ਆਰਥਕ ਸੰਕਟ ਨਾਲ ਜੂਝਦੀ ਦਿੱਲੀ ਗੁਰਦੁਆਰਾ ਕਮੇਟੀ

ਜਸਵੰਤ ਸਿੰਘ ‘ਅਜੀਤ’

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਵੇਂ ਕੋਰਾਨਾ ਵਾਇਰਸ ਸੰਕਟ ਦੇ ਚਲਦਿਆਂ ਲੋੜਵੰਦਾਂ ਤਕ ਲੰਗਰ ਪਹੁੰਚਾਣ ਦੀ ਸੇਵਾ ਨਿਭਾਉਂਦਿਆਂ ਜਸ ਖਟਣ ਵਿੱਚ ਸਫਲ ਹੋ ਰਹੀ ਹੈ ਅਤੇ ਇਸਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਪ੍ਰਬੰਧਕ ਪਬਾਂ ਭਾਰ ਹੋ ਹੇ ਹਨ, ਪ੍ਰੰਤੂ ਸਚਾਈ ਇਹ ਹੈ ਕਿ ਇਸ ਲੰਗਰ ਦੀ ਸੇਵਾ ਨੂੰ ਨਿਭਾੳਂਦਿਆਂ ਰਹਿਣ ਵਿੱਚ ਮੁਖ ਭੂਮਿਕਾ ਦੇਸ਼-ਵਿਦੇਸ਼ ਵਿੱਚ ਵਸਦੇ ਉਨ੍ਹਾਂ ਸ਼ਰਧਾਲੂਆਂ ਦੀ ਹੈ, ਜੋ ਗੁਰੂ ਘਰ ਵਲੋਂ ਜਾਰੀ ਲੰਗਰ ਨੂੰ ਚਲਦਿਆਂ ਰਖਣ ਵਿੱਚ ਆਪਣਾ ਯੋਗਦਾਨ ਪਾਣ ਵਿੱਚ ਕਿਸੇ ਤਰ੍ਹਾਂ ਦਾ ਸੰਕੋਚ ਨਹੀਂ ਕਰ ਰਹੇ। ਗੁਰਦੁਆਰਾ ਕਮੇਟੀ ਦੇ ਅੰਦਰਲੇ ਸੂਤ੍ਰਾਂ ਅਨੁਸਾਰ ਗੁਰੂ ਕੇ ਲੰਗਰ ਨੂੰ ਨਿਰਵਿਘਨ ਚਲਦਿਆਂ ਰਖਣ ਲਈ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਲਖਾਂ ਹੀ ਨਹੀਂ ਕਰੋੜਾਂ ਰੁਪਏ ਪੁਜ ਰਹੇ ਹਨ। ਇਹ ਵੀ ਦਸਿਆ ਗਿਆ ਹੈ ਕਿ ਗੁਰਦੁਆਰਾ ਕਮੇਟੀ ਆਪਣੇ ਸਾਧਨਾਂ ਨਾਲ ਤਾਂ ਆਪਣੇ ਕਮੇਟੀ ਦੇ ਸਟਾਫ ਨੂੰ ਤਨਖਾਹ ਤਕ ਦੇਣ ਦੇ ਸਮਰਥ ਨਹੀਂ, ਜਿਸਦੇ ਚਲਦਿਆਂ ਕਮੇਟੀ ਦੇ ਮੁਖੀ ਸਟਾਫ ਨੂੰ ਆਪਣੀ ਇਕ-ਇਕ ਮਹੀਨੇ ਦੀ ਤਨਖਾਹ ‘ਦਾਨ’ ਵਜੋਂ ਦੇ ਦੇਣ ਦੀ ਪ੍ਰੇਰਨਾ ਕਰ ਅਤੇ ਕਰਵਾ ਰਹੇ ਸਨ। ਚਰਚਾ ਤਾਂ ਇਹ ਹੈ ਕਿ ਹੁਣ ਜਦਕਿ ਲੋੜਵੰਦਾਂ ਲਈ ਨਿਰਵਿਘਨ ਲੰਗਰ ਚਲਦਿਆਂ ਰਖਣ ਲਈ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਜੋ ਮਾਇਆ ਪੁਜ ਰਹੀ ਹੈ, ਉਸ ਵਿਚੋਂ ਹੀ ਸਟਾਫ ਨੂੰ ਤਨਖਾਹਵਾਂ ਦੇ ਕੇ ਬੁਤਾ ਸਾਰਿਆ ਜਾ ਰਿਹਾ ਹੈ। ਜੇ ਇਹ ਸੱਚ ਹੈ ਤਾਂ ਸੁਆਲ ਉਠਦਾ ਹੈ ਕਿ ਇਹ ਸਥਿਤੀ ਆਖਰ ਕਿਤਨਾ ਚਿਰ ਚਲ ਸਕੇਗੀ? ਜਦੋਂ ਵੀ ਹਾਲਾਤ ਠੀਕ ਹੋਣ ਤੇ ਬਾਹਰੋਂ ਮਾਇਆ ਆਉਣੀ ਬੰਦ ਹੋ ਗਈ ਤਾਂ ਕਿਵੇਂ ਚਲੇਗਾ? ਲਾਕਡਾਊਨ ਦੇ ਚਲਦਿਆਂ ਗੁਰਧਾਮਾਂ ਵਿੱਚ ਸੰਗਤ ਦੀ ਆਵਾਜਾਈ ਵੀ ਨਾ ਦੇ ਬਰਾਬਰ ਹੈ, ਜਿਸਦਾ ਪ੍ਰਭਾਵ ਗੁਰਦੁਆਰਾ ਕਮੇਟੀ ਦੀ ਆਮਦਨ ਪੁਰ ਪੈਣਾ ਸੁਭਾਵਕ ਹੈ। ਹੈਰਾਨੀ ਦੀ ਗਲ ਹੈ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਸਹਾਰੇ ਚਲ ਰਹੇ ਲੰਗਰ ਦਾ ਸਿਹਰਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਆਪਣੇ ਸਿਰ ਬੰਨ੍ਹ ਦਾਅਵਾ ਕਰ ਰਹੇ ਹਨ ਕਿ ਲੰਗਰ ਦੀ ਚਲ ਰਹੀ ਇਸ ਨਿਵਿਘਨ ਸੇਵਾ ਲਈ ਸੰਸਾਰ ਭਰ ਵਿੱਚ ੳਨ੍ਹਾਂ ਦੀ ਪ੍ਰਸ਼ੰਸਾ ਹੋ ਰਹੀ ਹੈ। ਬੀਤੇ ਦਿਨੀਂ ਦਿੱਲੀ ਪੁਲਿਸ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਪਰਿਕਰਮਾ ਕਰ, ਸਤਿਗੁਰਾਂ ਅਤੇ ਸਿੱਖਾਂ ਦਾ ਜੋ ਧੰਨਾਵਾਦ ਕੀਤਾ, ਉਸਨੇ ਵੀ ਸੰਸਾਰ ਵਿਚ ਉਨ੍ਹਾਂ ਦਾ ਹੀ ਕੱਦ ਵਧਾਇਆ ਹੈ।
ਇਨ੍ਹਾਂ ਦੀ ਚਰਚਾ ਤਕ ਨਹੀਂ: ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀ ਤਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਸਹਾਰੇ ਲੰਗਰ ਦੀ ਸੇਵਾ ਜਾਰੀ ਰਖ ਦਾ ਜਸ ਖਟਣ ਵਿੱਚ ਕੋਈ ਕਸਰ ਨਹੀਂ ਛਡ ਰਹੇ, ਪ੍ਰੰਤੂ ਉਨ੍ਹਾਂ ਛੋਟੀਆਂ-ਛੋਟੀਆਂ ਸਿੰਘ ਸਭਾਵਾਂ ਅਤੇ ਸਿੱਖ ਜਥੇਬੰਦੀਆਂ ਦੀ ਕੋਈ ਚਰਚਾ ਤਕ ਨਹੀਂ ਹੋ ਰਹੀ, ਜਿਨ੍ਹਾਂ ਦੇ ਮੁਖੀ ਅਪਣੇ ਸੀਮਤ ਸਾਧਨਾ ਨਾਲ ਹੀ ਗੁਰੂ ਕਾ ਲੰਗਰ ਲੋੜਵੰਦਾਂ ਤਕ ਪਹੁੰਚਾ ਆਤਮ ਸੰਤੁਸ਼ਟੀ ਪ੍ਰਾਪਤ ਕਰ ਰਹੇ ਹਨ। ਦਸਿਆ ਗਿਆ ਹੈ ਕਿ ਇੱਕ ਸਿੰਘ ਸਭਾ ਦੇ ਮੁਖੀਆਂ ਨੇ ਤਾਂ ਆਪਣੇ ਪਾਸ ਕੁਝ ਵੀ ਨਾ ਹੁੰਦਿਆਂ ਸਤਿਗੁਰਾਂ ਦੇ ਚਰਨਾ ਵਿੱਚ ਅੲਦਾਸ ਕਰ ਇਸ ਸੇਵਾ ਵਲ ਕਦਮ ਪੁਟਿਆ। ਉਹ ਦਸਦੇ ਹਨ ਕਿ ਕੋਈ ਵੀ ਸਾਧਨ ਨਾ ਹੁੰਦਿਆਂ ਹੋਇਆਂ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਕੀਤੀ ਅਰਦਾਸ ਸਦਕਾ ਉਨ੍ਹਾਂ ਦੀ ਸੇਵਾ ਵਿੱਚ ਕਿਸੇ ਵੀ ਸਮੇਂ ਰੁਕਾਵਟ ਪੈਦਾ ਨਹੀਂ ਹੋਈ। ਇਸੇ ਤਰ੍ਹਾਂ ਦਸਿਆ ਗਿਆ ਹੈ ਕਿ ਨੈਨੀਤਾਲ ਵਿੱਚ ਕੁਲ ਤੀਹ ਸਿੱਖ ਵਸਦੇ ਹਨ, ਉਨ੍ਹਾਂ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰ ਆਪਣੇ ਸ਼ਹਿਰ ਦੇ ਲੋੜਵੰਦਾਂ ਤਕ ਲੰਗਰ, ਸੁਕੇ ਰਾਸ਼ਨ ਅਤੇ ਦਵਾਈਆਂ ਆਦਿ ਵਸਤਾਂ ਪਹੁੰਚਾਣ ਦੀ ਜੋ ਸੇਵਾ ਸ਼ੁਰੂ ਕੀਤੀ ਹੈ, ਸਤਿਗੁਰਾਂ ਦੀ ਕਿਰਪਾ ਉਸ ਵਿਚ ਅੱਜਤਕ ਕੋਈ ਵਿਘਨ ਨਹੀਂ ਪਿਆ।
ਦਿੱਲੀ ਗੁਰਦੁਆਰਾ ਕਮੇਟੀ ਦਾ ਸੰਕਟ: ਦੂਸਰੇ ਪਾਸੇ ਦਿੱਲੀ ਗੁਰਦੁਆਰਾ ਕਮੇਟੀ, ਜੋ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਲਾਹਾ ਖਟ ਰਹੀ ਹੈ, ਉਸਦਾ ਅਰਥਕ ਸੰਕਟ ਟਲਣ ਦੀ ਬਜਾਏ ਲਗਾਤਾਰ ਵਧਦਾ ਜਾਂਦਾ ਹੀ ਵਿਖਾਈ ਦੇ ਰਿਹਾ ਹੈ। ਦਸਿਆ ਜਾਂਦਾ ਹੈ ਕਿ ਇਨ੍ਹਾਂ ਦਿਨਾਂ ਵਿੱਚ ਹੀ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਹੇਠਲੇ ਸਕੂਲਾਂ ਦੇ ਸਟਾਫ ਨੇ ਬੀਤੇ ਚਾਰ-ਚਾਰ ਮਹੀਨਿਆਂ ਦੀਆਂ ਤਨਖਾਹਵਾਂ ਨਾ ਮਿਲਣ ਤੇ ਜਾ ਅਦਾਲਤ ਦਾ ਦਰਵਾਜ਼ਾ ਖਟਖਟਾਇਆ। ਜਿਸਦੇ ਫਲਸਰੂਪ ਅਦਾਲਤ ਨੇ ਗੂਰਦੁਆਰਾ ਕਮੇਟੀ ਨੂੰ ਆਦੇਸ਼ ਦਿੱਤਾ ਕਿ ਉਹ ਉਨ੍ਹਾਂ ਦੇ ਅੱਜਤਕ ਦੇ ਬਕਾਏ ਪੰਦ੍ਰਾਂਹ ਦਿਨਾਂ ਵਿੱਚ ਚੁਕਤੇ ਕਰ 11 ਮਈ ਤਕ ਅਦਾਲਤ ਨੂੰ ਰਿਪੋਰਟ ਕਰੇ। ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਸਿਆ ਇਸ ਰਕਮ, ਜੋ ਤਕਰੀਬਨ ਪੰਜਾਹ ਕਰੋੜ ਬਣਦੀ ਹੈ, ਕਮੇਟੀ ਵਲੋਂ ਅਦਾ ਕੀਤੀ ਜਾਣੀ ਸਹਿਜ ਨਹੀਂ। ਉਨ੍ਹਾਂ ਦਸਿਆ ਕਿ ਸਕੂਲ ਸਟਾਫ ਨੇ ਸਤਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਧਾਰ ਤੇ ਤਨਖਾਹਵਾਂ ਲੈਣ ਲਈ ਵੀ ਅਦਾਲਤ ਵਿੱਚ ਕੇਸ ਪਾਇਆ ਹੋਇਆ ਹੈ, ਜੇ ਉਸਦਾ ਫੈਸਲਾ ਵੀ ਸਟਾਫ ਦੇ ਹਕ ਵਿੱਚ ਹੁੰਦਾ ਹੈ ਤਾਂ ਕਮੇਟੀ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੀਆਂ, ਕਿਉਂਕਿ ਉਨ੍ਹਾਂ ਸਿਫਾਰਸ਼ਾਂ ਦੇ ਅਧਾਰ ਤੇ ਕੀਤੀ ਜਾਣ ਵਾਲੀ ਅਦਾਇਗੀ 70 ਕਰੋੜ ਦੇ ਲਗਭਗ ਬਣ ਜਾਇਗੀ। ਮਨਜੀਤ ਸਿੰਘ ਜੀਕੇ ਨੇ ਦਸਿਆ ਕਿ ਉਨ੍ਹਾਂ ਦੇ ਪ੍ਰਧਾਨਗੀ-ਕਾਲ ਦੌਰਾਨ ਸੀਨੀਅਰ ਅਕਾਲੀ ਨੇਤਾ ਅਵਤਾਰ ਸਿੰਘ ਹਿਤ ਨੇ ਸਕੂਲਾਂ ਦੇ ਸਟਾਫ ਨੂੰ ਪਿਛਲੇ ਬਕਾਇਆ ਦਾ 25 ਪ੍ਰਤੀਸ਼ਤ ਲੈਣ ਲਈ ਰਾਜ਼ੀ ਕਰ ਲਿਆ ਸੀ (ਜਦਕਿ ਕੁਝ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਅਵਤਾਰ ਸਿੰਘ ਹਿਤ ਨੇ 2013, ਜਦੋਂ ਗੁਰਦੁਅਰਾ ਕਮੇਟੀ ਦੇ ਪ੍ਰਬੰਧ ਵਿੱਚ ਬਦਲਾਉ ਆਇਆ ਸੀ, ਤੋਂ ਪਹਿਲਾਂ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨਾਲ ਹੋਏ ਵਾਧੇ ਦੇ ਬਕਾਏ ਛੱਡ ਦੇਣ ਲਈ ਵੀ ਸਟਾਫ ਨੂੰ ਮਨਾ ਲਿਆ ਸੀ)। ਜੀਕੇ ਨੇ ਦਸਿਆ ਕਿ ਉਨ੍ਹਾਂ ਨੇ ਸਕੂਲਾਂ ਦੇ ਸਟਾਫ ਦੀਆਂ ਤਨਖਾਹਾਂ ਦੀ ਅਦਾਇਗੀ ਅਤੇ ਵਾਧੂ ਸਟਾਫ ਨੂੰ ਦੂਜੇ ਪਾਸੇ ਐਡਜਸਟ ਕਰਨ ਦੇ ਨਾਲ ਹੀ ਕੁਝ-ਕੁ ਨੂੰ ਵੀਆਰਐਸ ਦੇ ਸੇਵਾ ਮੁਕਤ ਕਰਨ ਲਈ ਰੋਡ-ਮੈਪ ਤਿਆਰ ਕਰ ਲਿਆ ਸੀ, ਪਰ ਸ. ਸਿਰਸਾ ਅਤੇ ਸ. ਕਾਲਕਾ ਨੇ ਇਹ ਦਬਾਉ ਬਣਾ ਉਸ ਪੁਰ ਅਮਲ ਰੁਕਵਾ ਦਿੱਤਾ ਕਿ ਉਨ੍ਹਾਂ ਨੇ ਦਿੱਲ਼ੀ ਵਿਧਾਨਸਭਾ ਦੀ ਚੋਣ ਲੜਨੀ ਹੈ, ਜੇ ਵਾਧੂ ਸਟਾਫ ਦੀ ਛੁਟੀ ਕੀਤੀ ਗਈ ਤਾਂ ਉਹ ਵਿਧਾਨਸਭਾ ਚੋਣਾਂ ਵਿੱਚ ਉਨ੍ਹਾਂ ਦੇ ਵਿਰੋਧ ਲਈ ਸਾਹਮਣੇ ਆ ਸਕਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਉਨ੍ਹਾਂ ਦੇ ਪ੍ਰਧਾਨਗੀ-ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਗੁਰਦੁਆਰਾ ਕਮੇਟੀ ਦੇ ਸਕੂਲਾਂ ਵਿਚੋਂ ਲਗਭਗ ਢਾਈ ਹਜ਼ਾਰ (2500) ਵਿਦਿਆਰਥੀ ਨਿਕਲ ਗਏ ਹਨ।
ਸਰਨਾ ਬੰਧੂਆਂ ਨੇ ਕਿਤਨਾ ਛਡਿਆ: ਇਹ ਗਲ ਇਥੇ ਵਰਨਣਯੋਗ ਹੈ ਕਿ 2013 ਵਿਚ ਜਦੋਂ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਵਿੱਚ ਤਬੀਦੀਲੀ ਹੋਈ ਤਾਂ ਸਰਨਾ-ਭਰਾਵਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਕੂਲਾਂ ਅਤੇ ਗੁਰਦੁਆਰਾ ਕਮੇਟੀ ਦੇ ਫੰਡ ਵਿੱਚ 123 ਕਰੋੜ ਰੁਪਿਆ ਛਡਿਆ ਸੀ। ਇਸ ਸੰਬੰਧ ਵਿੱਚ ਪੁਛੇ ਜਾਣ ਤੇ ਮਨਜੀਤ ਸਿੰਘ ਜੀਕੇ ਨੇ ਦਸਿਆ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਉਨ੍ਹਾਂ 102 ਕਰੌੜ ਜਾਂ ਇਸਤੋਂ ਦੋ-ਚਾਰ ਕਰੋੜ ਵੱਧ-ਘਟ ਹੋ ਸਕਦਾ ਹੈ, ਛਡਿਆ, ਪਰ 123 ਕਰੋੜ ਨਹੀਂ ਹੋ ਸਕਦਾ।
…ਅਤੇ ਅੰਤ ਵਿੱਚ: ਕੋਈ ਪੰਦ੍ਰਾਂਹ-ਕੁ (15) ਵਰ੍ਹੇ ਪਹਿਲਾਂ ਸਿੱਖ ਬੁਧੀਜੀਵੀਆਂ ਵਲੋਂ ‘ਗੁਰਦੁਆਰਾ ਪ੍ਰਬੰਧ : ਇੱਕ ਵਿਸ਼ਲੇਸ਼ਣ’ ਵਿਸ਼ੇ ਪੁਰ ਇੱਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੁਲਾਰਿਆਂ ਨੇ ਗੁਰਦੁਅਰਾ ਪ੍ਰਬੰਧ ਵਿੱਚ ਆ ਰਹੀਆਂ ਬੁਰਾਈਆਂ ਲਈ ਮੁਖ ਰੂਪ ਵਿੱਚ ਪ੍ਰਬੰਧਕਾਂ ਦੀ ਚੋਣ ਲਈ ਅਪਨਾਈ ਚਲੀ ਆ ਰਹੀ ਪ੍ਰਣਾਲੀ ਨੂੰ ਹੀ ਦੋਸ਼ੀ ਠਹਿਰਾਇਆ ਅਤੇ ਇਸ ਗਲ ਪੁਰ ਜ਼ੋਰ ਦਿੱਤਾ ਕਿ ਇਸ ਚੋਣ ਪ੍ਰਣਾਲੀ ਦਾ ਕੋਈ ਹੋਰ ਬਦਲ ਤਲਾਸ਼ਿਆ ਜਾਣਾ ਚਾਹੀਦਾ ਹੈ। ਇਸਦਾ ਕਾਰਣ ਇਹ ਦਸਿਆ ਗਿਆ ਕਿ ਵਰਤਮਾਨ ਪ੍ਰਣਾਲੀ ਪੁਰ ਅਮਲ ਰਾਹੀਂ, ਕਈ ਅਜਿਹੇ ਵਿਅਕਤੀ ਗੁਰਦੁਆਰਾ ਪ੍ਰਬੰਧ ਵਿੱਚ ਦਾਖਲ ਹੋ ਜਾਂਦੇ ਹਨ, ਜੋ ਧਾਰਮਕ ਸੰਸਥਾ ਦੀ ਆਪਣੀ ਮੈਂਬਰੀ ਨੂੰ ਰੋਜ਼ੀ-ਰੋਟੀ ਦਾ ਸਾਧਨ ਮੰਨ ਲੈਂਦੇ ਹਨ। ਫਲਸਰੂਪ ਉਨ੍ਹਾਂ ਸੰਸਥਾਵਾਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਲਗਦਾ ਹੈ, ਜਿਸ ਕਾਰਣ ਇਹ ਸੰਸਥਾਵਾਂ ਆਪਣੀਆਂ ਧਾਰਮਿਕ ਜ਼ਿਮੇਂਦਾਰੀਆਂ ਨਿਭਾਣ ਪ੍ਰਤੀ ਜਾਗਰੂਕ ਨਹੀਂ ਰਹਿ ਪੈਂਦੀਆਂ।

Geef een reactie

Het e-mailadres wordt niet gepubliceerd. Vereiste velden zijn gemarkeerd met *