-ਜਸਵੰਤ ਸਿੰਘ ‘ਅਜੀਤ’
ਨਵੰਬਰ-84 ਵਿੱਚ, ਜੋ ਸਿੱਖ ਕਤਲੇਆਮ ਵਾਪਰਿਆ ਅਤੇ ਜਿਸ ਵਿੱਚ ਹਜ਼ਾਰਾਂ ਬੇਗੁਨਾਹ ਸਿੱਖ ਮੌਤ ਦੇ ਘਾਟ ਉਤਾਰ ਦਿੱਤੇ ਗਏ, ਉਸਦੇ ਸੰਬੰਧ ਵਿੱਚ ਇੱਕ ਪਾਸੇ ਤਾਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਸ ਵਿੱਚ ਸਮੇਂ ਸਰਕਾਰ ਦੀ ਕੋਈ ਭੂਮਿਕਾ ਨਹੀਂ ਸੀ, ਇਹ ਤਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕਾਰਣ ਲੋਕਾਂ ਵਿੱਚ ਉਪਜਿਆ ਰੋਸ ਸੀ, ਜੋ ਸਿੱਖ-ਕਤਲੇਆਮ ਦਾ ਰੂਪ ਧਾਰ ਗਿਆ, ਜਦਕਿ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਕਤਲੇਆਮ ਨਾਲ ਸੰਬੰਧਤ ਕਈ ਅਜਿਹੇ ਤੱਥ ਸਾਹਮਣੇ ਆਏ ਹਨ, ਜੋ ਸਾਬਤ ਕਰਦੇ ਹਨ ਕਿ ਇਹ ਕਤਲੇਆਮ ਪੂਰੀ ਤਰ੍ਹਾਂ ਸਮੇਂ ਦੀ ਕਾਂਗ੍ਰਸ ਸਰਕਾਰ ਵਲੋਂ ਪ੍ਰਾਯੋਜਤ ਸੀ।
ਇਸ ਸੰਬੰਧ ਵਿੱਚ ਕੁਝ ਸਮਾਂ ਪਹਿਲਾਂ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਰਾਜਿੰਦਰ ਸੱਚਰ ਦੇ ਛਪੇ ਇੱਕ ਲੇਖ ਵਿੱਚ ਦਿੱਤੇ ਗਏ ਤਥਾਂ ਅਨੁਸਾਰ ਉਸ ਸਮੇਂ ਦਿੱਲੀ ਪੁਲਿਸ ਸਿੱਖ ਕਤਲੇਆਮ ਨਾਲ ਸੰਬੰਧਤ ਕੋਈ ਵੀ ਐਫਆਰਆਈ ਦਰਜ ਨਹੀਂ ਸੀ ਕਰ ਰਹੀ। ਇਸਦੇ ਨਾਲ ਹੀ ਇਸ ਜ਼ੁਲਮ ਵਿਰੁਧ ਅਵਾਜ਼ ਉਠਾਣ ਵਾਲਿਆਂ ਨੂੰ ਵੀ ਕਿਵੇਂ ਨਾ ਕਿਵੇਂ ਵਰਜਿਆ ਜਾ ਰਿਹਾ ਸੀ। ਉਨ੍ਹਾਂ ਹੀ ਤੱਥਾਂ ਅਨੁਸਾਰ ਉਨ੍ਹਾਂ ਹੀ ਦਿਨਾਂ ਵਿੱਚ ਨਵੰਬਰ-1984 ਦੇ ਕਤਲੇਆਮ ਦੀ ਜਾਂਚ ਕਰਵਾਣ ਲਈ ਕਮਿਸ਼ਨ ਗਠਤ ਕੀਤੇ ਜਾਣ ਦੀ ਮੰਗ ਉਠਣ ਲਗੀ, ਜਿਸ ਨਾਲ ਸੰਬੰਧਤ ਦਾਇਰ ਕੀਤੀ ਗਈ ਇੱਕ ਜਨ-ਹਿਤ ਪਟੀਸ਼ਨ ਸੁਣਵਾਈ ਲਈ ਉਨ੍ਹਾ (ਜਸਟਿਸ ਰਾਜਿੰਦਰ ਸੱਚਰ) ਪੁਰ ਅਧਾਰਤ ਡਿਵੀਜ਼ਨ ਬੈਂਚ ਦੇ ਸਾਹਮਣੇ ਪੁੱਜੀ। ਕੇਂਦਰ ਸਰਕਾਰ ਵਲੋਂ ਪੇਸ਼ ਸਮੇਂ ਦੇ ਅਟਾਰਨੀ ਜਨਰਲ ਨੇ ਉਸ ਪਟੀਸ਼ਨ ਦਾ ਸਖਤ ਵਿਰੋਧ ਕਰਦਿਆਂ ਕਈ ਦਲੀਲਾਂ ਦਿੱਤੀਆਂ। ਫਿਰ ਵੀ ਉਨ੍ਹਾਂ ਮਹਿਸੂਸ ਕੀਤਾ ਕਿ ਇਹ ਇੱਕ ਮਹੱਤਵਪੂਰਣ ਮਾਮਲਾ ਹੈ, ਜਿਸ ਪੁਰ ਲਗਾਤਾਰ ਸੁਣਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਸਹਿਯੋਗੀ ਜੱਜ, ਜਸਟਿਸ ਵੈੱਡ ਜੇ ਵੀ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਸਨ। ਇਸਲਈ ਉਨ੍ਹਾਂ ਨੇ ਅਦਾਲਤ ਦੀਆਂ ਛੁਟੀਆਂ ਤੋਂ ਬਾਅਦ ਉਸ ਪਟੀਸ਼ਨ ਪੁਰ ਲਗਾਤਾਰ ਸੁਣਵਾਈ ਕਰਨਾ ਨਿਸ਼ਚਿਤ ਕਰ ਲਿਆ। ਪ੍ਰੰਤੂ ਛੁਟੀਆਂ ਤੋਂ ਬਾਅਦ ਜਦੋਂ ਅਦਾਲਤ ਖੁਲ੍ਹੀ ਤਾਂ ਉਨ੍ਹਾਂ ਨੂੰ ਪਤਾ ਲਗਾ ਕਿ ਮੁਕਦਮਿਆਂ ਦੀ ਸੂਚੀ ਬਦਲ ਦਿੱਤੀ ਗਈ ਹੈ। ਇਸਦਾ ਨਤੀਜਾ ਇਹ ਹੋਇਆ ਕਿ ਹੁਣ ਉਹ ਇਸ ਮਾਮਲੇ ਦੀ ਸੁਣਵਾਈ ਨਹੀਂ ਸੀ ਕਰ ਸਕਦੇ।
ਉਨ੍ਹਾਂ ਆਪਣੇ ਲੇਖ ਵਿੱਚ ਹੋਰ ਲਿਖਿਆ ਕਿ ਜਨਤਾ ਦਾ ਦਬਾਉ ਵਧਦਾ ਵੇਖ ਸਰਕਾਰ ਨੇ ਕਤਲੇਆਮ ਦੀ ਜਾਂਚ ਲਈ ਰੰਗਾਨਾਥ ਕਮਿਸ਼ਨ ਗਠਤ ਕਰ ਦਿੱਤਾ, ਪਰ ਉਸਦੀ ਰਿਪੋਰਟ ਨੂੰ ਵੇਖ, ਹਰ ਇੱਕ ਨਿਰਪੱਖ ਵਿਅਕਤੀ ਨੂੰ ਝਟਕਾ ਲਗਾ। ਸੱਚਾਈ ਇਹੋ ਹੈ ਕਿ ਕੇਂਦਰ ਸਰਕਾਰ ਦਾ ਰਵੱਈਆ ਇਸ ਮਾਮਲੇ ਵਿੱਚ ਸ਼ੁਰੂ ਤੋਂ ਹੀ ਬੇ-ਭਰੋਸਗੀ ਵਾਲਾ ਬਣਿਆ ਰਿਹਾ। ਉਨ੍ਹਾਂ ਆਪਣੇ ਲੇਖ ਵਿੱਚ ਇਹ ਵੀ ਦਸਿਆ ਕਿ ਉਨ੍ਹਾਂ ਹੀ ਦਿਨਾਂ ਵਿੱਚ ਪੀਯੂਸੀਐਲ ਵਲੋਂ ਇਸ ਮਾਮਲੇ ਦੀ ਘੋਖ-ਪੜਤਾਲ ਲਈ ਉੱਘੇ ਨਾਗਰਿਕਾਂ ਦੀ ਇੱਕ ਕਮੇਟੀ ਕਾਇਮ ਕਰ ਦਿੱਤੀ ਗਈ। ਇਸ ਕਮੇਟੀ ਵਿੱਚ ਭਾਰਤ ਦੇ ਸਾਬਕਾ ਚੀਫ ਜਸਟਿਸ ਐਸ ਐਮ ਸੀਕਰੀ ਅਤੇ ਭਾਰਤ ਦੇ ਸਾਬਕਾ ਗ੍ਰਹਿ ਸੱਕਤਰ ਗੋਵਿੰਦ ਨਾਰਾਇਣ ਜਿਹੀਆਂ ਪ੍ਰਮੁੱਖ ਹਸਤੀਆਂ ਸਹਿਤ ਕਈ ਸਨਮਾਨਤ ਨਾਗਰਿਕ ਸ਼ਾਮਲ ਸਨ। ਇਸ ਕਮੇਟੀ ਨੇ ਤੱਤਕਾਲੀਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਇੱਕ ਪਤੱਰ ਲਿਖ, ਇੱਕ ਬੈਠਕ ਦਾ ਆਯੋਜਨ ਕੀਤੇ ਜਾਣ ਦੀ ਮੰਗ ਕੀਤੀ, ਤਾਂ ਜੋ ਉਸ ਵਿੱਚ ਇਸ ਕਤਲੇਆਮ ਨਾਲ ਸੰਬੰਧਤ ਮਹੱਤਵਪੂਰਣ ਨੁਕਤਿਆਂ ਪੁਰ ਵਿਚਾਰ ਕੀਤੀ ਜਾ ਸਕੇ। ਪ੍ਰੰਤੂ ਰਾਜੀਵ ਗਾਂਧੀ ਨੇ ਕਮੇਟੀ ਦੇ ਸੁਆਲਾਂ ਦਾ ਜਵਾਬ ਦੇਣਾ ਤਾਂ ਦੂਰ ਰਿਹਾ, ਪਤੱਰ ਦਾ ਉਤਰ ਤਕ ਵੀ ਨਹੀਂ ਸੀ ਦਿੱਤਾ। ਉਨ੍ਹਾਂ ਅਨੁਸਾਰ ਹੀ ਪੀਯੂਸੀਐਲ ਨੇ ਇਸ ਮਾਮਲੇ ਵਿੱਚ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲਗਾ ਹੈ ਕਿ 31 ਅਕਤੂਬਰ, ਪ੍ਰਧਾਨ ਮੰਤਰੀ, ਇੰਦਰਾ ਗਾਂਧੀ ਦੀ ਹਤਿਆ ਦੇ ਤੁਰੰਤ ਬਾਅਦ ਹੀ ਪ੍ਰਧਾਨ ਮੰਤਰੀ ਨਿਵਾਸ, 1, ਸਫਦਰਜੰਗ ਰੋਡ ਪੁਰ ਇੱਕ ਬੈਠਕ ਹੋਈ, ਜਿਸ ਵਿੱਚ ਹੋਰ ਮੁਖੀਆਂ ਦੇ ਨਾਲ ਦਿੱਲੀ ਦੇ ਉਪਰਾਜਪਾਲ ਪੀ ਜੀ ਗਵਈ, ਕਾਂਗ੍ਰਸ (ਆਈ) ਦੇ ਨੇਤਾ ਐਮ ਐਲ ਫੋਤੇਦਾਰ ਅਤੇ ਪੁਲਿਸ ਕਮਿਸ਼ਨਰ ਆਦਿ ਸ਼ਾਮਲ ਹੋਏ। ਉਸ ਬੈਠਕ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਸੁਝਾਅ ਦਿੱਤਾ ਕਿ ਦਿੱਲੀ ਵਿੱਚ ਫੌਜ ਤੁਰੰਤ ਬੁਲਾ ਲਈ ਜਾਣੀ ਚਾਹੀਦਾ ਹੈ, ਨਹੀਂ ਤਾਂ ਇਥੇ ਵੱਡੇ ਪੈਮਾਨੇ ’ਤੇ ਖੂਨ-ਖਰਾਬਾ ਹੋ ਜਾਇਗਾ, ਪ੍ਰੰਤੂ ਉਸਦੇ ਸੁਝਾਅ ਵਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਜਸਟਿਸ ਸੱਚਰ ਨੇ ਆਪਣੇ ਲੇਖ ਵਿੱਚ ਦਸਿਆ ਕਿ ਉਸ ਰਿਪੋਰਟ ਵਿੱਚ ਇਹ ਵੀ ਲਿਖਿਆ ਗਿਆ ਕਿ ਦੇਰ ਰਾਤ ਤਕ ਨਾ ਤਾਂ ਕਿਧਰੇ ਕਰਫਿਊ ਲਾਇਆ ਗਿਆ ਅਤੇ ਨਾ ਹੀ ਫੌਜ ਨੂੰ ਬੁਲਾਇਆ ਗਿਆ। ਪੁਲਿਸ ਦੇ ਸਾਹਮਣੇ ਫਸਾਦੀ ਤੱਤਾਂ ਦਾ ਹਿੰਸਕ ਤਾਂਡਵ ਚਲਦਾ ਰਿਹਾ। ਮਹਾਨਗਰ ਦਾ ਦਿਲ ਸਮਝੇ ਜਾਂਦੇ, ਕਨਾਟ ਪਲੇਸ ਵਿੱਚ ਅਰਧ-ਸੈਨਿਕ ਬਲਾਂ ’ਤੇ ਪੁਲਸ ਦੀ ਮੌਜੂਦਗੀ ਵਿੱਚ ਸਿੱਖਾਂ ਦੀਆਂ ਦੁਕਾਨਾਂ ਨੂੰ ਲੁਟਿਆ ਅਤੇ ਉਨ੍ਹਾਂ ਨੂੰ ਅੱਗ ਲਾਈ ਜਾ ਰਹੀ ਸੀ।
ਸਵਾਲ: ਕੀ ਇਹ ਸਾਰੇ ਤੱਥ ਇਹ ਗਲ ਸਾਬਤ ਨਹੀਂ ਕਰਦੇ ਕਿ ਨਵੰਬਰ-84 ਦਾ ਸਿੱਖ ਕਤਲੇਆਮ ਸਮੇਂ ਦੀ ਕਾਂਗ੍ਰਸ ਸਰਕਾਰ ਵਲੋਂ ਪ੍ਰਾਯੋਜਤ ਸੀ? ਕੀ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇਹ ਕਹਿ ਕਿ ਉਸ ਪੁਰ ਆਪਣੀ ਮੰਨਜ਼ੂਰੀ ਦੀ ਮੋਹਰ ਨਹੀਂ ਸੀ ਲਾ ਦਿੱਤੀ ਕਿ ‘ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੀ ਹੈ’। ਪ੍ਰੰਤੂ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਵਿਚੋਂ ਕਿਸੇ ਨੇ ਵੀ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਮਹਾਤਮਾ ਗਾਂਧੀ ਦੀ ਹੋਈ ਹਤਿਆ ਕਾਰਣ ਧਰਤੀ ਕਿੳੇੁਂ ਨਹੀਂ ਸੀ ਹਿਲੀ? ਕੀ ਉਹ ਛੋਟਾ ਪੇੜ ਸਨ?
ਪੀੜਾ, ਨਵੰਬਰ-84 ਦੀ: ‘ਰੱਬ ਦਾ ਵਾਸਤਾ ਜੇ, ਬਸ ਕਰੋ, ਬਹੁਤ ਹੋ ਚੁਕਿਐ, ਹੁਣ ਤਾਂ ਸਾਨੂੰ ਸ਼ਾਂਤੀ ਨਾਲ ਜੀ ਲੈਣ ਦਿਉ..’ ਆਖਦਿਆਂ ਸਿਰ ਤੇ ਦੁਹੱਥੜ ਮਾਰ ਉਹ ਭੁਬਾਂ ਮਾਰ ਰੋਣ ਲਗਾ। ਇਹ ਸੱਠ-ਕੁ ਵਰ੍ਹਿਆਂ ਦੀ ਉਮਰ ਵਿੱਚ ਵਿਚਰਦਾ ਉਹ ਵਿਅਕਤੀ ਸੀ, ਜਿਸਨੇ ਨਵੰਬਰ-84 ਦੇ ਅਰੰਭ ਵਿੱਚ ਵਾਪਰੇ ਘਲੂਘਾਰੇ ਦੌਰਾਨ ਗੁਆਂਢੀਆਂ ਦੇ ਘਰ ਦੁਬਕਿਆਂ, ਅਥਰੂ-ਭਰੀਆਂ ਆਪਣੀਆਂ ਅੱਖਾਂ ਨਾਲ ਆਪਣੇ ਘਰ ਦੇ ਪੰਜ ਜੀਆਂ ਨੂੰ ਅੱਗ ’ਚ ਸੜਦਿਆਂ ਵੇਖਿਆ ਅਤੇ ਉਨ੍ਹਾਂ ਦੀਆਂ ਭਿਆਨਕ ਚੀਖਾਂ ਨੂੰ ਸੁਣਿਆ ਸੀ। ਉਸਨੂੰ ਇਹ ਮਲਾਲ ਸੀ ਕਿ ਉਹ ਗੁਆਂਢੀਆਂ ਵਲੋਂ ਡੱਕੀ ਰੱਖੇ ਜਾਣ ਦੇ ਕਾਰਣ ਨਾ ਤਾਂ ਉਨ੍ਹਾਂ ਦੀ ਕੋਈ ਮਦੱਦ ਕਰ ਸਕਿਆ ਸੀ ਤੇ ਨਾ ਹੀ ਉਨ੍ਹਾਂ ਨਾਲ ਆਪ ਸੜ ਮਰ ਸਕਿਆ ਸੀ।
ਮੇਰੀ ਇਹ ਮੁਲਾਕਾਤ, ਬੀਤੇ ਕਈ ਵਰ੍ਹਿਆਂ ਤੋਂ ਕੀਤੀਆਂ ਜਾਂਦੀਆਂ ਚਲੀਆਂ ਆ ਰਹੀਆਂ ਮੁਲਾਕਾਤਾਂ ਤੋਂ ਬਿਲਕੁਲ ਹੀ ਵੱਖਰੀ ਤੇ ਦਿਲ ਨੂੰ ਟੁੰਬਣਹਾਰ ਹੋਵੇਗੀ, ਇਸ ਗਲ ਦੀ ਮੈਂਨੂੰ ਕਲਪਨਾ ਵੀ ਨਹੀਂ ਸੀ, ਜਦੋਂ ਮੈਂ ਹਰ ਸਾਲ ਵਾਂਗ ਇਸ ਵਾਰ ਵੀ ਨਵੰਬਰ ਮਹੀਨੇ ਦਾ ਅਰੰਭ ਹੁੰਦਿਆਂ ਹੀ, ਪੱਛਮੀ ਦਿੱਲੀ ਸਥਿਤ ਸੰਸਾਰ ਦੀ ਇਕੋ-ਇਕ ਵਿਧਵਾ-ਕਾਲੌਨੀ, ਤਿਲਕ ਵਿਹਾਰ ਪੁਜਾ ਤੇ ਇਕ ਪੀੜਤ ਪਰਿਵਾਰ ਦੇ ਦਰਵਾਜ਼ੇ ਦੇ ਬਾਹਰ, ਵਾਹਣੇ ਮੰਜੇ ਪੁਰ ਬੈਠੇ ਬਜ਼ੁਰਗ ਦੇ ਨਾਲ ਗਲਾਂ ਕਰਨ ਲਈ, ਉਸ ਸਾਹਮਣੇ ਰੱਖੇ ਸਟੂਲ ਤੇ ਜਾ ਬੈਠਾ।
ਆਪਣੇ ਤੇ ਅਚਾਨਕ ਹੋਏ ਇਸ ਸ਼ਬਦੀ ਹਮਲੇ ਕਾਰਣ ਪਹਿਲਾਂ ਤਾਂ ਮੈਂ ਬੌਂਦਲਾ ਜਿਹਾ ਗਿਆ, ਫਿਰ ਕਿਸੇ ਤਰ੍ਹਾਂ ਆਪਣੇ ਆਪਨੂੰ ਸੰਭਾਲਿਆ। ਮੈਂ ਉਸਨੂੰ ਦਸਿਆ ਕਿ ‘ਮੈਂ ਇਕ ਪਤ੍ਰਕਾਰ ਹਾਂ ਤੇ..’ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗਲ ਪੂਰੀ ਕਰਦਾ, ਉਸਨੇ ਉਸੇ ਤਰ੍ਹਾਂ ਭੁਬਾਂ ਮਾਰ ਰੌਂਦਿਆਂ, ਪੁਛਿਆ ਕਿ ‘ਤੁਸਾਂ ਤੇ ਤੁਹਾਡੇ ਵਰਗੇ ਹੋਰ ਪਤ੍ਰਕਾਰਾਂ ਨੇ ਸਿਵਾਏ ਸਾਡੇ ਦੁੱਖ-ਦਰਦ ਦੀਆਂ ਕਹਾਣੀਆਂ ਮਸਾਲੇ ਲਾ, ਛਪਵਾਣ ਅਤੇ ਸਾਡੇ ਕਹਿੰਦੇ-ਕਹਾਉਂਦੇ ਹਮਦਰਦੀਆਂ ਨੇ ਸਾਡੀਆਂ ਚੀਸਾਂ ਦਾ ਮੁਲ ਵਟ, ਸਾਡਾ ਰਾਜਸੀ ਸ਼ੋਸ਼ਣ ਕਰਨ ਤੋਂ ਬਿਨਾਂ ਕੀਤਾ ਹੀ ਕੀ ਹੈ’? ਉਸਦੀ ਆਵਾਜ਼ ਵਿੱਚ ਦਰਦ ਸੀ।
ਕਿਸੇ ਤਰ੍ਹਾਂ ਉਸਨੇ ਆਪਣੇ ਆਪਨੂੰ ਸੰਭਾਲਿਆ ਤੇ ਆਪਣੇ ਦਿਲ ਦੀ ਭੜਾਸ ਕਢਦਿਆਂ ਕਹਿਣਾ ਜਾਰੀ ਰਖਦਿਆਂ, ਕਿਹਾ ਕਿ ‘ਦੁਸ਼ਮਣਾਂ ਨੇ ਤਾਂ ਇਕ ਵਾਰ ਸਾਡੇ ਸੀਨਿਆਂ ਨੂੰ ਸਲਿਆ ਸੀ, ਪਰ ਤੁਹਾਡੇ ਵਰਗੇ ਹਮਦਰਦਾਂ ਨੇ ਤਾਂ ਇਨ੍ਹਾਂ ਵਰ੍ਹਿਆਂ ਵਿੱਚ ਸੈਂਕੜੇ ਵਾਰ ਨਸ਼ਤਰ ਲੈ ਸਾਡੇ ਭਰੇ ਜਾਂਦੇ ਜ਼ਖਮ ਆ ਕੁਰੇਦੇ ਹਨ। ਤੁਸੀਂ ਲੋਕੀਂ ਨਾ ਤਾਂ ਸਾਡੇ ਜ਼ਖਮ ਭਰਨ ਦਿੰਦੇ ਹੋ ਅਤੇ ਨਾ ਹੀ ਕੁਰੇਦੇ ਗਏ ਜ਼ਖਮਾਂ ਦੇ ਦਰਦ ਦੇ ਨਾਲ ਉਠਦੀਆਂ ਚੀਸਾਂ ਕਾਰਣ, ਵਹਿੰਦੇ ਅਥਰੂਆਂ ਨੂੰ ਸੁਕਣ ਦਿੰਦੇ ਹੋ। ਤੁਹਾਨੂੰ ਕੀ ਪਤਾ ਕਿ ਸਾਲ ਵਿੱਚ ਇਕ ਵਾਰ ਆ, ਤੁਸੀਂ ਜੋ ਸਾਡੇ ਜ਼ਖਮ ਕੁਰੇਦ ਜਾਂਦੇ ਹੋ, ਅਸੀਂ ਉਨ੍ਹਾਂ ਦੇ ਦਰਦ ਕਾਰਣ, ਉਠਣ ਵਾਲੀਆਂ ਚੀਸਾਂ ਸਹਿੰਦੇ ਕਦੋਂ ਤਕ ਅਥਰੂ ਵਹਾਂਦੇ ਰਹਿੰਦੇ ਹਾਂ’?
ਚੀਸਾਂ ਦੇ ਦਰਦ ਨਾਲ, ਉਸਦੀਆਂ ਅੱਖਾਂ ਵਿਚੋਂ ਵਹਿ ਰਹੇ ਅਥਰੂਆਂ ਨਾਲ ਭਿਜੇ ਅਤੇ ਦਿੱਲ ਦੀਆਂ ਡੂਘਿਆਈਆਂ ਵਿਚੋਂ ਨਿਕਲ ਰਹੇ, ਉਸਦੇ ਦਰਦ ਭਰੇ ਬੋਲਾਂ ਨੇ ਮੈਂਨੂੰ ਧੁਰ ਅੰਦਰ ਤਕ ਕੰਬਾ ਕੇ ਰੱਖ ਦਿੱਤਾ।
…ਅਤੇ ਅੰਤ ਵਿੱਚ: ਉਸ ਦਿਨ ਮੈਂਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੈਂ ਹਰ ਵਰ੍ਹੇ ਇਥੇ ਆ, ਆਪਣੀ ਕਹਾਣੀ ਬਣਾਉਣ ਦੀ ਲਾਲਸਾ ਨੂੰ ਪੂਰਿਆਂ ਕਰਨ ਲਈ, ਜੋ ਗੁਨਾਹ ਕਰਦਾ ਚਲਿਆ ਆ ਰਿਹਾ ਹਾਂ, ਉਹ ਕਦੀ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਪੀੜਤ-ਪਰਿਵਾਰਾਂ ਨਾਲ ਨਵੰਬਰ-84 ਦੇ ਸਾਕੇ ਦੀ ਗਲ ਛੇੜ, ਉਨ੍ਹਾਂ ਦੇ ਭਰੇ ਜਾਂਦੇ ਜ਼ਖਮਾਂ ਨੂੰ ਕੁਰੇਦ ਦਿੰਦਾ ਹਾਂ, ਕਿਉਂਕਿ ਜਦੋਂ ਵੀ ਮੈਂ ਇਨ੍ਹਾਂ ਨਾਲ ਸਿੱਖ-ਨਸਲਕੁਸ਼ੀ ਦੀ ਗਲ ਕਰਦਾ ਹਾਂ, ਇਨ੍ਹਾਂ ਦੀਆਂ ਅੱਖਾਂ ਸਾਹਮਣੇ ਉਹ ਦਰਦ ਭਰੀਆਂ ਘਟਨਾਵਾਂ ਤਸਵੀਰਾਂ ਬਣ ਨਚਣ ਲਗਦੀਆਂ ਹਨ, ਜਿਨ੍ਹਾਂ ਦਾ ਸੰਤਾਪ ਉਹ ਬੀਤੇ 36 ਵਰ੍ਹਿਆਂ ਤੋਂ ਭੋਗਦੇ ਚਲੇ ਆ ਰਹੇ ਹਨ। ਇਸਤਰ੍ਹਾਂ ਉਨ੍ਹਾਂ ਦੇ ਉਹ ਜ਼ਖਮ ਮੁੜ ਕੁਰੇਦੇ ਜਾਂਦੇ, ਜੋ ਅਜੇ ਭਰਨ ਦੇ ਨੇੜੇ-ਤੇੜੇ ਹੀ ਪੁਜੇ ਹੁੰਦੇ ਹਨ। ਮੈਂ ਤਾਂ ਉਨ੍ਹਾਂ ਨਾਲ ਵਾਪਰੇ ਸਾਕੇ ਦੀ ਕਹਾਣੀ ਬਣਾ ਕੇ ਛਪਵਾਣ ਤੋਂ ਬਾਅਦ, ਕਦੀ ਮੁੜ ਕੇ ਵੀ ਨਾ ਵੇਖਦਾ ਕਿ ਜੋ ਜ਼ਖਮ ਮੈਂ ਕੁਰੇਦ ਆਇਆ ਹਾਂ, ਉਨ੍ਹਾਂ ਦੇ ਦਰਦ ਦੀਆਂ ਚੀਸਾਂ, ਕਦੋਂ ਤਕ ਉਨ੍ਹਾਂ ਦੇ ਅਥਰੂ ਬਣ ਵਹਿੰਦੀਆਂ ਰਹੀਆਂ?