ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਮੋਦੀ ਸਰਕਾਰ ਵੱਲੋਂ ਕਿਸਾਨਾਂ ਹੱਥੋ ਜਮੀਨਾਂ ਖੋਹ ਕੇ ਕੁੱਝ ਕਾਰਪੋਰੇਟ ਘਰਾਣਿਆਂ ਨੂੰ ਸੌਪਣ ਵਾਲੇ ਖੇਤੀ ਆਰਡੀਨੈਂਸਾਂ ਦਾ ਜਿੱਥੇ ਜਮੀਨੀ ਪੱਧਰ ਤੇ ਭਾਰੀ ਵਿਰੋਧ ਹੋ ਰਿਹਾ ਹੈ ਉੱਥੇ ਬੀ ਜੇ ਪੀ ‘ਤੋਂ ਬਗੈਰ ਬਾਕੀ ਰਾਜਨੀਤਿਕ ਪਾਰਟੀਆਂ ਵੀ ਇਹਨਾਂ ਬਿਲਾਂ ਦੇ ਵਿਰੋਧ ਵਿੱਚ ਡਟੀਆਂ ਹਨ। ਬੈਲਜ਼ੀਅਮ ਵਸਦੇ ਪੁਰਾਣੇ ਕਾਂਗਰਸੀ ਆਗੂ ਵੇਟਲਿਫਟਰ ਸ੍ਰੀ ਤੀਰਥ ਰਾਮ ਨੇ ਕਾਂਗਰਸ ਦੇ ਕੁੱਝ ਅਹੁਦੇਦਾਰਾਂ ਨਾਲ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਤਿੰਨੇ ਬਿੱਲ ਸਿਰਫ ਕਿਸਾਨ ਵਿਰੋਧੀ ਹੀ ਨਹੀ ਸਗੋਂ ਇਹ ਤਿੰਨੇ ਬਿੱਲਾਂ ਦੇ ਲਾਗੂ ਹੋਣ ਨਾਲ ਕਿਸਾਨ, ਮਜਦੂਰ ਅਤੇ ਆੜਤੀਏ ਸਣੇ ਬਾਕੀ ਵਰਗ ਵੀ ਪ੍ਰਭਾਵਤ ਹੋਣਗੇ ਤੇ ਸਿਰਫ ਅਬਾਨੀ ਅਤੇ ਅਡਾਨੀ ਵਰਗੇ ਘਰਾਣਿਆ ਨੂੰ ਹੀ ਫਾਇਦਾ ਹੋਵੇਗਾ। ਸ੍ਰੀ ਤੀਰਥ ਰਾਮ, ਮਨੀਸ਼ ਚੌਧਰੀ ਸਕੱਤਰ ਆਲ ਇੰਡੀਆ ਯੂਥ ਕਾਂਗਰਸ, ਸ੍ਰੀ ਸ੍ਰੀਨਿਵਾਸ ਪ੍ਰਧਾਨ ਆਲ ਇੰਡੀਆ ਯੂਥ ਕਾਂਗਰਸ ਅਤੇ ਸ੍ਰੀ ਪ੍ਰਸੋਤਮ ਲਾਲ ਖਲੀਫਾ ਡਾਇਰੈਕਟਰ ਪੈਪਸੂ ਰੋਡਵੇਜ ਪੰਜਾਬ ਵੱਲੋਂ ਜਾਰੀ ਬਿਆਨ ਵਿੱਚ ਪਿਛਲੇ ਦਿਨੀ ਉੱਤਰ ਪ੍ਰਦੇਸ ਸੂਬੇ ਵਿੱਚ ਵਾਪਰੀਆਂ ਬਲਾਤਕਾਰ ਦੀਆਂ ਅਣਮਨੁੱਖੀ ਘਟਨਾਵਾਂ ਦੀ ਪੁਰਜੋਰ ਨਿੰਦਾ ਕੀਤੀ ਗਈ ਅਤੇ ਕਾਂਗਰਸ਼ ਹਾਈਕਮਾਂਡ ਵੱਲੋਂ ਲਏ ਜਾ ਰਹੇ ਸਖਤ ਸਟੈਂਡ ਦੀ ਪ੍ਰੋੜਤਾ ਕੀਤੀ ਹੈ।
