ਹੋਲਾ ਮਹੱਲਾ : ਅਜੋਕੇ ਯੁੱਗ ਦੇ ਸਨਮੁੱਖ

(10 ਮਾਰਚ,2020 ਨੂੰ ਹੋਲਾ ਮਹੱਲਾ ’ਤੇ ਵਿਸ਼ੇਸ਼)

*ਵਿਕਰਮਜੀਤ ਸਿੰਘ ‘ਤਿਹਾੜਾ’
ਹੋਲਾ ਮਹੱਲਾ ਸਿੱਖ ਧਰਮ ਦਾ ਇਕ ਅਹਿਮ ਦਿਹਾੜਾ ਹੈ, ਜੋ ਇਨਕਲਾਬੀ ਸੋਚ ਨੂੰ ਉਤਸ਼ਾਹਿਤ ਕਰਨ ਅਤੇ ਹਰ ਸਿੱਖ ਨੂੰ ਮਨ ਅਤੇ ਤਨ ਕਰਕੇ ਬਲਵਾਨ ਬਣਾਉਣ ਦਾ ਪ੍ਰਤੀਕ ਹੈ।ਹੋਲਾ ਮਹੱਲਾ, ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ।ਹੋਲੀ ਦੇ ਪਰੰਪਰਾਗਤ ਤਿਉਹਾਰ ਦੇ ਸਮਾਨਾਂਤਰ ਗੁਰੂ ਗੋਬਿੰਦ ਸਿੰਘ ਜੀ ਨੇ ‘ਹੋਲਾ ਮਹੱਲਾ’ ਖੇਡਣ ਦੀ ਰੀਤ ਚਲਾਈ ਕਿਉਂਕਿ ਦਸਮ ਗੁਰੂ ਨਵੇਂ ਸਿਰਜੇ ਖ਼ਾਲਸੇ ਨੂੰ ਯੁੱਧ-ਵਿਦਿਆ ਵਿੱਚ ਪ੍ਰਬੀਨ ਬਣਾਉਣਾ ਚਾਹੁੰਦੇ ਸਨ।ਇਸ ਲਈ ਉਹਨਾਂ ਨੇ ਪਰੰਪਰਾ ਤੋਂ ਹੱਟ ਕੇ ਇਸ ਤਿਉਹਾਰ ਦਾ ਸੰਬੰਧ ਯੁੱਧ-ਪ੍ਰਕਿਰਿਆ ਨਾਲ ਜੋੜਿਆ।
ਹੋਲਾ ਮਹੱਲਾ ਮਨਾਉਣ ਦਾ ਰਿਵਾਜ ਗੁਰੂ ਸਾਹਿਬ ਨੇ ‘ਚੇਤਰ ਵਦੀ ਇਕ’ ਸੰਮਤ 1757 (1700 ਈ.) ਨੂੰ ਅਨੰਦਪੁਰ ਸਾਹਿਬ ਦੇ ਇਕ ਕਿਲ੍ਹੇ ‘ਹੋਲਗੜ੍ਹ’ ਵਿਖੇ ਆਰੰਭ ਕੀਤਾ।ਇਸ ਮੁਕਾਬਲੇ ਵਿੱਚ ਸਿੱਖ ਫੌਜ ਦੇ ਦੋ ਦਲਾਂ ਵਿੱਚ ਬਣਾਉਟੀ ਮੁਕਾਬਲਾ ਕਰਵਾਇਆ ਜਾਂਦਾ ਅਤੇ ਜਿੱਤੇ ਹੋਏ ਦਲ ਨੂੰ ਦੀਵਾਨ ਵਿੱਚ ਸਿਰੋਪਾ ਅਤੇ ਹੋਰ ਇਨਾਮ ਦੇ ਕੇ ਨਿਵਾਜਿਆ ਜਾਂਦਾ ਸੀ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘ਹੋਲਾ’ ਸ਼ਬਦ ਦਾ ਅਰਥ ਹਮਲਾ ਹੈ ਅਤੇ ਇਹ ਹੱਲਾ ਅਤੇ ਹੱਲੇ ਦੀ ਥਾਂ ਬਦਲਵਾਂ ਰੂਪ ਹੈ। ਜਿਸ ਦਾ ਸੰਬੰਧ ਯੁੱਧ ਪ੍ਰਕਿਰਿਆ ਨਾਲ ਹੈ। ਡਾ. ਰੂਪ ਸਿੰਘ ਅਨੁਸਾਰ ‘ਹੋਲਾ’ ਸ਼ਬਦ ‘ਹੋਲੀ’ ਦਾ ਧੜੱਲੇਦਾਰ ਬਦਲਵਾਂ ਰੂਪ ਹੈ, ਜੋ ਡਿੱਗਿਆਂ-ਢੱਠਿਆਂ ਦੇ ਹਿਰਦੇ ਅੰਦਰ ਉਤਸ਼ਾਹ ਤੇ ਹੁਲਾਸ ਪੈਦਾ ਕਰਦਾ ਹੈ।ਉਹਨਾਂ ਅਨੁਸਾਰ ਸਿੱਖਾਂ ਨੇ ਉਸ ਸਮੇਂ ਲੋਕਾਂ ਦੇ ਮਨਾਂ ’ਚ ਚੜ੍ਹਦੀਕਲਾ ਤੇ ਸੂਰਬੀਰਤਾ ਦਾ ਜ਼ਜ਼ਬਾ ਭਰਨ ਲਈ ਅਨੇਕਾਂ ਅਜਿਹੇ ‘ਬੋਲੇ’ ਪ੍ਰਚੱਲਿਤ ਕੀਤੇ ਸਨ, ਜਿੰਨ੍ਹਾਂ ’ਚ ਮਰਦਾਨਗੀ ਬੋਲਦੀ ਹੈ, ਆਜ਼ਾਦੀ ਦੀ ਖ਼ੁਸ਼ਬੋਈ ਆਉਂਦੀ ਹੈ, ਜਿੰਨ੍ਹਾਂ ਨੂੰ ‘ਖ਼ਾਲਸਾਈ ਬੋਲੇ’ ਕਿਹਾ ਜਾਂਦਾ ਹੈ।
‘ਮਹੱਲਾ’ ਸ਼ਬਦ ਤੋਂ ਭਾਵ ਜਿਸ ਥਾਂ ਨੂੰ ਫ਼ਤਹਿ ਕਰਕੇ ਉਤਰੀਏ। ਗੁਰੂ ਜੀ
ਦੁਆਰਾ ਕਰਵਾਏ ਜਾਂਦੇ ਅਭਿਆਸੀ ਮੁਕਾਬਲਿਆਂ ਵਿੱਚ ਇਕ ਦਲ ਨਿਸ਼ਚਿਤ ਸਥਾਨ ’ਤੇ ਕਾਬਜ਼ ਹੋ ਜਾਂਦਾ, ਦੂਜਾ ਉਸ ’ਤੇ ਹਮਲਾ ਕਰ ਕੇ ਕਾਬਜ਼ ਹੋਣ ਦੀ ਕੋਸ਼ਿਸ਼ ਕਰਦਾ ਸੀ।ਇਸ ਤਰ੍ਹਾਂ ਹੋਲਾ ਮਹੱਲਾ ਸਿੱਖਾਂ ਨੂੰ ਬਲਵਾਨ, ਸੂਰਬੀਰ ਅਤੇ ਬਹਾਦਰ ਬਣਾਉਣ ਵਾਲਾ ਸਿੱਧ ਹੁੰਦਾ ਹੈ ਜੋ ਕਿ ਉਹਨਾਂ ਨੂੰ ਪਰੰਪਰਾਵਾਦ ਵਿੱਚੋਂ ਕੱਢ ਕੇ ਨਵੀਂ ਸੋਚ ਪ੍ਰਦਾਨ ਕਰਦਾ ਹੈ।ਇਸ ਵਿੱਚ ਬਿਮਾਰ ਮਾਨਸਿਕਤਾ ਦਾ ਤਿਆਗ ਕਰਨ ਅਤੇ ਆਜ਼ਾਦੀ ਦਾ ਸੁਨੇਹਾ ਦਿੱਤਾ ਜਾਂਦਾ ਹੈ।ਨਵੇਂ ਅਰਥਾਂ ਦੀ ਸਿਰਜਣਾ ਹੁੰਦੀ ਹੈ ਜੋ ਕਿ ਭਾਰਤ ਦੀ ਅਜਾਈਂ ਜਾ ਰਹੀ ਜ਼ਿੰਦਗੀ ਨੂੰ ਨਵੇਂ ਅਰਥ ਦੇ ਕੇ ਇਕ ਮਕਸਦ ਦਿੰਦੇ ਹਨ।ਭਾਰਤੀ ਲੋਕ ਸਦੀਆਂ ਤੋਂ ਬਾਅਦ ਆਪਣੀ ਤਾਕਤ ਤੋਂ ਜਾਣੂ ਹੋਏ ਅਤੇ ਉਠ ਖੜਾਉਣ ਦੇ ਕਾਬਿਲ ਬਣੇ।
ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚਲਾਈ ਇਨਕਲਾਬੀ ਲਹਿਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।ਜਿਸ ਨਾਲ ਸਦੀਆਂ ਤੋਂ ਲਤਾੜੇ ਜਾ ਰਹੇ ਲੋਕ, ਇਸ ਐਲਾਨੇ ਹੋਏ ਇਨਕਲਾਬ ਵਿੱਚ ਸ਼ਾਮਿਲ ਹੋਣ ਲਗਦੇ ਹਨ।ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਾਂ ਦੀ ਗਿਣਤੀ ਵੱਧਣ ਲੱਗਦੀ ਹੈ।ਹਰ ਕੋਈ ਗ਼ੁਲਾਮੀ ਦੀ ਜ਼ਿੰਦਗੀ ਦਾ ਬਦਲ ਚਾਹੁੰਦਾ ਹੈ ਅਤੇ ਖ਼ਾਲਸਾ ਪੰਥ ਵਿੱਚ ਆ ਸ਼ਾਮਿਲ ਹੁੰਦਾ ਹੈ।ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਥੋੜੇ ਸਮੇਂ ਵਿੱਚ ਸਿੱਖ ਮਹਾਨ ਸ਼ਕਤੀ ਵਜੋਂ ਉਭਰ ਕੇ ਸਾਹਮਣੇ ਆਉਂਦੇ ਹਨ ਅਤੇ ਭਾਰਤ ’ਤੇ ਕਾਬਜ਼ ਸ਼ਕਤੀਸ਼ਾਲੀ ਮੁਗ਼ਲ ਰਾਜ ਨਾਲ ਟੱਕਰ ਲੈਂਦੇ ਹਨ।ਇਹ ਸਭ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਇਨਕਲਾਬੀ ਸੋਚ ਦਾ ਹੀ ਨਤੀਜਾ ਸੀ, ਜਿਸ ਨੇ ਲੋਕਾਂ ਨੂੰ ਜੱਥੇਬੰਦ ਕੀਤਾ ਅਤੇ ਉਹਨਾਂ ਨੂੰ ਉਹਨਾਂ ਦੀ ਸ਼ਕਤੀ ਦਾ ਅਹਿਸਾਸ ਕਰਵਾਇਆ।ਜਿਸ ਨੇ ਬਾਅਦ ਵਿੱਚ ਸਮਾਂ ਪਾ ਕੇ ਭਾਰਤੀ ਦੀ ਗ਼ੁਲਾਮੀ ਦੀਆਂ ਜ਼ੰਜ਼ੀਰਾਂ ਨੂੰ ਤੋੜਿਆ।
ਅਜੋਕੇ ਯੁੱਗ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਦੀ ਬਹੁਤ ਮਹੱਵਤਪੂਰਨ ਪ੍ਰਸੰਗਿਕਤਾ ਹੈ।ਹੋਲਾ ਮਹੱਲਾ ਅੱਜ ਵੀ ਉਤਨੀ ਹੀ ਮਹੱਤਤਾ ਰੱਖਦਾ ਅਤੇ ਨਵੀਂ ਸੇਧ ਪ੍ਰਦਾਨ ਕਰਦਾ ਹੈ।ਸਮਾਜਿਕ ਕਦਰਾਂ-ਕੀਮਤਾਂ ਨੂੰ ਉਚੇਰਾ ਕਰਨ , ਇਕਜੁੱਟਤਾ ਨੂੰ ਬਣਾਈ ਰੱਖਣ, ਨੌਜਵਾਨਾਂ ਨੂੰ ਸੇਧ ਦੇਣ ਅਤੇ ਨਸ਼ਿਆਂ ਤੋਂ ਬਚਾਉਣ, ਪੰਥਕ ਸ਼ਕਤੀ ਨੂੰ ਮਜ਼ਬੂਤ ਕਰਨ ਅਤੇ ਜ਼ੁਲਮ ਦੀ ਵਿਰੋਧਤਾ ਕਰਨ ਵਿੱਚ ਹੋਲਾ ਮਹੱਲਾ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।‘ਹੋਲੇ ਮਹੱਲੇ’ ਦੇ ਦਿਹਾੜੇ ਨੂੰ ਅੱਜ ਵੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਰੀ ਇਕੱਠ ਹੁੰਦਾ ਹੈ।ਜਿੱਥੇ ਦੇਸ਼-ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ।ਇਹ ਮਹਾਨ ਇਕੱਤਰਤਾ ਹੀ ਸਾਨੂੰ ਇਕਜੁੱਟਤਾ ਦਾ ਅਹਿਸਾਸ ਕਰਵਾਉਂਦੀ ਹੈ।ਅੱਜ ਦੇ ਅਤਿ-ਅਧੁਨਿਕ ਯੁੱਗ ਵਿੱਚ ਜਦ ਮਨੁੱਖ ਨੇ ਆਪਣੇ-ਆਪ ਨੂੰ ਅਤੇ ਆਪਣੀ ਬਿਰਤੀ ਨੂੰ ਖਿੰਡਾ ਲਿਆ ਹੈ, ਇਸ ਲਈ ਇਕਜੁੱਟਤਾ ਬਹੁਤ ਜ਼ਰੂਰੀ ਹੈ।ਜਿਸ ਨਾਲ ਅਸੀਂ ਮੇਲ ਮਿਲਾਪ ਅਤੇ ਭਾਈਚਾਰੇ ਦੀ ਭਾਵਨਾ ਨੂੰ ਪ੍ਰਫੁਲਿਤ ਕਰ ਸਕੀਏ।ਸਮਾਜ ਵਿੱਚ ਫੈਲੀ ਹੋਈ ਨਫ਼ਰਤ ਅਤੇ ਖੰਡਤਾ ਨੂੰ ਦੂਰ ਕਰਨ ਲਈ ਏਕਤਾ ਦਾ ਪ੍ਰਚਾਰ ਹੋਣਾ ਬਹੁਤ ਜ਼ਰੂਰੀ ਹੈ।
ਸਮਾਜ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਦਿਨੋ-ਦਿਨ ਫੈਲ ਰਹੀਆਂ ਹਨ।ਜਿੰਨ੍ਹਾਂ ਵਿੱਚ ਨਸ਼ਿਆਂ ਦੀ ਬਿਮਾਰੀ, ਭਰੂਣ ਹੱਤਿਆ, ਦਹੇਜ ਦੀ ਪ੍ਰਥਾ, ਵਾਤਾਵਰਣ ਪ੍ਰਦੂਸ਼ਣ ਆਦਿ ਵਰਗੀਆਂ ਸਮਾਜਿਕ ਬੁਰਾਈਆਂ ਅਤੇ ਕੁਰੀਤੀਆਂ ਪ੍ਰਮੁੱਖ ਹਨ।ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਲੋਕ-ਮਨਾਂ ਅੰਦਰ ਇਕ ਨਵੀਂ ਚੇਤਨਾ ਪੈਦਾ ਕਰਨ ਦੀ ਲੋੜ ਹੈ।ਲੋਕਾਂ ਦੀ ਮਾਨਸਿਕਤਾ ਅੱਜ ਬਿਮਾਰ ਹੋ ਚੁੱਕੀ ਹੈ, ਜੋ ਆਪਣੇ ਨਿੱਜ-ਸੁਆਰਥ ਲਈ ਕਿਸੇ ਵੀ ਹੱਦ ਤੱਕ ਗਿਰ ਜਾਂਦੇ ਹਨ।ਸਾਡੇ ਆਗੂ ਆਪਣੀ ਜਿੰਮੇਵਾਰੀ ਨੂੰ ਭੁੱਲ ਕੇ ਆਪਣੇ ਹੀ ਪੇਟ ਭਰਨ ਵਿੱਚ ਲੱਗੇ ਹੋਏ ਹਨ।ਲੁੱਟ-ਖੋਹ ਦਿਨ ਦਿਹਾੜੇ ਆਮ ਹੋ ਰਹੀ ਹੈ।ਜਿਸ ਕਾਰਨ ਬਦਲਾਅ ਲਿਆਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਅਤੇ ਹੋਲਾ ਮਹੱਲਾ ਹੀ ਇਸ ਬਦਲਾਅ ਦਾ ਸੂਚਕ ਹੈ।ਇਸ ਵਿੱਚ ਸਥਾਪਿਤ ਮਾਨਤਾਵਾਂ ਨੂੰ ਛੱਡ ਕੇ ਨਵੇਂ ਅਰਥਾਂ ਦੀ ਸਿਰਜਣਾ ਕੀਤੀ ਗਈ ਹੈ, ਜੋ ਮਾਨਵ ਜਾਤੀ ਦੀ ਭਲਾਈ ਅਤੇ ਸੁਤੰਤਰਤਾ ਦੇ ਹਿਤ ਵਿੱਚ ਹਨ।ਸਮਾਜ ਵਿੱਚ ਹੋ ਰਹੇ ਕਦਰਾਂ-ਕੀਮਤਾਂ ਦੇ ਘਾਣ, ਲਾਲਚ ਹਿਤ ਰਿਸ਼ਤਿਆਂ ਦੇ ਕਤਲ ਅਤੇ ਫ਼ਿਰਕੂਪੁਣੇ ਦੇ ਪ੍ਰਚਾਰ ਨੂੰ ਰੋਕਣ ਲਈ ਉਸੇ ਇਨਕਾਲਬ ਦੀ ਲੋੜ ਹੈ, ਜਿਸ ਦਾ ਐਲਾਨ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਿਰਜਣਾ ਕਰ ਕੇ ਕੀਤਾ ਗਿਆ ਸੀ।ਜਿਸ ਵਿੱਚ ਸਮਾਜ ਦੇ ਹਰ ਵਰਗ ਦੀ ਭਲਾਈ, ਮੇਲ-ਮਿਲਾਪ, ਪਿਆਰ ਅਤੇ ਭਾਈਚਾਰੇ ਦੀ ਭਾਵਨਾ ਦਾ ਸੁਨੇਹਾ ਅਤੇ ਆਜ਼ਾਦ ਸੋਚ ਜਿਹੇ ਪ੍ਰਮੁੱਖ ਸੰਕਲਪ ਹਨ।
‘ਹੋਲਾ ਮਹੱਲਾ’ ਲੋਕ ਸ਼ਕਤੀ ਦੇ ਅਹਿਸਾਸ ਨੂੰ ਜਗਾਉਣ ਦਾ ਪ੍ਰਤੀਕ ਹੈ।ਇਸ ਦੁਆਰਾ ਲੋਕਾਂ ਨੂੰ ਉਹਨਾਂ ਦੀ ਸ਼ਕਤੀ ਦਾ ਅਹਿਸਾਸ ਕਰਵਾਉਣਾ ਚਾਹੀਦਾ ਹੈ।ਰਾਜਨੀਤਿਕ ਧਿਰਾਂ ਨੂੰ ਆਪਣੇ ਨਿੱਜ ਸੁਆਰਥ ਦਾ ਤਿਆਗ ਕਰ ਕੇ ਅਜਿਹੇ ਪੈਂਤੜੇ ਉਲੀਕਣੇ ਚਾਹੀਦੇ ਹਨ, ਜਿਸ ਨਾਲ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ ਜਾ ਸਕੇ।ਇਕ ਚੰਗੇ ਆਦਰਸ਼ਿਕ ਸਮਾਜ ਦੀ ਸਿਰਜਣਾ ਦਾ ਸੰਕਲਪ ਤਾਂ ਹੀ ਨੇਪਰੇ ਚੜ੍ਹ ਸਕਦਾ ਹੈ, ਜਦ ਇਸ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਹੋਵੇਗੀ।ਇਸ ਲਈ ‘ਹੋਲੇ ਮਹੱਲੇ’ ਦੀ ਭਾਰੀ ਇਕੱਤਰਤਾ ਵਿੱਚ ਇਸ ਕਾਰਜ ਨੂੰ ਪੂਰਾ ਕਰਨ ਲਈ ਉੱਦਮ ਕੀਤਾ ਜਾ ਸਕਦਾ ਹੈ।
ਨੌਜਵਾਨਾਂ ਵਿੱਚ ਨਸ਼ਿਆਂ ਦਾ ਰੁਝਾਨ ਦਿਨੋ-ਦਿਨ ਵੱਧਦਾ ਜਾ ਰਿਹਾ ਹੈ।ਪੰਜਾਬ ਦੇ ਉਹ ਫੁਰਤੀਲੇ, ਸੂਰਬੀਰ ਅਤੇ ਬਹਾਦਰ ਗੱਭਰੂ, ਜਿੰਨ੍ਹਾਂ ਦੇ ਜ਼ੋਰ ਅੱਗੇ ਅਬਦਾਲੀ ਵਰਗਿਆਂ ਨੂੰ ਵੀ ਹਾਰ ਮੰਨਣੀ ਪਈ, ਅੱਜ ਆਪਣੀ ਜਵਾਨੀ ਨਸ਼ਿਆ ਅੱਗੇ ਹਾਰ ਗਏ ਹਨ।ਉੱਚੇ-ਲੰਮੇ ਅਤੇ ਭਰਵੇ ਸਰੀਰ ਦੇ ਮਾਲਕ ਨੌਜਵਾਨ , ਜਿੰਨ੍ਹਾਂ ਦੀਆਂ ਬਾਤਾਂ ਲੋਕ-ਗੀਤਾਂ ਵਿੱਚ ਆਮ ਪਾਈਆਂ ਜਾਂਦੀਆਂ ਹਨ, ਅੱਜ ਮਾੜੂਏ ਜਿਹੇ ਸਰੀਰਾਂ ਦੇ ਰਹਿ ਗਏ ਹਨ।ਛਾਤੀ ਦਾ ਜ਼ੋਰ ਅਤੇ ਡੌਲਿਆਂ ਦੀ ਜਾਨ ਨਸ਼ਿਆਂ ਨੇ ਚੂਸ ਲਈ ਹੈ।ਦੁੱਧ, ਮੱਖਣ ਅਤੇ ਦਹੀਂ ਖਾਣ ਵਾਲੇ ਨਸ਼ਿਆਂ ਦੇ ਗ਼ੁਲਾਮ ਹੋ ਕੇ ਰਹਿ ਗਏ ਹਨ।‘ਹੋਲੇ ਮਹੱਲੇ’ ਦੀ ਆਰੰਭਤਾ ਹੀ ਪ੍ਰਮੁੱਖ ਰੂਪ ਵਿੱਚ ਸਾਨੂੰ ਸਰੀਰਿਕ ਤੌਰ ’ਤੇ ਬਲਵਾਨ ਬਣਾਉਣ ਲਈ ਕੀਤੀ ਗਈ।ਇਸ ਲਈ ਹੋਲੇ ਮਹੱਲੇ ਦਾ ਨੌਜਵਾਨਾਂ ਨੂੰ ਸੁਨੇਹਾ ਹੈ ਕਿ ਉਹ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਅਤੇ ਆਪਣੀ ਡਿੱਗਦੀ ਜਾ ਰਹੀ ਜਵਾਨੀ ਨੂੰ ਸਾਂਭਣ ਅਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ।ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਮਾਰਗ ’ਤੇ ਚੱਲਣ ਅਤੇ ਆਪਣੀ ਜ਼ਿੰਦਗੀ ਦੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਹੋਣ।
ਹੱਕਾਂ ਲਈ ਸਦਾ ਸੰਘਰਸ਼ਸ਼ੀਲ ਰਹਿਣਾ ਅਤੇ ਜ਼ੁਲਮ ਖ਼ਿਲਾਫ ਲੜ੍ਹਦੇ ਰਹਿਣਾ ਖ਼ਾਲਸੇ ਦਾ ਮਹੱਤਵਪੂਰਨ ਕਾਰਜ ਹੈ।ਗੁਰੂ ਜੀ ਨੇ ਸਿੱਖਾਂ ਨੂੰ ਮਜ਼ਬੂਤ ਬਣਾ ਕੇ, ਇਹ ਮਹਾਨ ਕਾਰਜ ਸੌਪਿਆ।ਇਸ ਲਈ ਅੱਜ ਲੋੜ ਹੈ ਕਿ ਜੋ ਸਮਾਜ ਵਿੱਚ ਅਨਿਆਂ, ਜ਼ੁਲਮ ਅਤੇ ਧੱਕੇ ਦਾ ਰਾਜ ਕਾਇਮ ਹੋ ਚੁੱਕਿਆ ਹੈ, ਨੂੰ ਠੱਲ੍ਹ ਪਾਈ ਜਾਵੇ।ਜਿੱਥੇ ਹੋਲੇ ਮਹੱਲੇ ’ਤੇ ਖ਼ਾਲਸਾ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦਾ ਹੈ, ਉੱਥੇ ਹੀ ਇਸ ਸ਼ਕਤੀ ਨੂੰ ਵਰਤੋਂ ਵਿੱਚ ਲਿਆਵੇ ਅਤੇ ਸਮਾਜ ਵਿੱਚ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਅੱਗੇ ਆਵੇ।ਪੰਥਕ ਫੈਸਲਿਆਂ ਨੂੰ ਏਕਤਾ ਅਤੇ ਇਸ ਸ਼ਕਤੀ ਦੁਆਰਾ ਨਿੱਜਿਠਿਆ ਜਾਵੇ।
ਸੋ ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ‘ਹੋਲੇ ਮਹੱਲੇ’ ਦੇ ਰੂਪ ਵਿੱਚ ਸਮਾਜ ਨੂੰ ਇਕ ਨਵੀਂ ਚੇਤਨਾ ਪ੍ਰਦਾਨ ਕੀਤੀ।ਜਿਸ ਦਾ ਟੀਚਾ ਇਕ ਅਜਿਹੇ ਮਨੁੱਖ ਦੀ ਸਿਰਜਣਾ ਕਰਨਾ ਹੈ, ਜੋ ਆਜ਼ਾਦ ਸੋਚ ਦਾ ਮਾਲਕ, ਸੱਚ ਅਤੇ ਨੇਕੀ ਦੇ ਮਾਰਗ ਦਾ ਪਾਂਧੀ ਅਤੇ ਜ਼ੁਲਮ ਖ਼ਿਲਾਫ ਡੱਟ ਕੇ ਖੜ੍ਹਨ ਵਾਲਾ ਹੋਵੇ।ਜਿਸ ਦੁਆਰਾ ਇਕ ਅਜਿਹੇ ਸਮਾਜ ਦੀ ਸਿਰਜਣਾ ਕੀਤੀ ਜਾਵੇ, ਜਿਸ ਵਿੱਚ ਸਮਾਜਿਕ ਕੁਰੀਤੀਆਂ ਅਤੇ ਪਸ਼ੂ ਬਿਰਤੀਆਂ ਲਈ ਕੋਈ ਥਾਂ ਨਾ ਹੋਵੇ।ਅਜਿਹੇ ਆਦਰਸ਼ਿਕ ਮਨੁੱਖ ਦੀ ਤਲਾਸ਼ ਅੱਜ ਦਾ ਯੁੱਗ ਕਰ ਰਿਹਾ ਹੈ, ਜੋ ਇਸ ਨਵੀਂ ਚੇਤਨਾ ਦਾ ਧਾਰਨੀ ਹੋਵੇ।

Geef een reactie

Het e-mailadres wordt niet gepubliceerd. Vereiste velden zijn gemarkeerd met *