ਸਿੱਖ ਖਿਡਾਰੀ ਆਪਣੀ ਮੂਲ ਪਛਾਣ ਕਾਇਮ ਰਖਣ : ਪੰਜੋਲੀ

ਸਿੱਖ ਫੁੱਟਬਾਲ ਕੱਪ ਦੇਸ਼-ਵਿਦੇਸ਼ ਚ ਸਿੱਖ ਪਛਾਣ ਪ੍ਰਤੀ ਚੇਤਨਾ ਪ੍ਰਫੁੱਲਤ ਕਰੇਗਾ : ਸੰਧੂ

ਸਿੱਖ ਫੁੱਟਬਾਲ ਕੱਪ ਦੇ ਮੈਚਾਂ ਚ ਰੂਪਨਗਰ ਨੇ ਫਤਹਿਗੜ੍ਹ ਸਾਹਿਬ ਤੇ ਚੰਡੀਗੜ੍ਹ ਨੇ ਮੁਹਾਲੀ ਨੂੰ ਹਰਾਇਆ

ਫਤਹਿਗੜ੍ਹ ਸਾਹਿਬ 31 ਜਨਵਰੀ : ਖਾਲਸਾ ਫੁੱਟਬਾਲ ਕਲੱਬ (ਖਾਲਸਾ ਐਫ.ਸੀ.) ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵਲੋਂ ਪੰਜਾਬ ਭਰ ਵਿਚ ਆਰੰਭੇ ਪਹਿਲੇ ਸਿੱਖ ਫੁੱਟਬਾਲ ਕੱਪ ਦੇ ਦੋ ਪ੍ਰੀ-ਕੁਆਟਰ ਮੈਚਾਂ ਦਾ ਆਯੋਜਨ ਅੱਜ ਇਥੇ ਮਾਤਾ ਗੁਜਰੀ ਕਾਲਜ ਵਿਖੇ ਹੋਇਆ ਜਿਸ ਦੌਰਾਨ ਇੱਕ ਬੇਹੱਦ ਰੌਚਕ ਤੇ ਫਸਵੇਂ ਮੁਕਾਬਲੇ ਦੌਰਾਨ ਖਾਲਸਾ ਐਫ.ਸੀ. ਰੂਪਨਗਰ ਦੀ ਟੀਮ ਨੇ ਖਾਲਸਾ ਐਫ.ਸੀ. ਫਤਹਿਗੜ੍ਹ ਸਾਹਿਬ ਨੂੰ ਟਾਈ-ਬ੍ਰੇਕਰ ਦੌਰਾਨ 6-5 ਨਾਲ ਹਰਾ ਦਿੱਤਾ। ਦੂਜੇ ਮੈਚ ਦੌਰਾਨ ਖਾਲਸਾ ਐਫ.ਸੀ. ਚੰਡੀਗੜ੍ਹ ਦੀ ਟੀਮ ਨੇ ਖਾਲਸਾ ਐਫ.ਸੀ. ਮੁਹਾਲੀ ਨੂੰ 2-1 ਨਾਲ ਹਰਾਇਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਤੋਂ ਇਲਾਵਾ ਖਾਲਸਾ ਫੁੱਟਬਾਲ ਕਲੱਬ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਸੰਧੂ, ਸੀਨੀਅਰ ਅਕਾਲੀ ਨੇਤਾ ਰਣਜੀਤ ਸਿੰਘ ਲਿਬੜਾ, ਡਾ. ਕਸ਼ਮੀਰ ਸਿੰਘ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ, ਜ਼ਿਲ੍ਹਾ ਬਾਰ ਐਸੋਸੀੲਸ਼ਨ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਗਰੇਵਾਲ਼ ਵੀ ਹਾਜ਼ਰ ਸਨ।
ਟੂਰਨਾਮੈਂਟ ਦੀ ਆਰੰਭਤਾ ਮੌਕੇ ਕਰਨੈਲ ਸਿੰਘ ਪੰਜੋਲੀ ਨੇ ਸਮੂਹ ਦਰਸ਼ਕਾਂ, ਖਿਡਾਰੀਆਂ ਤੇ ਪਤਵੰਤੇ ਸੱਜਣਾਂ ਨੂੰ ਮੂਲ ਮੰਤਰ ਦਾ ਪੰਜ ਵਾਰ ਉਚਾਰਨ ਕਰਵਾਇਆ ਅਤੇ ਟੂਰਨਾਂਮੈਂਟ ਦੀ ਚੜਦੀਕਲਾ ਲਈ ਅਰਦਾਸ ਕੀਤੀ। ਇਸ ਮੌਕੇ ਗੱਤਕਈ ਸਿੰਘਾਂ ਨੇ ਜੰਗਜੂ ਕਲਾ ਦੇ ਜੌਹਰ ਵੀ ਦਿਖਾਏ।
ਇਸ ਮੌਕੇ ਬੋਲਦਿਆਂ ਸ. ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਇਹ ਸਿੱਖ ਕੌਮ ਲਈ ਮਾਣ ਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਖਾਲਸਾ ਫੁੱਟਬਾਲ ਕਲੱਬ ਵਲੋਂ ਸਿੱਖ ਪਛਾਣ ਨੂੰ ਦੇਸ਼-ਵਿਦੇਸ਼ ਵਿੱਚ ਉਜਾਗਰ ਕਰਨ ਹਿੱਤ ਸਾਬਤ-ਸੂਰਤ ਖਿਡਾਰੀਆਂ ਦਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਉਨਾਂ ਖਿਡਾਰੀਆਂ ਨੂੰ ਆਪਣੀ ਮੂਲ ਪਛਾਣ ਕਾਇਮ ਰਖਣ ਅਤੇ ਸਿੱਖੀ ਸਰੂਪ ਨੂੰ ਵਿਦੇਸ਼ਾਂ ਤੱਕ ਪ੍ਰਫੁਲੱਤ ਕਰਨ ਦਾ ਸੱਦਾ ਦਿੱਤਾ ਅਤੇ ਹੋਰਨਾਂ ਖੇਡਾਂ ਵਿਚ ਵੀ ਸਿੱਖ ਖਿਡਾਰੀਆਂ ਨੂੰ ਆਪਣਾ ਮੂਲ ਸਰੂਪ ਕਾਇਮ ਰੱਖਣ ਲਈ ਆਖਿਆ।
ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਹ ਫੁੱਟਬਾਲ ਕੱਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਉਨਾ ਕਿਹਾ ਕਿ ਇਹ ਨਿਵੇਕਲਾ ‘ਕੇਸਧਾਰੀ’ ਖੇਡ ਉਸਤਵ ਪੰਜਾਬੀ ਸੱਭਿਆਚਾਰ ਦੇ ਨਾਲ-ਨਾਲ ਸਿੱਖ ਪਛਾਣ ਪ੍ਰਤੀ ਚੇਤਨਾ ਨੂੰ ਵੀ ਵਿਸ਼ਵ ਪੱਧਰ ‘ਤੇ ਪ੍ਰਫੁੱਲਤ ਕਰਨ ਵਿੱਚ ਸਹਾਈ ਹੋਵੇਗਾ। ਉਨਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਾਬਤ ਸੂਰਤ ਖਿਡਾਰੀਆਂ ਨੂੰ ਪ੍ਰਮੋਟ ਕਰਨ ਲਈ ਖਾਲਸਾ ਐਫ.ਸੀ. ਦਾ ਤਨੋ-ਮਨੋ-ਧਨੋ ਸਹਿਯੋਗ ਕਰਨ। ਉਨਾ ਕਿਹਾ ਕਿ ਇਹ ਸਾਬਤ ਸੂਰਤ ਕੱਪ ਖੇਡਾਂ ਦੇ ਖੇਤਰ ਵਿੱਚ ਪੰਜਾਬੀਆਂ ਦੀ ਗਵਾਚੀ ਪੁਰਾਣੀ ਸ਼ਾਖ ਨੂੰ ਬਹਾਲ ਕੀਤਾ ਜਾ ਸਕੇ।
ਇਸ ਮੌਕੇ ਕੰਵਰ ਹਰਬੀਰ ਸਿੰਘ ਢੀਂਡਸਾ ਨੇ ਖਾਲਸਾ ਐਫ.ਸੀ. ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਸਾਬਤ ਸੂਰਤ ਖਿਡਾਰੀਆਂ ਲਈ ਖੇਡ ਮੌਕੇ ਮੁਹੱਈਆ ਕਰਵਾਉਣ ਦੀ ਸਰਾਹਨਾ ਕੀਤੀ। ਰਣਜੀਤ ਸਿੰਘ ਲਿਬੜਾ ਨੇ ਖਾਲਸਾ ਐਫ.ਸੀ. ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ਼ ਸਿੱਖ ਖਿਡਾਰੀਆਂ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਉਤਮ ਦੱਸਦਿਆਂ ਇਸ ਟੂਰਨਾਮੈਂਟ ਨੂੰ ਖੇਡਾਂ ਦੇ ਖੇਤਰ ਵਿਚ ਇਕ ਨਵਾਂ ਅਧਿਆਏ ਜੁੜ ਜਾਣ ਦੀ ਗੱਲ ਆਖੀ।
ਇਸ ਮੌਕੇ ਹੋਰਨਾ ਤੋਂ ਇਲਾਵਾ ਅਮਨਦੀਪ ਸਿੰਘ ਅਬਿਆਣਾ, ਜਤਿੰਦਰ ਸਿੰਘ ਮਾਨ, ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ, ਕੁਲਵਿੰਦਰ ਸਿੰਘ ਡੇਰਾ, ਗੁਰਿੰਦਰਪਾਲ ਸਿੰਘ ਬਾਜਵਾ, ਹਰਜਿੰਦਰ ਸਿੰਘ ਵਿਰਕ, ਨੱਥਾ ਸਿੰਘ ਗੁਰਦਵਾਰਾ ਮੈਨੇਜਰ, ਕੋਚ ਅਮਰਜੀਤ ਸਿੰਘ ਕੋਹਲੀ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ ਸਰਾਓ ਆਦਿ ਵੀ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *