ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪੁਨਰ-ਜਨਮ।

ਜਸਵੰਤ ਸਿੰਘ ‘ਅਜੀਤ’

ਬੀਤੇ ਦਿਨੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਅਵਸਰ ਪੁਰ ਇਹ ਸੁਆਲ ਵੀ ਉਭਰ ਕੇ ਸਾਹਮਣੇ ਆਇਆ ਕਿ ਕੀ ਸਿੱਖ ਵਿਦਿਆਰਥੀਆਂ ਵਿੱਚ ਸਿਖੀ ਵਿਰਸੇ ਦੀ ਰਉਂ ਫੂਕਣ ਵਾਲੀ ਸੰਸਥਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਮੂਲ ਗੌਰਵ ਮੁੜ ਪ੍ਰਾਪਤ ਕੀਤਾ ਜਾ ਸਕੇਗਾ? ਇਸ ਸੁਆਲ ਦੇ ਜਵਾਬ ਵਿੱਚ ਫੈਡਰੇਸ਼ਨ ਨਾਲ ਸੰਬੰਧਤ ਕਈ ਪ੍ਰਮੁੱਖ ਸਜਣਾਂ ਦੇ ਵਿਚਾਰ ਸਾਹਮਣੇ ਆਏ। ਜਿਨ੍ਹਾਂ ਵਿਚੋਂ ਇੱਕ ਵਿਚਾਰ ਸ.ਕੁਲਬੀਰ ਸਿੰਘ ਦਿੱਲੀ ਦਾ ਵੀ ਸੀ, ਜੋ ਆਪ ਕਿਸੇ ਸਮੇਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਚੋਣਵੇਂ ਮੁੱਖੀਆਂ ਵਿੱਚ ਗਿਣੇ ਜਾਂਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਥਾਪਨਾ ਦਿਵਸ ਮਨਾਉਣਾ ਤਾਂ ਹੀ ਸਫਲ ਹੋ ਸਕਦਾ ਹੈ, ਜੇ ਇਸਦੀ ਅਗਵਾਈ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸੌਂਪ ਦਿੱਤੀ ਜਾਵੇ। ਵੇਲਾ ਵਿਹਾ ਚੁਕੀ, ਬੁਢੀ ਲੀਡਰਸ਼ਿਪ ਕੁਝ ਨਹੀਂ ਕਰ ਸਕਦੀ। ੳਨ੍ਹਾਂ ਇਹ ਵੀ ਦਸਿਆ ਕਿ ਅਸਲੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਆਪਣੇ ਪ੍ਰਧਾਨ ਸ. ਅਮਰੀਕ ਸਿੰਘ ਦੀ ਸ਼ਹਾਦਤ ਦੇ ਨਾਲ ਹੀ, ਜੂਨ-1984 ਵਿੱਚ ਸ਼ਹੀਦ ਹੋ ਗਈ ਸੀ। ਉਸਤੋਂ ਭਾਅਦ ਤਾਂ ਉਸ (ਫੈਡਰੇਸ਼ਨ) ਦੇ ਨਾਂ ਤੇ ਦੁਕਾਨਾਂ ਕਾਇਮ ਕਰ ਰਾਜਸੀ ਰੋਟੀਆਂ ਸੇਕੀਆਂ ਜਾਂਦੀਆਂ ਚਲੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਦੁਕਾਨਾਂ ਨੂੰ ਬੰਦ ਕਰ, ਅਸਲੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ, ਉਸਦੇ ਮੂਲ ਆਦਰਸ਼ਾਂ ਦੇ ਅਧਾਰ ’ਤੇ ਪੁਨਰ-ਜੀਵਤ ਕੀਤਾ ਜਾਂਦਾ ਹੈ, ਤਾਂ ਹੀ ਉਹ ਸੁਆਗਤਯੋਗ ਹੋਵੇਗਾ।
ਉਨ੍ਹਾਂ ਦੇ ਇਸ ਵਿਚਾਰ ਨਾਲ ਸਹਿਮਤੀ ਪ੍ਰਗਟ ਕਰਦਿਆਂ, ਮੈਂ ਇਸ ਵਿੱਚ ਕੁਝ ਵਾਧਾ ਕਰਨਾ ਚਾਹੁੰਦਾ ਹਾਂ। ਉਹ ਇਹ ਕਿ ਕਾਲਜਾਂ ਦੇ ਅੱਜ ਦੇ ਵਿਦਿਆਰਥੀਆਂ ਵਿਚੋਂ ਕੋਈ ਵੀ ਅਜਿਹਾ ਵਿਦਿਆਰਥੀ ਨਹੀਂ ਮਿਲ ਸਕੇਗਾ, ਜੋ ਫੈਡਰੇਸ਼ਨ ਦੇ ਮੂਲ ਆਦਰਸ਼ਾਂ, ਪਰੰਪਰਾਵਾਂ ਅਤੇ ਕਾਰਜਸ਼ੈਲੀ ਆਦਿ ਤੋਂ ਜਾਣੂ ਹੋਵੇ, ਇਸ ਲਈ ਉਨ੍ਹਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਜ਼ਿਮੇਂਦਾਰੀ ਸੌੴਪਦਿਆਂ ਹੋਇਆਂ, ਉਨ੍ਹਾਂ ਨੂੰ ਇਕ ਅਜਿਹੀ ਸਲਾਹਕਾਰ ਟੀਮ ਦਿੱਤੀ ਜਾਣੀ ਚਾਹੀਦੀ ਹੈ, ਜੋ ਫੈਡਰੇਸ਼ਨ ਦੇ ਉਨ੍ਹਾਂ ਮੁੱਖੀਆਂ ਪੁਰ ਅਧਾਰਤ ਹੋਵੇ, ਜੋ ਫੈਡਰੇਸ਼ਨ ਨੂੰ ਰਾਜਨੀਤੀ ਦੀ ਦਲਦਲ ਵਿੱਚ ਧੱਕੇ ਜਾਣ ਤੋਂ ਪਹਿਲਾਂ ਉਸ ਨਾਲ ਜੁੜੇ ਚਲੇ ਆ ਰਹੇ ਸਨ।
ਸਿੱਖੀ ਪ੍ਰਤੀ ਸਮਰਪਿਤ ਸੰਸਥਾ: ਸਿੱਖ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਇੱਕ ਅਜਿਹੀ ਸੰਸਥਾ, ਜੋ ਸਿੱਖ ਪਨੀਰੀ ਨੂੰ ਸੰਭਾਲਣ ਪ੍ਰਤੀ ਗੰਭੀਰਤਾ ਨਾਲ ਆਪਣੀ ਜ਼ਿਮੇਂਦਾਰੀ ਨਿਭਾ ਰਹੀ ਸੀ, ਉਹ ਸੀ, ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ। ਜਿਸਦੀ ਸਥਾਪਨਾ, ਸਮੇਂ ਦੇ ਸਿੱਖੀ-ਸੋਚ ਦੇ ਧਾਰਨੀ ਸਿੱਖਾਂ ਵਲੋਂ ਕੀਤੀ ਗਈ ਸੀ। ਉਨ੍ਹਾਂ ਦੀ ਸੋਚ ਇਹ ਸੀ ਕਿ ਪਨੀਰੀ ਦੀ ਸੰਭਾਲ ਮੁਢ ਤੋਂ ਹੀ ਕੀਤੇ ਜਾਣ ਦੀ ਲੋੜ ਹੈ। ਜੇ ਬਚਪਨ ਵਿਚ ਹੀ ਬਚਿਆਂ ਨੂੰ ਸਿੱਖ ਧਰਮ ਤੇ ਇਤਿਹਾਸ ਦੇ ਨਾਲ ਜੋੜ ਦਿਤਾ ਜਾਏ ਤਾਂ ਹੀ ਉਹ ਵੱਡੇ ਹੋ ਸਿੱਖੀ-ਵਿਰੋਧੀ ਪ੍ਰਚਾਰ ਦੀ ਹਨੇਰੀ ਤੋਂ ਵੀ ਪ੍ਰਭਾਵਤ ਹੋਣੋਂ ਬਚੇ ਰਹਿ ਸਕਣਗੇ।
ਅਰੰਭਕ ਸਮੇਂ ਵਿਚ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁਖੀਆਂ ਨੇ ਆਪਣੀ ਜ਼ਿਮੇਂਦਾਰੀ ਪੂਰੀ ਤਰ੍ਹਾਂ ਸਮਰਪਣ ਭਾਵਨਾ ਤੇ ਇਮਾਨਦਾਰੀ ਨਾਲ ਨਿਭਾਈ। ਵਡੀਆਂ-ਛੋਟੀਆਂ ਛੁਟੀਆਂ ਦੌਰਾਨ ਸਮੇਂ ਅਨੁਸਾਰ ਛੋਟੇ-ਵੱਡੇ ਧਾਰਮਕ ਟ੍ਰੇਨਿੰਗ ਕੈਂਪ ਲਾਏ ਜਾਂਦੇ। ਜਿਨ੍ਹਾਂ ਵਿਚ ਵਿਦਿਆਰਥੀਆਂ ਨੂੰ ਸਿੱਖੀ-ਜੀਵਨ ਜੀਣ ਦੀ ਸਿਖਿਆ ਦੇਣ ਦੇ ਨਾਲ ਹੀ ਅਮੀਰ ਸਿੱਖੀ ਵਿਰਸੇ ਦੀ ਜਾਣਕਾਰੀ ਵੀ ਦਿਤੀ ਜਾਂਦੀ। ਦਿਤੀ ਗਈ ਸਿਖਿਆ ਦੇ ਅਧਾਰ ਤੇ ਕੈਂਪ ਦੇ ਆਖਰੀ ਦਿਨਾਂ ਵਿਚ ਪ੍ਰੀਖਿਆ ਲਈ ਜਾਂਦੀ ਅਤੇ ਪ੍ਰੀਖਿਆ ਵਿਚ ਪ੍ਰਦਰਸ਼ਤ ਕੀਤੀ ਗਈ ਪ੍ਰਤਿਭਾ ਦੇ ਅਨੁਸਾਰ ਬਚਿਆਂ ਨੂੰ ਉਤਸਾਹਿਤ ਕਰਨ ਲਈ ਇਨਾਮ ਦੇ ਕੇ ਸਨਮਾਨਤ ਕੀਤਾ ਜਾਂਦਾ। ਕੈਂਪ ਵਿਚ ਸ਼ਾਮਲ ਹਰ ਬੱਚਾ ਆਪਣੇ ਨਾਲ ਜ਼ਰੂਰ ਕੋਈ ਨਾ ਕੋਈ ਅਜਿਹੀ ਯਾਦਗਾਰੀ-ਨਿਸ਼ਾਨੀ ਲੈ ਕੇ ਪਰਤਦਾ, ਜੋ ਉਸਦੇ ਦਿਲ ਵਿਚ ਸਦਾ ਹੀ ਕੈਂਪ ਵਿਚ ਸ਼ਾਮਲ ਹੋਣ ਅਤੇ ਉਥੇ ਪ੍ਰਾਪਤ ਕੀਤੀ ਸਿੱਖਿਆ ਦੀ ਯਾਦ ਬਣਾਈ ਰਖਦੀ।
ਜਦੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੈਂਪ ਵਿਚ ਸ਼ਾਮਲ ਹੋਣ ਤੋਂ ਬਾਅਦ ਵਿਦਿਆਰਥੀ ਆਪੋ-ਆਪਣੇ ਘਰਾਂ ਨੂੰ ਪਰਤਦੇ ਤਾਂ ਉਨ੍ਹਾਂ ਦਾ ਜੀਵਨ ਪੂਰੀ ਤਰ੍ਹਾਂ ਬਦਲਿਆ-ਬਦਲਿਆ ਨਜ਼ਰ ਆਉਂਦਾ। ਉਨ੍ਹਾਂ ਦਾ ਇਹ ਬਦਲਿਆ ਰੂਪ ਵੇਖ ਉਨ੍ਹਾਂ ਦੇ ਮਾਪਿਆਂ ਨੂੰ ਹੈਰਨੀ-ਭਰੀ ਖ਼ੁਸ਼ੀ ਹੁੰਦੀ। ਜਿਸਤੋਂ ਉਤਸਾਹਿਤ ਹੋ ਉਹ ਦੂਜਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਜੋੜਨ ਲਈ ਨਾ ਕੇਵਲ ਪ੍ਰੇਰਿਤ ਕਰਦੇ ਸਗੋਂ ਉਨ੍ਹਾਂ ਨੂੰ ਉਤਸਾਹਿਤ ਵੀ ਕਰਦੇ।
ਇਨ੍ਹਾਂ ਕੈਂਪਾਂ ਦੀ ਇਕ ਵਿਸ਼ੇਸ਼ਤਾ ਇਹ ਵੀ ਸੀ ਕਿ ਇਨ੍ਹਾਂ ਵਿਚ ਆਰਥਕ ਪਖੋਂ ਕਮਜ਼ੋਰ ਪਰਿਵਾਰਾਂ ਦੇ ਬੱਚੇ ਵੀ ਉਸੇ ਉਤਸਾਹ ਨਾਲ ਸ਼ਾਮਲ ਹੁੰਦੇ, ਜਿਸ ਉਤਸਾਹ ਨਾਲ ਸਮਰਥਾਵਾਨ ਪਰਿਵਾਰਾਂ ਦੇ ਬੱਚੇ। ਕਿਉਂਕਿ ਇਕ ਤਾਂ ਇਨ੍ਹਾਂ ਕੈਂਪਾਂ ਵਿੱਚ ਸ਼ਾਮਲ ਹੋਣ ਵਾਲੇ ਬੱਚਿਆਂ ਦੇ ਪਰਿਵਾਰਾਂ ਪੁਰ ਕਿਸੇ ਤਰ੍ਹਾਂ ਦਾ ਆਰਥਕ ਭਾਰ ਨਹੀਂ ਸੀ ਪਾਇਆ ਜਾਂਦਾ, ਦੂਜਾ ਸਾਰੇ ਬਚਿਆਂ ਨਾਲ ਇੱਕ-ਸਮਾਨ ਵਿਹਾਰ ਕੀਤਾ ਜਾਂਦਾ। ਇਸਦਾ ਨਤੀਜਾ ਇਕ ਤਾਂ ਇਹ ਹੁੰਦਾ ਸੀ ਕਿ ਸਾਰੇ ਬੱਚੇ ਮਿਲ-ਜੁਲ ਕੇ ਪਿਆਰ ਨਾਲ ਰਹਿੰਦੇ ਤੇ ਦੂਜਾ ਉਹ ਇਹ ਸਿਖਿਆ ਵੀ ਲੈ ਕੇ ਮੁੜਦੇ ਕਿ ਸਿੱਖੀ ਵਿਚ ਕੋਈ ਵੱਡਾ-ਛੋਟਾ ਨਹੀਂ। ਸਾਰੇ ਹੀ ਇੱਕ-ਸਮਾਨ ਬਰਾਬਰ ਹਨ।
ਪ੍ਰੰਤੂ ਸਮਾਂ ਬਦਲਿਆ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਦਿਨ-ਬ-ਦਿਨ ਵਧ ਰਹੇ ਪ੍ਰਭਾਵ ਤੇ ਉਸਦੀ ਚੜ੍ਹਤ ਵੇਖ ਉਸਦੇ ਈਮਾਨਦਾਰ ਤੇ ਸਮਰਪਿਤ ਭਾਵਨਾ ਵਾਲੇ ਕਈ ਆਗੂਆਂ ਦੀ ਨੀਯਤ ਵਿਚ ਖੋਟ ਆਉਣ ਲਗ ਪਿਆ। ਉਨ੍ਹਾਂ ਨੇ ਉਸਦੀ ਸ਼ਕਤੀ ਨੂੰ ਆਪਣੀ ਰਾਜਸੀ ਲਾਲਸਾ ਦੀ ਪੂਰਤੀ ਲਈ ਵਰਤਣ ਦੇ ਉਦੇਸ਼ ਨੂੰ ਮੁਖ ਰਖਕੇ ਹੀ ਵਿਦਿਆਰਥੀਆਂ ਦੇ ਦਿਲੋ-ਦਿਮਾਗ਼ ਵਿਚ ਧਾਰਮਕ ਮਾਨਤਾਵਾਂ ਦੇ ਵਿਰਸੇ ਪ੍ਰਤੀ ਵਚਨਬਧਤਾ ਦੀ ਭਾਵਨਾ ਦ੍ਰਿੜ ਤੇ ਉਜਾਗਰ ਕਰਨ ਦੀ ਬਜਾਏ ਰਾਜ-ਸੱਤਾ ਦੀ ਭਾਵਨਾ ਭਰ, ਉਨ੍ਹਾਂ ਨੂੰ ਸਿਖੀ ਪਰੰਪਰਾਵਾਂ ਦੇ ਆਦਰਸ਼ ਦੀ ਰਾਹ ਤੋਂ ਭਟਕਾਣਾ ਸ਼ੁਰੂ ਕਰ ਦਿਤਾ।
ਇਸ ਕਾਲਮ-ਲੇਖਕ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਈ ਕੈਂਪਾਂ ਵਿਚ ਸ਼ਾਮਲ ਹੋਣ ਅਤੇ ਉਨ੍ਹਾਂ ਦੇ ਸਾਰੇ ਪ੍ਰੋਗਰਾਮਾਂ ਨੂੰ ਨੇੜਿਉਂ ਵੇਖਣ ਤੇ ਘੋਖਣ ਦਾ ਮੌਕਾ ਮਿਲਿਆ। ਇਕ ਵਾਰ ਜਦੋਂ ਕੁਝ ਵਕਫ਼ਾ ਪਾ ਕੇ ਉਸਨੂੰ 1981 ਦੇ ਸ੍ਰੀ ਅੰਮ੍ਰਿਤਸਰ ਵਿਖੇ ਲਗੇ ਕੈਂਪ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਤਾਂ ਉਸ ਕੈਂਪ ਵਿਚ ਕੁਝ ਰਾਜਸੀ ਪੰਥਕ ਆਗੂਆਂ ਦੀ ਸ਼ਮੂਲੀਅਤ ਵੇਖ ਅਤੇ ਉਨ੍ਹਾਂ ਵਲੋਂ ਦਿਤੇ ਭਾਸ਼ਣ ਸੁਣ ਕੇ ਦਿਲ ਨੂੰ ਇਕ ਧੁੜਕੂ-ਜਿਹਾ ਲਗਾ ਅਤੇ ਇਉਂ ਜਾਪਿਆ, ਜਿਵੇਂ ਇਨ੍ਹਾਂ ਰਾਜਸੀ ਆਗੂਆਂ ਨੇ ਨਿਜ ਦੇ ਰਾਜਸੀ ਸੁਆਰਥ ਦੀ ਪੂਰਤੀ ਲਈ ਮਾਸੂਮ ਵਿਦਿਆਰਥੀਆਂ ਦੇ ਜੀਵਨ ਨਾਲ ਖਿਲਵਾੜ ਕਰਨੀ ਸ਼ੁਰੂ ਕਰ ਦਿਤੀ ਹੈ। ਜਦੋਂ ਉਸਨੇ ਆਪਣੇ ਇਸ ਧੁੜਕੂ ਦੀ ਗਲ ਕੈਂਪ ਵਿਚ ਭਾਸ਼ਣ ਕਰਕੇ ਬਾਹਰ ਨਿਕਲੇ ਪੰਥਕ ਆਗੂ ਜ. ਗੁਰਚਰਨ ਸਿੰਘ ਟੋਹੜਾ ਨੂੰ ਸਮੁੰਦਰੀ ਹਾਲ ਦੀਆਂ ਪੌੜੀਆਂ ਵਿੱਚ ਰੋਕ ਕੇ ਉਨ੍ਹਾਂ ਨਾਲ ਸਾਂਝੀ ਕੀਤੀ ਤੇ ਉਨ੍ਹਾਂ ਨੂੰ ਪੁਛਿਆ ਕਿ ਕੀ ਉਹ ਅਜਿਹਾ ਭਾਸ਼ਣ ਕਰਕੇ ਵਿਦਿਆਰਥੀਆਂ ਦੇ ਭਵਿਖ ਨਾਲ ਖਿਲਵਾੜ ਨਹੀਂ ਕਰ ਰਹੇ? ਕੀ ਉਹ ਇਹ ਨਹੀਂ ਸਮਝਦੇ ਕਿ ਇਨ੍ਹਾਂ ਬਚਿਆਂ ਵਿਚੋਂ ਕਈਆਂ ਨੇ ਸਰਕਾਰੀ ਨੌਕਰੀਆਂ ਕਰਨੀਆਂ ਹਨ? ਜੇ ਤੁਹਾਡੇ ਭਾਸ਼ਣਾ ਕਾਰਣ ਇਹ ਭਟਕ ਗਏ ਤਾਂ ਕੀ ਤੁਸੀਂ ਇਨ੍ਹਾਂ ਨੂੰ ਸੰਭਾਲ ਸਕੋਗੇ? ਇਸ ਕਾਲਮ ਲੇਖਕ ਦੇ ਇਨ੍ਹਾਂ ਸੁਆਲਾਂ ਦਾ ਕੋਈ ਸੰਤੋਸ਼ਜਨਕ ਜਵਾਬ ਦੇਣ ਦੀ ਬਜਾਏ ਉਹ ਭੜਕ ਉਠੇ ਤੇ ਇਹ ਕਹਿ ਉਸਦੀ ਸਿੱਖੀ ਭਾਵਨਾ ਪੁਰ ਹੀ ਵਿਅੰਗ ਕਸਣ ਲਗ ਪਏ ਕਿ ‘ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਉਂਗਾ’। ਦਿਲਚਸਪ ਗਲ ਇਹ ਵੀ ਹੈ ਆਪਣੇ ਜੀਵਨ-ਕਾਲ ਵਿੱਚ ਜਦੋਂ ਵੀ ਉਨ੍ਹ੍ਹਾਂ ਨਾਲ ਆਹਮੋ-ਸਾਹਮਣਾ ਹੁੰਦਾ, ਉਹ ਉਸ ਪੁਰ ਇਹੀ ਵਿਅੰਗ ਕਸਣੋ ਨਾ ਰਹਿੰਦੇ।
1985 ਵਿੱਚ ਜਦੋਂ ਦਿਲੀ ਵਿੱਚ ਇੱਕ ਦਿਨ ਟੋਹੜਾ ਸਾਹਿਬ ਨਾਲ ਆਹਮੋ-ਸਾਹਮਣਾ ਹੋਇਆ ਤਾਂ ਉਨ੍ਹਾਂ ਪਾਸੋਂ ਇਹ ਪੁਛਣੋਂ ਰਹਿ ਨਾ ਸਕਿਆ ਕਿ ‘ਟੋਹੜਾ ਸਾਹਿਬ, ਕੀ ਇਸ ਨਾਚੀਜ਼ ਵਲੋਂ 1981 ਵਿੱਚ ਪ੍ਰਗਟ ਕੀਤੇ ਗਏ ਖਦਸ਼ੇ ਸੱਚ ਸਾਬਤ ਹੋਏ’? ਇਸ ਸੁਆਲ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਇਹ ਆਖ, ‘ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਉਂਗਾ’ ਅੱਗੇ ਵੱਧ ਗਏ। ਇਨ੍ਹਾਂ ‘ਪੰਥ-ਪ੍ਰਸਤਾਂ’ ਦੀ ਭਟਕਾਈ ਸਿੱਖ ਸਟੂਡੈਂਟਸ ਫੈਡਰੇਸ਼ਨ ਆਪਣੇ ਉਦੇਸ਼ ਤੋਂ ਅਜਿਹੀ ਭਟਕੀ ਕਿ ਅਜਤਕ ਸੰਭਲ ਨਹੀਂ ਪਾਈ। ਜਿਥੇ ਬਗ਼ੀਆਂ ਦਾੜ੍ਹੀਆਂ ਵਾਲੇ ਢਾਈ ਟੋਟੜੂਆਂ ਨੇ ਇਕਠਿਆਂ ਹੋ ਆਪੋ-ਆਪਣੇ ਸੁਆਰਥ ਦੀ ਪੂਰਤੀ ਕਰਨ ਦੇ ਆਧਾਰ ਤੇ ਫੈਡਰੇਸ਼ਨ ਦੇ ਸੰਵਿਧਾਨ ਨੂੰ ਢਾਲ ਲਿਆ ਹੈ ਅਤੇ ਵਖ-ਵਖ ਦੁਕਾਨਾਂ ਕਾਇਮ ਕਰ ਲਈਆਂ ਹੋਈਆਂ ਹਨ, ਉਥੇ ਹੀ ਅਜ ਫੈਡਰੇਸ਼ਨ ਨਾਲ ਜੁੜਨ ਤੋਂ ਵਿਦਿਆਰਥੀ ਨਾ ਕੇਵਲ ਆਪ ਝਿਝਕਣ ਲਗੇ ਹਨ, ਸਗੋਂ ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਨੂੰ ਫੈਡਰੇਸ਼ਨ ਨਾਲ ਜੁੜਨ ਲਈ ਉਤਸਾਹਿਤ ਕਰਨ ਦੀ ਬਜਾਏ, ਉਸਤੋਂ ਦੂਰ ਰਹਿਣ ਲਈ ਹੀ ਪ੍ਰੇਰਨ ਲਗ ਪਏ ਹਨ।
ਅਜ ਸਥਿਤੀ ਇਹ ਹੈ ਕਿ ਇਸ (ਫੈਡਰੇਸ਼ਨ) ਸੰਸਥਾ ਦੀ ਮੂਲ ਰੂਪ ਵਿੱਚ ਅਣਹੋਂਦ ਕਾਰਣ ਹੀ, ਧਾਰਮਕ ਸਿੱਖ ਸੰਸਥਾਵਾਂ ਵਲੋਂ ਧਰਮ ਪ੍ਰਚਾਰ ਦੇ ਨਾਂ ਤੇ ਖਰਚ ਕੀਤੇ ਜਾ ਰਹੇ ਕਰੋੜਾਂ ਰੁਪਏ ਵੀ ਸਿੱਖੀ ਨੂੰ ਲਗ ਰਹੀ ਢਾਹ ਲਗਣ ਤੋਂ ਬਚਾਉਣ ਵਿਚ ਸਫਲ ਨਹੀਂ ਹੋ ਪਾ ਰਹੇ।
…ਅਤੇ ਅੰਤ ਵਿਚ: ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁਖੀ ਅਤੇ ਉਸਦੇ ਮੂਲ ਆਦਰਸ਼ਾਂ ਪ੍ਰਤੀ ਸਦਾ ਹੀ ਸਮਰਪਿਤ ਰਹੇ ਸ. ਕੁਲਬੀਰ ਸਿੰਘ ਅਤੇ ਸ. ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਨਿਜੀ ਰਾਜਸੀ ਸੁਆਰਥ ਲਈ ਵਰਤਣ ਅਤੇ ਉਸ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਭਟਕਾ ਕੇ ਕੁਰਾਹੇ ਪਾਣ ਵਾਲਿਆਂ ਨੇ ਵਿਦਿਆਰਥੀਆਂ ਦੀ ਸ਼ਕਤੀ ਨੂੰ ਭਰਪੂਰ ਵਰਤਿਆ, ਪਰ ਜਦੋਂ ਉਨ੍ਹਾਂ ਪੁਰ ਮੁਸੀਬਤ ਪਈ ਤੇ ਉਹ ਮੁਸ਼ਕਲਾਂ ਵਿਚ ਘਿਰੇ ਤਾਂ ਇਹ ਉਨ੍ਹਾਂ ਦੀ ਵਾਤ ਪੁਛਣੋਂ ਵੀ ਕਿਨਾਰਾ ਕਰ ਗਏ।

Geef een reactie

Het e-mailadres wordt niet gepubliceerd. Vereiste velden zijn gemarkeerd met *