
ਕਪੂਰਥਲਾ- ਪੂਰੀ ਦੁਨੀਆ ਵਿਚ ਕਰੋਨਾ ਵਾਇਰਸ ਨਾਮਕ ਭਿਆਨਕ ਬਿਮਾਰੀ ਨੂੰ ਲੈ ਕੇ ਡਰ ਤੇ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਚੀਨ ਤੇ ਇਟਲੀ ਵਿਚ ਵੱਡੀ ਗਿਣਤੀ ਵਿਚ ਮੌਤਾਂ ਹੋਣ ਤੋਂ ਬਾਅਦ ਭਾਰਤ ਵਿਚ ਵੀ 14 ਅਪ੍ਰੈਲ ਤਕ ਲਾਕ ਡਾਊਨ ਹੈ ਜਦਕਿ ਪੰਜਾਬ ਵਿਚ ਕਰਫਿਊ ਲੱਗਾ ਹੋਇਆ ਹੈ। ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਏ ਰੱਖਣ ਵਾਸਤੇ ਤਰ੍ਹਾ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਤਹਿਤ ਹੀ ਕਪੂਰਥਲਾ ਜਿਲੇ ਦੇ ਪਿੰਡ ਖੁਸਰੋਪੁਰ ਵਿਖੇ ਬੀਤੀ 20 ਮਾਰਚ ਤੋਂ ਲਗਾਤਾਰ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਪਿੰਡ ਨੂੰ ਸੈਨੀਟਾਈਜ਼ ਕੀਤਾ ਗਿਆ ਹੈ ਅਤੇ ਰੋਜ਼ਾਨਾ ਪਿੰਡ ਦੇ ਘਰਾਂ ਵਿਚੋ ਹੀ ਕੂੜਾ ਚੁੱਕਿਆ ਜਾਂਦਾ ਹੈ ਜਿਸ ਕਰਕੇ ਪਿੰਡ ਵਿਚ ਸਫਾਈ ਦੀ ਵਿਵਸਥਾ ਵਿਚ ਬਹੁਤ ਹੀ ਸ਼ਲਾਘਾਯੋਗ ਸੁਧਾਰ ਹੋਇਆ ਹੈ। ਇਸ ਮੁਹਿੰਮ ਵਿਚ ਜਿਥੇ ਪ੍ਰਵਾਸੀ ਨੌਜਵਾਨ ਸਹਿਯੋਗ ਕਰ ਰਹੇ ਹਨ ਉਥੇ ਪਿੰਡ ਦੀ ਨੌਜਵਾਨ ਸਭਾ, ਗੁਰਦੁਆਰਾ ਪ੍ਰਬੰਧਕ ਕਮੇਟੀ, ਵਾਲਮੀਕਿ ਭਾਈਚਾਰਾ, ਗ੍ਰਾਮ ਪੰਚਾਇਤ , ਸਾਬਕਾ ਪੰਚਾਇਤ ਮੈਂਬਰਾਂ, ਨੰਬਰਦਾਰਾਂ ਤੇ ਪਿੰਡ ਦੇ ਮੋਹਤਵਰ ਵਿਅਕਤੀਆਂ ਵਲੋ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਪਿੰਡ ਵਾਸੀਆਂ ਵਲੋ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜਿਲਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਭਰਭੂਰ ਸ਼ਲਾਘਾ ਕੀਤੀ ਹੈ ਤੇ ਪਿੰਡ ਵਾਸੀਆਂ ਦਾ ਇਸ ਮੁਹਿੰਮ ਵਿਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਪਿੰਡ ਦੇ ਸਰਪੰਚ ਵੀ ਰਹੇ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਪਿੰਡ ਵਿਚ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਗਏ ਹਨ ਤੇ ਉਹ ਹੁਣ ਵੀ ਪੰਚਾਇਤ ਦਾ ਪੂਰਾ ਸਹਿਯੋਗ ਕਰਦੇ ਹਨ।
ਤਸਵੀਰ-ਪਿੰਡ ਦੇ ਨੌਜਵਾਨ ਪਿੰਡ ਵਿਚ ਸਪਰੇਅ ਕਰਦੇ ਹੋਏ