24 ਅਪ੍ਰੈਲ 2020 ਦਿਨ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਜੀ ਪ੍ਰਕਾਸ਼ ਗੁਰਪੁਰਬ ‘ਤੇ ਵਿਸ਼ੇਸ਼)

ਸ੍ਰੀ ਗੁਰੂ ਅੰਗਦ ਦੇਵ ਜੀ ਜੀਵਨ ਅਤੇ ਸਖ਼ਸ਼ੀਅਤ
ਸ੍ਰੀ ਗੁਰੂ ਅੰਗਦ ਦੇਵ ਜੀ ਦੂਜੇ ਸਿੱਖ ਗੁਰੂ ਹੋਏ, ਜਿੰਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਅੱਗੇ ਵਧਾਇਆ। ਗੁਰੂ ਨਾਨਕ ਸਾਹਿਬ ਦਾ ਮਾਰਗ ਨਿਵੇਕਲਾ ਹੈ, ਜੋ ਸੰਸਾਰ ਨੂੰ ਭਰਮਾਂ ਅਤੇ ਸੰਸਿਆਂ ਵਿੱਚੋਂ ਕੱਢ ਕੇ ਸੱਚ ਨਾਲ ਜੋੜਨਾ ਵਾਲਾ ਹੈ। ਜਿਸ ਵਿੱਚ ਫੋਕਟ ਕਰਮ-ਕਾਢਾਂ ਅਤੇ ਦਿਖਾਵਿਆ ਲਈ ਕੋਈ ਥਾਂ ਨਹੀਂ। ਜਿਸ ਵਿੱਚ ਮਨੁੱਖ ਲਈ ਮਨੁੱਖਤਾ ਦਾ ਅਹਿਸਾਸ ਹੈ ਅਤੇ ਮਨੁੱਖੀ ਕਦਰਾਂ-ਕੀਮਤਾਂ ਲਈ ਸਤਿਕਾਰ। ਇਕ ਪ੍ਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ ਨਾਲ ਏਕਤਾ ਅਤੇ ਉਸ ਦੀ ਭਗਤੀ ਦੁਆਰਾ ਜੀਵਨ ਮੁਕਤੀ ਦਾ ਮਾਰਗ ਪ੍ਰਾਪਤ ਹੈ। ਐਸੇ ਮਹਾਨ ਉਦੇਸ਼ ਦੀ ਪ੍ਰਾਪਤੀ ਵਿੱਚ ਗੁਰੂ ਅੰਗਦ ਦੇਵ ਜੀ ਨੇ ਅਹਿਮ ਯੋਗਦਾਨ ਪਾਇਆ। ਗੁਰੂ ਨਾਨਕ ਸਾਹਿਬ ਦਾ ਅੰਗ ਹੋਣਾ ਅਤੇ ਵਾਰਿਸ ਬਣਨਾ ਉਹਨਾਂ ਦੇ ਹਿੱਸੇ ਆਇਆ ਜੋ ਉਹਨਾਂ ਦੀ ਮਹਾਨ ਜੀਵਨ ਸ਼ੈਲੀ ਅਤੇ ਜਾਚ ਦਾ ਤੱਤ ਹੈ। ਇਸ ਲਈ ਉਹਨਾਂ ਦਾ ਜੀਵਨ-ਦਰਸ਼ਨ ਮਨੁੱਖ ਨੂੰ ਜੀਵਨ ਦੇ ਸਹੀ ਅਰਥਾਂ ਤੋਂ ਜਾਣੂ ਕਰਵਾਉਂਦਾ ਹੈ।
ਮਾਰਚ 1504 ਈ. ਨੂੰ ਮੱਤੇ ਦੀ ਸਰਾਂ (ਸਰਾਏ ਨਾਂਗਾ) ਵਿੱਚ ਪਿਤਾ ਸ੍ਰੀ ਫੇਰੂ ਮੱਲ ਜੀ ਦੇ ਘਰ ਭਾਈ ਲਹਿਣਾ ਜੀ ਦਾ ਪ੍ਰਕਾਸ਼ ਹੋਇਆ । ਉਹਨਾਂ ਦੇ ਨਾਮ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਕੁਝ ਲੈਣ ਅਤੇ ਖੱਟਣ ਲਈ ਇਸ ਸੰਸਾਰ ਵਿੱਚ ਆਏ ਸਨ ।ਸਾਰਾ ਪਰਿਵਾਰ ਮੱਤੇ ਕੀ ਸਰਾਂ ਤੋਂ ਹਰੀਕੇ, ਹਰੀਕੇ ਤੋਂ ਸੰਘਰ ਅਤੇ ਸੰਘਰ ਤੋਂ ਖਡੂਰ ਸਾਹਿਬ ਆ ਵੱਸਿਆ।ਭਾਈ ਲਹਿਣਾ ਜੀ ਦਾ ਵਿਆਹ ਸੰਘਰਕੋਟ ਵਾਸੀ ਸ੍ਰੀ ਦੇਵੀ ਚੰਦ ਦੀ ਧੀ ਮਾਤਾ ਖੀਵੀ ਜੀ ਨਾਲ ਹੋਇਆ।ਪਿਤਾ ਫੇਰੂਮੱਲ ਜੀ ਦੇਵੀ ਦੇ ਉਪਾਸ਼ਕ ਸਨ ਅਤੇ 1523 ਈ. ਵਿੱਚ ਪਿਤਾ ਫੇਰੂ ਮੱਲ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨਾਂ ਨੂੰ ਸੰਗ ਲੈ ਕੇ ਜਾਣ ਲੱਗੇ । ਏਨੀ ਘਾਲਣਾ ਤੋਂ ਬਾਅਦ ਅਜੇ ਵੀ ਉਹਨਾਂ ਨੂੰ ਸਕੂਨ ਨਹੀਂ ਸੀ ਮਿਲਿਆ । ਇੱਕ ਦਿਨ ਭਾਈ ਜੋਧ ਜੀ ਪਾਸੋਂ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਬਾਣੀ ਸੁਣੀ । ਰੂਹ ਨੂੰ ਝੰਜੋੜ ਕੇ ਰੱਖ ਦਿੱਤਾ । ਚੈਨ ਮਿਲਿਆ ਅਤੇ ਨਵੇਂ ਸਫਰ ਦੀ ਸ਼ੁਰੂਆਤ ਆਰੰਭ ਹੋ ਗਈ । ਗੁਰੂ ਨਾਨਕ ਸਾਹਿਬ ਦੀ ਬਾਣੀ ਨੇ ਰੂਹ ਨੂੰ ਮੌਲਣ ਲਗਾ ਦਿੱਤਾ । ਹੁਣ ਉਹਨਾਂ ਨੂੰ ਇੱਕੋ ਤਾਂਘ ਰਹਿ ਗਈ ਸੀ ਕਿ ਗੁਰੂ ਸਾਹਿਬ ਜੀ ਦੇ ਦਰਸ਼ਨ ਹੋ ਜਾਣ । ਸਬੱਬ ਬਣਿਆ ਇਕ ਦਿਨ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਦੀਦਾਰ ਲਈ ਕਰਤਾਰਪੁਰ ਜਾ ਪਹੁੰਚੇ । ਗੁਰੂ ਨਾਨਕ ਸਾਹਿਬ ਆਪ ਅੱਗੋ ਲੈਣ ਲਈ ਆਏ।
ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਨਾਲ ਉਹ ਨਿਹਾਲ ਹੋ ਗਏ ਅਤੇ ਉਹਨਾਂ ਦੇ ਹੀ ਹੋ ਕੇ ਰਹਿ ਗਏ ।ਉਹਨਾਂ ਗੁਰੂ ਨਾਨਕ ਸਾਹਿਬ ਨੂੰ ਸਮਝਿਆ, ਉਹਨਾਂ ਦੇ ਉਦੇਸ਼ (ਮਿਸ਼ਨ) ਨੂੰ ਜਾਣਿਆ ਅਤੇ ਉਸ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਕਈ ਪਰੀਖਿਆਵਾਂ ਵੀ ਹੋਈਆਂ। ਜਿਵੇਂ ਨਦੀਂਨ ਦੀ ਪੰਡ ਚੁੱਕਣਾ, ਮੁਰਦਾ ਖਾਣਾ, ਅੱਤ ਦੀ ਸਰਦੀ ’ਚ ਕੱਪੜੇ ਧੋਣਾ, ਚਿੱਕੜ ’ਚੋਂ ਕੌਲ ਕੱਢਣਾ ਆਦਿ।ਉਹ ਸਫ਼ਲ ਹੋਏ। ਉਹ ਗੁਰੂ ਨਾਨਕ ਸਾਹਿਬ ਦੇ ਸੱਚੇ ਸੇਵਕ ਬਣੇ। ਗੁਰੂ ਨਾਨਕ ਸਾਹਿਬ ਜੀ ਵੀ ਇਨਕਲਾਬੀ ਸਨ। ਉਹਨਾਂ ਜਾਣ ਲਿਆ ਕਿ ਇਹ ਸੇਵਕ ਜ਼ਿੰਮੇਵਾਰੀ ਸੰਭਾਲਣ ਦੇ ਯੋਗ ਹੈ। ਉਹਨਾਂ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਵਾਲਾ। ਉਹਨਾਂ ਪਰੰਪਰਾ ਅਨੁਸਾਰ ਆਪਣਾ ਉਤਰਾਧਿਕਾਰੀ ਆਪਣੇ ਪੁੱਤਰ ਨੂੰ ਨਹੀਂ ਚੁਣਿਆ। ਕਿਉਂ ਕਿ ਜੋ ਯੋਗ ਹੈ ਉਹ ਅਧਿਕਾਰੀ ਹੈ। ਇਹ ਚੱਲਦੇ ਵਹਾਅ ਦਾ ਰੁੱਖ ਮੋੜਨਾ ਸੀ। ਇਹੀ ਸਿੱਖੀ ਹੈ। ਇਹ ਗੁਰੂ ਨਾਨਕ ਸਾਹਿਬ ਦਾ ਧਰਮ ਹੈ ਕਿ ਤੋੜ ਦਿਓ ਬੰਧਨਾਂ ਨੂੰ ਅਤੇ ਤੋੜ ਦਿਓ ਪੈਰੀਂ ਪਈਆਂ ਉਹਨਾਂ ਜ਼ੰਜ਼ੀਰਾਂ ਨੂੰ ਜਿੰਨ੍ਹਾਂ ਨੇ ਮਨੁੱਖ ਨੂੰ ਮਨੁੱਖ ਤੋਂ ਦੂਰ ਕੀਤਾ ਹੋਇਆ। ਗੁਰੂ ਜੀ ਨੇ ਉਸ ਨੂੰ ਚੁਣਿਆ ਜੋ ਯੋਗ ਸੀ। ਜੋ ਹੱਕਦਾਰ ਸੀ ਅਤੇ ਲੈਣ ਵਾਲਾ ਸੀ¬। ਭਾਈ ਲਹਿਣਾ। ਜਿੰਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਗੁਰਿਆਈ ਦੇ ਕੇ ਗੁਰੂ ਅੰਗਦ ਬਣਾ ਦਿੱਤਾ। ਭਾਵ ਉਹਨਾਂ ਦਾ ਅੰਗ। ਸਰੀਰ ਬਦਲ ਗਿਆ। ਜੋਤ ਉਹੀ ਰਹੀ। ਉਦੇਸ਼ ਵੀ ਉਹੀ। ਭਾਈ ਲਹਿਣਾ ਤੋਂ ਗੁਰੂ ਅੰਗਦ ਬਣ ਗੁਰੂ ਨਾਨਕ ਸਾਹਿਬ ਹੀ ਵਿਚਰੇ। ਉਹਨਾਂ ਨੇ ਵੀ ਸਿੱਖੀ ਦੇ ਮਹਾਨ ਉਦੇਸ਼ ਦੀ ਪ੍ਰਾਪਤੀ ਲਈ ਮਹਾਨ ਕਾਰਜਾਂ ਨੂੰ ਕੀਤਾ। ਸਾਨੂੰ ਸਾਡੇ ਅੱਖਰਾਂ ਵਿੱਚ ਸਮਝਾਇਆ। ਗੁਰਮੁਖੀ ਲਿਪੀ ਉਹਨਾਂ ਦੀ ਮਹਾਨ ਦੇਣ ਹੈ। ਜਿੰਨ੍ਹਾਂ ਨੂੰ ਤੁਸੀਂ ਹੁਣ ਪੜ੍ਹ ਰਹੇ ਹੋ ਇਹ ਉਹੀ ਅੱਖਰ ਨੇ। ਪਰੰਪਰਾ ਨੂੰ ਤੋੜ ਗਿਆਨ ਨੂੰ ਲੋਕ ਭਾਸ਼ਾ ਰਾਹੀਂ ਲੋਕਾਂ ਲਈ ਪ੍ਰਗਟ ਕਰ ਦਿੱਤਾ। ਸਿੱਖੀ ਦਾ ਉਪਦੇਸ਼ ਲੁਕਾਈ ਲਈ ਹੈ, ਉਹ ਲੁਕਾਈ ਤੱਕ ਪਹੁੰਚਿਆ। ਗੁਰੂ ਅੰਗਦ ਦੇਵ ਜੀ ‘ਬਾਲ ਬੋਧ’ ਤਿਆਰ ਕਰ ਆਪ ਖਡੂਰ ਸਾਹਿਬ ਦੀ ਪਾਵਨ ਧਰਤੀ ’ਤੇ ਗੁਰਮੁਖੀ ਦੀ ਵਿਦਿਆ ਦਿੰਦੇ। ਲੰਗਰ ਪ੍ਰਥਾ ਦਾ ਵਿਕਾਸ, ਮੱਲ ਅਖਾੜੇ ਦੀ ਸਥਾਪਨਾ, ਸਿੱਧਾਂ ਨਾਲ ਗੋਸ਼ਟਿ ਅਤੇ ਜਨਮ ਸਾਖੀ ਨੂੰ ਲਿਖਵਾਉਣਾ ਉਹਨਾਂ ਦੇ ਅਹਿਮ ਕਾਰਜ ਸਨ। ਇਹ ਗੁਰੂ ਅੰਗਦ ਸਾਹਿਬ ਦੀ ਕਰਾਮਾਤ ਸੀ ਕਿ ਖਡੂਰ ਸਾਹਿਬ ਦੀ ਧਰਤੀ ’ਤੇ ਕੁਦਰਤੀ ਨੂਰ ਵਰਸਣ ਲੱਗਾ।
ਸੋ ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਅੱਗੇ ਵਧਾਇਆ। ਉਹਨਾਂ ਨਵੀਆਂ ਸੰਸਥਾਵਾਂ ਦੀ ਸਥਾਪਨਾ ਨਾਲ ਇਕ ਆਦਰਸ਼ਿਕ ਮਨੁੱਖ ਅਤੇ ਸਮਾਜ ਦੀ ਸਿਰਜਣਾ ਦਾ ਅਹਿਮ ਕਾਰਜ ਕੀਤਾ। ਉਹਨਾਂ ਦਾ ਪ੍ਰਕਾਸ਼ ਗੁਰਪੁਰਬ ਮੱਤੇ ਕੀ ਸਰਾਂ, ਸ੍ਰੀ ਖਡੂਰ ਸਾਹਿਬ ਅਤੇ ਸਮੁੱਚੇ ਵਿਸ਼ਵ ਵਿੱਚ ਸਿੱਖ ਪੰਥ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
“ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ॥”
(ਵਾਰਾਂ ਭਾਈ ਗੁਰਦਾਸ ਜੀ)

Geef een reactie

Het e-mailadres wordt niet gepubliceerd. Vereiste velden zijn gemarkeerd met *