
ਇੱਕ ਪੰਜਾਬੀ ਰੇਡੀੳ ਨੇ ਕੀਤਾ ਸੀ ਪਾਕਿਸਤਾਨ ਸਰਹੱਦ ‘ਤੇ ਮੁਕਾਬਲੇ ਦਾ ਝੂਠਾ ਖੁਲਾਸਾ
ਈਪਰ, ਬੈਲਜ਼ੀਅਮ, 13 ਅਪ੍ਰੈਲ 2021 (ਪ੍ਰਗਟ ਸਿੰਘ ਜੋਧਪੁਰੀ) ਪਿਛਲੇ ਦਿਨੀ ਇੱਕ ਪੰਜਾਬੀ ਰੇਡੀੳ ਤੇ ਖ਼ਬਰ ਚੱਲ ਰਹੀ ਸੀ ਜਿਸ ਵਿੱਚ ਬੈਲਜ਼ੀਅਮ ਰਹਿੰਦੇ ਸਿੱਖ ਆਗੂ ਭਾਈ ਜਗਦੀਸ਼ ਸਿੰਘ ਭੂਰਾ ਨੂੰ ਭਾਰਤ-ਪਾਕਿਸਤਾਨ ਸਰਹੱਦ ਤੇ ਘੁਸਪੈਠ ਦੌਰਾਨ ਮੁਕਾਬਲੇ ਵਿੱਚ ਮਾਰਿਆ ਗਿਆ ਐਲਾਨ ਦਿੱਤਾ ਸੀ। ਯੂ ਟਿਊਬ ਅਤੇ ਸੋਸ਼ਲ ਮੀਡੀਆ ਤੇ ਚੱਲ ਰਹੀ ਇਸ ਖ਼ਬਰ ਦੀ ਪੁਸਟੀ ਲਈ ਜਦ ਜਗਦੀਸ਼ ਸਿੰਘ ਭੂਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਉਹ ਤਾਂ ਪਿਛਲੇ 30 ਸਾਲਾਂ ‘ਤੋਂ ਬੈਲਜ਼ੀਅਮ ਹੀ ਰਹਿ ਰਹੇ ਹਨ ਅਤੇ ਚੜਦੀ ਕਲਾ ਵਿੱਚ ਹਨ ਉਹਨਾਂ ਦੇ ਮੁਕਾਬਲੇ ਦੀਆਂ ਖ਼ਬਰਾਂ ਨਿਰਮੂਲ ਹਨ। ਰੇਡੀੳ ਵੱਲੋਂ ਜਿਸ ਦਿਨ ਜਗਦੀਸ਼ ਸਿੰਘ ਭੂਰਾ ਨੂੰ ਭਾਰਤ-ਪਾਕਿਸਤਾਨ ਸਰਹੱਦ ਤੇ ਇੱਕ ਤਸਕਰ ਵਜੋਂ ਮਾਰੇ ਗਏ ਦਿਖਾਉਣ ਦਾ ਯਤਨ ਕੀਤਾ ਗਿਆ ਉਸ ਸਮੇਂ ਹੀ ਤਿੰਨ ਵੱਖ-ਵੱਖ ਥਾਵਾਂ ‘ਤੋਂ 67 ਕਿੱਲੋ ਹੀਰੋਇਨ ਅਤੇ 2 ਏ ਕੇ 47 ਅਸਾਲਟ ਰਾਈਫਲਾਂ ਦੀ ਬਰਾਮਦੀ ਦਾ ਵੀ ਡਰਾਮਾ ਰਚਿਆ ਗਿਆ ਸੀ। ਭਾਈ ਭੂਰਾ ਦਾ ਕਹਿਣਾ ਹੈ ਕਿ ਪੰਜਾਬੀ ਮੀਡੀਆ ਨੂੰ ਗੋਦੀ ਮੀਡੀਏ ਵਾਲਾ ਰੋਲ ਨਿਭਾਉਣ ਦੀ ਬਜਾਏ ਤੱਥਾਂ ਦੇ ਅਧਾਰਤ ਖ਼ਬਰਾਂ ਦੇਣੀਆਂ ਚਾਂਹੀਦੀਆਂ ਹਨ। ਉਹਨਾਂ ਅੱਗੇ ਕਿਹਾ ਕਿ ਭਾਰਤੀ ਇਜੰਸੀਆਂ ਨੇ ਉਸ ਨੂੰ ਬਦਨਾਮ ਕਰਨ ਲਈ ਨਸ਼ਾ ਤਸਕਰੀ ਵਰਗੇ ਗੰਭੀਰ ਦੋਸ਼ ਲਗਾਉਣੇ ਸੁਰੂ ਕਰ ਦਿੱਤੇ ਹਨ ਜਿਨ੍ਹਾਂ ਵਿੱਚ ਨਾਂ ਕੋਈ ਸਚਾਈ ਹੈ ਅਤੇ ਨਾਂ ਹੀ ਕੋਈ ਸਬੂਤ।