ਚਿਰਾਂ ਤੋਂ ਹੋ ਰਹੀ ਅਰਦਾਸ ਪੂਰੀ ਕਿਉਂ ਨਹੀਂ ਹੁੰਦੀ?

ਕੁਝ ਸਮਾਂ ਹੋਇਐ, ਸਿੱਖ ਧਰਮ ਦੇ ਇਕ ਪ੍ਰਮੁੱਖ ਵਿਦਵਾਨ ਪ੍ਰਚਾਰਕ ਅਤੇ ਗੁਰਸ਼ਬਦ ਦੇ ਵਿਆਖਿਆਕਾਰ ਇਕ ਨਿਜੀ ਟੀਵੀ ਚੈਨਲ ਪੁਰ ਗੁਰ-ਸ਼ਬਦ ਦੀ ਵਿਆਖਿਆ ਕਰ ਰਹੇ ਸਨ। ਉਨ੍ਹਾਂ ਗੁਰ-ਸ਼ਬਦ ਦੀ ਵਿਆਖਿਆ ਕਰਦਿਆਂ ਅਚਾਨਕ ਇਹ ਸੁਆਲ ਉਠਾਇਆ ਕਿ ਬੀਤੇ ਲਗਭਗ ਅੱਠ ਦਹਾਕਿਆਂ ਤੋਂ ਹਰ ਇਤਿਹਾਸਕ, ਗੈਰ-ਇਤਿਹਾਸਕ (ਸਿੰਘ ਸਭਾ) ਗੁਰਦੁਆਰੇ ਅਤੇ ਹਰ ਸਿੱਖ ਘਰ ਵਿੱਚ, ਰੋਜ਼ ਘਟੋ-ਘਟ ਦੋ ਵਾਰ, ਸਵੇਰੇ -ਸ਼ਾਮ ਇਹ ਅਰਦਾਸ ਕੀਤੀ ਜਾਂਦੀ ਚਲੀ ਆ ਰਹੀ ਹੈ ਕਿ ‘ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ!’ ਉਨ੍ਹਾਂ ਹੋਰ ਕਿਹਾ ਕਿ ਕਈ ਵਾਰ ਇਹ ਅਰਦਾਸ ਦੋ ਵਾਰ ਤੋਂ ਵੱਧ ਵਾਰ ਵੀ ਕੀਤੀ ਜਾਂਦੀ ਹੈ। ਇਤਨਾ ਕਹਿਣ ਤੋਂ ਬਾਅਦ ਉਨ੍ਹਾਂ ਪੁਛਿਆ ਕਿ ਇਹ ਅਰਦਾਸ ਇਤਨੇ ਲੰਮੇਂ ਸਮੇਂ ਤੋਂ ਕੀਤੀ ਜਾ ਰਹੀ ਹੈ, ਫਿਰ ਵੀ ਇਹ ਪੂਰੀ ਕਿਉਂ ਨਹੀਂ ਹੋ ਰਹੀ? ਜਦਕਿ ਸਿੱਖ ਧਰਮ ਵਿੱਚ ਮੰਨਿਆ ਜਾਂਦਾ ਹੈ ਕਿ ਅਕਾਲ ਪੁਰਖ ਦੇ ਚਰਨਾਂ ਵਿੱਚ ਵਿਸ਼ਵਾਸ, ਸ਼ਰਧਾ, ਸ਼ੁਭ ਭਾਵਨਾ ਨਾਲ ਅਤੇ ਸੱਚੇ ਦਿਲੋਂ ਕੀਤੀ ਜਾਂਦੀ ਹਰ ਅਰਦਾਸ ਪੂਰੀ ਹੁੰਦੀ ਹੈ।ਫਿਰ ਉਨ੍ਹਾਂ ਆਪ ਹੀ ਆਪਣੇ ਇਸ ਸੁਆਲ ਦਾ ਜੁਆਬ ਦਿੰਦਿਆਂ ਕਿਹਾ ਕਿ ਸਾਡਾ ਕੰਮ ਅਰਦਾਸ ਕਰਨਾ ਹੈ, ਉਸਨੂੰ ਪੂਰਿਆਂ ਕਰਨਾ ਜਾਂ ਨਾ ਕਰਨਾ ਅਕਾਲ ਪੁਰਖ ਦੇ ਆਪਣੇ ਹੱਥ ਵਿੱਚ ਹੈ।
ਉਨ੍ਹਾਂ ਦੇ ਇਸ ਸੁਆਲ ਅਤੇ ਜੁਆਬ ਨਾਲ ਮਨ ਨੂੰ ਤਸਲੀ ਨਹੀਂ ਹੋਈ ਤੇ ਇਸ ਸਬੰਧੀ ਭਰਮ ਬਣਿਆ ਰਿਹਾ। ਇਸੇ ਕਾਰਣ ਉਨ੍ਹਾਂ ਦੇ ਸੁਆਲ ਅਤੇ ਜੁਆਬ ਦੇ ਸਬੰਧ ਵਿੱਚ ਕੁਝ ਧਾਰਮਕ ਨਿਸ਼ਠਾ ਰਖਣ ਵਾਲੇ ਸਜਣਾਂ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਪੂਰੇ ਵਿਸ਼ਵਾਸ, ਨਿਸ਼ਠਾ ਅਤੇ ਸ਼ੁਭ ਭਾਵਨਾ ਨਾਲ ਕੀਤੀ ਜਾਂਦੀ ਅਰਦਾਸ ਕਦੀ ਵੀ ਬਿਰਥੀ ਨਹੀਂ ਜਾਂਦੀ। ਉਹ ਜ਼ਰੂਰ ਪੂਰੀ ਹੁੰਦੀ ਹੈ, ਕਿਉਂਕਿ ਸਤਿਗੁਰਾਂ ਦਾ ਆਪਣਾ ਬਚਨ ਹੈ : ‘ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ’। ਉਨ੍ਹਾਂ ਦੇ ਇਹ ਵਿਚਾਰ ਸੁਣ, ਉਨ੍ਹਾਂ ਕੋਲੋਂ ਇਹ ਪੁਛੇ ਬਿਨਾਂ ਰਿਹਾ ਨਾ ਜਾ ਸਕਿਆ ਕਿ ਤਾਂ ਫਿਰ ਬੀਤੇ ਅੱਠ ਦਹਾਕਿਆਂ ਤੋਂ ਹਰ ਗੁਰਦੁਆਰੇ ਅਤੇ ਹਰ ਸਿੱਖ ਘਰ ਰੋਜ਼ ਦੋ ਵਾਰ ਤੋਂ ਵੀ ਵੱਧ ਵਾਰ ਕੀਤੀ ਜਾ ਰਹੀ ਅਰਦਾਸ ਕਿ ‘ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ!’ ਕਿਉਂ ਪੂਰੀ ਨਹੀਂ ਹੋ ਰਹੀ?
ਇਹ ਸੁਆਲ ਸੁਣ, ਉਹ ਕਾਫੀ ਦੇਰ ਚੁਪ ਰਹਿ ਸੋਚਾਂ ਵਿੱਚ ਡੁਬੇ ਰਹੇ। ਇਉਂ ਜਾਪਦਾ ਸੀ ਜਿਵੇਂ ਉਹ ਆਪਣੇ-ਆਪ ਨਾਲ ਮੰਥਨ ਕਰ, ਇਸ ਸੁਆਲ ਦਾ ਜੁਆਬ ਤਲਾਸ਼ ਰਹੇ ਹਨ। ਕੁਝ ਸਮੇਂ ਬਾਅਦ ਉਨ੍ਹਾਂ ਆਪਣੀ ਚੁਪ ਤੋੜੀ ਤੇ ਕਹਿਣਾ ਸ਼ੁਰੂ ਕੀਤਾ ਕਿ ਜੇ ਗੰਭੀਰਤਾ ਨਾਲ ਸੋਚੀਏ ਤਾਂ ਇਹ ਗਲ ਪ੍ਰਤੱਖ ਹੋ ਜਾਂਦੀ ਹੈ ਕਿ ਇਹ ਅਰਦਾਸ ਸਿੱਖੀ ਜੀਵਨ ਵਿੱਚ ਇਕ ਅਜਿਹੀ ‘ਰਸਮ’ ਜਿਹੀ ਬਣ ਗਈ ਹੈ, ਜੋ ਸਾਡੇ ਲਈ ਅਰਦਾਸ ਕਰਦਿਆਂ ਨਿਭਾਉਣੀ ਬਹੁਤ ਜ਼ਰੂਰੀ ਹੋ ਗਈ ਹੈ। ਕੋਈ ਮੌਕਾ ਹੋਵੇ, ਖੁਸ਼ੀ ਦਾ ਹੋਵੇ ਜਾਂ ਗ਼ਮੀਂ ਦਾ, ਅਰਦਾਸ ਕਰਦਿਆਂ ਇਹ ਰਸਮ ਜ਼ਰੂਰ ਪੂਰੀ ਕੀਤੀ ਜਾਂਦੀ ਹੈ। ਹਰ ਕੋਈ ਸਹਿਜੇ ਹੀ ਸਮਝ ਸਕਦਾ ਹੈ ਕਿ ਰਸਮੀ ਤੋਰ ਤੇ ਕੀਤੀ ਗਈ ਅਰਦਾਸ ਜਾਂ ਬੇਨਤੀ ਕਦੀ ਪ੍ਰਵਾਨ ਨਹੀਂ ਹੋ ਸਕਦੀ। ਜੇ ਅਰਦਾਸ ਪ੍ਰਵਾਨ ਹੀ ਨਹੀਂ ਹੋ ਰਹੀ ਤਾਂ ਫਿਰ ਉਹ ਪੂਰਿਆਂ ਕਿਵੇਂ ਹੋ ਸਕੇਗੀ?
ਉਨ੍ਹਾਂ ਵਿਚੋਂ ਹੀ ਇਕ ਸਜਣ ਨੇ ਦਸਿਆ ਕਿ ਕਾਫ਼ੀ ਸਮਾਂ ਹੋਇਐ, ਪੰਜਾਬ ਦੇ ਕਈ ਵਰ੍ਹਿਆਂ ਤਕ ਰਹੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਸ ਸਮੇਂ ਦੇ ਪ੍ਰਧਾਨ ਅਤੇ ਵਰਤਮਾਨ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਜਦੋਂ ਪਾਕਿਸਤਾਨ ਗਏ ਸਨ ਤਾਂ ਉਨ੍ਹਾਂ ਪਾਕਿਸਤਾਨੀ ਅਧਿਕਾਰੀਆਂ ਨਾਲ ਗਲ ਕਰਦਿਆਂ, ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ, ਮੁੜ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ-ਅਧੀਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਣ ਦੀ ਮੰਗ ਕੀਤੀ ਸੀ। ਜਿਸਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚੋਂ ਇੱਕ ਨੇ ਮੁਸਕੁਰਾਉਂਦਿਆਂ ਜਵਾਬ ਦਿਤਾ ਕਿ ਭਾਰਤ ਵਿਚਲੇ ਜਿਹੜੇ ਗੁਰਦੁਆਰੇ ਤੁਹਾਡੇ ਪ੍ਰਬੰਧ ਹੇਠ ਹਨ, ਉਨ੍ਹਾਂ ਦਾ ਪ੍ਰਬੰਧ ਤਾਂ ਤੁਹਾਡੇ ਪਾਸੋਂ ਚੰਗੀ ਤਰ੍ਹਾਂ ਹੁੰਦਾ ਨਹੀਂ। ਉਨ੍ਹਾਂ ਦੇ ਪ੍ਰਬੰਧ ਨੂੰ ਹੀ ਲੈ ਕੇ ਤੁਸੀਂ ਆਪੋ ਵਿੱਚ ਲੜਦੇ-ਭਿੜਦੇ ਰਹਿੰਦੇ ਹੋ। ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦਾ ਹੋਰ ਪ੍ਰਬੰਧ ਲੈ, ਕਿਉਂ ਆਪਣੇ ਲਈ ਨਵੀਂ ਲੜਾਈ ਸਹੇੜਨਾ ਚਾਹੁੰਦੇ ਹੋ? ਦਸਿਆ ਗਿਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੀ ਇਸ ਗਲ ਦਾ ਕੋਈ ਜੁਆਬ ਨਹੀਂ ਸੀ ਦੇ ਸਕੇ। ਉਸ ਸਜੱਣ ਨੇ ਇਹ ਗਲ ਦਸ ਕੇ ਕਿਹਾ ਕਿ ਇਸ ਗਲ ਵਿਚ ਕਿਤਨੀ-ਕੁ ਸਚਾਈ ਹੈ, ਇਸ ਬਾਰੇ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਜਾਂ ਪਾਕਿਸਤਾਨ ਦੇ ਸਬੰਧਤ ਅਧਿਕਾਰੀ ਹੀ ਦਸ ਸਕਦੇ ਹਨ, ਪਰ ਇਸ ਵਿਚ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਨਾ ਸੌਂਪੇ ਜਾਣ ਦੇ ਸਬੰਧ ਵਿਚ ਜੋ ਦਲੀਲ ਦਿਤੀ ਗਈ ਦਸੀ ਗਈ ਹੈ, ਉਸ ਵਿਚਲੀ ਸੱਚਾਈ ਨੂੰ ਤਾਂ ਨਕਾਰਿਆ ਨਹੀਂ ਜਾ ਸਕਦਾ।
ਇਸਦੇ ਨਾਲ ਹੀ ਉਨ੍ਹਾਂ ਕਿਹਾ, ਕਿ ਜੇ ਇਸ ਗਲ ਨੂੰ ਇਕ ਪਾਸੇ ਵੀ ਰਖ ਦਿੱਤਾ ਜਾਏ ਤਾਂ ਵੀ ਵਿਚਾਰਨ ਵਾਲੀ ਗਲ ਇਹ ਹੈ ਕਿ ਅਰਦਾਸ ਵਿੱਚ ਪੰਥ ਪਾਸੋਂ ਵਿਛੋੜੇ ਗਏ ਗੁਰਦੁਆਰਿਆਂ ਤੇ ਹੋਰ ਗੁਰਧਾਮਾਂ ਦੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ ‘ਖਾਲਸਾ’ ਜੀ ਨੂੰ ਬਖਸ਼ੇ ਜਾਣ ਦੀ ਮੰਗ ਕੀਤੀ ਜਾਂਦੀ ਚਲੀ ਆ ਰਹੀ ਹੈ। ਇਹ ਮੰਗ ਕਰਦਿਆਂ ਸ਼ਾਇਦ ਕਿਸੇ ਦਾ ਧਿਆਨ ਇਸ ਪਾਸੇ ਨਹੀਂ ਜਾਂਦਾ ਕਿ ‘ਦਰਸ਼ਨ-ਦੀਦਾਰ’ ਤੇ ‘ਸੇਵਾ-ਸੰਭਾਲ’ ਦੀ ਜ਼ਿਮੇਂਦਾਰੀ ‘ਖਾਲਸਾ’ ਜੀ ਨੂੰ ਬਖਸ਼ੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਸੁਆਲ ਉਠਦਾ ਹੈ ਕਿ ਕੀ ਸ਼੍ਰੋਮਣੀ ਗੁਰਦੁਆਰਾ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਜਾਂ ਕਿਸੇ ਹੋਰ ਧਾਰਮਕ ਸਿੱਖ ਜਥੇਬੰਦੀ ਦੇ ਮੁੱਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੀਨੇ ਤੇ ਹੱਥ ਰਖ, ਦਾਅਵੇ ਦੇ ਨਾਲ ਕਹਿ ਸਕਦੇ ਹਨ ਕਿ ਉਹ ਸੱਚੇ-ਸੁੱਚੇ ਅਤੇ ਸਥਾਪਤ ਕਸੌਟੀ ਪੁਰ ਪੂਰੇ ਉਤਰ ਸਕਣ ਵਾਲੇ ‘ਖਾਲਸਾ’ ਹਨ?
ਸਿੱਖਾਂ ਦੀਆਂ ਦੋ ਸਭ ਤੋਂ ਵੱਡੀਆਂ ਧਾਰਮਕ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਨ, ਇਨ੍ਹਾਂ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਦਹਾਕਿਆਂ ਤੋਂ ਇਕੋ ਜਥੇਬੰਦੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ-ਅਧੀਨ ਚਲੀ ਆ ਰਹੀ ਹੈ, ਪ੍ਰੰਤੂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਬਦਲਦੀ ਰਹਿੰਦੀ ਹੈ, ਜਿਵੇਂ ਚਾਰ-ਪੰਜ ਸਾਲ ਪਹਿਲ਼ਾਂ ਤਕ ਇਸਦੀ ਸੱਤਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹਥਾਂ ਵਿੱਚ ਰਹੀ। ਹੁਣ ਇਸਦੀ ਸੱਤਾ ਪੁਰ ਬਾਦਲ ਅਕਾਲੀ ਦਲ ਆਪ ਹੀ ਕਾਬਜ਼ ਹੋ ਗਿਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਬਜ਼ਾ ਕਰਨ ਅਤੇ ਕਬਜ਼ਾ ਬਣਾਈ ਰਖਣ ਲਈ ਜੋ ਹਥਕੰਡੇ ਵਰਤੇ ਜਾਂਦੇ ਹਨ, ਉਨ੍ਹਾਂ ਪੁਰ ਕੋਈ ਵੀ ਸਿੱਖ ਮਾਣ ਨਹੀਂ ਕਰ ਸਕਦਾ। ਇਸ ਉਦੇਸ਼ ਲਈ ਵਰਤੇ ਜਾਂਦੇ ਹਥ-ਕੰਡਿਆਂ ਨੂੰ ਵੇਖ-ਸੁਣ ਕੇ ਨਾ ਕੇਵਲ ਹਰ ਸਿੱਖ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ, ਸਗੋਂ ਗ਼ੈਰ-ਸਿੱਖਾਂ ਦੀਆਂ ਨਜ਼ਰਾਂ ਵਿਚ ਵੀ ਸਮੁਚੀ ਕੌਮ ਦੀ ਸਥਿਤੀ ਹਾਸੋ-ਹੀਣੀ ਬਣ ਜਾਂਦੀ ਹੈ। ਇਹ ਸਭ ਕੁਝ ਸਮਝਦਿਆਂ-ਬੁਝਦਿਆਂ ਹੋਇਆਂ ਵੀ ਕਿਸੇ ਨੂੰ ਕੋਈ ਚਿੰਤਾ ਨਹੀਂ।
…ਅਤੇ ਅੰਤ ਵਿੱਚ : ਇਸ ਸਾਰੀ ਗਲ ਨੂੰ ਧਿਆਨ ਨਾਲ ਸੁਣਦਿਆਂ ਇੱਕ ਸਜੱਣ ਕਿਹਾ ਕਿ ਫਿਰ ਤਾਂ ਸੁਆਲ ਇਹ ਉਠਦਾ ਹੈ ਕਿ ਅਜਿਹੀ ਸਥਿਤੀ ਵਿਚ ਅਰਦਾਸ ਕਰ, ਪੰਥ ਪਾਸੋਂ ਵਿਛੋੜੇ ਗਏ ਗੁਰਦੁਆਰਿਆਂ ਤੇ ਹੋਰ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ‘ਖਾਲਸਾ’ ਜੀ ਨੂੰ ਬਖਸ਼ੇ ਜਾਣ ਦੀ ਮੰਗ, ਜੋ ਬੀਤੇ ਸੱਤ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕੀਤੀ ਜਾਂਦੀ ਚਲੀ ਆ ਰਹੀ ਹੈ ਅਤੇ ਹੁਣ ਤਕ ਲਖਾਂ ਨਹੀਂ ਕਰੋੜਾਂ ਵਾਰ ਕੀਤੀ ਜਾ ਚੁਕੀ ਹੈ। ਅਗੋਂ ਵੀ ਲਗਾਤਾਰ ਕੀਤੀ ਜਾਂਦੀ ਰਹੇਗੀ, ਬਾਰੇ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ-ਆਪ ਤੋਂ ਹੀ ਪੁੱਛ ਵੇਖੋ ਕਿ ਇਸ ਅਰਦਾਸ ਰਾਹੀਂ ਕੀਤੀ ਜਾ ਰਹੀ ਇਸ ਮੰਗ ਨੂੰ ਪੂਰਿਆਂ ਕਰਨ ਲਈ, ਉਹ ਕਿਹੜਾ ‘ਖਾਲਸਾ’ ਹੈ, ਜਿਸਨੂੰ ਅਕਾਲ ਪੁਰਖ ਇਨ੍ਹਾਂ ਗੁਰਦੁਆਰਿਆਂ ਦੇ ਖੁਲ੍ਹੇ ਦਰਸ਼ਨ-ਦੀਦਾਰ ਅਤੇ ਸੇਵਾ-ਸੰਭਾਲ ਦੀ ਜ਼ਿਮੇਂਦਾਰੀ ਦੀ ਬਖਸ਼ਸ਼ ਕਰੇ?

Geef een reactie

Het e-mailadres wordt niet gepubliceerd. Vereiste velden zijn gemarkeerd met *