ਅਵਤਾਰ ਪੁਰਬ ‘ਤੇ ਵਿਸ਼ੇਸ਼

ਸ੍ਰੀ ਗੁਰੂ ਹਰਿਰਾਇ ਸਾਹਿਬ ਜੀ

ਡਾ.ਚਰਨਜੀਤ ਸਿੰਘ ਗੁਮਟਾਲਾ

ਸਤਵੀਂ ਪਾਤਸ਼ਾਹੀ ਸ੍ਰੀ ਹਰਿਰਾਇ ਸਾਹਿਬ ਜੀ, ਬਾਬਾ ਗੁਰਦਿੱਤਾ ਜੀ ਦੇ ਸਪੁਤਰ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ।ਮਾਤਾ ਜੀ ਦਾ ਨਾਂ ਮਾਤਾ ਨਿਹਾਲ ਕੌਰ ਸੀ ।ਆਪ ਜੀ ਨੇ ਪੰਜਾਬ ਦੇ ਮੌਜੂਦਾ ਜ਼ਿਲ੍ਹਾ ਰੋਪੜ ਵਿੱਚ 19 ਮਾਘ ਸੰਮਤ 1686 (16 ਜਨਵਰੀ 1630) ਨੂੰ ਕੀਰਤਪੁਰ ਵਿਖੇ ਅਵਤਾਰ ਧਾਰਿਆਂ। 1640 ਵਿੱਚ, ਆਪ ਜੀ ਸ਼ਾਦੀ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਜ਼ਿਲ੍ਹੇ ਵਿੱਚ ਸਥਿਤ ਅਨੂਪ ਸ਼ਹਿਰ ਦੇ ਭਾਈ ਦਯਾ ਰਾਮ ਦੀ ਸੁਪੁਤਰੀ ਬੀਬੀ ਸੁਲੱਖਣੀ ਜੀ ਨਾਲ ਹੋਈ। ਇਹ ਬਹੁਤ ਨੇਕ ਅਤੇ ਸ਼ਰਧਾ ਸੁਭਾਅ ਦੇ ਵਿਅਕਤੀ ਸਨ।ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਜੀ ਨਾਂ ਸ਼੍ਰੀ ਹਰਿਰਾਇ ਆਪ ਰੱਖਿਆ ਸੀ।ਪੰਜਾਬੀ ਯੂਨੀਵਰਸਿੱਟੀ,ਪਟਿਆਲਾ ਦੁਆਰਾ ਪ੍ਰਕਾਸ਼ਿਤ ਸਿੱਖ ਧਰਮ ਵਿਸ਼ਵ ਕੋਸ਼ ਵਿਚ ਵੱਖ ਵੱਖ ਇਤਿਹਾਸਕਾਰਾਂ ਦੇ ਹਵਾਲਿਆਂ ਨਾਲ ਆਪ ਜੀ ਦੇ ਜੀਵਨ ਦੇ ਵਿਭਿੰਨ ਪਹਿਲੂਆਂ ਬਾਰੇ ਜੋ ਰੌਸ਼ਨੀ ਪਾਈ ਗਈ ਹੈ , ਉਸ ਅਨੁਸਾਰ ਪੁਰਾਤਨ ਲਿਖਤਾਂ ਵਿੱਚ ਲਿਖਿਆ ਮਿਲਦਾ ਹੈ ਕਿ ਇੱਕ ਵਾਰੀ ਆਪ ਜੀ ਘੋੜ ਸਵਾਰੀ ਉਪਰੰਤ ਵਾਪਸ ਘਰ ਪਰਤ ਰਹੇ ਸਨ। ਇਹਨਾਂ ਨੇ ਦੂਰੋਂ ਦੇਖਿਆ ਕਿ ਸ੍ਰੀ ਗੁਰੂ ਹਰਿਗੋਬਿੰਦ ਜੀ ਬਾਗ਼ ਵਿੱਚ ਬੈਠੇ ਹਨ। ਇਹ ਤੁਰੰਤ ਘੋੜੇ ਤੋਂ ਉਤਰੇ ਅਤੇ ਜਾ ਕੇ ਗੁਰੂ ਜੀ ਨੂੰ ਮੱਥਾ ਟੇਕਿਆ। ਇਸ ਕਾਹਲ ਵਿੱਚ ਇਹਨਾਂ ਦਾ ਚੋਲਾ ਝਾੜੀ ਵਿੱਚ ਫਸ ਗਿਆ ਅਤੇ ਇਸ ਤਰ੍ਹਾਂ ਟਾਹਣੀ ਨਾਲੋਂ ਕੁਝ ਫੁੱਲ ਟੁੱਟ ਗਏ। ਇਸ ਨਾਲ ਹਰਿਰਾਇ ਜੀ ਦੇ ਦਿਲ ਨੂੰ ਦੁੱਖ ਹੋਇਆ। ਇਹ ਉਸੇ ਜਗ੍ਹਾਂ ‘ਤੇ ਬੈਠ ਗਏ ਅਤੇ ਉੱਚੀ-ਉੱਚੀ ਰੋਣ ਲੱਗ ਪਏ।ਸ੍ਰੀ ਗੁਰੂ ਹਰਿਗੋਬਿੰਦ ਜੀ ਆਏ ਅਤੇ ਇਹਨਾਂ ਨੂੰ ਧੀਰਜ ਦਿੱਤਾ। ਗੁਰੂ ਜੀ ਨੇ ਇਹਨਾਂ ਨੂੰ ਸਲਾਹ ਦਿੱਤੀ , “ਕੱਪੜੇ ਜਿਵੇਂ ਚਾਹੋ ਪਾਉ ਪਰੰਤੂ ਤੁਰਨ ਵੇਲੇ ਧਿਆਨ ਰੱਖੋ। ਪ੍ਰਮਾਤਮਾ ਦੇ ਸੇਵਕਾਂ ਤੋਂ ਇਹ ਉਮੀਦ ਰੱਖੀ ਜਾਂਦੀ ਹੈ ਕਿ ਉਹ ਸਾਰਿਆਂ ਨੂੰ ਪਿਆਰ ਕਰਨ”। ਇਸ ਤਰ੍ਹਾਂ ਗੁਰੂ ਜੀ ਦੇ ਸ਼ਬਦਾਂ ਵਿੱਚ ਡੂੰਘੇ ਅਰਥ ਸਨ। ਮਨੁੱਖ ਨੂੰ ਇਸ ਸੰਸਾਰ ਵਿੱਚ ਰਹਿਣਾ ਚਾਹੀਦਾ ਹੈ ਪਰ ਨਾਲ ਹੀ ਨਾਲ ਆਪਣੇ ਆਪ ‘ਤੇ ਪੂਰਾ ਕੰਟਰੋਲ ਰੱਖਣਾ ਚਾਹੀਦਾ ਹੈ।

      ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਇਹ ਜਾਣ ਲਿਆ ਸੀ ਕਿ ਸ੍ਰੀ ਹਰਿਰਾਇ ਗੁਰੂ ਜੋਤ ਦੀ ਪ੍ਰਾਪਤੀ ਲਈ ਸਭ ਤੋਂ ਵੱਧ ਯੋਗ ਵਿਅਕਤੀ ਹਨ। ਗੁਰੂ ਜੀ ਨੇ ਇਹਨਾਂ ਨੂੰ ਆਪਣਾ ਵਾਰਸ ਨਿਯੁਕਤ ਕਰ ਦਿੱਤਾ ਅਤੇ 3 ਮਾਰਚ 1644 ਨੂੰ ਆਪਣੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਇਹਨਾਂ ਨੂੰ ਗੁਰਿਆਈ ਦਾ ਤਿਲਕ ਲਗਾ ਦਿੱਤਾ।

      ਸ੍ਰੀ ਗੁਰੂ ਹਰਿਰਾਇ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਜੀ ਦੁਆਰਾ ਅਰੰਭ ਕੀਤਾ ਠਾਠ ਬਾਠ ਵਾਲਾ ਜੀਵਨ ਜਿਊਣਾ ਜਾਰੀ ਰੱਖਿਆ । ਇਹਨਾਂ ਕੋਲ 2200 ਹਥਿਆਰਬੰਦ ਸਿੱਖ ਸਨ ਪ੍ਰੰਤੂ ਸਰਕਾਰ ਨਾਲ ਇਹਨਾਂ ਦੀ ਕੋਈ ਟੱਕਰ ਨਹੀਂ ਹੋਈ। ਇਹਨਾਂ ਨੇ ਤਿੰਨ ਪ੍ਰਚਾਰ ਮਿਸ਼ਨ ਜਿਨ੍ਹਾਂ ਨੂੰ ‘ਬਖ਼ਸ਼ਿਸ਼ਾਂ’ ਕਿਹਾ ਜਾਂਦਾ ਸੀ ਸ੍ਰੀ ਗੁਰੂ ਨਾਨਕ ਦੇਵ ਦੀ ਬਾਣੀ ਦਾ ਪ੍ਰਚਾਰ ਕਰਨ ਲਈ ਸਥਾਪਿਤ ਕਰ ਦਿੱਤੇ। ਪਹਿਲਾ ਭਗਵਾਨ ਗਿਰ ਦਾ ਸੀ ਜਿਸ ਦਾ ਨਾਂ ਬਦਲ ਕੇ ਭਗਤ ਭਗਵਾਨ ਰੱਖਿਆ ਗਿਆ ਸੀ। ਦੂਸਰਾ ਸੰਗਤੀਆ ਸੀ ਜਿਸ ਦਾ ਨਾਂ ਬਦਲ ਕੇ ਭਾਈ ਫੇਰੂ ਰੱਖਿਆ ਗਿਆ ਅਤੇ ਜਿਸ ਨੇ ਰਾਜਸਥਾਨ ਅਤੇ ਦੱਖਣੀ ਪੰਜਾਬ ਵਿੱਚ ਸਿੱਖ ਧਰਮ ਦਾ ਪ੍ਰਚਾਰ ਕੀਤਾ।ਸ੍ਰੀ ਗੁਰੂ ਹਰਿਰਾਇ ਜੀ ਨੇ ਭਾਈ ਗੋਂਦਾ ਨੂੰ ਕਾਬੁਲ ਭੇਜਿਆ, ਭਾਈ ਨੱਥਾ ਨੂੰ ਢਾਕੇ ਅਤੇ ਭਾਈ ਜੋਧ ਨੂੰ ਮੁਲਤਾਨ ਪ੍ਰਚਾਰ ਲਈ ਭੇਜਿਆ। ਅਜੋਕੇ ਬਾਗੜੀਆਂ ਅਤੇ ਕੈਥਲ ਪਰਿਵਾਰਾਂ ਦੇ ਪੂਰਵਜਾਂ ਨੇ ਮਾਲਵੇ ਦੇ ਇਲਾਕੇ ਵਿੱਚ ਪ੍ਰਚਾਰ ਕੀਤਾ। ਸ੍ਰੀ ਗੁਰੂ ਹਰਿਰਾਇ ਆਪ ਵੀ ਇਸ ਇਲਾਕੇ ਵਿੱਚ ਬਹੁਤ ਘੁੰਮੇ ਫਿਰੇ ਅਤੇ ਇਹਨਾਂ ਦੇ ਪ੍ਰਚਾਰ ਨਾਲ ਬਹੁਤ ਲੋਕ ਸਿੱਖ ਬਣ ਗਏ। ਇੱਕ ਗ਼ਰੀਬ ਲੜਕੇ ਫੂਲ ਨੂੰ ਸ੍ਰੀ ਗੁਰੂ ਹਰਿਗੋਬਿੰਦ ਜੀ ਵੱਲੋਂ ਮਿਲੇ ਅਸ਼ੀਰਵਾਦ ਨੂੰ ਆਪ ਜੀ ਨੇ ਮੁੜ ਦੁਹਰਾਇਆ ਅਤੇ ਪਿੱਛੋਂ ਜਾ ਕੇ ਇਹ ਪਟਿਆਲਾ, ਨਾਭਾ ਅਤੇ ਜੀਂਦ ਦਾ ਬਾਨੀ ਬਣਿਆ। ਅਜੋਕੇ ਸਮੇਂ ਤੱਕ ਪੰਜਾਬ ਵਿੱਚ ਇਹਨਾਂ ਪਰਿਵਾਰਾਂ ਨੇ ਆਪਣੇ ਇਲਾਕਿਆਂ ਵਿੱਚ ਰਾਜ ਕੀਤਾ ਹੈ।

      ਕੀਰਤਪੁਰ ਗੁਰੂ ਹਰਿਰਾਇ ਜੀ ਦਾ ਪੱਕਾ ਟਿਕਾਣਾ ਸੀ। ਇੱਥੇ ਹੀ ਸਿੱਖ ਅਤੇ ਯਾਤਰੂ ਅਸ਼ੀਰਵਾਦ ਅਤੇ ਉਪਦੇਸ਼ ਲੈਣ ਲਈ ਆਉਂਦੇ ਸਨ। ਗੁਰੂ ਜੀ ਨੇ ਆਪਣਾ ਨਿੱਤਕਰਮ ਆਪਣੇ ਪੂਰਵਜਾਂ ਦੀ ਤਰ੍ਹਾਂ ਨਿਰੰਤਰ ਜਾਰੀ ਰੱਖਿਆ। ਲੰਗਰ ਦੀ ਸੰਸਥਾ ਹੋਰ ਵਧੀ ਫੁੱਲੀ।ਆਪ ਸਾਦਾ ਭੋਜਨ ਛੱਕਦੇ ਸਨ ਜਿਸ ਨੂੰ ਉਹ ਆਪਣੇ ਹੱਥੀਂ ਕੰਮ ਕਰਕੇ ਕਮਾਉਂਦੇ ਸਨ। ਸਵੇਰ ਵੇਲੇ ਆਪ ਜੀ ਸੰਗਤ ਵਿੱਚ ਬੈਠਦੇ ਅਤੇ ਸਿੱਖ ਸਿਧਾਂਤਾਂ ਦੀ ਵਿਆਖਿਆ ਕਰਦੇ ਸਨ। ਇਹਨਾਂ ਨੇ ਆਪ ਕੋਈ ਬਾਣੀ ਨਹੀਂ ਰਚੀ ਪ੍ਰੰਤੂ ਆਪਣੇ ਪ੍ਰਵਚਨਾਂ ਵਿੱਚ ਆਪ ਪਹਿਲੇ ਗੁਰੂ ਸਾਹਿਬਾਨਾਂ ਦੀ ਬਾਣੀ ਵਿਚੱੋਂ ਉਦਾਹਰਨਾਂ ਦਿੰਦੇ ਸਨ। ਆਪ ਅਕਸਰ ਭਾਈ ਗੁਰਦਾਸ ਦੀਆਂ ਵਾਰਾਂ (ਯਯੜੀ.15) ਵਿੱਚੋਂ ਹੇਠ ਲਿਖੀ ਪਉੜੀ ਦੁਹਰਾਉਂਦੇ ਹੁੰਦੇ ਸਨ :-

      ਪਿਛਲ ਰਾਤੀ ਜਾਗਣਾ ਨਾਮੁ ਦਾਨੁ ਇਸਨਾਨੁ ਦਿੜਾਏ॥

      ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇ ਕੈ ਭਲਾ ਮਨਾਏ॥

      ਥੋੜਾ ਸਵਣਾ ਖਾਵਣਾ ਥੋੜਾ ਬੋਲਨੁ ਗੁਰਮਤਿ ਪਾਏ॥

      ਘਾਲਿ ਖਾਇ ਸੁਕ੍ਰਿਤੁ ਕਰੈ ਵਡਾ ਹੋਇ ਨ ਆਪੁ ਗਣਾਏ॥

      ਸਾਧ ਸੰਗਤਿ ਮਿਲਿ ਗਾਵਦੇ ਰਾਤਿ ਦਿਹੈ ਨਿਤ ਚਲਿ ਚਲਿ ਜਾਏ॥

      ਸਬਦ ਸੁਰਤਿ ਪਰਚਾ ਕਰੈ ਸਤਿਗੁਰੁ ਪਰਚੈ ਮਨ ਪਰਚਾਏ॥

      ਆਸਾ ਵਿਚਿ ਨਿਰਾਸੁ ਵਲਾਏ॥5॥

      ਗੁਰੂ ਹਰਿਰਾਇ ਗੋਇੰਦਵਾਲ ਵਿਖੇ ਹੀ ਸਨ ਜਦੋਂ ਦਾਰਾ ਸ਼ੁਕੋਹ ਜੋ ਮੁਗ਼ਲ ਰਾਜ ਗੱਦੀ ਦਾ ਵਾਰਸ ਸੀ ਆਪਣੇ ਭਰਾ ਔਰੰਗਜ਼ੇਬ ਤੋਂ 29 ਮਈ 1658 ਨੂੰ ਸਾਮੂਗੜ ਦੀ ਲੜਾਈ ਵਿੱਚ ਹਾਰ ਖਾ ਕੇ ਫ਼ੌਜ ਦੇ ਅੱਗੇ ਭੱਜਦਾ ਹੋਇਆ ਪੰਜਾਬ ਵਿੱਚ ਦਾਖ਼ਲ ਹੋ ਗਿਆ ਸੀ। ਗੋਇੰਦਵਾਲ ਵਿਖੇ ਜਿੱਥੇ ਇਹ ਜੂਨ 1658 ਦੇ ਪਿਛਲੇ ਹਫ਼ਤੇ ਪੁਹੰਚਿਆ ਸੀ। ਇਹ ਗੁਰੂ ਹਰਿਰਾਇ ਜੀ ਦੇ ਦਰਸ਼ਨਾਂ ਲਈ ਆਇਆ ਅਤੇ ਇਹਨਾਂ ਤੋਂ ਬਖ਼ਸ਼ਸ਼ ਲਈ ਬੇਨਤੀ ਕੀਤੀ। ਇਹ ਸ਼ਹਿਜ਼ਾਦਾ ਖੁੱਲ੍ਹੇ ਧਾਰਮਿਕ ਸੁਭਾਅ ਦਾ ਸੀ ਅਤੇ ਕੁਦਰਤੀ ਤੌਰ ‘ਤੇ ਸਾਧਾਂ-ਸੰਤਾਂ ਦੀ ਸੰਗਤ ਕਰਕੇ ਪ੍ਰਸੰਨ ਹੁੰਦਾ ਸੀ। ਇਹ ਵਿਸ਼ੇਸ਼ ਤੌਰ ‘ਤੇ ਪ੍ਰਸਿੱਧ ਮੁਸਲਮਾਨ ਸੂਫ਼ੀ ਮੀਆਂ ਮੀਰ ਦਾ ਪ੍ਰਸੰਸਕ ਸੀ ਜਿਸ ਦਾ ਸਿੱਖ ਗੁਰੂਆਂ ਨਾਲ ਮੇਲ-ਜੋਲ ਸੀ। ਸਿੱਖ ਪਰੰਪਰਾ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਕਿਵੇਂ ਇੱਕ ਵਾਰੀ ਦਾਰਾ ਸ਼ੁਕੋਹ ਇੱਕ ਨਾਮੁਰਾਦ ਬਿਮਾਰੀ ਤੋਂ ਗੁਰੂ ਹਰਿਰਾਇ ਦੁਆਰਾ ਭੇਜੀਆਂ ਗਈਆਂ ਜੜੀਆਂ ਬੂਟੀਆਂ ਨਾਲ ਤਿਆਰ ਕੀਤੀ ਦਵਾਈ ਨਾਲ ਤੰਦਰੁਸਤ ਹੋ ਗਿਆ ਸੀ। ਇਸ ਲਈ ਇਸ ਨੇ ਆਪਣੇ ਇਸ ਦੁੱਖ ਦੀ ਘੜੀ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਦਾ ਮੌਕਾ ਹੱਥੋਂ ਨਾ ਜਾਣ ਦਿੱਤਾ। ਸਰੂਪ ਦਾਸ ਭੱਲਾ ਦੇ ਮਹਿਮਾ ਪ੍ਰਕਾਸ਼ ਅਨੁਸਾਰ ਗੁਰੂ ਹਰਿਰਾਇ ਜੀ ਨੇ ਔਰੰਗਜ਼ੇਬ ਦੀ ਫ਼ੌਜ ਨੂੰ ਲੇਟ ਕਰਨ ਲਈ ਆਪਣੀ ਫ਼ੌਜ ਪੱਤਣ ‘ਤੇ ਲਗਾ ਦਿੱਤੀ ਜੋ ਦਾਰਾ ਦਾ ਤੇਜ਼ੀ ਨਾਲ ਪਿੱਛਾ ਕਰ ਰਹੀ ਸੀ।

      ਗੁਰੂ ਹਰਿਰਾਇ ਜੀ ਨੇ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਦੀ ਫੇਰੀ ਲਗਾਈ ਜਿੱਥੇ ਇਹਨਾਂ ਦੇ ਪੂਰਬਲੇ ਗੁਰੂਆਂ ਦੁਆਰਾ ਪ੍ਰਚਾਰ ਕਰਨ ‘ਤੇ ਸਿੱਖ ਧਰਮ ਪੱਕੇ ਪੈਰੀਂ ਹੋ ਗਿਆ ਸੀ। ਆਪ ਜੀ ਦੂਰ ਕਸ਼ਮੀਰ ਤੱਕ ਚੱਲੇ ਗਏ। 1660 ਦੀ ਵਿਸਾਖੀ ਇਹਨਾਂ ਹਕੀਕਤ ਰਾਇ ਸ਼ਹੀਦ ਦੇ ਦਾਦੇ ਨੰਦ ਲਾਲ ਪੁਰੀ ਦੇ ਘਰ ਸਿਆਲਕੋਟ ਮਨਾਈ। ਯਾਤਰਾ, ਕੁਝ ਸਿੱਖਾਂ ਜਿਵੇਂ ਇੱਕ ਲੁਬਾਣਾ ਪਵਾਰੀ ਮੱਖਣ ਸ਼ਾਹ ਅਤੇ ਆੜੂ ਰਾਮ ਦੇ ਸਾਥ ਵਿੱਚ ਜਾਰੀ ਰਹੀ। ਆੜੂ ਰਾਮ ਦਾ ਪੁੱਤਰ ਕ੍ਰਿਪਾ ਰਾਮ ਦੱਤ ਬਾਅਦ ਵਿੱਚ ਕਸ਼ਮੀਰੀ ਪੰਡਤਾਂ ਨੂੰ ਨਾਲ ਲੈ ਕੇ ਸ਼ਾਹੀ ਦਮਨ ਵਿਰੁੱਧ ਗੁਰੂ ਤ7ਗ਼ ਬਹਾਦਰ ਜੀ ਕੋਲ ਆਇਆ ਸੀ। ਗੁਰੂ ਹਰਿਰਾਇ ਜੀ 19 ਮਈ 1660 ਨੂੰ ਮਾਰਤੰਡ ਹੋ ਕੇ ਸ੍ਰੀਨਗਰ ਪਹੁੰਚੇ ਅਤੇ ਮੋਟਾ ਟਾਂਡਾ ਵੀ ਗਏ। ਮੱਖਣ ਸ਼ਾਹ ਇਸੇ ਪਿੰਡ ਦਾ ਰਹਿਣ ਵਾਲਾ ਸੀ। ਵਾਪਸ ਆਉਂਦੇ ਹੋਏ ਆਪ ਅਖਨੂਰ ਅਤੇ ਜੰਮੂ ਠਹਿਰੇ। ਜੰਮੂ ਵਿਖੇ ਸਥਾਨਿਕ ਮਸੰਦ ਭਾਈ ਕਾਹਨਾ ਸੰਗਤ ਲੈ ਕੇ ਹਾਜ਼ਰ ਹੋਇਆ।

      ਗੁਰੂ ਹਰਿਰਾਇ ਜੀ ਨਾਲ ਦਾਰਾ ਸ਼ੁਕੋਹ ਦੀ ਮਿਲਣੀ ਨੂੰ ਬਾਦਸ਼ਾਹ ਔਰੰਗਜ਼ੇਬ ਨੂੰ ਗ਼ਲਤ ਢੰਗ ਨਾਲ ਦੱਸਿਆ ਗਿਆ। ਕਾਫ਼ੀ ਮਸਾਲੇ ਲਗਾ ਕੇ ਕਹਾਣੀਆਂ ਉਸ ਤੱਕ ਪਹੁੰਚਾਈਆਂ ਗਈਆਂ। ਉਸਦੇ ਅਫ਼ਸਰਾਂ ਅਤੇ ਦਰਬਾਰੀਆਂ ਨੇ ਉਸ ਨੂੰ ਦੱਸਿਆ ਕਿ ਗੁਰੂ ਹਰਿਰਾਇ ਇੱਕ ਬਾਗ਼ੀ ਹੈ ਅਤੇ ਇਹਨਾਂ ਨੇ ਭਗੌੜੇ ਸ਼ਹਿਜ਼ਾਦੇ ਦਾਰਾ ਦੀ ਵੀ ਮਦਦ ਕੀਤੀ ਹੈ।ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ (ਗੁਰੂ) ਗ੍ਰੰਥ ਸਾਹਿਬ ਵਿੱਚ ਇਸਲਾਮ ਵਿਰੁੱਧ ਬਾਣੀ ਲਿਖੀ ਹੋਈ ਹੈ। ਬਾਦਸ਼ਾਹ ਨੇ ਆਂਬੇਰ ਦੇ ਰਾਜਾ ਜੈ ਸਿੰਘ ਨੂੰ ਗੁਰੂ ਹਰਿਰਾਇ ਜੀ ਨੂੰ ਦਿੱਲੀ ਲਿਆਉਣ ਲਈ ਕਿਹਾ। ਰਾਜੇ ਦਾ ਦੂਤ ਹਰੀ ਚੰਦ 1661 ਨੂੰ ਵਿਸਾਖੀ ਵਾਲੇ ਦਿਨ ਕੀਰਤਪੁਰ ਪਹੁੰਚਿਆ ਅਤੇ ਉਸ ਨੇ ਸ਼ਾਹੀ ਸੰਮਨ ਦੇ ਦਿੱਤੇ। ਗੁਰੂ ਹਰਿਰਾਇ ਜੀ ਨੇ ਸੰਮਨ ਲੈ ਲਏ ਅਤੇ ਕਵੀ ਸੰਤੋਖ ਸਿੰਘ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਉਹਨਾਂ ਨੇ ਕਿਹਾ, “ਮੈਂ ਕਿਸੇ ਖਿੱਤੇ ‘ਤੇ ਰਾਜ ਨਹੀਂ ਕਰਦਾ, ਨਾ ਹੀ ਬਾਦਸ਼ਾਹ ਦਾ ਕੋਈ ਟੈਕਸ ਮੇਰੇ ਵੱਲ ਬਣਦਾ ਹੈ ਅਤੇ ਨਾ ਹੀ ਮੈਂ ਉਸ ਤੋਂ ਕੁਝ ਲੈਣਾ ਹੈ। ਸਾਡੇ ਵਿੱਚ ਗੁਰੂ ਅਤੇ ਸਿੱਖ ਵਾਲਾ ਵੀ ਕੋਈ ਰਿਸ਼ਤਾ ਨਹੀਂ ਹੈ। ਫਿਰ ਇਸ ਮਿਲਣੀ ਦਾ ਕੀ ਲਾਭ ਹੋਵੇਗਾ”। ਇਸ ਲਈ ਗੁਰੂ ਜੀ ਨੇ ਆਪਣੀ ਥਾਂ ‘ਤੇ ਆਪਣੇ ਵੱਡੇ ਲੜਕੇ ਰਾਮਰਾਇ ਨੂੰ ਭੇਜ ਦਿੱਤਾ ਅਤੇ ਇਸ ਦੀ ਮਦਦ ਲਈ ਦੀਵਾਨ ਦਰਗਾਹ ਮੱਲ ਨਾਲ ਭੇਜਿਆ। ਗੁਰੂ ਕੀਆਂ ਸਾਖੀਆਂ ਅਨੁਸਾਰ ਗੁਰੂ ਹਰਿਰਾਇ ਜੀ ਨੇ ਆਪਣੇ ਪੁੱਤਰ ਨੂੰ ਅਸ਼ੀਰਵਾਦ ਦਿੱਤਾ। ਜਦੋਂ ਉਹ ਗੱਡੀ ਵਿੱਚ ਬੈਠ ਗਿਆ ਤਾਂ ਉਸ ਨੂੰ ਹੇਠ ਲਿਖੀ ਨਸੀਹਤ ਦਿੱਤੀ : “ਬਿਨਾਂ ਕਿਸੇ ਡਰ ਭੈ ਦੇ ਬਾਦਸ਼ਾਹ ਵੱਲੋਂ ਪੁੱਛੇ ਪ੍ਰਸ਼ਨਾਂ ਦਾ ਸਾਫ਼ ਅਤੇ ਸਪੱਸ਼ਟ ਉੱਤਰ ਦੇਣਾ। ਕਿਸੇ ਕਿਸਮ ਦੀ ਕੋਈ ਹਿਚਕਿਚਾਹਟ ਨਹੀਂ ਦਿਖਾਉਣੀ। ਰਸਤੇ ਵਿੱਚ ਜਿੱਥੇ ਵੀ ਰੁਕੋ ਗ੍ਰੰਥ ਦਾ ਮਨ ਲਾ ਕੇ ਪਾਠ ਕਰੋ। ਜਿੱਥੇ ਵੀ ਤੁਸੀਂ ਹੋਵੋਗੇ ਗੁਰੂ ਤੁਹਾਡੀ ਰੱਖਿਆ ਕਰੇਗਾ”। ਭਾਈ ਬਹਿਲੋ ਦੇ ਪਰਿਵਾਰ ਦੇ ਗੁਰਦਾਸ ਨੂੰ (ਗੁਰੂ) ਗ੍ਰੰਥ ਦੀ ਬੀੜ ਰਾਮਰਾਇ ਦੇ ਨਾਲ ਲੈ ਜਾਣ ਦਾ ਆਦੇਸ਼ ਦਿੱਤਾ। ਬਾਦਸ਼ਾਹ ਨੂੰ ਖੁਸ਼ ਕਰਨ ਲਈ ਰਾਮਰਾਇ ਨੇ ਜਾਣ ਬੁੱਝ ਕੇ (ਗੁਰੂ ਗ੍ਰੰਥ ਸਾਹਿਬ ਤੋਂ ਤੁਕਾਂ ਦਾ ਗਲਤ ਪਾਠ ਕੀਤਾ। ਇਹਨਾਂ ਨਾਲ ਗਏ ਹੋਏ ਸਿੱਖਾਂ ਨੇ ਇਹ ਗੱਲ ਸ੍ਰੀ ਗੁਰੂ ਹਰਿਰਾਇ ਜੀ ਨੂੰ ਆ ਕੇ ਦੱਸੀ ਜਿਨ੍ਹਾਂ ਨੇ ਰਾਮਰਾਇ ਨੂੰ ਫਿਟਕਾਰ ਦਿੱਤਾ ਕਿਉਂਕਿ ਇਸ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਿੱਤੀ ਸੀ। ਗੁਰੂ ਵੱਲੋਂ ਰਾਮਰਾਇ ਨੂੰ ਮੱਥੇ ਨਾ ਲੱਗਣ ਦਾ ਹੁਕਮ ਦੇਣ ਕਰਕੇ ਇਹ ਦੇਹਰਾਦੂਨ ਚੱਲਾ ਗਿਆ। ਗੁਰੂ ਹਰਿਰਾਇ ਜੀ ਨੇ ਆਪਣੇ ਛੋਟੇ ਸੁਪੁੱਤਰ ਹਰਿਕ੍ਰਿਸ਼ਨ ਨੂੰ ਆਪਣਾ ਉੱਤਰਾਧਿਕਾਰੀ ਚੁਣ ਲਿਆ ਅਤੇ 6 ਅਕਤੂਬਰ 1661 ਨੂੰ ਕੀਤਰਪੁਰ ਵਿਖੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਇਹਨਾਂ ਨੂੰ ਗੁਰਗੱਦੀ ਸੌਂਪ ਦਿੱਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *