ਸਿੱਖੀ ਬਚਾਣ ਪ੍ਰਤੀ ਕੌਣ ਹੈ ਸੁਹਿਰਦ?

-ਜਸਵੰਤ ਸਿੰਘ ‘ਅਜੀਤ’
ਅਣ-ਸੁਲਝੇ ਅਨਕਾਂ ਵਿਵਾਦਾਂ ਦਾ ਸ਼ਿਕਾਰ ਹੋ, ਅੱਜ ਸਮੁੱਚਾ ਸਿੱਖ-ਪੰਥ ਅਜਿਹੀਆਂ ਹਨੇਰੀਆਂ ਗਲੀਆਂ ਵਿੱਚ ਭਟਕਦਾ ਹੱਥ-ਪੈਰ ਮਾਰ ਰਿਹਾ ਹੈ, ਜਿਨ੍ਹਾਂ ਵਿਚੋਂ ਬਾਹਰ ਨਿਕਲਣ ਦਾ ਉਸਨੂੰ ਰਾਹ ਤਕ ਨਹੀਂ ਮਿਲ ਰਿਹਾ। ਉਸਨੂੰ ਅਜਿਹੀ ਕੋਈ ਸ਼ਖਸੀਅਤ ਨਜ਼ਰ ਨਹੀਂ ਆ ਰਹੀ ਹੈ, ਜੋ ਸਿੱਖੀ ਨੂੰ ਬਚਾਣ ਪ੍ਰਤੀ ਸੁਹਿਰਦ ਹੋ, ਚਾਨਣ-ਮੁਨਾਰਾ ਬਣ, ਉਸਨੂੰ ਇਨ੍ਹਾਂ ਹਨੇਰੀਆਂ ਗਲੀਆਂ ਵਿਚੋਂ ਬਾਹਰ ਨਿਕਲਣ ਵਿੱਚ, ਮਾਰਗ-ਦਰਸ਼ਨ ਦੇ ਸਕੇ! ਜਿਸ ਕਾਰਣ ਇਹ ਸੁਆਲ ਉਠਣਾ ਸੁਭਾਵਕ ਹੀ ਹੈ ਕਿ ਕਿਧਰੇ ਅਜਿਹਾ ਤਾਂ ਨਹੀਂ ਹੋਵੇਗਾ ਕਿ ਕਿਸੇ ਸੁਹਿਰਦ ਆਗਵਾਈ ਦੀ ਅਣਹੋਂਦ ਕਾਰਣ, ਉਹ ਵਿਵਾਦਾਂ ਦੀਆਂ ਹਨੇਰੀਆਂ ਗਲੀਆਂ ਵਿੱਚ ਭਟਕਦਿਆਂ ਅਤੇ ਦੀਵਾਰਾਂ ਨਾਲ ਖਹਿੰਦਿਆਂ, ਆਪਣੀ ਹੋਂਦ ਗੁਆ ਬੈਠੇਗਾ?
ਜੇ ਸੱਚਾਈ ਸਵੀਕਾਰ ਕੀਤੀ ਜਾ ਸਕੇ ਤਾਂ ਸੱਚਾਈ ਇਹੀ ਹੈ ਕਿ ਵਿਵਾਦਾਂ ਵਿੱਚ ਘਿਰੇ ਸਿੱਖਾਂ ਪਾਸ ਨਾ ਤਾਂ ਕੋਈ ਅਜਿਹੀ ਸੋਝੀ ਰਹਿਣ ਦਿੱਤੀ ਗਈ ਹੈ, ਜਿਸਦੇ ਸਹਾਰੇ ਉਹ ਇਸ ਦੁਬਿੱਧਾ ਵਿਚੋਂ ਬਾਹਰ ਆ, ਫੈਸਲਾ ਕਰ ਸਕਣ ਕਿ ਕਿਹੜਾ ਰਾਹ ਉਨ੍ਹਾਂ ਨੂੰ ਮੰਜ਼ਿਲ ਤਕ ਪਹੁੰਚਾਣ ਵਿਚ ਸਹਾਇਕ ਸਾਬਤ ਹੋਵੇਗਾ ਅਤੇ ਨਾ ਹੀ ਉਨ੍ਹਾਂ ਪਾਸ ਅਜਿਹਾ ਕੋਈ ਆਗੂ ਰਹਿ ਗਿਆ ਹੋਇਆ ਹੈ, ਜੋ ਮਾਰਗ-ਦਰਸ਼ਨ ਕਰ, ਉਨ੍ਹਾਂ ਨੂੰ ਇਸ ਦੁਬਿਧਾ ਵਿਚੋਂ ਉਭਾਰ, ਠੀਕ ਰਾਹ ਤੇ ਪਾ ਸਕੇ।
ਇਕ ਪਾਸੇ ਉਹ ਸ਼ਕਤੀਆਂ ਹਨ, ਜੋ ਆਪਣੇ ਨਿਜੀ ਰਾਜਨੈਤਿਕ ਸਵਾਰਥ ਦੀ ਪੂਰਤੀ ਲਈ, ਸਿੱਖ ਧਰਮ ਦੀਆਂ ਸਥਾਪਤ ਧਾਰਮਕ ਤੇ ਇਤਿਹਾਸਕ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਨੂੰਂ ਦਾਅ ਤੇ ਲਾ ਰਹੀਆਂ ਹਨ ਅਤੇ ਦੂਜੇ ਪਾਸੇ ਉਹ ਸ਼ਕਤੀਆਂ ਹਨ, ਜੋ ਸਿੱਖੀ ਦੀਆਂ ਸਥਾਪਤ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਨੂੰ ਰਾਜਨੈਤਿਕ ਸਵਾਰਥ ਦੇ ਸ਼ਿਕਾਰ ਲੋਕਾਂ ਦੇ ਪੰਜੇ ਵਿਚੋਂ ਆਜ਼ਾਦ ਕਰਾਣ ਦਾ ਦਾਅਵਾ ਕਰਦਿਆਂ, ਜਾਣੇ-ਅਣਜਾਣੇ ਮੂਲ ਰਾਹ ਤੋਂ ਭਟਕ, ਅਜਿਹੇ ਲੋਕਾਂ ਦੀ ਸਰਪ੍ਰਸਤੀ ਕਰਨ ਲੱਗ ਪਈਆਂ ਹਨ, ਜੋ ਕੌਮ ਵਿਚ ਵੱਧ ਤੋਂ ਵੱਧ ਵਿਵਾਦ ਪੈਦਾ ਕਰ, ਆਪਣੀ ਦੁਕਾਨਦਾਰੀ ਚਮਕਾਣ ਵਿਚ ਜੁਟੇ ਹੋਏ ਹਨ।
ਵਿਵਾਦ ਪੈਦਾ ਕਰਨ ਵਾਲੇ, ਇਹ ਲੋਕੀਂ ਉਹੀ ਹਨ, ਜੋ ਇਕ ਪਾਸੇ ਤਾਂ ਸਿੱਖੀ ਦੀਆਂ ਸਥਾਪਤ ਧਾਰਮਕ ਤੇ ਇਤਿਹਾਸਕ ਮਾਨਤਾਵਾਂ ਦੀ ਰੱਖਿਆ ਕਰਨ ਦਾ ਦਾਅਵਾ ਕਰਦੇ ਹਨ ਅਤੇ ਦੂਜੇ ਪਾਸੇ ਇਨ੍ਹਾਂ ਹੀ ਮਾਨਤਾਵਾਂ ਦੇ ਸਬੰਧ ਵਿਚ ਕਈ ਤਰ੍ਹਾਂ ਦੇ ਭਰਮ-ਭੁਲੇਖੇ ਪੈਦਾ ਕਰ, ਲਗਾਤਾਰ ਵਿਵਾਦਾਂ ਨੂੰ ਕੇਵਲ ਜਨਮ ਹੀ ਨਹੀਂ ਦੇ ਰਹੇ, ਸਗੋਂ ਉਨ੍ਹਾਂ ਨੂੰ ਵਧਾਣ ਵਿਚ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ। ਅਜਿਹੇ ਦੁਬਿੱਧਾ ਭਰੇ ਹਾਲਾਤ ਪੈਦਾ ਕਰਨ ਵਾਲਿਆਂ ਦੀ ਜਾਣੇ-ਅਨਜਾਣੇ ਸਰਪ੍ਰਸਤੀ ਕਰ ਰਹੇ ‘ਪੰਥ ਦਰਦੀਆਂ’ ਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਹੋ ਪਾ ਰਿਹਾ, ਕਿ ਇਨ੍ਹਾਂ ਲੋਕਾਂ ਵਲੋਂ ਪੈਦਾ ਕੀਤੇ ਵਿਵਾਦਾਂ ਕਾਰਣ, ਸਥਾਪਤ ਇਤਿਹਾਸਕ ਅਤੇ ਧਾਰਮਕ ਮਾਨਤਾਵਾਂ, ਮਰਿਆਦਾਵਾਂ ਤੇ ਪਰੰਪਰਾਵਾਂ ਖਤਮ ਹੁੰਦੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਥਾਂ ਅਜਿਹਾ ਰਾਜਸੀ ਸੁਆਰਥ ਲੈਂਦਾ ਜਾ ਰਿਹਾ ਹੈ, ਜਿਸਦੇ ਫਲਸਰੂਪ ਅੱਜ ਦਾ ਸਿੱਖ ਨੌਜਵਾਨ ਭੰਬਲ-ਭੂਸਿਆਂ ਵਿਚ ਪੈ ਭਟਕ ਰਿਹਾ ਹੈ। ਇਨ੍ਹਾਂ ਭੰਬਲ-ਭੁਸਿਆਂ ਵਿਚੋਂ ਉਭਰਨ ਦਾ ਕੋਈ ਰਾਹ ਨਾ ਮਿਲ ਪਾਣ ਕਾਰਣ ਹੀ ਉਹ ਨਿਰਾਸ਼ ਹੋ, ਸਿੱਖੀ ਵਿਰਸੇ ਨਾਲੋਂ ਟੁੱਟਦਾ ’ਤੇ ਸਿੱਖੀ ਸਰੂਪ ਨੂੰ ਤਿਆਗਦਾ ਚਲਿਆ ਜਾ ਰਿਹਾ ਹੈ।
ਅਣਗੋਲਿਆ ਪੱਖ : ਘੋਖਿਆ ਜਾਏ ਤਾਂ ਕਈ ਅਜਿਹੇ ਅਣਗੋਲੇ ਪੱਖ ਹਨ, ਜੋ ਸਿੱਖੀ ਨੂੰ ਢਾਹ ਲਾਉਣ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਹੀ ਅਣਗੋਲੇ ਕੀਤੇ ਜਾ ਰਹੇ ਪੱਖਾਂ ਵਿਚੋਂ ਇਕ ਦਾ ਜ਼ਿਕਰ ਇਥੇ ਕਰਨਾ ਕੁਥਾਊਂ ਨਹੀਂ ਹੋਵੇਗਾ। ਅਖਬਾਰਾਂ ਦੇ ਮੈਟਰੀਮੋਨੀਅਲ ਕਾਲਮਾਂ ਵਿਚ ਛਪੇ ਉਹ ਇਸ਼ਿਤਿਹਾਰ, ਸਿੱਖਾਂ ਦੇ ਰਾਖੇ ਹੋਣ ਦੇ ਦਾਅਵੇ ਨਾਲ ਇਨ੍ਹਾਂ ਆਪੋ ਵਿਚ ਚੁੰਝ ਲੜਾ ਰਿਹਾਂ ਦਾ ਧਿਆਨ ਤੱਕ ਨਹੀਂ ਖਿੱਚਦੇ, ਜਿਨ੍ਹਾਂ ਵਿਚ ਮੋਟੇ-ਮੋਟੇ ਅੱਖਰਾਂ ਵਿਚ ‘ਕਲੀਨ-ਸ਼ੇਵਨ ਸਿੱਖ ਮੁੰਡੇ’ ਲਈ ਸਿੱਖ ਕੁੜੀ ਦੀ ਅਤੇ ਸਿੱਖ ਕੁੜੀ ਲਈ ‘ਕਲੀਨ-ਸ਼ੇਵਨ ਸਿੱਖ ਮੁੰਡੇ’ ਦੀ ਮੰਗ, ਇਸਤਰ੍ਹਾਂ ਕੀਤੀ ਗਈ ਹੁੰਦੀ ਹੈ, ਜਿਵੇਂ ਸਿੱਖ ਮੁੰਡੇ ਦਾ ‘ਕਲੀਨ ਸ਼ੇਵਨ’ ਹੋਣਾ, ਉਸਦੀ ਬਹੁਤ ਹੀ ਪ੍ਰਸ਼ੰਸਾ-ਯੋਗ ਯੋਗਤਾ ਹੋਵੇ।
ਜੇ ਇਹ ਇਸ਼ਤਿਹਾਰ ਕਿਸੇ ‘ਸਿੱਖੀ ਦੇ ਰਾਖੇ’ ਦਾ ਧਿਆਨ ਖਿੱਚਦੇ ਵੀ ਹਨ, ਤਾਂ ਇਨ੍ਹਾਂ ਨੂੰ ਪੜ੍ਹ, ਨਾ ਤਾਂ ਉਸਦੀ ਆਤਮਾ ਟੁੰਬੀ ਜਾਂਦੀ ਹੈ, ਨਾ ਹੀ ਉਸਦੀ ਅਣਖ ਜਾਗਦੀ ਹੈ, ਨਾ ਉਸਦੀਆਂ ਸਿੱਖੀ ਭਾਵਨਾਵਾਂ ਨੂੰ ਹੀ ਕੋਈ ਠੇਸ ਪੁੱਜਦੀ ਹੈ। ਸ਼ਾਇਦ ਇਨ੍ਹਾਂ ਇਸ਼ਤਿਹਾਰਾਂ ਨੂੰ ਪੜ੍ਹ, ਉਸਨੂੰ ਇਸ ਗੱਲ ਪੁਰ ਮਹਿਸੂਸ ਹੁੰਦਾ ‘ਮਾਣ’ ਹੁੰਦਾ ਹੋਵੇਗਾ ਕਿ ਇਹ ਮੁੰਡਾ ‘ਕਲੀਨ-ਸ਼ੇਵਨ’ ਹੁੰਦਿਆਂ ਹੋਇਆਂ ਵੀ ‘ਸਿੱਖ’ ਹੋਣ ਤੇ ਮਾਣ ਤਾਂ ਕਰ ਰਿਹਾ ਹੈ ਨਾ, ਤੇ ਸਿੱਖ ਕੁੜੀ ਨਾਲ ਹੀ ਵਿਆਹ ਕਰਵਾਣਾ ਚਾਹੁੰਦਾ ਹੈ ਅਤੇ ਸਿੱਖ ਕੁੜੀ ਵੀ ਤਾਂ ‘ਕਲੀਨ-ਸ਼ੇਵਨ’ ‘ਸਿੱਖ’ ਮੁੰਡੇ ਨਾਲ ਵਿਆਹ ਕਰਵਾਣਾ ਚਾਹੁੰਦੀ ਹੈ, ਕਿਸੇ ਗੈਰ-ਸਿੱਖ ਨਾਲ ਤਾਂ ਨਹੀਂ।
ਜਾਤਾਂ ਦਾ ਕੋਹੜ : ਗੁਰੂ ਸਾਹਿਬਾਨ ਨੇ ਦਸਾਂ ਜਾਮਿਆਂ ਵਿਚ ਲਗਭਗ ਢਾਈ ਸਦੀਆਂ ਦੀ ਜੱਦੋ-ਜਹਿਦ ਅਤੇ ਕੁਰਬਾਨੀਆਂ ਰਾਹੀਂ ਮਨੁਖਾ ਸਮਾਜ ਵਿਚੋਂ ਜਾਤ-ਪਾਤ ਦੇ ਕੋਹੜ ਨੂੰ ਖਤਮ ਕਰਨ ਲਈ ‘ਖਾਲਸੇ’ ਦੀ ਸਿਰਜਣਾ ਕੀਤੀ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਨੂੰ ਸਿੱਖੀ ਵਿਚ ਕੇਵਲ ਇਸ ਕਰਕੇ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉਹ ਜਾਤ-ਅਭਿਮਾਨੀ, ਦੂਜੀਆਂ ਜਾਤਾਂ ਵਾਲਿਆਂ ਨੂੰ ਨਾਲ ਬਿਠਾਣ ਜਾਂ ਉਨ੍ਹਾਂ ਨਾਲ ਬੈਠਣ ਲਈ ਤਿਆਰ ਨਹੀਂ ਸਨ। ਅੱਜ ਉਸੇ ਹੀ ਜਾਤ-ਪਾਤ ਦਾ ਕੋਹੜ ‘ਮਹਾਮਾਰੀ’ ਬਣ, ਸਿੱਖੀ ਵਿਚ ਆਪਣੇ ਪੈਰ ਫੈਲਾਉਂਦਾ ਜਾ ਰਿਹਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਜਾਤ-ਪਾਤ ਨੂੰ ਖਤਮ ਕਰ, ਬਰਾਬਰਤਾ ਦਾ ਸਨਮਾਨ ਦੇਣ ਲਈ, ਬਖਸ਼ੇ ਗਏ ‘ਅੰਮ੍ਰਿਤ’ ਦੇ ਧਾਰਣੀ, ਅੰਮ੍ਰਿਤਧਾਰੀ ਹੋਣ ਦਾ ਦਾਅਵਾ ਤਾਂ ਕਰਦੇ ਹਨ, ਪਰ ‘ਦਲਿਤ ਸਿੱਖਾਂ’ ਨੂੰ ਪ੍ਰਸ਼ਾਦ ਅਤੇ ਲੰਗਰ ਵਰਤਾਣ ਦਾ ਅਧਿਕਾਰ ਦੇਣ ਲਈ ਤਿਆਰ ਨਹੀਂ ਹੁੰਦੇ। ਇਥੋਂ ਤਕ ਕਿ ਕਈ ਗੁਰੂ ਸਾਹਿਬਾਨ ਵਲੋਂ ਸਮਾਜ ਵਿਚ ਬਰਾਬਰਤਾ ਲਿਆਣ ਲਈ ਅਰੰਭੀ ‘ਪੰਗਤ’ ਦੀ ਪ੍ਰੰਪਰਾ ਦਾ ਪਾਲਣ ਕਰਨ ਤੋਂ ਵੀ ਉਹ ਇਨਕਾਰੀ ਹੋ ਰਹੇ ਹਨ।
ਇਸੇ ਸਥਿਤੀ ਦਾ ਹੀ ਨਤੀਜਾ ਹੈ ਕਿ ਦੇਸ਼-ਵਿਦੇਸ਼ ਵਿਚ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਉਸਾਰੇ ਜਾ ਰਹੇ ਹਨ। ਜਿਨ੍ਹਾਂ ਦੇ ਮੁੱਖ ਦਰਵਾਜ਼ਿਆਂ ਪੁਰ ਬਹੁਤ ਹੀ ਸੁੰਦਰ ਅਤੇ ਸਜਾਵਟੀ ਅੱਖਰਾਂ ਵਿਚ ‘ਗੁਰਦੁਆਰਾ ਰਾਮਗੜ੍ਹੀਆਂ’, ‘ਗੁਰਦੁਆਰਾ ਪਿਸ਼ੌਰੀਆਂ’, ‘ਗੁਰਦੁਆਰਾ ਜੱਟਾਂ’, ‘ਗੁਰਦੁਆਰਾ ਭਾਪਿਆਂ’, ‘ਗੁਰਦੁਆਰਾ ਰਾਮਦਾਸੀਆਂ’ ਆਦਿ ਲਿਖਿਆ ਹੁੰਦਾ ਹੈ, ਜਿਸ ਤੋਂ ਇਉਂ ਜਾਪਦਾ ਹੈ ਕਿ ਜਿਵੇਂ ਇਹ ‘ਗੁਰਦੁਆਰੇ’ ਹੁਣ ਸਤਿਗੁਰਾਂ ਦੇ ‘ਸਰਬ-ਸਾਂਝੇ’ ‘ਦੁਆਰੇ’ ਨਾ ਰਹਿ ਵੱਖ-ਵੱਖ ਜਾਤੀਆਂ ਦੇ ਬਣਦੇ ਜਾ ਰਹੇ ਹਨ। ਪਰ ਕੋਈ ਇਸ ਗੱਲ ਤੋਂ ਨਾ ਤਾਂ ਚਿੰਤਤ ਜਾਪਦਾ ਹੈ ਅਤੇ ਨਾ ਹੀ ਪ੍ਰੇਸ਼ਾਨ। ਨਾ ਹੀ ਉਹ ਇਸ ਗੱਲ ਤੇ ਵਿਚਾਰ ਕਰਨ ਲਈ ਤਿਆਰ ਹੈ ਕਿ ਜੇ ਸਿੱਖੀ ਇਸੇ ਤਰ੍ਹਾਂ ਜਾਤਾਂ ਵਿਚ ਵੰਡੀ ਜਾਂਦੀ ਰਹੀ ਤਾਂ ਅੰਤ ਕਿੱਥੇ ਜਾ ਹੋਵੇਗਾ?
ਗਲ ਰਹਿਤ ਮਰਿਆਦਾ ਦੀ: ਆਏ ਦਿਨ ਹੀ ਕੁਝ ਅਖੌਤੀ ਵਿਦਵਾਨਾਂ ਵਲੋਂ ਸਿੱਖ ਰਹਿਤ ਮਰਿਆਦਾ ਨੂੰ ਲੈ, ਨਵੇਂ ਤੋਂ ਨਵੇਂ ਵਿਵਾਦ ਖੜੇ ਕੀਤੇ ਜਾ ਰਹੇ ਹਨ। ਪ੍ਰੰਤੂ ਲਗਭਗ ਉਨ੍ਹਾਂ ਸਾਰੇ ਇਤਿਹਾਸਕ ਗੁਰਧਾਮਾਂ ਵਿੱਚ ਵੀ ਰਹਿਤ ਮਰਿਆਦਾ ਦੀਆਂ ਕਈ ਉਲੰਘਣਾਵਾਂ ਹੋ ਰਹੀਆਂ ਹਨ, ਜੋ ਉਨ੍ਹਾਂ ਸਿੱਖ ਜਥੇਬੰਦੀਆਂ ਦੇ ਪ੍ਰਬੰਧ ਅਧੀਨ ਹਨ, ਜੋ ਪ੍ਰਵਾਨਤ ਰਹਿਤ ਮਰਿਆਦਾ ਪ੍ਰਤੀ ਸਮਰਪਤ ਹੋਣ ਦਾ ਦਾਅਵਾ ਹੀ ਨਹੀਂ ਕਰਦੀਆਂ ਸਗੋਂ ਦੂਜਿਆਂ ਨੂੰ ਉਸਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾ, ਕਟਹਿਰੇ ਵਿੱਚ ਖੜਿਆਂ ਕਰਨ ਵਿੱਚ ਵੀ ਕੋਈ ਕਸਰ ਨਹੀਂ ਛਡਦੀਆਂ। ਇਥੇ ਕੇਵਲ ਇੱਕ ਹੀ ਅਜਿਹੀ ਉਦਾਹਰਣ ਦਿੱਤੀ ਜਾ ਰਹੀ ਹੈ, ਜੋ ਲਗਭਗ ਸਾਰੇ ਹੀ ਇਤਿਹਾਸਕ ਅਤੇ ਗੈਰ-ਇਤਿਹਾਸਕ ਗੁਰਦੁਆਰਿਆਂ ਵਿੱਚ ਹੋ ਰਹੀ ਹੈ।
ਸ੍ਰੀ ਅਖੰਡ ਪਾਠ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਤ ਅਤੇ ਪ੍ਰਵਾਨਤ ‘ਸਿੱਖ ਰਹਿਤ ਮਰਿਆਦਾ’ ਵਿੱਚ ਸ੍ਰੀ ਅਖੰਡ ਪਾਠ ਦੀ ਮਰਿਆਦਾ ਦਾ ਵਰਨਣ ਇਉਂ ਕੀਤਾ ਗਿਆ ਹੋਇਆ ਹੈ: (ੳ) …ਅਖੰਡ ਪਾਠ ….ਪਾਠ ਸਾਫ ਤੇ ਸ਼ੁੱਧ ਹੋਵੇ। ਬਹੁਤ ਤੇਜ਼ ਪੜ੍ਹਨਾ, ਜਿਸ ਤੋਂ ਸੁਣਨ ਵਾਲਾ ਕੁਝ ਨਾ ਸਮਝ ਸਕੇ, ਗੁਰਬਾਣੀ ਦੀ ਨਿਰਾਦਰੀ ਹੈ। ਅੱਖਰ ਮਾਤਰ ਦਾ ਧਿਆਨ ਰੱਖ ਪਾਠ ਸ਼ੁੱਧ ਤੇ ਸਾਫ ਕਰਨਾ ਚਾਹੀਏ, ….। (ਅ) ਅਖੰਡ ਪਾਠ ਜਿਸ ਪਰਿਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ, ਟੱਬਰ ਦੇ ਕਿਸੇ ਆਦਮੀ, ਸਾਕ, ਸੰਬੰਧੀ, ਮਿੱਤਰ ਆਦਿ ਮਿਲ ਕੇ ਕਰਨ। ਪਾਠੀਆਂ ਦੀ ਗਿਣਤੀ ਮੁਕੱਰਰ ਨਹੀਂ। ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ, ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਇਕਲਾ ਬਹਿ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ। ….
…ਅਤੇ ਅੰਤ ਵਿਚ: ਇਸ ਵਰਨਣ ਨੂੰ ਧਿਆਨ ਨਾਲ ਪੜ੍ਹਨ ਤੋਂ ਬਾਅਦ ਗੁਰਦੁਆਰਿਆਂ, ਜਿਨ੍ਹਾਂ ਵਿੱਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਦੇਸ਼-ਵਿਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਸਥਿਤ ਇਤਿਹਾਸਕ ਤੇ ਗੈਰ-ਇਤਿਹਾਸਕ ਗੁਰਦੁਆਰੇ ਵੀ ਸ਼ਾਮਲ ਹਨ, ਵਿਖੇ ਰਖੇ ਜਾਂਦੇ ਅਖੰਡ ਪਾਠਾਂ ਵਲ ਨਜ਼ਰ ਮਾਰ ਵੇਖੋ। ਤੁਸੀਂ ਵੇਖੋਗੇ ਕਿ ਸਪਸ਼ਟ ਰੂਪ ਵਿੱਚ ਇਨ੍ਹਾਂ ਅਖੰਡ ਪਾਠਾਂ ਦੌਰਾਨ ਉਪ੍ਰੋਕਤ ਮਰਿਆਦਾ ਦੀ ਉਲੰਘਣਾ ਹੋ ਰਹੀ ਹੁੰਦੀ ਹੈ। ਦੇਸ਼-ਵਿਦੇਸ਼ ਦੇ ਵੱਖ-ਵੱਖ ਹਿਸਿਆਂ ਤੋਂ ਸਿੱਖਾਂ ਵਲੋਂ ਭੇਜੀ ਮਾਇਆ ਅਨੁਸਾਰ ਅਖੰਡ ਪਾਠ ਰਖੇ ਅਤੇ ਉਨ੍ਹਾਂ ਦੇ ਭੋਗ ਪਾਏ ਜਾਂਦੇ ਹਨ ਅਤੇ ਪਾਠ ਰਖਵਾਣ ਵਾਲੇ ਨੂੰ ਅਖੰਡ ਪਾਠ ਦੀ ਅਰੰਭਤਾ ਅਤੇ ਸਮਾਪਤੀ ਸਮੇਂ ਦੇ ਹੁਕਮਨਾਮੇ ਡਾਕ ਰਾਹੀਂ ਭੇਜ ਦਿਤੇ ਜਾਂਦੇ ਹਨ।
ਨਾ ਤਾਂ ਪਾਠ ਰਖਣ ਸਮੇਂ ਪਾਠ ਰਖਵਾਣ ਵਾਲਾ ਜਾਂ ਉਸਦੇ ਪਰਿਵਾਰ ਦਾ ਕੋਈ ਮੈਂਬਰ ਮੌਜੂਦ ਹੁੰਦਾ ਹੈ ਅਤੇ ਨਾ ਹੀ ਸਮਾਪਤੀ ਦੇ ਸਮੇਂ। ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਸ ਵਲੋਂ ਰਖਵਾਇਆ ਪਾਠ ਮਰਿਆਦਾ ਅਨੁਸਾਰ ਹੋਇਆ ਹੈ ਜਾਂ ਹੋਇਆ ਵੀ ਹੈ ਜਾਂ ਨਹੀਂ।

Geef een reactie

Het e-mailadres wordt niet gepubliceerd. Vereiste velden zijn gemarkeerd met *