ਦਿੱਲੀ ਦਾ ਹਿੰਸਕ ਕਾਂਡ : ਨਵੰਬਰ-84 ਦਾ ਦੁਹਰਾਉ ਨਹੀਂ

ਜਸਵੰਤ ਸਿੰਘ ‘ਅਜੀਤ’

ਇਨ੍ਹਾਂ ਹੀ ਦਿਨਾਂ ਵਿੱਚ ਦਿੱਲੀ ਵਿੱਚ ਵਾਪਰੇ ਹਿੰਸਕ ਕਾਂਡ ਨੂੰ ਲੈ ਕੇ ਕਈ ਹਲਕਿਆਂ, ਵਿਸ਼ੇਸ਼ ਰੂਪ ਵਿੱਚ ਕੁਝ ਰਾਜਸੀ ਆਗੂਆਂ ਵਲੋਂ, ਇਸਨੂੰ ਨਵੰਬਰ-84 ਦੇ ਸਿੱਖ ਕਤਲ-ਏ-ਆਮ ਦਾ ਦੁਹਰਾਉ ਕਰਾਰ ਦਿੱਤਾ ਗਿਆ ਹੈ, ਜੋ ਕਿ ਬਿਲਕੁਲ ਗਲਤ ਅਤੇ ਸਿੱਖ ਕਤਲ-ਏ-ਆਮ ਦਾ ਅਧਾਰ-ਹੀਨ ਮੁਲਾਂਕਣ ਹੈ। ਇਸਦਾ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਜੇ ਨਵੰਬਰ-84 ਦੇ ਸਿੱਖ ਕਤਲ-ਏ-ਆਮ ਦੌਰਾਨ ਵਾਪਰੀਆਂ ਘਟਨਾਵਾਂ, ਜੋ ਦਿੱਲੀ ਵਿੱਚ ਹੀ ਨਹੀਂ ਸਗੋਂ ਦਿੱਲੀ ਸਹਿਤ ਸਮੁਚੇ ਦੇਸ਼, ਵਿਸ਼ੇਸ਼ ਰੂਪ ਵਿੱਚ ਕਾਂਗ੍ਰਸ-ਸੱਤਾ ਵਾਲੇ ਰਾਜਾਂ ਵਿੱਚ ਵੀ ਵਾਪਰਿਆ ਸੀ, ਨੂੰ ਦਿੱਲੀ ਵਿੱਚ ਵਾਪਰੇ ਵਰਤਮਾਨ ਹਿੰਸਕ ਕਾਂਡ ਨਾਲ ਤੁਲਨਾ ਕਰਦਿਆਂ, ਗੰਭੀਰਤਾ ਨਾਲ ਘੋਖਿਆ ਜਾਏ ਤਾਂ ਦੋਹਾਂ ਕਾਡਾਂ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਨਜ਼ਰ ਆਇਗਾ। ਹਰ ਕੋਈ ਜਾਣਦਾ ਹੈ ਕਿ ਜਿਨ੍ਹਾਂ ਦਿਨਾਂ ਵਿੱਚ ਸਿੱਖ ਕਤਲ-ਏ-ਆਮ ਵਾਪਰਿਆ, ਉਨ੍ਹਾਂ ਦਿਨਾਂ ਵਿੱਚ ਦਿੱਲੀ ਵਿੱਚ ਹੀ ਨਹੀਂ, ਸਗੋਂ ਕਾਂਗ੍ਰਸ ਸੱਤਾ ਵਾਲੇ ਰਾਜਾਂ ਵਿੱਚ ਵੀ, ਨਾ ਤਾਂ ਕੋਈ ਸਰਕਾਰ ਨਜ਼ਰ ਆ ਰਹੀ ਸੀ ਤੇ ਨਾ ਹੀ ਕੋਈ ਕਾਨੂੰਨ। ਹਰ ਪਾਸੇ ਲੁਟੇਰਿਆਂ ਅਤੇ ਕਾਤਲਾਂ ਦਾ ਹੀ ਰਾਜ ਵਿਖਾਈ ਦੇ ਰਿਹਾ ਸੀ। ਜਿਥੇ-ਕਿਥੇ ਵੀ ਕੋਈ ਦਾੜ੍ਹੀ-ਕੇਸਾਂ ਵਾਲਾ ਅਤੇ ਪਗੜੀ-ਧਾਰੀ ਵਿਖਾਈ ਦਿੰਦਾ, ਪਕੜ ਗਲ ਵਿੱਚ ਟਾਇਰ ਪਾ, ਜਲਣਸ਼ੀਲ ਪਦਾਰਥ ਛਿੜਕ ਅੱਗ ਲਾ ਦਿੱਤੀ ਜਾਂਦੀ, ਜਦੋਂ ਤਕ ਸੜ ਰਹੇ ਸਿੱਖ ਦੀਆਂ ਚੀਖਾਂ ਸੁਣਾਈ ਦਿੰਦੀਆਂ, ਤਦ ਤਕ ਉਸਦੇ ਦੁਆਲੇ ਭੰਗੜਾ ਪਾਇਆ ਜਾਂਦਾ ਰਹਿੰਦਾ। ਦੇਸ਼ ਭਰ ਦੇ ਸਿੱਖਾਂ ਦੀਆਂ ਚਲ ਅਤੇ ਅਚਲ ਜਾਇਦਾਦਾਂ ਦੀਆਂ ਸੂਚੀਆਂ ਇਸਤਰ੍ਹਾਂ ਲੁਟੇਰਿਆਂ ਦੇ ਹੱਥਾਂ ਵਿੱਚ ਫੜੀਆਂ ਨਜ਼ਰ ਆ ਰਹੀਆਂ ਸਨ, ਜਿਵੇਂ ਪਹਿਲਾਂ ਤੋਂ ਹੀ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਵਿਉਂਤ ਬਣਾ ਲਈ ਗਈ ਹੋਈ ਸੀ। ਇਸ ਸਾਰੇ ਕਾਂਡ ਦੋਰਾਨ ਲੋਕਾਂ ਦੇ ਜਾਨ-ਮਾਲ ਦੀ ਰਖਿਆ ਕਰਨ ਦੇ ਜ਼ਿਮੇਂਦਾਰ ਪੁਲਿਸ-ਬਲ ਇੱਸ ਸਮੁਚੇ ਕਾਂਡ ਦੌਰਾਨ ਜਾਂ ਤਾਂ ਮੂਕ ਦਰਸ਼ਕ ਬਣੇ ਜਾਂ ਲੁਟੇਰਿਆਂ-ਹਤਿਆਰਿਆਂ ਦੇ ਮਦਦਗਾਰ ਨਜ਼ਰ ਆ ਰਹੇ ਸਨ। ਇਨ੍ਹਾਂ ਤਿੰਨ ਦਿਨਾਂ ਦੌਰਾਨ ਦਿੱਲੀ ਵਿੱਚ ਹੀ ਸਿੱਖਾਂ ਦੇ ਮਾਰੇ ਜਾਣ ਦੀ ਗਿਣਤੀ ਸਰਕਾਰੀ ਅੰਕੜਿਆਂ ਅਨੁਸਾਰ ਤਿੰਨ-ਕੁ ਹਜ਼ਾਰ ਦੇ ਲਗਭਗ ਸੀ, ਜਦਕਿ ਗੈਰ-ਸਰਕਾਰੀ ਏਜੰਸੀਆਂ ਦੀ ਜਾਂਚ ਵਿੱਚ ਪੰਜ ਹਜ਼ਾਰ ਤੋਂ ਵੱਧ ਸਿੱਖਾਂ ਦੇ ਮਾਰੇ ਜਾਣ ਦੇ ਅੰਕੜੇ ਦਿੱਤੇ ਗਏ ਸਨ। ਸਿੱਖਾਂ ਦੀ ਚਲ-ਅਚਲ ਜਾਇਦਾਦ ਲੁਟੇ ਅਤੇ ਸਾੜੇ ਜਾਣ ਦਾ ਅਨੁਮਾਨ ਕਰੋੜਾਂ ਵਿੱਚ ਨਹੀਂ ਅਰਬਾਂ ਤੋਂ ਵੀ ਕਿਤੇ ਵੱਧ ਦਾ ਹੋਣਾ ਦਸਿਆ ਗਿਆ ਸੀ। ਹੋਰ ਤਾਂ ਹੋਰ ਇਨ੍ਹਾਂ ਦਿਨਾਂ ਵਿੱਚ ਸਿੱਖਾਂ ਦੇ ਕਤਲ ਅਤੇ ਉਨ੍ਹਾਂ ਦੀਆਂ ਚਲ-ਅਚਲ ਜਾਇਦਾਦਾਂ ਲੁਟੇ ਤੇ ਸਾੜੇ ਜਾਣ ਦੀਆਂ ਮੁਢਲੀਆਂ ਰਿਪੋਰਟਾਂ (ਐਫਆਈਆਰ) ਤਕ ਵੀ ਪੁਲਿਸ ਵਲੋਂ ਦਰਜ ਨਹੀਂ ਸਨ ਕੀਤੀਆਂ ਗਈਆਂ, ਜੇ ਕਿਤੇ ਦਬਾਉ ਪੈਣ ਤੇ ਦਰਜ ਹੋਈਆਂ ਵੀ ਤਾਂ ਉਹ ਫਾਈਲਾਂ ਦੇ ਭਾਰ ਹੇਠ ਦਬਾ ਦਿੱਤੀਆਂ ਗਈਆਂ।
ਇਸਦੇ ਵਿਰੁੱਧ ਇਨ੍ਹਾਂ ਹੀ ਦਿਨਾਂ ਵਿੱਚ ਦਿੱਲੀ ਵਿੱਚ ਜੋ ਹਿੰਸਕ ਕਾਂਡ ਵਾਪਰਿਆ ਹੈ, ਉਹ ਇੱਕ ਤਾਂ ਕੇਵਲ ਦਿੱਲੀ ਦੇ ਹੀ ਇੱਕ ਹਿਸੇ ਤਕ ਹੀ ਸੀਮਤ ਰਿਹਾ ਅਤੇ ਦੂਸਰਾ ਭਾਵੇਂ ਦਿੱਲੀ ਵਿੱਚ ਇਸ ਹਿੰਸਕ ਕਾਂਡ ਨੂੰ ਨਵੰਬਰ-84 ਦੇ ਸਿੱਖ ਕਤਲ-ਏ-ਆਮ ਨੂੰ ਦੂਜੇ ਫਿਰਕੇ ਵਿਰੁਧ ਦੁਹਰਾਉਣ ਦੀ ਹੀ ਵਿਉਂਤ ਸੀ, ਪਰ ਅਜਿਹਾ ਹੋ ਨਾ ਸਕਿਆ, ਕਿਉਂਕਿ ਇਸ ਵਾਰ ਲੋਕੀ ਨਵੰਬਰ-84 ਦੇ ਸਮੇਂ ਸਿੱਖਾਂ ਵਾਂਗ ਅਵੇਸਲੇ ਨਹੀਂ, ਜਾਗਰੂਕ ਸਨ। ਇਤਨਾ ਹੀ ਨਹੀਂ ਜਦੋਂ ਹਿੰਸਕ ਭੀੜ ਹਮਲਾਵਰ ਹੋਈ ਤਾਂ ਹਿੰਦੂ-ਮੁਸਲਮਾਨ-ਸਿੱਖ ਇੱਕ ਜੁਟ ਹੋ ਉਸਦੇ ਸਾਹਮਣੇ ਦੀਵਾਰ ਬਣ ਕੇ ਖੜੇ ਹੋ ਗਏ, ਜਦਕਿ ਨਵੰਬਰ-84 ਵਿੱਚ ਕੋਈ ਵੀ ਸਿੱਖਾਂ ਨੂੰ ਬਚਾਣ ਲਈ ਅਗੇ ਨਹੀਂ ਸੀ ਆਇਆ। ਇਹ ਗਲ ਵਖਰੀ ਹੈ ਕਿ ਕੁਝ ਗੁਆਂਢੀਆਂ ਨੇ ਆਪਣੇ ਗੁਆਂਢੀ ਸਿੱਖ ਪਰਿਵਾਰਾਂ ਨੂੰ ਬਚਾਣ ਲਈ ਆਪਣੇ ਫਰਜ਼ ਦੀ ਅਦਾਇਗੀ ਕੀਤੀ। ਇਸ ਵਾਰ ਤਿੰਨਾਂ ਫਿਰਕਿਆਂ ਦੇ ਇਕ ਜੁਟ ਹੋ, ਦੀਵਾਰ ਬਣ ਕੇ ਖੜੇ ਹੋਣ ਦਾ ਹੀ ਇਹ ਨਤੀਜਾ ਹੋਇਆ ਕਿ ਫਸਾਦੀ ਉਤਨਾ ਨੁਕਸਾਨ ਕਰਨ ਵਿੱਚ ਸਫਲ ਨਾ ਹੋ ਸਕੇ, ਜਿਤਨਾ ਨੁਕਸਾਨ ਕਰਨ ਦੀ ਨੀਯਤ ਧਾਰ ਉਹ ਮੈਦਾਨ ਵਿੱਚ ਨਿਤਰੇ ਸਨ। ਇਹੀ ਕਾਰਣ ਹੈ ਕਿ ਇਸ ਹਿੰਸਕ ਕਾਂਡ ਨੂੰ ਨਵੰਬਰ-84 ਦੇ ਸਿੱਖ ਕਤਲ-ਏ-ਆਮ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ।
ਨਨਕਾਣਾ ਸਾਹਿਬ ਸ਼ਹੀਦੀ ਸਾਕੇ ਕੀ ਸ਼ਤਾਬਦੀ: 1920 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ-ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਕੁਕਰਮੀ ਮਹੰਤਾਂ ਤੋਂ ਮੁਕਤ ਕਰਵਾਉਣ ਦੇ ਲਈ ਗਏ ਸਿੱਖ ਸ਼ਹੀਦੀ ਜੱਥੇ ਵਿੱਚ ਸ਼ਾਮਲ ਸਿੱਖਾਂ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਪੁਰ ਕਾਬਜ਼ ਮਹੰਤ ਦੇ ਗੁੰਡਿਆਂ ਨੇ ਬਹੁਤ ਹੀ ਬੇਦਰਦੀ ਨਾਲ ਸ਼ਹੀਦ ਕਰ ਦਿੱਤਾ ਸੀ। ਕਈਆਂ ਨੂੰ ਜੰਡਾਂ ਨਾਲ ਬੰਨ੍ਹ ਸਾੜਿਆ ਗਿਆ, ਕਈਆਂ ਨੂੰ ਕੁਹਾੜੀਆਂ ਟਕੂਆਂ ਨਾਲ ਕੋਹ ਕੋਹ ਕੇ ਮਾਰਿਆ ਗਿਆ ਅਤੇ ਕਈਆਂ ਨੂੰ ਗੋਲੀਆਂ ਦਾ ਨਿਸ਼ਾਨਾਂ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ। ਉਸ ਸ਼ਹੀਦੀ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਆਲ ਇੰਡੀਆ ਪੰਥਕ ਫੋਰਮ ਵਲੋਂ ਕਸ਼ਤਰੀਆ ਭਵਨ ਪਹਾੜ ਗੰਜ ਵਿਖੇ ਆਯੋਜਤ ਕੀਤਾ ਜਾ ਰਿਹਾ ਹੈ। ਫੋਰਮ ਦੇ ਮੀਤ ਪ੍ਰਧਾਨ ਸ. ਕੁਲਬੀਰ ਸਿੰਘ ਦੇ ਅਨੁਸਾਰ ਇਸ ਮੌਕੇ ਸਿੱਖ ਧਰਮ ਅਤੇ ਬਹੁਮੁਲੇ ਇਤਿਹਾਸ ਦੇ ਪ੍ਰਮੁਖ ਵਿਦਵਾਨ ਡਾ. ਇਕਬਾਲ ਸਿੰਘ ਲਾਲਪੁਰਾ ਵਰਤਮਾਨ ਪੰਥਕ ਹਾਲਾਤ ਦੀ ਰੋਸ਼ਨੀ ਵਿੱਚ ਸ਼ਹੀਦੀ ਸਾਕੇ ਦੀ ਯਾਦ ਤਾਜ਼ਾ ਕਰਵਾਣਗੇ।
…ਅਤੇ ਅੰਤ ਵਿੱਚ : ਇਨ੍ਹਾਂ ਹੀ ਦਿਨਾਂ ਵਿੱਚ ਸੋਸ਼ਲ ਮੀਡੀਆ ਪੁਰ ਇਕ ਵੀਡੀਓ ਵਾਇਰਲ ਹੋਇਆ ਨਜ਼ਰਾਂ ਵਿਚੋਂ ਗੁਜ਼ਰਿਆ ਜਿਸ ਵਿੱਚ ਧੁਰ-ਵਿਰੋਧੀ ਚਲੇ ਆ ਰਹੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸ. ਪਰਮਜੀਤ ਸਿੰਘ ਸਰਨਾ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜ. ਅਵਤਾਰ ਸਿੰਘ ਹਿਤ ਵਿੱਚ ਇੱਕ ‘ਗੁਪਤ’ ਮੁਲਾਕਾਤ ਹੋਣ ਦਾ ਜ਼ਿਕਰ ਕੀਤਾ ਗਿਆ ਹੋਇਆ ਸੀ। ਪ੍ਰੰਤੂ ਇਸ ਮੁਲਾਕਾਤ ਵਿੱਚ ਕੀ ਗਲਬਾਤ ਹੋਈ ਇਸਦਾ ਖੁਲਾਸਾ ਨਾ ਤਾਂ ਵੀਡੀਓ ਵਿੱਚ ਕੀਤਾ ਗਿਆ ਅਤੇ ਨਾ ਹੀ ਸ. ਸਰਨਾ ਜਾਂ ਜ. ਹਿਤ ਵਲੋਂ ਹੀ ਕੀਤਾ ਗਿਆ ਹੈ। ਦਿੱਲੀ ਦੇ ਸਿੱਖ ਰਾਜਸੀ ਇਤਿਹਾਸ ਦੇ ਜਾਣਕਾਰਾਂ ਅਨੁਸਾਰ ਲਗਭਗ 21 ਵਰ੍ਹੇ ਪਹਿਲਾਂ ਸ. ਸਰਨਾ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚੋਂ ਬਾਹਰ ਕਢਵਾਉਣ ਵਿੱਚ ਜ. ਅਵਤਾਰ ਸਿੰਘ ਹਿਤ ਦੀ ਮਹਤੱਤਾ ਪੂਰਣ ਭੂਮਕਾ ਰਹੀ ਦਸੀ ਜਾਂਦੀ ਹੈ। ਉਸਦੇ ਬਾਅਦ ਸ. ਸਰਨਾ ਨੇ ਮੁੜ ਕੇ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲ ਨਹੀਂ ਵੇਖਿਆ। ਦਸਣ ਵਾਲੇ ਦਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੱਤਾਕਾਲ ਦੌਰਾਨ ਲੰਮੇਂ ਸਮੇਂ ਤੋਂ ਗੁਰਦੁਆਰਾ ਕਮੇਟੀ ਦੀ ਸੱਤਾ ਤੋਂ ਬਾਹਰ ਚਲੇ ਆ ਰਹੇ ਬਾਦਲ ਅਕਾਲੀ ਦਲ ਨੂੰ ਗੁਰਦੁਆਰਾ ਪ੍ਰਬੰਧ ਵਿੱਚ ਭਾਈਵਾਲੀ ਦੁਆਣ ਲਈ ਇੱਕ ਵਾਰ ਸ. ਸੁਖਦੇਵ ਸਿੰਘ ਢੀਂਡਸਾ ਨੇ ਸ. ਸਰਨਾ ਦੇ ਨਾਲ ਆਪਣੇ ਨਿਜੀ ਸੰਬੰਧਾਂ ਦੇ ਚਲਦਿਆਂ ਸਮਝੌਤਾ ਕੀਤਾ ਸੀ, ਪੰ੍ਰਤੂ ਜ. ਹਿਤ ਵਲੋਂ ਉਸ ਸਮਝੌਤੇ ਨੂੰ ਤਾਰਪੀਡੋ ਕਰ ਦਿੱਤਾ ਗਿਆ, ਜਿਸਦਾ ਨਤੀਜਾ ਇਹ ਹੋਇਆ ਕਿ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਵਿੱਚ ਫੁਟ ਪੈ ਗਈ। ਇੱਕ ਗੁਟ ਸ. ਸਰਨਾ ਨਾਲ ਚਲਾ ਗਿਆ, ਜਦਕਿ ਦੂਸਰਾ ਜ. ਹਿਤ ਦੇ ਨਾਲ ਬਣਿਆ ਰਿਹਾ।

Geef een reactie

Het e-mailadres wordt niet gepubliceerd. Vereiste velden zijn gemarkeerd met *