ਸਰਕਾਰੀ ਸਕੂਲਾਂ ’ਚ ਮੁੜ ਪੂਰੀਆਂ ਰੌਣਕਾਂ ਲੱਗਣੀਆਂ ਹੋਈਆਂ ਸ਼ੁਰੂ


ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀ ਸਕੂਲਾਂ ’ਚ ਆਉਣ ਲੱਗੇ
ਕੋਵਿਡ-19 ਸਬੰਧੀ ਸਾਵਧਾਨੀਆਂ ਅਤੇ ਹਦਾਇਤਾਂ ਦਾ ਕੀਤਾ ਜਾ ਰਿਹਾ ਹੈ ਪਾਲਣ
ਸ੍ਰੀ ਮੁਕਤਸਰ ਸਾਹਿਬ, 2 ਫਰਵਰੀ (ਰਾਜਵੰਤ ਸਿੰਘ )-ਪੰਜਾਬ ਸਰਕਾਰ ਦੀ ਪ੍ਰਵਾਨਗੀ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ, ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਬੱਚਿਆਂ ਸਕੂਲਾਂ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਹੈ। 1 ਫਰਵਰੀ ਤੋਂ ਆਖਰੀ ਪੜਾਅ ਤਹਿਤ ਪ੍ਰੀ-ਪ੍ਰਾਇਮਰੀ, ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਵੀ ਸਕੂਲ ਖੁੱਲ੍ਹਣ ਨਾਲ, ਸੂਬੇ ਦੇ ਸਕੂਲ ਪੂਰਨ ਰੂਪ ’ਚ ਖੁੱਲ੍ਹ ਗਏ ਹਨ। ਸਿੱਖਿਆ ਵਿਭਾਗ ਨੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਜਾਰੀ ਐੱਸ.ਓ.ਪੀਜ਼ ਅਤੇ ਹਦਾਇਤਾਂ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਸੀ ਅਤੇ ਵੱਖ-ਵੱਖ ਸਿੱਖਿਆ ਅਧਿਕਾਰੀਆਂ ਨੂੰ ਇਨ੍ਹਾਂ ਨਿਯਮਾਂ ਦਾ ਪਾਲਣ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਮੀਟਿੰਗਾਂ ਕਰਕੇ ਹਦਾਇਤਾਂ ਵੀ ਦਿੱਤੀਆਂ ਹਨ। ਜ਼ਿਲ੍ਹਾ ਸਿੱਖਿਆ ਅਫਸਰ (ਐਲੀ.) ਜਸਵਿੰਦਰ ਕੌਰ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਨੌਵੀਂ ਤੋਂ ਬਾਰ੍ਹਵੀ, ਦੂਜੇ ਪੜਾਅ ਵਿੱਚ ਪੰਜਵੀਂ ਤੋਂ ਅੱਠਵੀਂ, ਤੀਜੇ ਪੜਾਅ ਵਿੱਚ ਤੀਜੀ ਅਤੇ ਚੌਥੀ ਅਤੇ ਚੌਥੇ ਪੜਾਅ ਵਿੱਚ ਅੱਜ ਤੋਂ ਪ੍ਰੀ-ਪ੍ਰਾਇਮਰੀ, ਪਹਿਲੀ ਅਤੇ ਦੂਜੀ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਕੂਲ ਮੁਖੀਆਂ ਨੇ ਕੋਵਿਡ-19 ਤਹਿਤ ਜਾਰੀ ਹਦਾਇਤਾਂ ਅਤੇ ਸਾਵਧਾਨੀਆਂ ਦਾ ਪਾਲਣ ਕਰਦਿਆਂ ਬੱਚਿਆਂ ਦਾ ਨਿੱਘਾ ਸਵਾਗਤ ਕੀਤਾ। ਇਸ ਵਿੱਚ ਛੋਟੇ ਬੱਚਿਆਂ ਨੂੰ ਮਾਸਕ ਵੀ ਵੰਡੇ ਗਏ ਅਤੇ ਸੈਨੀਟਾਈਜ਼ਰ ਅਤੇ ਸਾਬਣ ਨਾਲ ਹੱਥ ਧੁਆ ਕੇ ਸਕੂਲਾਂ ਵਿੱਚ ਗੁਬਾਰੇ ਆਦਿ ਦੇ ਕੇ ਸਵਾਗਤ ਕੀਤਾ ਗਿਆ। ਕਈ ਸਕੂਲਾਂ ਵਿੱਚ ਛੋਟੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਉੱਪਰ ਸਕੂਲ ਅਧਿਆਪਕਾਂ ਨੇ ਫੁੱਲਾਂ ਦੀ ਵਰਖਾ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਛੋਟੇ ਬੱਚਿਆਂ ਦੇ ਬੈਠਣ ਲਈ ਉਚਿਤ ਦੂਰੀ ਅਨੁਸਾਰ ਸੀਟਿੰਗ ਪਲਾਨ ਤਿਆਰ ਕੀਤੇ ਗਏ। ਬੱਚਿਆਂ ਲਈ ਮਿਡ-ਡੇ-ਮੀਲ ਤਿਆਰ ਕਰਨ ਵਾਲੇ ਵਰਕਰਾਂ ਨੂੰ ਸਕੂਲ ਮੁਖੀਆਂ ਨੇ ਵਿਸ਼ੇਸ਼ ਹਦਾਇਤਾਂ ਦੇ ਕੇ ਮਿਡ-ਡੇ-ਮੀਲ ਤਿਆਰ ਕਰਨ ਲਈ ਕਿਹਾ। ਬੱਚਿਆਂ ਨੂੰ ਜ਼ਿਆਦਾਤਰ ਈ-ਕੰਟੈਨਟ ਰਾਹੀਂ ਆਨਲਾਈਨ ਪੜ੍ਹਾਈ ਕਰਵਾਈ ਗਈ ਤਾਂ ਜੋ ਬੱਚਿਆਂ ਦਾ ਮਨ ਸਕੂਲ ਵਿੱਚ ਜਿਆਦਾ ਲੱਗਿਆ ਰਹੇ। ਸਕੂਲਾਂ ਵਿੱਚ ਐੱਲ.ਈ.ਡੀ. ਜਾਂ ਪ੍ਰੋਜੈਕਟਰਾਂ ਰਾਹੀਂ ਬੱਚਿਆਂ ਨੂੰ ਐਜੂਕੇਅਰ ਐਪ, ਵਰਕਸ਼ੀਟਾਂ, ਸਲਾਈਡਾਂ, ਮਾਡਲ ਟੈਸਟ ਪੇਪਰਾਂ ਬਾਰੇ ਵੀ ਸਕੂਲਾਂ ਵਿੱਚ ਉਚੇਚੇ ਤੌਰ ’ਤੇ ਜਾਣਕਾਰੀ ਦਿੱਤੀ ਗਈ। ਸਰਕਾਰੀ ਪ੍ਰਾਇਮਰੀ ਸਕੂਲ ਗੋਬਿੰਦ ਨਗਰ ਮਲੋਟ ਦੇ ਅਧਿਆਪਕ ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਬੱਚਿਆਂ ਅੰਦਰ ਸਕੂਲ ਆਉਣ ਦਾ ਬਹੁਤ ਜਿਆਦਾ ਚਾਅ ਦੇਖਿਆ ਗਿਆ। ਬੱਚੇ ਆਪਣੇ ਸਕੂਲ ਦੇ ਬੈਂਚਾਂ, ਕਮਰਿਆਂ, ਚਾਕ-ਬੋਰਡਾਂ ਅਤੇ ਅਧਿਆਪਕਾਂ ਨੂੰ ਮਿਲਣ ਲਈ ਉਤਾਵਲੇ ਸਨ। ਪਰ ਸਾਰੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਅਤੇ ਸਰਪ੍ਰਸਤਾਂ ਦੀ ਹਾਜ਼ਰੀ ਵਿੱਚ ਕੋਵਿਡ-19 ਸਬੰਧੀ ਹਦਾਇਤਾਂ ਦਾ ਪਾਲਣ ਕਰਨ ਬਾਰੇ ਜਾਗਰੂਕ ਕੀਤਾ ਗਿਆ ਜਿੰਨ੍ਹਾਂ ’ਤੇ ਅਮਲ ਕਰਨ ਲਈ ਸਮੂਹ ਵਿਦਿਆਰਥੀਆਂ ਨੇ ਅਧਿਆਪਕਾਂ ਦਾ ਪੂਰਾ ਕਹਿਣਾ ਮੰਨਣ ਦੀ ਹਾਮੀ ਵੀ ਭਰੀ। ਮੀਡੀਆ ਕੋਆਰਡੀਨੇਟਰ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਲਗਭਗ 10 ਮਹੀਨਿਆਂ ਤੋਂ ਬਾਅਦ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਦੇਖਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਲਈ ਚਾਵਾਂ ਨਾਲ ਤਿਆਰ ਕੀਤੇ ਗਏ ਪ੍ਰੀ-ਪ੍ਰਾਇਮਰੀ ਕਮਰੇ ਦਾ ਵੀ ਮੁੱਲ ਪਿਆ ਹੈ। ਉਹ ਬੱਚਿਆਂ ਦੀ ਸਿਹਤ ਸੰਭਾਲ ਲਈ ਸੈਨੀਟਾਈਜ਼ੇਸ਼ਨ ਪ੍ਰਕਿਰਿਆ ਨੂੰ ਪਹਿਲ ਦਿੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਮਾਪਿਆਂ ਨੇ ਵੀ ਸਕੂਲ ਖੁੱਲ੍ਹਣ ਦਾ ਸਵਾਗਤ ਕੀਤਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *