ਸੇਵਾ ਕੇਂਦਰਾਂ ਦੀ ਲੋਕ ਸੇਵਾ ਦਾ ਸੱਚ

-ਹਰਪ੍ਰੀਤ ਸਿੰਘ ਲੇਹਿਲ
ਪੰਜਾਬ ਦੇ ਲੋਕ ਜਦੋਂ ਜਲੰਧਰ ਸਮੇਤ ਸਾਰੇ ਜ਼ਿਲ੍ਹਿਆਂ ਵਿੱਚ ਰਿਸ਼ਵਤਖੋਰੀ, ਭਿ੍ਰਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਅਫ਼ਸਰਸ਼ਾਹੀ ਦੇ ਆਪ-ਹੁਦਰੇਪਣ ਤੋਂ ਬੇਹੱਦ ਦੁਖੀ ਹਨ, ਤਾਂ ਉਸ ਸਮੇਂ ਪੰਜਾਬ ਸਰਕਾਰ ਵੱਲੋਂ ਇੱਕ ਕਥਿਤ ਰਿਪੋਰਟ ਜਾਰੀ ਕਰਕੇ ਜਲੰਧਰ, ਸੰਗਰੂਰ, ਪਟਿਆਲਾ ਅਤੇ ਰੋਪੜ ਨੂੰ ਲੋਕਾਂ ਦੀ ਵਧੀਆ ਸੇਵਾ ਕਰਨ ਬਦਲੇ ਅੱਵਲ ਕਰਾਰ ਦਿੱਤੇ ਜਾਣ ਦੀਆਂ ਖਬਰਾਂ ਹਨ। ਜਲੰਧਰ, ਪਟਿਆਲਾ ਆਦਿ ਜ਼ਿਲ੍ਹੇ ਇੱਕ ਪਾਸੇ ਮੀਡੀਆ ਦੀ ਰਾਜਧਾਨੀ ਅਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਬੰਧਿਤ ਹੋਣ ਕਰਕੇ ਹਰ ਪੱਖੋਂ ਵਧੀਆ ਪ੍ਰਸ਼ਾਸ਼ਨਿਕ ਸੇਵਾਵਾਂ ਦਿੱਤੇ ਜਾਣ ਦੀ ਉਮੀਦ ਰੱਖਦੇ ਹਨ। ਇਹ ਦੁੱਖ ਦੀ ਗੱਲ ਹੈ ਕਿ ਜਲੰਧਰ ਅਤੇ ਪਟਿਆਲਾ ਵਿੱਚ ਲੋਕ ਸੇਵਾਵਾਂ ਨੂੰ ਲੈ ਕੇ ਲੋਕ ਕਿੰਨੇ ਦੁਖੀ ਹਨ, ਇਸ ਦੀਆਂ ਝਲਕੀਆਂ ਸੂਬਾ ਸਰਕਾਰ ਨੂੰ ਵੱਖ-ਵੱਖ ਅਖਬਾਰਾਂ ਦੇ ਜਲੰਧਰ ਅਤੇ ਪਟਿਆਲਾ ਸਬੰਧੀ ਲੋਕਲ ਅਡੀਸ਼ਨਾਂ ਵਿੱਚੋਂ ਦੇਖ ਲੈਣੀਆਂ ਚਾਹੀਦੀਆਂ ਹਨ। ਇਹ ਵੀ ਹੈਰਾਨੀਜਨਕ ਹੈ ਕਿ ਜਦੋਂ ਕੋਰੋਨਾ ਦੀ ਮਾਰ ਤੋਂ ਡਰਦੇ ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ, ਉਸ ਸਮੇਂ ਦੇ 8 ਮਹੀਨਿਆਂ ਦੇ ਕਾਰਜਕਾਲ ਦੇ ਆਧਾਰ ’ਤੇ ਜਲੰਧਰ ਸਮੇਤ ਕਈ ਜ਼ਿਲ੍ਹਿਆਂ ਦੇ ਸੇਵਾ ਕੇਂਦਰਾਂ ਨੂੰ 276 ਸੇਵਾਵਾਂ ਦੇਣ ਦੇ ਮਾਮਲੇ ਵਿੱਚ ਵਧੀਆ ਨੰਬਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਮੋਗਾ, ਫ਼ਿਰੋਜ਼ਪੁਰ, ਫਾਜ਼ਿਲਕਾ, ਅੰਮਿ੍ਰਤਸਰ, ਲੁਧਿਆਣਾ ਸਮੇਤ 15 ਜ਼ਿਲ੍ਹਿਆਂ ਦੀਆਂ ਸੇਵਾਵਾਂ ਆਮ ਦਰਜ਼ੇ ਵਿੱਚ ਰੱਖੀਆਂ ਗਈਆਂ ਹਨ। ਇਹ ਵੀ ਜ਼ਿਕਰਯੋਗ ਹੈ ਕਿ ਸੇਵਾ ਕੇਂਦਰਾਂ ਦੀ ਕਾਰਗੁਜਾਰੀ ਦੇਖੇ ਜਾਣ ਤੋਂ ਬਾਅਦ ਅੱਜ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਸਾਰੇ ਸੇਵਾ ਕੇਂਦਰਾਂ ਦੇ ਕੰਮ ਕਰਨ ਦੇ ਸਮੇਂ ਵਿੱਚ ਤਬਦੀਲੀ ਕਰ ਦਿੱਤੀ ਹੈ। ਜਾਰੀ ਕੀਤੀ ਸੂਚਨਾ ਅਨੁਸਾਰ ਸੇਵਾ ਕੇਂਦਰ ਸਾਰੇ ਜ਼ਿਲ੍ਹਿਆਂ ਦੇ ਸ਼ਹਿਰੀ ਖੇਤਰਾਂ ਵਿੱਚ ਸਵੇਰੇ 8.00 ਵਜੇ ਤੋਂ 1.30 ਵਜੇ ਤੱਕ ਪਹਿਲੀ ਸ਼ਿਫਟ ਵਿੱਚ ਖੁੱਲ੍ਹਣਗੇ ਅਤੇ 1.30 ਤੋਂ ਸ਼ਾਮ 5.00 ਵਜੇ ਤੱਕ ਦੂਸਰੇ ਸ਼ਿਫਟ ਵਿੱਚ ਕੰਮ ਕਰਨਗੇ, ਜਦੋਂਕਿ ਦਿਹਾਤੀ ਖੇਤਰਾਂ ਦੇ ਸੇਵਾ ਕੇਂਦਰ ਸਵੇਰੇ 9.00 ਵਜੇ ਤੋਂ 5.00 ਵਜੇ ਤੱਕ ਕੰਮ ਕਰਨਗੇ। ਡਿਪਟੀ ਕਮਿਸ਼ਨਰਾਂ ਨੇ ਇਹ ਹੁਕਮ ਪੰਜਾਬ ਸਰਕਾਰ ਵੱਲੋਂ ਸਾਰੇ ਸੇਵਾ ਕੇਂਦਰਾਂ ਦੀ ਕਾਰਗੁਜਾਰੀ ਪਰਖੇ ਜਾਣ ਤੋਂ ਬਾਅਦ ਜਾਰੀ ਕੀਤੇ ਹਨ। ਉਮੀਦ ਕਰਨੀ ਚਾਹੀਦੀ ਹੈ ਕਿ ਹੁਣ ਲੋਕ ਘੱਟ ਤੋਂ ਘੱਟ ਖੱਜ਼ਲ-ਖੁਆਰ ਹੋਣਗੇ ਅਤੇ ਉਨ੍ਹਾਂ ਨੂੰ ਕਦੇ ਧੁੱਪ ਕਦੇ ਛਾਂ, ਗਰਮੀ ਅਤੇ ਸਰਦੀ ਦੇ ਸੰਤਾਪ ਤੋਂ ਮੁਕਤੀ ਮਿਲਣੀ ਸ਼ੁਰੂ ਹੋਵੇਗੀ। ਪੰਜਾਬ ਸਰਕਾਰ ਨੂੰ ਭਿ੍ਰਸ਼ਟਾਚਾਰ ਵਿੱਚ ਗਲ-ਗਲ ਤੱਕ ਡੁੱਬੇ ਟਰਾਂਸਪੋਰਟ ਵਿਭਾਗ, ਸਥਾਨਿਕ ਸਰਕਾਰਾਂ ਵਿਭਾਗ, ਮਾਲ-ਵਿਭਾਗ ਸਮੇਤ ਹੋਰ ਸਾਰੇ ਵਿਭਾਗਾਂ ਦੀ ਵੀ ਸਾਰ ਲੈਣੀ ਚਾਹੀਦੀ ਹੈ ਅਤੇ ਇਥੇ ਵੀ ਲੋਕਾਂ ਨੂੰ ਪ੍ਰਸ਼ਾਸ਼ਨਿਕ ਸੁਧਾਰ ਹੋਏ ਨਜ਼ਰ ਆਉਣੇ ਚਾਹੀੇਦੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *