਾ-ਖੇਜ ਬਣੇ ਹੋਏ ਹਨ। ਇਰਾਨ ਨੇ ਖਾੜੀ ਅੰਦਰ ‘‘ਹੋਰਮੁਜ‘‘ ਖਾੜੀ ਬੰਦ ਕਰਨ ਦੀ ਵੀ ਧਮਕੀ ਦਿੱਤੀ ਹੈ। ਅਮਰੀਕਾ ਦੇ ਇਸ ਵੇਲੇ ਮੱਧ-ਪੂਰਬ ਤੇ ਅਰਬ ਦੇਸ਼ਾਂ ਅੰਦਰ 2-ਲੱਖ ਸੈਨਿਕ, ਯੁੱਧ-ਬੇੜੇ,ਦੁਬਈ ਸਥਿਤ ਐਫ-22 ਹੰਪਟਰ ਫਾਈਟਰ ਬੇਸ, ਕਰੁਜ-ਮਿਜ਼ਾਇਲ, ਆਰਮਡ ਉਹੀਓ ਕਲਾਸ ਪਨਡੂਬੀਆਂ ਹਵਾਈ ਜਹਾਜ ਵਾਹਕ ਜੋ ਅਰਬ ਦੇਸ਼ਾਂ ਤੇ ਖਾੜੀ ਵਿੱਚ ਤਾਇਨਾਤ ਹਨ, ਉਸ ਪਾਸ ਬੀ-2 ਸਟੇਲਥ ਬੰਬ-ਵਰਸ਼ਕ ਹਵਾਈ ਜਹਾਜ਼ ਤੇ ਪ੍ਰਮਾਣੂ ਹਥਿਆਰ ਹਨ। ਜਿਵੇਂ ਇਰਾਨ ਅਤੇ ਅਮਰੀਕਾ ‘ਚ ਟਕਰਾਅ ਦੀ ਤੀਬਰਤਾ ਜੋ ਵੱਧ ਰਹੀ ਹੈ, ਸੰਸਾਰ ਜੰਗ ਵੀ ਭੜਕ ਸਕਦੀ ਹੈ। 
ਇਰਾਨ ਨੂੰ ਕਿਸੇ ਵੀ ਦੇਸ਼ ਦੀ ਕੋਈ ਸਿਧੀ ਹਮਾਇਤ ਨਹੀ ਹੈ। ਉਸ ਪਾਸ ਦੁਨੀਆ ਦੀ 13-ਵੀਂ ਸਭ ਤੋਂ ਵੱਡੀ ਫੌਜੀ ਸ਼ਕਤੀ ਹੈ ਪਰ ਉਸ ਨਾਲ ਮੱਧ-ਪੂਰਬ ਅੰਦਰ ਫੈਲਿਆ ਮਿਲਿਸ਼ੀਆ ਸਮੂਹ, ਲੇਬਨਾਨ ਅੰਦਰ ਸਰਗਰਮ ਹਿਜ਼ਬੁਲਾਹ, ਯਮਨ ਦੇ ਹੌਥੀ ਵਿਦਰੋਹੀ, ਸੀਰੀਆ ਅੰਦਰ ਅਲ-ਅਸਦ ਦਾ ਸਹਿਯੋਗ ਹੈ। ਕਾਸਿਮ ਸੁਲੇਮਾਨੀ ਜੋ ਇਰਾਨ ਦੀ ਇਸਲਾਮਿਕ ਇਨਕਲਾਬੀ ‘‘ਕੁਦਸ ਫੌਰਸ‘‘ ਦਾ ਮੁੱਖੀ ਸੀ, ‘ਇਰਾਨ ਦੀਆਂ ਵਿਦੇਸ਼ਾਂ ਅੰਦਰ ਚਲ ਰਹੀਆ ਗੁਪਤ ਮੁਹਿੰਮਾਂ ਨੂੰ ਲਾਮਬੰਦ ਕਰਦਾ ਸੀ। 1980 ਦੀ ਇਰਾਨ-ਇਰਾਕ ਜੰਗ ਦੇ ਬਾਦ ਪਿਛਲੇ ਚਾਰ-ਦਹਾਕਿਆ ਤੋਂ ਉਹ ਇਨਕਲਾਬੀ ਫੌਜ ਕੁਦਸ ਦੀ ਅਗਵਾਈ ਕਰ ਰਿਹਾ ਸੀ। ਜਿਸ ਤੋਂ ਅਮਰੀਕਾ ਭੈਅ-ਭੀਤ ਤੇ ਸੁਲੇਮਾਨੀ ਨੂੰ ਖਤਮ ਕਰਨਾ ਚਾਹੁੰਦਾ ਸੀ। ਇਰਾਨ ਤੋਂ ਹੁਣ ਇਰਾਕ ਤੇ ਸੀਰੀਆ ਅੰਦਰ ਅਮਰੀਕੀ ਫੌਜੀ ਅੱਡਿਆ, ਗੋਲਾਨ ਹਾਈਟਸ ਤੋਂ ਇਸਰਾਇਲ ਵਿਰੁਧ, ‘‘ਹੋਰਮੁਜ‘‘ ਜਲ-ਡੈਮਰੂ ‘ਚ ਲੰਘਣ ਵਾਲੇ  ਤੇਲ ਟੈਂਕਰਾਂ ‘ਤੇ ਹਮਲਿਆ ਦੀ ਸੰਭਾਵਨਾ ਹੋ ਸਕਦੀ ਹੈ। ਰੂਸੀ ਫੌਜਾਂ ਸੀਰੀਆਂ ਅੰਦਰ ਤਾਇਨਾਤ ਹਨ। ਸੀਰੀਆ ਇਰਾਨ ਦਾ ਸਮਰਥੱਕ ਹੈ। ਤੁਰਕੀ, ‘ਨਾਟੋ ਦਾ ਮੈਂਬਰ ਹੋਣ ਦੇ ਬਾਵਜੂਦ ਰੂਸ ਤੇ ਇਰਾਨ ਦੇ ਕਰੀਬ ਹੈ। ਜੰਗ ਦੀ ਸੰਭਾਵਨਾ ਬਹੁਤ ਘੱਟ ਹੈ,ਪਰ ਇਰਾਨ ਆਹਮੋ-ਸਾਹਮਣੇ  ਨਹੀਂ ਲੜ• ਸਕਦਾ ਹੈ ? 
ਇਰਾਨ ਵੱਲੋਂ ਇਰਾਕ ਵਿਖੇ ਦੋ ਅਮਰੀਕੀ ਫੌਜੀ ਟਿਕਾਣਿਆ ਤੇ ਹੋਏ ਹਮਲੇ ਬਾਦ ਅਮਰੀਕੀ ਰਾਸ਼ਟਰਪਤੀ ਡੋਨਾਰਡ ਟਰੰਪ ਨੇ ਦੇਸ਼-ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਕਿ ਅਮਰੀਕਾ ਕੋਈ ਫੌਜੀ ਕਾਰਵਾਈ ਨਹੀ ਕਰੇਗਾ, ਇਰਾਨ ਇਕ ਅੱਤਵਾਦੀ ਦੇਸ਼ ਹੈ ਤੇ ਇਸ ਵੱਲੋਂ ਪ੍ਰਮਾਣੂ ਟੈਸਟ ਕਰਨ ਤੋਂ ਦੂਸਰੇ ਦੇਸ਼ ਦਬਾਅ ਪਾਉਣ। ਨਾਟੋ ਦੇ ਮੈਂਬਰ ਦੇਸ਼, ਅਮਨ ਲਈ ਕੰਮ ਕਰਦੇ ਰਹਿਣਗੇ। ਇਰਾਨੀ ਹਮਲੇ ‘ਚ ਕੋਈ ਵੀ ਅਮਰੀਕੀ ਨਹੀਂ ਮਰਿਆ। ਅਮਰੀਕਾ ਅਰਥਿਕ ਤੌਰ ਤੇ ਮਜ਼ਬੂਤ ਹੈ ਤੇ ਮਿਲਟਰੀ ਪੱਖੋ ਵੀ। ਇਰਾਨ ਪ੍ਰਮਾਣੂ ਤਾਕਤ ਬਣਨ ਦਾ ਸੁਪਨਾ ਛੱਡ ਦੇਵੇ। ਸੁਲੇਮਾਨੀ ਇਕ ਅੱਤਵਾਦੀ ਸੀ ਉਸ ਨੂੰ ਪਹਿਲਾ ਹੀ ਮਾਰ ਦੇਣਾ ਚਾਹੀਦਾ ਸੀ। ਉਹ ਅਮਰੀਕੀ ਠਿਕਾਣਿਆ ਤੇ ਹਮਲੇ ਕਰਨ ਦੀ ਤਾਕ ਵਿੱਚ ਸੀ। ਉਹ ਹਿਜਬੁਲ•ਾ ਦੀ ਮਦਦ ਕਰਦਾ ਸੀ। ਅਸੀਂ ਸ਼ਾਂਤੀ ਦੇ ਰਸਤੇ ਤੇ ਅੱਗੇ ਵੱਧ ਰਹੇ ਹਾਂ। ਉਧਰ ਅਮਰੀਕੀ ਡੈਮੋਕਰੇਟਾਂ ਨੇ ਕਿਹਾ ਕਿ ਟਰੰਪ ਅਮਰੀਕਾ ਤੇ ਇਰਾਨ ਵਿਚਕਾਰ ਫੌਜੀ ਟਕਰਾਅ ‘ਚ ਤੀਬਰਤਾ ਲਿਆਉਣਾ ਚਾਹੁੰਦਾ ਹੈ। ਹੁਣ ਤੱਕ ਅਮਰੀਕਾ ਦੇ ਹੱਕ ਵਿੱਚ ਜੇਕਰ ਕੋਈ ਅੱਗੇ ਆਇਆ ਹੈ ਤਾਂ ਉਹ ਇਸਰਾਇਲ ਦਾ ਪ੍ਰਧਾਨ ਮੰਤਰੀ ਬਿਜਾਮਿਨਾ ਨੇਤਿਆਨਾਹੂ ਹੈ। ਕਿਉਂਕਿ ਮੱਧ-ਪੂਰਬ ‘ਚ ਅਮਰੀਕਾ ਦਾ ਸਭ ਤੋਂ ਵੱਡਾ ਅੱਡਾ ਇਸਰਾਇਲ ਹੈ ਜੋ ਪ੍ਰਮਾਣੂ ਹਥਿਆਰਾਂ ਨਾਲ ਲੈਸ ਹੈ ਤੇ ਅਰਬ ਦੇਸ਼ਾਂ ਵਿਰੁਧ ਹਰ ਵੇਲੇ ਹਮਲਾਵਰੀ ਰਹਿੰਦਾ ਹੈ। 
ਅਮਰੀਕਾ, ਚੀਨ, ਰੂਸ, ਇਸਰਾਇਲ, ਸਾਰਿਆ ਪਾਸ ਪ੍ਰਮਾਣੂ ਹਥਿਆਰ ਹਨ। ਚੀਨ ਨੇ ਉਮਾਨ ਦੀ ਖਾੜੀ ‘ਚ ਆਪਣਾ ਜੰਗੀ ਬੇੜਾ ਤੈਨਾਤ ਕੀਤਾ ਹੋਇਆ ਹੈ। ਹੁਣੇ ਹੁਣੇ ਇਸ ਖੇਤਰ ‘ਚ ਇਰਾਨ ਤੇ ਰੂਸ ਨੇ ਸਾਂਝਾ ਫੌਜੀ ਅਭਿਆਸ ਕੀਤਾ ਹੈ। ਸਾਊਦੀ ਅਰਬ ਯਮਨ ਅੰਦਰ ਇਰਾਨੀ ਸਮਰਥਤ ਹੌਥੀ-ਵਿਦਰੋਹੀਆਂ ਨਾਲ ਲੜ ਰਿਹਾ ਹੈ। ਇਸ ਤਰ•ਾਂ ਜੇਕਰ ਇਰਾਨ ਤੇ ਅਮਰੀਕਾ ਵਿਚਕਾਰ ਵਿਵਾਦ ਵੱਧਦਾ ਹੈ ਤਾਂ ਵੱਖੋ ਵੱਖ ਰਾਜਸੀ, ਆਰਥਿਕ ਤੇ ਸਰਦਾਰੀ ਦੀ ਹੋੜ ਕਾਰਨ ਕਈ ਤਰ•ਾਂ ਦੇ ਸਮੀਕਰਨ ਸਾਹਮਣੇ ਆ ਸਕਦੇ ਹਨ। ਸਾਰੀਆਂ ਮਹਾਂਸ਼ਕਤੀਆਂ ਪਾਸ ਪ੍ਰਮਾਣੂ ਹਥਿਆਰ ਹਨ। ਸੋ ਪਹਿਲ ਕਰਨੀ ਕੋਈ ਆਸਾਨ ਨਹੀ ਹੋਵੇਗੀ। ਇਨ•ਾਂ ਪਾਸ ਅਗਲੀ ਪੀੜੀ ਦੀਆਂ ਹਾਈਪਰਸੋਨਿਕ ਮਿਜ਼ਾਇਲਾ ਵੀ ਹਨ ਜੋ ਹਰ ਤਰ•ਾਂ ਦੀਆਂ ਰੱਖਿਆ ਪ੍ਰਨਾਲੀਆਂ ਨੂੰ ਤੋੜਨ ਲਈ ਸਮਰੱਥ ਵੀ ਹਨ। ‘‘ਹੋਰਮੁਜ‘‘ ਜਲ ਡਮਰੂ ਰਸਤਾ ਮੱਧ ਪੂਰਬ ਦੇ ਤੇਲ ਪੈਦਾ ਕਰਨ ਵਾਲੇ ਅਰਬ ਦੇਸ਼ਾਂ ਨੂੰ ਏਸ਼ੀਆ, ਯੂਰਪ ਅਤੇ ਉਤਰੀ ਅਮਰੀਕਾ ਅਤੇ ਉਸ ਤੋਂ ਅੱਗੇ ਬਾਕੀ ਬਾਜ਼ਾਰਾਂ ਨੂੰ ਜੋੜਦਾ ਹੈ। ਇਰਾਨ ਵੱਲੋਂ ਇਸ ਰਸਤੇ ਨੂੰ ਰੋਕਣਾ ਜਿੱਥੇ ਤੇਲ-ਸ਼ਕਤੀ ਲਈ ਨਵੀਂ ਸਮੱਸਿਆਵਾਂ ਪੈਦਾ ਕਰੇਗਾ, ‘ਉਥੇ ਪੀੜਤ ਦੇਸ਼ਾਂ ਨੂੰ ਮੁੜ ਆਪਣੇ ਹਿਤਾਂ ਲਈ ਸੋਚਣ ਲਈ ਮਜਬੂਰ ਕਰੇਗਾ ! ਜੰਗ ਦੇ ਹਲਾਤਾਂ ਦੌਰਾਨ ਤੇਲ ਸੰਕਟ ਕਾਰਨ ਸਾਰੀ ਦੁਨੀਆਂ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਫਿਰ ਜੰਗ ਬਾਰੇ ਹਰ ਇਕ ਨੂੰ ਵਾਰ-ਵਾਰ ਸੋਚਣਾ ਪਏਗਾ ?   ਇਰਾਨ 8.2 ਕਰੋੜ ਆਬਾਦੀ ਵਾਲਾ ਦੇਸ਼ ਜਿਸ ਪਾਸ ਕਰੀਬ 5-ਲੱਖ ਫੌਜ ਹੈ। ਇਸ ਪਾਸ ਆਧੁਨਿਕ ਹਥਿਆਰ ਹਨ। ਇਰਾਨ ਭੂਗੋਲਿਕ ਤੌਰ ਤੇ ਤਿੰਨ ਪਾਸਿਆਂ ਤੋਂ ਪਹਾੜੀਆਂ ‘ਚ ਘਿਰਿਆ ਹੋਇਆ ਹੈ ਤੇ ਇਕ ਪਾਸੇ ਸਮੁੰਦਰ ਹੈ। ਦੇਸ਼ ਦੇ ਵਿਚਕਾਰ ਮਾਰੂਥਲ ਹੈ। ਇਸ ਤਰ•ਾਂ ਅਮਰੀਕੀ ਫੌਜ  ਨੂੰ ਜ਼ਮੀਨੀ ਸਤਹਾਂ ਤੇ ਜੰਗ ਲੜਨਾ ਇਕ ਵੱਡੀ ਚੁਣੌਤੀ ਹੈ। ਪ੍ਰਮਾਣੂ ਸਮਝੌਤੇ ਦੇ ਟੁੱਟਣ ਬਾਦ ਇਰਾਨ ਨੇ ਯੂਰੇਨੀਅਮ ਭੰਡਾਰ ਦੀ ਸੀਮਾ ਦਾ ਉਲੰਘਨ ਕੀਤਾ ਤੇ ਆਪਣੇ ਊਰਜਾ ਖੇਤਰ ‘ਚ ਵਾਧਾ ਕੀਤਾ। ਇਰਾਨ ਪਾਸ ਮੱਧ-ਪੂਰਬ ਦੇ ਦੇਸ਼ਾਂ ਵਿਚੋਂ ਸਭ ਤੋਂ ਵੱਧ ਮਿਜ਼ਾਇਲ ਸ਼ਕਤੀ ਜਿਸ ਵਿੱਚ ਜੋ 2000 ਕਿ.ਮੀ. ਤਕ ਮਾਰ ਕਰ ਸਕਦੀਆਂ ਹਨ। ਇਸ ਲਈ ਅਮਰੀਕਾ ਨੂੰ ਜੰਗ ਦੀ ਸੂਰਤ ਵਿੱਚ ਹਰ ਤਰ•ਾਂ ਦੇ ਹਥਿਆਰਾਂ ਦੀ ਵਰਤੋਂ ਕਰਨੀ ਪੈ ਸਕਦੀ ਹੈ। ਸਾਈਬਰ ਹਮਲਾ ਵੀ ਕੀਤਾ ਜਾ ਸਕਦਾ ਹੈ। ਇਰਾਕ ਅੰਦਰ 5000 ਤੋਂ ਵੱਧ ਅਮਰੀਕੀ ਫੌਜੀ ਤਾਇਨਾਤ ਹਨ। ਪਰ ਇਰਾਕ ਅੰਦਰ ਅਮਰੀਕਾ, ਸ਼ਿਆ ਮਿਲਿਸ਼ੀਆ ਜੱਥੇਬੰਦੀ ਦੇ ਨਿਸ਼ਾਨੇ ਤੇ ਹੈ। ਕੁਦਸ ਫੋਰਸ ਸੁਲੇਮਾਨੀ ਦੀ ਮੌਤ ਬਾਦ ਸਿਧੇ ਤੌਰ ਤੇ ਅਮਰੀਕਾ ਵਿਰੁਧ ਲੜੇਗੀ। ਇਸੇ ਤਰ•ਾਂ ਸੀਰੀਆ ਨੇ ਰੂਸ ਤੇ ਇਰਾਨ ਦੀ ਸਹਾਇਤਾ ਨਾਲ ਆਪਣੀ ਸ਼ਕਤੀ ਮਜ਼ਬੂਤ ਕਰ ਲਈ ਹੈ। ਬਸ਼ਰ-ਅਲ-ਅਸਦ ਇਰਾਨ ਦੇ ਕਾਫੀ ਨੇੜੇ ਹੈ। ਇਸ ਤਰ•ਾਂ ਜੇਕਰ ਕੋਈ ਜੰਗ ਦੀ ਸੰਭਾਵਨਾ ਬਣਦੀ ਹੈ ਤਾਂ ਅਮਰੀਕਾ ਨੂੰ ਇਰਾਨ ਨਾਲ ਜੰਗ ਲੜਨੀ ਮਹਿੰਗੀ ਪਏਗੀ ?
ਸੁਲੇਮਾਨੀ ਜੋ ਇਰਾਨ ਦੀ ਇਨਕਲਾਬੀ ਫੌਜ ਕੁਦਸ ਜਿਸ ਪਾਸ ਇਸਲਾਮਿਕ ਰੀਪਬਲਿਕ ਫੋਰਸ ਦੀ ਵਾਗਡੋਰ ਸੀ, ਇਰਾਨ ਦੇ ਰਾਬਰੋ ਕਸਬੇ ਵਿੱਚ 11-ਮਾਰਚ, 1957 ਨੂੰ ਪੈਦਾ ਹੋਇਆ। ਇਰਾਨ ਦੇ ਰਾਜਾ ਪਹਲਾਵੀ ਵਿਰੁਧ ਉਠੀ ਲਹਿਰ ‘ਚ ਸੁਲੇਮਾਨੀ ਸ਼ਾਮਲ ਹੋ ਗਿਆ। ਹੌਲੀ-ਹੌਲੀ ਖੂਮੈਨੀ ਦੇ ਨਜ਼ਦੀਕ ਚਲਾ ਗਿਆ। ਵਿਦੇਸ਼ੀ ਮੁਹਿੰਮਾਂ ਦਾ ਕਮਾਂਡਰ ਬਣ ਗਿਆ। ਇਰਾਨ ਅੰਦਰ ਇਕ ਹਰਮਨ ਪਿਆਰਾ ਆਗੂ ਸੀ। ਸੁਲੇਮਾਨੀ ਦਾ ਕਥਨ ਸੀ- ਅਸਲ ਮੌਤ ! ਜ਼ਿੰਦਗੀ ਦੀ ਸ਼ੁਰੂਆਤ ਹੈ, ਜ਼ਿੰਦਗੀ ਦਾ ਅੰਤ ਨਹੀ। ਉਹ ਇਰਾਕ ਦਾ ਇਕ ਸ਼ਕਤੀਸ਼ਾਲੀ ਫੌਜੀ ਨਾਲੋ ਰਾਜਸੀ ਆਗੂ ਸੀ। ਵਿਦੇਸ਼ੀ ਮੁਹਿੰਮਾਂ ਸ਼ੁਰੂ ਕਰਨ ਲਈ ਸਾਰੇ ਮਨਸੂਬੇ ਘੜਦਾ ਸੀ। ਜਿਸ ਤੋਂ ਅਮਰੀਕੀ ‘‘ਸੀ.ਆਈ.ਏ.‘‘ ਵੀ ਘਬਰਾਉਂਦੀ ਸੀ। ਅੱਜ ਇਰਾਨ ਤੇ ਅਮਰੀਕਾ ਇਕ ਦੂਜੇ ਦੇ ਕੱਟੜ ਵਿਰੋਧੀ ਹਨ। ਕਦੀ ਉਹ ਇਕ ਦੂਜੇ ਨਾਲ ਜੁੜੇ ਹੋਏ ਸਨ। 1979 ਦੀ ਇਰਾਨ ਅੰਦਰ ਹੋਈ ਇਸਲਾਮਿਕ ਕ੍ਰਾਂਤੀ ਬਾਦ ਵਾਸ਼ਿੰਗਟਨ ਤੇ ਤਹਿਰਾਨ ਦੇ ਰਿਸ਼ਤੇ ਤਿੜਕ ਗਏ। ਮੱਧ-ਪੂਰਬ  ਅੰਦਰ ਅਮਰੀਕਾ ਦੀ ਸ਼ਹਿ ਤੇ ਇਸਰਾਇਲ ਦਾ ਹਮਲਾਵਰੀ ਰੁੱਖ ਕਰਕੇ ਇਰਾਨ ਦੇ ਸਬੰਧ ਰੂਸ ਅਤੇ ਚੀਨ ਨਾਲ ਹੋਰ ਮਜ਼ਬੂਤ ਹੋਏ ਹਨ। ਏਸ਼ੀਆ ਅੰਦਰ ਨਵੀਂ ਦਿੱਲੀ, ਅਮਰੀਕਾ ਤੇ ਇਸਰਾਇਲ ਨੂੰ ਨਾਲ ਲੈ ਕੇ ਇਰਾਨ ਨੂੰ ਨੇੜੇ ਰੱਖਣਾ ਚਾਹੁੰਦਾ ਹੈ। ਪਰ ਅਜਿਹੇ ਰਾਜਨੀਤਕ ਸਬੰਧ ਭਾਰਤ ਨੂੰ ਅਮਰੀਕਾ ਇਸਰਾਇਲ ਨਾਲ ਰੱਖਣੇ ਜਟਿਲ ਹਨ। 
ਅਮਰੀਕੀ ਸਾਮਰਾਜ ਦੀਆਂ ਅੱਥਰੀਆਂ ਅਤੇ ਤਬਾਹਕੁੰਨ ਖੇਡਾਂ ਤੋਂ ਸੰਸਾਰ ਦੇ ਸਾਰੇ ਸੰਵੇਦਨਸ਼ੀਲ ਦੇਸ਼ ਅਤੇ ਲੋਕ ਚਿੰਤਤ ਹਨ। ਉਹ ਅਮਨ ਨੂੰ ਲਾਂਬੂ ਲਾਉਣ ਦੀਆਂ ਅਮਰੀਕਾਂ ਦੀਆਂ ਹਰ ਤਰ•ਾਂ ਦੀਆ ਚਾਲਾਂ ਤੋ ਸੁਚੇਤ ਹਨ, ਪਰ ਆਪੋ-ਆਪਣੇ ਨਿਜੀ ਰਾਜਸੀ ਅਤੇ ਕੂਟਨੀਤਕ ਹਿਤਾਂ ਕਾਰਨ ਆਵਾਜ਼ ਨਹੀਂ ਉਠਾ ਰਹੇ ਹਨ। ਮੋਦੀ ਸਰਕਾਰ ਭਾਰਤ ਦੀ ਪਹਿਲੀ ਵਿਦੇਸ਼ ਨੀਤੀ ਤੋਂ ਦੂਰ ਹੱਟ ਕੇ ਅਮਰੀਕਾ ਦੇ ਗਲਿਆਰੇ ‘ਚ ਚੱਕਰ ਕੱਟ ਰਹੀ ਹੈ। ਜਦਕਿ ਭਾਰਤ ਦੇ ਇਰਾਨ, ਜਿਹੜਾ ਏਸ਼ੀਆਈ ਦੇਸ਼ ਅਤੇ ਭਾਰਤ ਨੂੰ ਕੱਚਾ ਤੇਲ ਸਪਲਾਈ ਕਰਦਾ ਹੈ ਨਾਲ ਪੁਰਾਣੀ ਨੇੜਤਾ ਹੈ। ਪਰ ਅਮਰੀਕੀ ਦਬਾਅ ਕਾਰਨ ਭਾਰਤ ਪਹਿਲਾਂ ਹੀ ਇਰਾਨ-ਭਾਰਤ ਤੇਲ ਪਾਈਪ ਲਾਈਨ ਤੋਂ ਪਾਸਾ ਵੱਟ ਰਿਹਾ ਹੈ। ਹੁਣ ਇਰਾਨ-ਅਮਰੀਕਾ ਖਾੜੀ ਤਨਾਅ ਕਾਰਨ ਦੋਗਲੀ ਨੀਤੀ ਅਪਣਾਅ ਰਿਹਾ ਹੈ। ਇਸ ਵੇਲੇ  ਖਾੜੀ ਦੇਸ਼ਾਂ ਅੰਦਰ 80-ਲੱਖ ਤੋਂ ਵੱਧ ਭਾਰਤੀ ਕਿਰਤੀ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ। 15-ਲੱਖ ਕਰੋੜ ਰੁਪਏ ਦਾ ਵਿਦੇਸ਼ੀ ਧਨ ਖਾੜੀ ਦੇਸ਼ਾਂ ਤੋਂ ਭਾਰਤ ਨੂੰ ਪ੍ਰਾਪਤ ਹੁੰਦਾ ਹੈ। ਜੰਗ ਹੋਣ ਦੀ ਸੂਰਤ ‘ਚ ਭਾਰਤ ਦੀ ਆਰਥਿਕਤਾ ‘ਤੇ ਇਕ ਵੱਡਾ ਬੋਝ ਪੈ ਜਾਵੇਗਾ ? ਭਾਰਤ ਦਾ ਭਲਾ ਇਸ ਤਨਾਅ ਸਮੇਂ ਗੁਟ-ਨਿਰਪੇਖ ਨੀਤੀ ਨੂੰ ਲਾਗੂ ਕਰਕੇ ਹੀ ਹੋਵੇਗਾ। ਸਾਮਰਾਜ ਦੁਨੀਆਂ ਨੂੰ ਨਿਗਲਣਾਂ ਚਾਹੁੰਦਾ ਹੈ। ਭਾਰਤ ਨੂੰ ਹਮ ਖਿਆਲੀ ਵਿਕਾਸਸ਼ੀਲ ਦੇਸ਼ਾਂ ਨਾਲ ਨੇੜਤਾ ਦੇ ਰਿਸ਼ਤਿਆਂ ਦੀ ਜਟਿਲਤਾ ਨੂੰ ਸਮਝਣਾ ਚਾਹੀਦਾ ਹੈ ਨਾ ਕਿ ਅਮਰੀਕਾ ਅਤੇ ਇਸਰਾਇਲ ਦੀ ਸ਼ਕਤੀ ਨੂੰ।
ਰੂਸ, ਚੀਨ ਤੋਂ ਇਲਾਵਾ ਬਹੁਤ ਸਾਰੇ ਅਮਨ ਪਸੰਦ ਦੇਸ਼ਾਂ ਦੇ ਦਬਾਅ ਕਾਰਨ ਅਤੇ ਨਾਟੋ ਦੇਸ਼ਾਂ ਅੰਦਰ ਜੰਗ ਤੋਂ ਪਿਛੇ ਹੱਟਣ ਕਾਰਨ ਅਮਰੀਕਾ-ਇਰਾਨ ਟਕਰਾਅ ਨੂੰ ਰੋਕਣ ਲਈ ਹਵਾ ਦਾ ਰੁੱਖ ਭਾਵੇਂ ਤੇਜ਼ ਨਹੀ ਹੋਇਆ ਹੈ ! ਪਰ ਅਮਰੀਕਾ ਅੰਦਰ ਪੈਦਾ ਹੋ ਰਹੇ ਰਾਜਸੀ ਦਬਾਅ ਨੇ ਟਰੰਪ ਦੇ ਨਾ ਮਾਨੂੰ ਅੜਬ ਦਿਮਾਗ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਹੁਣ ਕੋਈ ਵੀ ਦੇਸ਼ ਆਪਣੀ ਧਰਤੀ ਨੂੰ ਜੰਗ ਦਾ ਮੈਦਾਨ ਬਣਨ ਲਈ ਤਿਆਰ ਨਹੀਂ ਹੈ। ਸਾਰੇ ਦੇਸ਼ ਜੰਗ ਦੇ ਮਾਰੂ ਨਤੀਜਿਆਂ ਤੋਂ ਜਾਣੂ ਹਨ। ਇਸੇ ਕਰਕੇ ਟਰੰਪ ਦੀ ਬੜਕ ਮੱਠੀ ਪੈ ਗਈ ਹੈ। ਪਹਿਲਾ ਹੀ ਦੁਨੀਆ ਅੰਦਰ ਮੰਦੇ ਕਾਰਨ ਬਹੁਤ ਸਾਰੇ ਦੇਸ਼ਾਂ ਦੀ ਆਰਥਿਕਤਾ ਲੁੜਕੀ ਹੋਈ ਹੈ। ਜੰਗ ਦੇ ਬੁਖਾਰ ਕਾਰਨ ਹਰ ਪਾਸੇ ਮੰਦਾ ਛਾ ਗਿਆ ਹੈ। ਸਾਨੂੰ ਸਾਰਿਆਂ ਨੂੰ ਅਮਨ ਦੀ ਸਲਾਮਤੀ ਅਤੇ ਜੰਗਬਾਜ਼ ਸਾਮਰਾਜੀ ਅਮਰੀਕਾ ਵਿਰੁਧ ਆਵਾਜ਼ ਉਠਾਉਣੀ ਚਾਹੀਦੀ ਹੈ। ਸਾਰੀਆਂ ਅਮਨ ਪਾਸੰਦ ਸ਼ਕਤੀਆਂ, ਲੋਕਾਂ ਅਤੇ ਸਾਮਰਾਜ ਵਿਰੁਧ ਲੜ ਰਹੇ ਆਵਾਮ ਨੂੰ ਆਪਣੇ ਬੱਚਿਆਂ ਦੇ ਭਵਿਖ ਤੇ ਸੰਸਾਰ ਨੂੰ ਹਰਾ-ਭਰਾ ਰੱਖਣ ਲਈ ਜੰਗ ਦੀ ਵਿਰੋਧਤਾ ਕਰਨ ਲਈ ਇਕ ਜੁੱਟ ਹੋਣਾ ਚਾਹੀਦਾ ਹੈ।  

Geef een reactie

Het e-mailadres wordt niet gepubliceerd. Vereiste velden zijn gemarkeerd met *