ਹੁਣ ਬੈਲਜ਼ੀਅਮ ਵਿੱਚ ਵੀ ਕਰੋਨਾਵਾਇਰਸ ਦੀ ਦਹਿਸ਼ਤ

ਸਾਰੇ ਵਿਦਿਅਕ ਅਦਾਰੇ ਅਤੇ ਖੇਡ ਸਰਗਰਮੀਆਂ ਮੁਕੰਮਲ ਬੰਦ
ਰੈਸਟੋਰੈਂਟ ਅਤੇ ਕੈਫੇ ਅੱਜ ਅੱਧੀ ਰਾਤ ‘ਤੋਂ ਅਪ੍ਰੈਲ ਤੱਕ ਬੰਦ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਚੀਨ ‘ਤੋਂ ਸੁਰੂ ਹੋਈ ਕਰੋਨਾਵਾਇਰਸ ਨਾਂਮ ਦੀ ਮਹਾਂਮਾਰੀ ਹੁਣ ਤਕਰੀਬਨ ਦੁਨੀਆਂ ਭਰ ਵਿੱਚ ਪੈਰ ਪਸਾਰ ਚੁੱਕੀ ਹੈ ਜਿਸ ਵਿੱਚ ਹੁਣ ਤੱਕ ਤਕਰੀਬਨ ਡੇਢ ਲੱਖ ਮਰੀਜ ਪਾਏ ਗਏ ਹਨ ਜਿੰਨ੍ਹਾਂ ਵਿੱਚੋਂ 5 ਹਜਾਰ ‘ਤੋਂ ਵੱਧ ਮਰ ਗਏ ਅਤੇ 70 ਹਜਾਰ ਤੰਦਰੁਸਤ ਹੋ ਚੁੱਕੇ ਹਨ। ਇਟਲੀ, ਫਰਾਂਸ ਬਾਅਦ ਯੂਰਪ ਵਿਚਲੇ ਪੰਜਾਬ ਸੂਬੇ ਨਾਲੋ ਵੀ ਛੋਟੇ ਜਿਹੇ ਮੁਲਕ ਬੈਲਜ਼ੀਅਮ ਵਿੱਚ ਵੀ 560 ਮਰੀਜ ਸਾਹਮਣੇ ਆ ਚੁੱਕੇ ਹਨ ਤੇ ਤਿੰਨ ਮੌਤ ਨੂੰ ਪਿਆਰੇ ਹੋ ਗਏ ਹਨ। ਬੈਲਜ਼ੀਅਮ ਸਰਕਾਰ ਨੇ ਅਪਣੇ ਲੋਕਾਂ ਦੀ ਸਿਹਤ ਨੂੰ ਮੁੱਖ ਰਖਦਿਆਂ ਤੇ ਬੈਲਜ਼ੀਅਮ ਵਿਚਲੀ ਡਾਕਟਰਾਂ ਦੀ ਇੱਕ ਸੰਸਥਾਂ ਵੱਲੋਂ ਦਿੱਤੇ ਸੁਝਾਅ ਬਾਅਦ ਸਾਰੇ ਵਿਦਿਅਕ ਅਦਾਰੇ ਇਸ ਸੋਮਬਾਰ ‘ਤੋਂ ਅਪ੍ਰੈਲ ਤੱਕ ਬੰਦ ਕਰ ਦਿੱਤੇ ਹਨ। ਬਹੁਤ ਛੋਟਾ ਮੁਲਕ ਹੋਣ ਦੇ ਬਾਵਜੂਦ ਖੇਡਾਂ ਵਿੱਚ ਬਹੁਤ ਵੱਡੇ ਮਾਅਰਕੇ ਮਾਰਨ ਵਾਲੇ ਦੇਸ਼ ਬੈਲਜ਼ੀਅਮ ਨੇ ਸਾਰੀਆਂ ਖੇਡ ਸਰਗਰਮੀਆਂ ਮੁਅੱਤਲ ਕਰ ਦਿਤੀਆਂ ਹਨ। ਵੀਰਵਾਰ ਰਾਤ 12 ਵਜੇ ‘ਤੋਂ ਬਾਅਦ ਸਾਰੇ ਰੈਸਟੋਰੈਂਟ ਅਤੇ ਕੈਫੇ ਵੀ ਅਗਲੇ ਹੁਕਮਾਂ ਤੱਕ ਬਿਲਕੁੱਲ ਬੰਦ ਕਰ ਦਿੱਤੇ ਗਏ ਹਨ। ਸੁਪਰਮਾਰਕੀਟਾਂ ਵਿੱਚ ਹਫੜਾ-ਦਫੜੀ ਮੱਚੀ ਹੋਈ ਹੈ ਤੇ ਲੋਕ ਟਾਇਲਟ ਪੇਪਰ, ਦੁੱਧ, ਪਾਣੀ ਸਮੇਤ ਘਰੇਲੂ ਵਸਤੂਆਂ ਨੂੰ ਜਮਾ ਕਰ ਰਹੇ ਹਨ। ਆਂਮ ਲੋਕਾਂ ਦਾ ਕਹਿਣਾ ਹੈ ਦੋਨਾਂ ਵਿਸ਼ਵ ਯੁੱਧਾ ਵਿੱਚ ਬਣੇ ਅਜਿਹੇ ਹਾਲਾਂਤਾ ਬਾਰੇ ਪੜ੍ਹਿਆ-ਸੁਣਿਆਂ ਜਰੂਰ ਸੀ ਪਰ ਜਿੰਦਗੀ ਵਿੱਚ ਪਹਿਲੀ ਵਾਰ ਅਜਿਹਾ ਮਹੌਲ ਦੇਖਿਆ ਹੈ। ਜੇਲ੍ਹਾਂ ਵਿੱਚ ਕੈਦੀਆਂ ਦੀਆਂ ਮੁਲਾਕਾਤਾਂ ਬੰਦ ਕਰ ਦਿੱਤੀਆਂ ਹਨ ਤੇ ਉਹਨਾਂ ਨੂੰ ਪਰਿਵਾਰ ਨਾਲ ਸੰਪਰਕ ਲਈ ਫੋਨ ਦੀ ਸਹੂਲਤ ਵਾਸਤੇ 20 ਯੂਰੋ ਦਾ ਵੱਖਰਾ ਫੋਨ ਕਾਰਡ ਮੁਹੱਈਆ ਕਰਵਾਇਆ ਜਾਵੇਗਾ। ਕਾਰੋਬਾਰਾਂ ਵਿੱਚਲੇ ਘਾਟੇ ਨੂੰ ਪੂਰਨ ਲਈ ਸਰਕਾਰ ਵੱਲੋਂ ਮੁਆਵਜੇ ਦੇ ਪ੍ਰਬੰਧਾ ਵਾਸਤੇ ਗੱਲਬਾਤ ਜਾਰੀ ਹੈ। ਬੈਲਜ਼ੀਅਮ ਸਰਕਾਰ ਵੱਲੋਂ ਜਨਤਕ ਇਕੱਠਾ ਤੇ ਪਾਬੰਦੀ ਤੇ ਅਮਲ ਕਰਦਿਆਂ ਬਰੱਸਲਜ਼ ਵਿੱਚ ਸਿੱਖ ਭਾਈਚਾਰੇ ਵੱਲੋਂ ਐਤਵਾਰ ਨੂੰ ਹੁੰਦੇ ਹਫਤਾਵਾਰੀ ਦੀਵਾਨ ਵੀ ਅਪ੍ਰੈਲ ਤੱਕ ਰੱਦ ਕਰ ਦਿਤੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *