ਮਹਾਂਮਾਰੀ

(ਕਹਾਣੀ)

ਲਾਲ ਸਿੰਘ

“ ਏਹ ਤਾਂ ਨੂਪੇ–ਬੋਘੇ-ਮੀਹੇ ਵਰਗੇ ਗੱਦਾਰਾਂ ਦੀਆਂ ਬੇੜੀਆਂ ‘ਚ ਵੱਟੇ ਪਏ…!!… ਨਹੀ ਹੁਣ ਨੁੰ ਨਕਸ਼ਾ ਹੋਰ ਦਾ ਹੋਰ ਹੋਣਾ ਸੀ…..!!!…ਖੜਕਵੇਂ ਸੰਗਰਾਮੀ ਘੋਲਾਂ ਨਾਲ ਜੁੜੀ ਪੰਜਾਬੀ ਅਣਖ ਐਉਂ ਹੀਣੀ ਨਹੀ ਸੀ ਹੋਣੀ , ਜਿਹੋ ਜਿਹੀ ਹੁਣ ਹੋਈ ਪਈ ਆ , ਕੁਰਸੀ ਭੁੱਖ ਪਿੱਛੇ……………., “ (ਇਸੇ ਕਹਾਣੀ ਵਿੱਚੋਂ )

ਦੋਨੋਂ ਧਿਰਾਂ ਆਪਣੀ –ਆਪਣੀ ਥਾਂ ਅੜੀਆਂ ਖਲੋਤੀਆਂ ਸਨ । ਲੰਬੜ ਧੜਾ ਆਖੇ – “ਬਾਵੇ ਦਾ ਮੁੰਡਾ ਕਿਸ਼ਨ ਹੀ ਅਗਲਾ ਪਾਂਧਾ ਬਣੂ । ਉਹਦਾ ਹੱਕ ਬਣਦਾ । ਸਾਰਾ ਕੁਝ ਤਾਂ ਉਹ ਜਾਣਦਾ । ਉਹਦਾ ਬਾਪ ਸਮਝਾਉਂਦਾ ਰਿਹਾ ਚਿਰ ਤੋਂ ।ਟਿੱਕਾ ਕਿੱਦਾਂ ਲਾਉਣਾ , ਜੋਤ ਕਿੱਥੇ ਰੱਖਣੀ ਆ , ਆਰਤੀ ਕਿੱਦਾਂ ਕਰਨੀ ਆ । ਹੋਰ ਕਰਨਾ ਕੀ ਹੁੰਦਾ , ਸਵੇਰੇ ਸ਼ਾਮੀਂ ।” ਓਧਰ ਹੁਕਮ ਚੰਦ ਪਹਿਲਾਂ ਕੱਲਾ ਸੀ ਫਿਰ ਪੰਜ-ਸੱਤ ਜਣੇ ਹੋਰ ਜੁੜ ਗਏ । ਉਹ ਹੋਰ ਈ ਬੋਲੀ ਬੋਲਣ – ‘ਪਾਂਧਾ ਨਹੀਂ ਹੁਣ ਪੁਜਾਰੀ ਚਾਹੀਦਾ ਪਿੰਡ ਨੂੰ । ਸਮੇਂ ਬਦਲ ਗਏ ਆ । ਪੜ੍ਹਿਆ-ਲਿਖਿਆ ਪੁਜਾਰੀ , ਪੂਜਾ ਪਾਤਰ, ਵੈਦਿਕ ਸ਼ਾਸ਼ਤਰਾਂ ਦਾ ਗਿਆਤਾ , ਸ਼ੁੱਧ-ਭਾਸ਼ਾ-ਸ਼ਾਸ਼ਤਰੀ । ‘ ਲੱਭੂ ਲੰਬੜ ਹੈਰਾਨ-ਪ੍ਰੇਸ਼ਾਨ । ਉਸ ਦੇ ਜੋਟੀਦਾਰ ਉਸ ਤੋਂ ਵੀ ਵੱਧ । ਉਹ ਆਖਣ- ‘ਏਹ ਹੁਕਮੇ ਬਾਮ੍ਹਣ ਨੂੰ ਕੀ ਹੋ ਗਿਆ । ਚਾਰ ਦਿਨ ਭਰਾ ਕੋਲ ਕਾਦ੍ਹਾ ਗਿਆ , ਛੋਟੇ ਭਾਈ ਬਸ਼ੇਸ਼ਰ ਕੋਲ । ਏਦ੍ਹੀ ਤਾਂ ਸੁਰਤ ਈ ਮਾਰੀ ਗਈ । ਏਹ ਤਾਂ ਗੱਲਾਂ ਈ ਹੋਰ ਤਰ੍ਹਾਂ ਦੀਆਂ ਕਰਨ ਲੱਗ ਪਿਆ ।ਏਨੂੰ ਕੋਈ ਪੁੱਛੇ ,ਸਵੇਰੇ-ਸ਼ਾਮੀਂ ਜੋਤ ਜਗਾਉਣੀ ,ਜਾਂ ਟੇਪ ਲਾਉਣੀ ਆ ਰੇਡੂਏ ਤੇ ਭੇਟਾਂ ਆਲੀ । ਹੋਰ ਸੀੜ ਪੁੱਟਣੀ ਆ ਭਲਾ ।ਏਨੇ ਕੰਮ ਲਈ ਬਾਹਰੇ ਗਿਆਨ-ਗੋਸ਼ਟੇ ਦੀ , ਬਹੁਤੇ ਪੜ੍ਹਿਓਂ ਲਿਖਿਓਂ ਦੀ ਕੀ ਲੋੜ । ‘

ਬਾਵਾ ਰਾਮ ਦੇ ਅਸਤ ਹਰਦੁਆਰ ਤਾਰ ਆਉਣ ਤੱਕ ਦੀ ਗੱਲ ਕਿਸੇ ਤਣ-ਪੱਤਣ ਨਹੀਂ ਸੀ ਲੱਗੀ । ਦੋਨੋਂ ਧਿਰਾਂ ਨਾ ਤਾਂ ਬਹੁਤਾ ਉਭਾਬਰ ਕੇ ਆਹਮੋ-ਸਾਹਮਣੇ ਆਈਆਂ , ਨਾ ਹੀ ਬਾਹਰਲੀਆਂ ਚੁੱਪ ਗੜੁੱਪ ਹੀ ਰਹੀਆਂ । ਹਿੱਲਦੀ –ਤੁਰਦੀ ਗੱਲ ਪਿੰਡ ਦੀ ਲਹਿੰਦੀ ਬਾਹੀ ਤੱਕ ਵੀ ਖਿੱਲਰ ਗਈ । ਲਹਿੰਦੀ ਬਾਹੀ ਗੁਰਦੁਆਰਾ ਸੀ , ਬਾਹਰਲੀ ਫਿਰਨੀ ਦੇ ਅੰਦਰ ਵੰਨੀ । ਮੂੰਹ ਚੜ੍ਹਦੇ ਪਾਸੇ । ਜਾਗੀਰੇ ਸਰਪੰਚ ਦੀ ਕੋਠੀ ਵੱਲ ਨੂੰ । ਸਵੇਰੇ –ਸ਼ਾਮੀਂ ਗੁਰਦੁਆਰੇ ਆਉਂਦਾ ਜਾਂਦਾ , ਹਰ ਕੋਈ ਜਗੀਰੇ ਨੂੰ ਸਾਬ੍ਹ-ਸਲਾਮ ਕਰਦਾ । ਕੋਈ ਕੋਈ ਜਣਾ ਰੁਕਦਾ ਵੀ ਉਸ ਪਾਸ । ਫਤੇਹ-ਫਤਹੀ ਪਿੱਛੋਂ ਐਧਰ-ਓਧਰ ਦੀਆਂ ਕਰਦਿਆਂ ਮੰਦਰ ਮਸਲਾ ਵੀ ਛਿੜਦਾ ਰਿਹਾ । ਅੱਗੋਂ ਸਰਪੰਚ ਦੀ ਹਾਹੋ-ਅੱਛਾ ਨੇ ਕਿਸੇ ਨੂੰ ਕੋਈ ਨਿਠਵਾਂ ਉੱਤਰ ਨਹੀਂ ਸੀ ਦਿੱਤਾ ।ਜੇ ਕਿਸੇ ਨੇ ਬਾਹਰੀ ਈ ਤਾਂਘ ਜਿਹੀ ਰੱਖੀ ਤਾਂ ਕਹਿ ਛੱਡਿਆ – ‘ਏਹ ਭਾਈ ਅਗਲਿਆਂ ਦੇ ਵਿਹੜੇ ਦਾ ਮਾਮਲਾ ਐ । ਉਹਨਾਂ ਦੇ ਧਰਮ-ਕਰਮ ਦਾ ਮਸਲਾ । ਅਸੀਂ-ਤੁਸੀਂ ਬਾਹਰੀ ਨਹੀਂ ਦਖਲਅੰਦਾਜ਼ੀ ਕਰ ਸਕਦੇ । ਊਂ ਜੇ ਪੰਚੈਤ ਤੱਕ ਗੱਲ ਪੁੱਜੂ , ਫੇਰ ਸੋਚ –ਵਿਚਾਰ ਲਾਂਗੇ ।‘

ਕਹਿਣ ਨੂੰ ਤਾਂ ਉਹ ਤੋਂ ਏਹੀ ਗੱਲ ਭਾਈਆਂ ਦੇ ਕਰਮੇ ਨੂੰ ਵੀ ਆਖੀ ਗਈ , ਕਰਮਵੀਰ ਨੂੰ ਇਕ ਦਿਨ ।ਅੱਗੋਂ ਕਰਮਵੀਰ ਨੇ ਉਸਨੂੰ ਹੋਰ ਈ ਬਾਰੀਕ-ਬੀਨੀ ਕਹਿ ਸੁਣਾਈ ਜਿਸ ਨੂੰ ਸੁਣ ਕੇ ਇਕ ਵਾਰ ਤਾਂ ਜਗੀਰਾ ਜਿਵੇਂ ਅੱਧ-ਅਸਮਾਨੇ ਲਟਕ ਗਿਆ ਸੀ । ਪਿਛਲੇ ਵੀਹ ਵਰ੍ਹਿਆਂ ਤੋਂ ਲਗਾਤਾਰ ਸਰਪੰਚੀ ਕਰਦੇ ਦੀ ਉਸਦੀ ਐਹੋ ਜਿਹੀ ਦਸ਼ਾ ਕਦੀ ਨਹੀਂ ਸੀ ਬਣੀ । ਪਿਤਾ-ਪੁਰਖੀ ਢੰਗ ਦੇ ਫੈਸਲੇ ਕਰਦੇ ਉਸਦੇ ਸਰਪੰਚੀ ਸੁਭਾਅ ਨੇ ਕਿਸੇ ਵੀ ਛੋਟੇ-ਵੱਡੇ ਦੀ ਪੁੱਛ-ਗਿੱਛ ਦਾ ਕਦੀ ਸਾਵਾਂ –ਢੁੱਕਵਾਂ ਉੱਤਰ ਨਹੀਂ ਸੀ ਦਿੱਤਾ । ਉਸੇ ਚਲਾਵੀਂ ਚਾਲੇ ਚਲਦੇ ਨੇ ਉਸਨੇ ਕਰਮਵੀਰ ਨੂੰ ਵੀ ਇਵੇਂ ਹੀ ਆਖ ਦਿੱਤਾ –“ ਕਰਮਿਆਂ ਤੂੰ ਤਾਂ ਪੜ੍ਹਿਆ-ਲਿਖਿਆ ਮੁੰਡਾਂ, ਤੈਨੂੰ ਤਾਂ ਪਤਾ ਈ ਐ, ਦੂਜੇ ਦੇ ਧਰਮ-ਕਾਰਜ ‘ਚ ਆਪਾਂ ਦਖਲਅੰਦਾਜ਼ੀ ਕਿੱਦਾਂ ਕਰ ਸਕਦੇ ਆਂ, ਭਲਾ ! “

“ਮਸਲਾ ਧਰਮ-ਕਾਰਜ ਦਾ ਨਈਂ ਸਰਪੰਚ ਸਾਬ੍ਹ ਮਸਲਾ ਪਿੰਡ ਦਾ ਐ । ਪਿੰਡ ਦੇ ਤਾਣੇ-ਬਾਣੇ ਨੂੰ ਬਦਲਵੇਂ ਰੰਗ ‘ਚ ਰੰਗਣ ਦਾ ਆ , ਇੱਕ ਖਾਸ ਤਰ੍ਹਾਂ ਦਾ ਚੋਗਾ-ਧਾਰੀ ਮੰਦਰ ‘ਚ ਬੀੜ ਕੇ । ਤੂਹਾਨੂੰ ਪਤਾ ਤਾਂ ਹੈ ਈ , ਹੁਕਮ ਚੰਦ ਦਾ ਭਰਾ ਠੇਕੇਦਾਰੀ ਕਰਦਾ ਮੋਦੀ ਨਗਰ ਬੰਦਰਗਾਹ ‘ਤੇ । ਉਸਦਾ ਤਾਲਮੇਲ ਅੱਗੋਂ ਮੋਟੇ ਸ਼ਾਹੂਕਾਰਾਂ ਆਪਦੀ ਮਨਮਰਜ਼ੀ ਸਰਕਾਰਾਂ ਬਣਾਉਂਦੇ ਹਰ ਥਾਂ । ਲੋਕ ਮਸਲਿਆਂ ਦੀ ਥਾਂ ਸਰਕਾਰਾਂ ਵੱਡੇ-ਘਰਾਂ ਦੀ ਜੀ ਹਜ਼ੂਰੀ ਦੀ ਕਰਦਿਆਂ ਜਾਂ ਜਾਤਾਂ-ਗੋਤਾਂ ਧਰਮਾਂ ਦੀ ਆੜ ‘ਚ ਵੋਟਾਂ ਦੀ ਪੈਰਵੀ । ਹੁਣ ਉਹੀ ਪੈਰਵੀ ਪਿੰਡਾਂ ਥਾਵਾਂ ਦੇ ਵੋਟਰ ਭਰਮਾਉਣ ਵੱਲ ਨੂੰ ਨਿਕਲ ਤੁਰੀ ਆ । ਹੁਕਮ ਚੰਦ ਤਾਂ ਨਿਰਾ ਹੱਥ-ਠੋਕਾ ਈ ਆ ਉਹਨਾਂ ਦਾ ।“

“ਕਿਹੋ ਜਿਹੀਆਂ ਗੱਲਾਂ ਕਰਦਾਂ ਤੂੰ ਪਾੜ੍ਹਿਆ । ਏਹ ਵੋਟਾਂ ਦੀ ਘੈਂਸ-ਘੈਂਸ ਸਾਡੇ ਮੰਦਰ ਤੱਕ ਕਿੱਦਾਂ ਅੱਪੜ ਗਈ । ਮਸਲਾ ਤਾਂ ਅਗਲਾ ਪਾਂਧਾ ਰੱਖਣ ਦਾ । ਮੇਰੇ ਲਈ ਜਿਹੋ ਜਿਹਾ ਹੁਕਮਾ, ਉਹੋ ਜਿਹਾ ਲੱਭੂ । ਦੋਨੋਂ ਬਰਾ-ਬਰੋਬਰ ਦੇ ਪੰਚੈਤ, ਇਕੋ ਵਿਹੜਿਓਂ । ਦੋਨੋਂ ਸਿਆਣੇ ਬਿਆਣੇ ਆਪੋ ਵਿੱਚ ਦੀ ਕਰ ਲੈਣਗੇ ਕੋਈ ਫੌਸਲਾ । ਉਹਨਾਂ ਦੇ ਆਪਣੇ ਪਾਸੇ ਦਾ ਮਾਮਲਾ , ਚੜ੍ਹਦੇ ਪਾਸੇ ਦਾ । “ ਜਗੀਰੇ ਨੇ ਆਪਣਾ ਪੱਖ ਫਿਰ ਲਕੋਈ ਰੱਖਿਆ ।

“ ਪਾਸਾ ਚੜ੍ਹਦਾ ਹੋਵੇ ਜਾਂ ਲਹਿੰਦਾ , ਹੈ ਤਾਂ ਪਿੰਡ ਦਾ ਈ ਨਾ ਆਪਣੇ ਪਿੰਡ ਈਸਾਪੁਰ ਦਾ । “ ਇਸ ਤੋਂ ਅਗਾਂਹ ਕਰਮਵੀਰ ਨੇ ਕੁਝ ਨਹੀਂ ਸੀ ਕਿਹਾ ਜਾਗੀਰੇ ਨੂੰ । ਵਾਪਿਸ ਪਰਤ ਆਇਆ ਸੀ , ਘਰ । ਉਸ ਨੂੰ ਜਾਪਿਆ ਸੀ ਸਰਪੰਚ ਹੋਣੀ ਜਾਣ-ਬੁੱਝ ਕੇ ਅਣਜਾਣ ਬਣਦੇ ਆ ।ਪਰ , ਜਾਗੀਰਾ ਆਪਣੀ ਥਾਂ ਡਾਵਾਂਡੋਲ ਸੀ । ਕਰਮੇ ਦੀ ਆਖੀ ਪੂਰੀ ਤਰ੍ਹਾਂ ਸਮਝ ਤਾਂ ਨਹੀਂ ਸੀ ਪਈ , ਪਰ ਸ਼ੱਕ-ਸ਼ੁਭਾ ਦੇ ਹਵਾਲੇ ਜ਼ਰੂਰ ਕਰ ਗਈ ਸੀ , ਉਸ ਨੂੰ । ਉਸ ਨੇ ਸੋਚਿਆ – ‘ਕਰਮੇ ਨੇ ਔਹੋ ਜਿਹੀ ਡੂੰਘੀ ਗੱਲ ਪਹਿਲੋਂ ਤਾਂ ਕਦੇ ਨਈਂ ਕੀਤੀ । ਜ਼ਰੂਰ ਕੋਈ ਵਲ-ਵਲੇਵਾਂ ਹੋਣਾ ਹੁਕਮੇ ਦੀ ਅੜੀ ਪਿੱਛੇ । ਨਹੀਂ , ਪਹਿਲੋਂ ਵੀ ਐਥੇ ਈ ਸੀ ਉਹ ਐਨੇ ਚਿਰਾਂ ਤੋਂ । ਸਾਡੇ ਆਂਗੂੰ ਖੇਤਾਂ-ਬੰਨ੍ਹਿਆਂ ਦੀ ਦੇਖਭਾਲ ਈ ਕਰਦਾ ਰਿਹਾ , ਹੁਣ ਤਾਈ । ਕੰਮ ਤਾਂ ਚਲੋ ਵਿਹੜੇ ਆਲੀ ਲੇਬਰ ਈ ਕਰਦੀ ਆਈ ਆ, ਉਹਦਾ ਵੀ ਸਾਡਾ ਵੀ । ਉਹਨੂੰ ਤਾਂ ਪਹਿਲੋਂ ਪੰਚੀ ਲਈ ਵੀ ਮਸਾਂ ਮਨਾਉਂਦੇ ਸੀ ਆਪਾਂ , ਜ਼ੋਰ-ਜ਼ਾਰ ਪਾ ਕੇ । ਉਹ ਤਾਂ ਐਹੋ ਜਿਹੀ ਚੌਧਰ ਤੋਂ ਭਾਜੂ ਈ ਰਿਹਾ ਹੁਣ ਤੱਕ । ਹੁਣ ਕੀ ਹੋ ਗਿਆ ਉਹਨੂੰ । “

ਧੁੱਪ ‘ਚ ਘਿਰ ਗਈ ਕੁਰਸੀ ਨੂੰ ਛਾਂ ਵੱਲ ਨੂੰ ਸਰਕਾਉਦਾ ਉਹ ਅਜੇ ਵੀ ਹੁਕਮ ਚੰਦ ਨਾਲ ਹੀ ਜੁੜਿਆ ਹੋਇਆ ਸੀ –‘ਮੋਦੀ ਨਗਰ ਕਾਦ੍ਹਾ ਗਿਆ ਦੋ ਕੁ ਵਾਰ , ਉਹਦੀ ਤਾਂ ਚਾਲ-ਢਾਲ ਈ ਬਦਲ ਗਈ ਲਗਦੀ । ਉਹਨੇ ਭਲਾ ਕੀ ਲੈਂਣਾ ਕਿਸੇ ਬਾਹਰਲ੍ਹੇ ਪਾਂਧੇ-ਪੁਜਾਰੀ ਤੋਂ । ਕਰਨਾ ਤਾਂ ਧੂਫ-ਟਿੱਕਾ ਈ ਆ ਸਵੇਰੇ –ਸ਼ਾਮੀਂ , ਬਾਵਾ ਰਾਮ ਆਂਗੂੰ …..।“

ਬਾਵਾ ਰਾਮ ਦਾ ਚੇਤਾ ਆਉਂਦਿਆਂ ਸਾਰ ਉਹ ਦੂਰ ਪਿਛਾਂਹ ਪਰਤ ਗਿਆ । ਕਰੀਬ ਅੱਧੀ ਸਦੀ ਪਹਿਲੋਂ ਵਾਲੇ ਪੁਰਾਣੇ ਘਰ ‘ਚ । ਪੁਰਾਣੇ ਘਰ ਦੇ ਖੁੱਲ੍ਹੇ ਵਿਹੜੇ ‘ਚ । ਜਿਸ ਥਾਂ ਹੁਣ ਕੋਠੀ ਖੜ੍ਹੀ ਆ, ਆਲੀਸ਼ਾਨ । ਓਦੋਂ , ਵਿਹੜਾ ਹੁਣ ਵਾਂਗ ਉੱਸੇ ਵਾਸਲ੍ਹੇ ਨਾਲ ਨਹੀਂ ਸੀ ਘਿਰਿਆ ਹੁੰਦਾ । ਬੱਸ, ਕਿੱਕਰ ਦੇ ਛਾਪੇ ਰੱਖੇ ਹੁੰਦੇ ਸਨ ਚਿਣਕੇ , ਡੰਗਰਾਂ-ਪਸ਼ੂਆਂ ਦੇ ਬਚ-ਬਚਾਅ ਲਈ । ਇਕ ਕੋਣੇ ਲਾਂਘਾ ਹੁੰਦਾ ਸੀ ਗੱਡਾ ਲੰਘਣ ਨੂੰ । ਉਹ ਵੀ ਰਾਤ ਵੇਲੇ ਡਾਹੀ ਰੱਖ ਕੇ ਰੋਕ ਲਿਆ ਜਾਂਦਾ । ਬਾਕੀ ਸਾਰਾ ਦਿਨ ਖੁੱਲਾ । ਬਾਵੇ ਦੀ ਆਮਦ ਵੀ ਇਸੇ ਲਾਂਘੇ ਰਾਹੀਂ ਹੁੰਦੀ । ਕਰੀਬ ਛਾਹ ਕੁ ਜਾਂਦਾ । ਗਜ਼ਾ ਸਮੱਗਰੀ ਮੰਜੀ ‘ਤੇ ਰੱਖ ਕੇ ਉਹ ਜਾਗੀਰੇ ਨੂੰ ਘੁਨੇੜੀ ਚੁੱਕ ਲਿਆ ਕਰਦਾ ਸੀ । ਕੁਤ-ਕੁਤਾਰੀਆਂ ਕੱਢਦਾ ਉਸ ਨੂੰ ਰੱਜ ਕੇ ਹਸਾਉਂਦਾ ਸੀ , ਮੰਜੀ ਦੁਆਲੇ ਘੁੰਮ ਕੇ । ਜੇ ਕਿਧਰੇ ਜਾਗੀਰਾ ਢਿੱਲਾ-ਮੱਠਾ ਹੁੰਦਾ , ਉਹ ਪੱਤਰੀ ਖੋਲ੍ਹ ਕੇ ਉਸਨੂੰ ਪੰਨੇ ਦੀ ਕਿਸੇ ਡੱਬੀ ਤੇ ਉਂਗਲੀ ਰੱਖਣ ਨੂੰ ਆਖਦਾ । ਫਿਰ ਅੱਖਾਂ ਮੀਟ ਕੇ ਕੁਝ ਪੜ੍ਹਦਾ-ਉਚਾਰਦਾ , ਹੇਕ ਲਾ ਕੇ । ਫਿਰ , ਪੰਜ ਸੱਤ ਫੂਕਾਂ ਜਾਗੀਰੇ ਦੇ ਮੱਥੇ ਤੇ ਮਾਰ ਕੇ ਆਖਿਆ ਕਰਦਾ ਸੀ – “ਲੇਅ ਮੇਰਾ ਬੱਚਾ ਅਭ ਸੁਅਰਥ ਹੋਈ ਗੈਆ ।“ ਤੇ ਸੱਚਮੁੱਚ ਜਾਗੀਰੇ ਦੀ ਮਾਤਾ ਚਿੰਤੋ ਨੂੰ ਲਗਦਾ ਸੀ ਕਿ ਰੀਂ-ਰੀਂ ਕਰਦਾ ਉਸਦਾ ਪੁੱਤਰ ਝੱਟ ਹੱਸਣ-ਮੁਸਕਰਾਉਣ ਲੱਗ ਪਿਆ ਐ ।

ਇਹ ਉਸਦੇ ਹੱਥਾਂ ਦੀ ਛੋਹ ਸੀ ਜਾਂ ਅਗਲੇ ਦਾ ਦੁੱਖ-ਦਰਦ ਹਰਨ ਦੀ ਵਿਧੀ, ਕਿ ਜਾਗੀਰੇ ਸਮੇਤ ਪਿੰਡ ਦੇ ਸਾਰੇ ਜੀਅ ਅੰਤਲੇ ਸਾਹਾਂ ਤੱਕ ਉਸਨੂੰ ਆਪਣਾ-ਆਪਣਾ ਸਮਝਦੇ ਰਹੇ ਸਨ । ਹੁਣ….ਹੁਣ ਉਸ ਦੇ ਚਲੇ ਜਾਣ ਤੋਂ ਪਿੱਛੋਂ ਕਿਸ਼ਨ ਨੂੰ , ਉਸਦੇ ਪੁੱਤਰ ਨੂੰ ਮੰਦਰ –ਸੇਵਾ ਤੋਂ ਲਾਂਭੇ ਕਰਨਾ ਸਚਮੁੱਚ ਧੱਕਾ ਕਰਨ ਵਾਲੀ ਗੱਲ ਜਾਪਦੀ ਸੀ ਉਹਨਾਂ ਨੂੰ , ਬਾਵਾ ਰਾਮ ਨਾਲ ।

ਕਰਮਵੀਰ ਦੀ ਆਖੀ-ਦੱਸੀ , ਜਾਗੀਰੇ ਅੰਦਰ ਬਹੁਤਾ ਨਹੀਂ ਤਾਂ ਐਨਾ ਕੁ ਸ਼ੱਕ-ਸੁਭਾ ਜ਼ਰੂਰ ਜਗਦਾ ਕਰ ਗਈ – ‘ਏਦ੍ਹੇ ‘ਚੋਂ ਹੁਕਮ ਚੰਦ ਨੂੰ ਕੀ ਮਿਲੂ ਭਲਾ ! ‘ ਸਹਿ-ਸੁਭਾਅ ਹੀ ਉਸਦੇ ਬੋਲ ਹੁਕਮ ਚੰਦ ਦੁਆਲੇ ਲਿਪਟ ਗਏ । ਆਪਣੇ ਘਰ ਸੱਦਣ ਦੀ ਬਜਾਏ ,ਉਹ ਅਗਲੇ ਹੀ ਦਿਨ ਲੌਢੇ ਕੁ ਵੇਲੇ ਉਚੇਚ ਨਾਲ ਹੁਕਮ ਚੰਦ ਦੇ ਥੜ੍ਹੇ ਤੇ ਪਈਆਂ ਕੁਰਸੀਆਂ ‘ਚੋਂ ਇਕ ‘ਤੇ ਜਾ ਬੈਠਾ । ਚਾਂਦੀ ਰੰਗੇ ਹੁੱਕੇ ਦੀ ਲੰਮੀ ਨਾਲੀ ਮੂੰਹ ਨੂੰ ਲਾਈ ਹੁਕਮ ਚੰਦ ਲੱਕੜ ਦੇ ਤਖਤ-ਪੋਸ਼ ਤੇ ਬੈਠਾ ਸੀ । ਹਲਕਾ ਜਿਹਾ ਹੁੱਬੂੰ ਮਾਰ ਕੇ ਹੁਕਮੇ ਨੇ ਉਸਦੀ ਆਮਦ ਨੂੰ ਜੀ-ਆਇਆਂ ਆਖਿਆ –“ਆਈਏ ਸਰਪੰਚ ਸੈਸ਼,ਸ਼ੁਕਰ ਹੈਅ ਆਪ ਕੋ ਸਮਾਂ ਮਿਲਿਆ ਹਮਰੇ ਵੰਨੀ ਆਨੇ ਕਾ । “ ਜਾਗੀਰੇ ਨੂੰ ਉਸਦੀ ਚੰਗੀ ਭਲੀ ਭਾਸ਼ਾ ‘ਚ ਨਵੀਂ ਕਿਸਮ ਦਾ ਰਲਾਅ ਚੁੱਭਿਆ ਤਾਂ ਜ਼ਰੂਰ , ਪਰ ਉਸਨੇ ਹਊ-ਪਰੇ ਕਰ ਦਿੱਤਾ । “ ਸਮਾਂ ਈ ਸਮਾਂ ਆ ਅਪਣੇ ਪਾਸ , ਹੁਕਮ ਚੰਦ ਜੀਈ । ਤੁਸੀਂ ਈ ਬੜਾ ਚਿਰ ਲਾ ਕੇ ਮੁੜੇ ਆਂ ਇਸ ਵਾਰ ਮੋਦੀ ਨਗਰੋਂ । ਹੁਕਮ ਕਰੋ , ਹੁਣ ਮੈਂ ਹਰ-ਰੋਜ਼ ਆ ਜਿਆ ਕਰ਼, ਐਸਲੇ “, ਉਸਦੇ ਲਿਸ਼ਕੇ-ਪੁਸ਼ਕੇ ਬਸਤਰ ਦੇਖ ਕੇ ,ਇਸ ਵਾਰ ਜਾਗੀਰੇ ਤੋਂ ਸਹਿ-ਸੁਭਾਅ ਹੀ ਤੂੰ ਦੀ ਤਾਂ ਤੁਸੀਂ ਦੇ ਸੰਬੋਧਨ ਦੀ ਵਰਤੋਂ ਹੋ ਗਈ ।

ਮੋੜ ਵਜੋਂ ਹੁਕਮ ਚੰਦ ਨੂੰ ਕੋਈ ਖਾਸ ਉੱਤਰ ਨਾ ਅਹੁੜਿਆ । ਤਾਂ ਵੀ ਲਮਕਵੀਂ ਜਿਹੀ ਹੂੰਅ-ਹਾਂਅ ਪਿੱਛੋਂ ਉਸ ਨੂੰ ਕਰੀਬ ਦੋ ਮਹੀਨੇ ਮੋਦੀ ਨਗਰ ਰਹਿਣ-ਰੁਕਣ ਦਾ ਕਾਰਨ ਦੱਸਣਾ ਪਿਆ – “ ਬਾਤ ਏਹ ਥੀ ਸਰਪੰਚ ਸੈਬ , ਛੋਟੇ ਪਆਈ ਐਮ.ਐਲ.ਏ. ਦੀ ਚੋਣ ਲੜ ਰਹੇ ਥੇ , ਆਪਣੇ ਸ਼ੈਹਰ ਤੋਂ । ਮੇਰੇ ਕੋਲ ਉਠ ਕੇ ਦਫ਼ਤਰ ਦੀ ਸੰਭਾਲ ਕਰਨੀ ਪਈ । “

“ਫੇਅਰ ਤਾਂ ਵਧਾਈਆਂ ! ਚੋਣ ਤਾਂ ਤੁਸੀ ਜਿੱਤ ਈ ਗਏ ਹੋਵੋਗੇ ?” ਜਾਗੀਰੇ ਨੇ ਸਿੱਧੇ-ਅਸਿੱਧੇ ਜਿੱਤ-ਹਾਰ ਦੀ ਗੱਲ ਵੀ ਪੁੱਛ ਲਈ ।

“ ਹਾਂ ਜੀਤ ਗਏ , ਪ੍ਰਭੂ ਕੀ ਅਪਾਰ ਕਿਰਪਾ ਹੋਈ । ਬੜੇ ਫਰਕ ਨਾਲ ਜਿੱਤੇ “ । ਅਸੈਂਬਲੀ ਜਿੱਤ ਦਾ ਜਲੌਅ ਹੁਕਮ ਚੰਦ ਦੇ ਚਿਹਰੇ ‘ਤੇ ਗੂੜ੍ਹਾ ਚਮਕ ਰਿਹਾ ਸੀ ।

“ਏਹ ਤਾਂ ਹੋਰ ਵੀ ਖੁਸ਼ੀ ਦੀ ਗੱਲ ਐ । ਪਿੰਡ ਦਾ ਮਾਣ ਵਧਿਆ , ਨਾਂ ਉੱਚਾ ਹੋਇਆ ਹੋਰਨਾਂ ਸੂਬਿਆਂ ‘ਚ ਵੀ “ , ਜਾਗੀਰੇ ਨੇ ਉਸਨੂੰ ਭਰਮਾਉਣ ਦਾ ਇਕ ਹੋਰ ਯਤਨ ਕੀਤਾ ।

ਇਸ ਵਾਰ ਹੁਕਮ ਚੰਦ ਦੇ ਜੁੜੇ ਹੱਥ ਪਹਿਲਾਂ ਆਕਾਸ਼ ਵੱਲ ਨੂੰ ਉੱਠੇ,ਫਿਰ ਮੱਥੇ ਨਾਲ ਜੁੜ ਕੇ ਮੰਦਰ ਵੱਲ ਨੂੰ ਲਿਫ ਗਏ । ਪਰ ਬੋਲਿਆ ਕੁਝ ਨਾ । ਉਸਦੀ ਚੁੱਪ ਕਾਰਨ ਜਾਗੀਰੇ ਨੂੰ ਅਗਲੀ ਗੱਲ ਸ਼ੁਰੂ ਕਰਨ ਦਾ ਕੋਈ ਬਿੰਦੂ ਨਾ ਲੱਭਾ । ਥੋੜ੍ਹਾ ਕੁ ਚਿਰ ਚੁੱਪ ਰਹਿਣ ਪਿੱਛੋਂ,ਬਾਵਾ ਰਾਮ ਦੇ ਪ੍ਰਲੋਕ ਸਿਧਾਰਨ ਦੀ ਗੱਲ ਨਾ ਚਹੁੰਦਿਆਂ ਵੀ ਉਸ ਨੇ ਇਸ਼ਾਰੇ ਮਾਤਰ ਹੀ ਛੇੜੀ – “ ਤੇਰੇ ਪਿੱਛੋਂ ਬਾਵਾ ਰਾਮ ਪਾਂਧਾ…..ਵਿਚਾਰਾ…..।“

ਹੁਕਮ ਚੰਦ ਨੇ ਜਿਵੇਂ ਉਸ ਨੂੰ ਸੁਣਿਆ ਹੀ ਨਾ ਹੋਵੇ ।ਉਸ ਨੇ ਇਸ ਨੂੰ ਜਿੱਤ ਦੇ ਸ਼ਗਨ ‘ਚ ਸ਼ਾਇਦ ਅਪਸ਼ਗਨ ਸਮਝਿਆ ਸੀ ।

ਦੋ-ਚਾਰ ਐਧਰ-ਓਧਰ ਦੀਆਂ ਹੋਰ ਕਹਿ-ਸੁਣ ਕੇ ਜਾਗੀਰਾ ਵਾਪਸ ਮੁੜਨ ਲਈ ਉਠ ਖੜੋਇਆ । ਬਦਲਵੀਂ ਆਦਤ ਮੂਜਬ ਹੁਕਮ ਚੰਦ ਨੇ ਫਿਰ ਢੱਲੇ ਜਿਹੇ ਹੱਥ ਜੋੜ ਦਿੱਤੇ, ਬੋਲਿਆ ਕੁਝ ਨਾ ।

ਘਰ-ਕੋਠੀ ਮੁੜਦਾ ਜਾਗੀਰਾ ਇਕ ਘਰ ਫਿਰ ਕਰਮੇ ਪਾੜ੍ਹੇ ਦੇ ਰੂ-ਬ-ਰੂ ਸੀ –“….ਹੁਕਮ ਚੰਦ ਤਾਂ ਵਿਚਾਰਾ ਹੱਥ ਠੋਕਾ ਆ ਉਨ੍ਹਾਂ ਦਾ । ‘ ਇਸ ਵਾਰ ਜਾਗੀਰੇ ਨੂੰ ਕਰਮੇ ਦੀ ਗੱਲ ਓਪਰੀ ਨਹੀਂ ਸੀ ਲੱਗੀ । ਪੰਡਤਾਂ ਵਿਹੜੇ ਦੇ ਦੋਨੋਂ ਮੈਂਬਰ ਵੀ ਬਰਾ ਬਰੋਬਰ ਦੇ ਪੰਚਾਇਤ ਮੈਂਬਰ ਨਹੀ ਸੀ ਲੱਗੇ। ਹੁਕਮ ਚੰਦ ਅੰਦਰ ਆਈ ਤਬਦੀਲੀ ਉਸਨੂੰ ਵੱਖਰੀ ਤਰ੍ਹਾਂ ਦੇ ਸੰਕੇਤ ਦਿੰਦੀ ਜਾਪੀ , ਬਾਵਾ ਰਾਮ ਦੇ ਪੁੱਤਰ ਕਿਸ਼ਨ ਚੰਦ ਦੀ ਤਾਂ ਕਿਸੇ ਓਪਰੇ ਬੰਦੇ ਨੂੰ ਮੰਦਰ-ਪਾਂਧਾ ਲਾਉਣ ਦਾ ਮੁੱਦਾ ਉਸਨੂੰ ਕਰਮੇ ਦੀ ਆਖੀ-ਦੱਸੀ ਨਾਲ ਜੁੜਦਾ ਜਾਪਿਆ ।

ਘਰ ਪੁੱਜਾ ਤਾਂ ਲੱਭੂ ਲੰਬੜ ਆਇਆ ਬੈਠਾ ਸੀ । ਉਸਨੇ ਜਾਂਦੇ ਨੂੰ ਸਿੱਧਾ ਸਵਾਲ ਦਾਗ ਦਿੱਤਾ –“ਕੀ ਕਹਿੰਦਾ ਸੀ ਹੁਕਮਾ …..?

“ ਕੁਝ ਨਹੀਂ , ਬਸ਼ੇਸ਼ਰ ਦੀਆਂ ਗੱਲਾਂ ਕਰਦਾ ਸੀ , ਉਹਦੀ ਚੋਣ ਦੀਆਂ ।ਐਮ.ਐਲ.ਏ. ਬਣ ਗਿਆ ਉਹ ਉਥੇ । ….ਹੋਰ ਉਸਨੇ ਕੋਈ ਗੱਲ ਨਹੀਂ ਕੀਤੀ ਐਥੋਂ ਦੀ , ਨਾ ਮੰਦਰ ਦੀ , ਨਾ ‘ਫਸੋਸ ਕੀਤਾ ਬਾਵਾ ਰਾਮ ਦਾ , “ ਜਾਗੀਰੇ ਦਾ ਉੱਤਰ ਕਾਫੀ ਸਾਰਾ ਹਰਖੀਲਾ ਸੀ ।

“ ਉਹਨੇ ਕਾਨੂੰ ਕਰਨੀ ਆਂ । ਉਦ੍ਹੇ ਪੈਰ ਤਾਂ ਚਿਰਾਂ ਤੋਂ ਚੁੱਕ ਹੋਇਓ ਆ । ਜਦ ਦਾ ਠੇਕੇਦਾਰੀ ਕਰਨ ਲੱਗਾ ਬਸ਼ੇਸ਼ਰ । ਰਹਿੰਦੀ ਕਸਰ, ਹੁਣ ਚੜ੍ਹੀਆਂ –ਚੋਣਾਂ ਨੇ ਪੂਰੀ ਕਰ ਛੱਡੀ …….। ਐਮੇ ਨਈਂ ਘੁਣਤਰਾਂ ਸੁੱਝਦੀਆਂ “, ਭਰਿਆ-ਪੀਤਾ ਲੰਬੜ ਮੰਦਰ ਮੁੱਦਾ ਹੱਲ ਕਰਨ ਲਈ ਹੱਦੋਂ ਵੱਧ ਕਾਹਲਾ ਸੀ –“…ਕਰਦੇ ਆਂ ਏਦ੍ਹਾ ਕੋਈ ਅਲਾਜ ! “

“ਦੇਖ ਲਓ….ਕਰ ਲਓ ਕੋਈ ਹੀਲਾ-ਵਸੀਲਾ ਆਪੋ-ਵਿੱਚ ਈ । ਨਈਂ ਫੇਅ ਮਸਲਾ ਪਚੈਤ ‘ਚ ਲੈ ਆਓ …..। “ ਜਾਗੀਰੇ ਦਾ ਸੁਝਾਅ ਸੁਣ ਕੇ ਲੰਬੜ ਥੋੜ੍ਹਾ ਝੇਂਪ ਜਿਹਾ ਗਿਆ । ਉਬਾਲੇ ਮਾਰਦੀ ਤਲਖੀ ਕਾਫੀ ਸਾਰੀ ਮੱਠੀ ਪੈ ਗਈ ।ਭਰਵਾਂ ਜਿਹਾ ਹਉਕਾ ਭਰ ਕੇ ਉਹ ਥੋੜ੍ਹਾ ਕੁ ਚਿਰ ਅਵਾਕ ਹੋਇਆ ਬੈਠਾ ਰਿਹਾ । ਘੜੀ ਦੋ ਘੜੀਆਂ ਪਿੱਛੋਂ ਉਹ ਜਿਵੇਂ ਡੂੰਘੇ ਖੂਹ ‘ਚੋਂ ਬੋਲਿਆ ਹੋਵੇ – “ ਜਾਗੀਰ ਸਿਓਂ ਜੀਈ , ਤੁਆਨੂੰ ਪਤਆ ਏਸ ਮੰਦਰ ਨਾਲ ਸਾਡੇ ਘਰ ਦੀ ਕਿੰਨੀ ਆਸਥਾ ਜੁੜੀਊ ਆ । ਆਹ ਜੇੜਾ ਪਿੱਪਲ ਆ ਨਾ ਵਿਹੜੇ ‘ਚ ,ਏਹ ਐਵੇਂ ਪੁੰਗਾਰ ਜੇਈ ਸੀ ਗਜ਼ ਕੁ ਭਰ ਦੀ । ਨਿੱਕਾ ਜਿਆ ਹੁੰਦਾ ਸੀ ਮੈਂ ਉਦੋਂ । ਇਕ ਦਿਨ ਕੀ ਹੋਇਆ , ਬਾਹਰਲੇ ਚੁਰਾਹੇ ‘ਚ ਕਿਸੇਨੇ ਟੂਣਾ ਕਰ ਦਿੱਤਾ । ਗਾਨੀ ਬੱਧਾ ਕੁੱਜਾ ਰਾਹ ‘ਚ ਰੱਖ ਕੇ ਕਿੰਨੀ ਸਾਰੀ ਤਿੰਨ-ਚੌਲੀ ਸਮੇਤ ਕਈ ਕੁਝ ਖਿਲਾਰ ਦਿੱਤਾ ਆਲੇ-ਦੁਆਲੇ । ਤੜਕੇ ਮੂੰਹ-ਹਨੇਰੇ ਬਾਹਰ-ਅੰਦਰ ਨਿਕਲੀ ਮਾਂ ਮੇਰੀ ਦਾ ਇਕ ਪੈਰ ਸਹਿਬਨ ਕੁੱਜੇ ‘ਚ ਵੱਜ ਗਿਆ ।ਇਸ ਅੰਦਰਲਾ ਸਾਰਾ ਕੁਸ਼ ਬਾਹਰ । ਉਹ ਡਰੀ-ਡੋਲੀ ਨਾ । ਏਸ ਗੱਲੋਂ ਦਲੇਰ ਸੀ ਉਹ । ਉਹਨੇ ਸਾਰਾ ਨਿੱਕ –ਸੁੱਕ ਕੱਠਾ-ਵੱਠਾ ਕੀਤਾ , ਮੁੱਢ ਲਾਗੇ ਰੱਖ ਕੇ ਕੁੱਜੇ ਵਾਲੇ ਗਾਨੀ ਪਿੱਪਲ ਨੂੰ ਬੰਨ੍ਹ ਆਈ । ਵੀਰਵਾਰ ਦਾ ਦਿਨ ਸੀ ਓਦਣ । ਓਦਰ ਵੰਨੀ ਗਈਆਂ ਕਈ ਜਣੀਆਂ ਹੋਰ ਵੀ ਉਦ੍ਹੇ ਆਂਗੂ ਮੱਥਾ ਟੇਕ ਆਈਆਂ । ਉਸ ਦਿਨ ਪਿੱਛੋਂ ਪਿੱਪਲ ਦੀ ਜਾਣੋ ਮਾਨਤਾ ਹੋਣ ਲੱਗ ਪਈ । ਵੀਰਵਾਰ ਦੇ ਵੀਰਵਾਰ ਦੀਵਾ-ਬੱਤੀ,ਥੋੜ੍ਹਾ ਬਹੁਤ ਚੜ੍ਹਤ-ਚੜ੍ਹਾਵਾ । ਅੱਜ ਹੋਰ, ਕੱਲ੍ਹ ਹੋਰ । ਪਿੱਪਲ ਵੱਡਾ ਹੁੰਦਾ ਗਿਆ । ਆਸ-ਪਾਸ ਦੀ ਕਿੰਨੀ ਸਾਰੀ ਥਾਂ ਵਗਲ ਹੁੰਦੀ ਗਈ ।ਹੋਰ ਸਮਾਂ ਲੰਘੇ ਤੇ ਮਮਟੀ ਬਣ ਗਈ । ਅੰਦਰ ਕ੍ਰਿਸ਼ਨ ਭਗਵਾਨ ਦੀ ਮੂਰਤੀ ਲਿਆ ਟਿਕਾਈ ਬਾਪੂ ਸਾਡੇ ਨੇ ।ਆਉਂਦੇ ਸਾਲ ਹਰਦੁਆਰ ਗਿਆ , ਉਹ, ਮੂੰਡੂ ਜਿਹੇ ਬਾਵਾ ਰਾਮ ਨੂੰ ਲੈ ਆਇਆ , ਕਿਸੇ ਪੰਡਿਤ ਪ੍ਰੋਹਤ ਤੋਂ ਮੰਗ ਕੇ । ਅੱਜ ਜਿਹੜੀ ਅਲੀਸ਼ਾਨ ਉਸਾਰੀ ਹੋਈ ਲੱਭਦੀ ਐ ਨਾ, ਸਾਰੀ ਉਸੇ ਦੀ ਹਿੰਮਤ ਆ ‘ਕੱਲੇ ਬਾਵਾ ਰਾਮ ਦੀ । ਅਸੀਂ ਤਾਂ ਜਿੱਦਾਂ ਉਹ ਕਹਿੰਦਾ ਗਿਆ ਕਰਦੇ ਗਏ ।“

ਏਨੀ ਕੁ ਵਾਰਤਾ ਤਾਂ ਲੰਬੜ ਕਈਆਂ ਨੂੰ ਸੁਣਾ ਚੁੱਕਾ ਸੀ ਪਹਿਲੋਂ ਵੀ, ਪਰ ਇਸ ਵਾਰ ਜਾਗੀਰੇ ਲਾਗੇ ਬੈਠੇ ਤੋਂ ਉਸ ਤੋਂ ਆਪਣਾ ਆਪ ਜਿਵੇਂ ਸੰਭਾਲਿਆ ਨਾ ਗਿਆ । ਇਕ ਚੰਗੀ ਭਰਵੀਂ ਲਪੇਟਵੀਂ ਜਿਹੀ ਲਪੇਟਵੀਂ ਜਿਹੀ ਗਾਲ੍ਹ ਹੁਕਮੇ ਨੂੰ ਕੱਢਦਿਆਂ ਉਸ ਨੇ ਉੱਚੀ ਸਾਰੀ ਆਖਿਆ – “ਅੱਜ ਭੈਣ…. ਆਹ ਹੁਕਮਾਂ ਈ ਨਈਂ ਮਾਣ । ਕੱਲ੍ਹ ਤਾਈਂ ਤਾਂ ਕਦੇ ਰੜਕਿਆ ਨਈਂ ਸੀ । ਨਾ ਈ ਏਦ੍ਹਾ ਪੇਏ , ਨਾ ਕੋਈ ਹੋਰ ਜੀਅ । ਅੱਜ ਖਾਹ਼-ਮਖਾਹ ਦੀਆਂ ਲੱਤਾਂ ਡਾਹੁਣ ਢਿਆ ਆ । ਕੋਈ ਪੁੱਛਣ ਆਲਾ ਹੋਵੇ , ਪਈ ਤੂੰ ਛਿੱਕੂ ਲੈਣਾ । ਦੀਵਾ-ਬੱਤੀ ਈ ਕਰਨਾ ਸਵੇਰੇ-ਸ਼ਾਮ । ਹੋਰ ਕੇੜ੍ਹਾ ਸੀੜ ਪੁੱਟਣੀ ਆ । ਅਖੇ ਵਿਦਵਾਨ ਚਾਹੀਦਾ , ਆਰਤੀ ਉਤਾਰਨ ਨੂੰ । ਬਾਵਾ ਰਾਮ ਦੇ ਮੁੰਡੇ ਦੀ ਥਾਂ ਮੰਦਰ ‘ਚ । “

“ ਕੋਈ ਨਾ , ਕੋਈ ਨੰਬੜਦਾਰਾ ਖ਼ਫਾ ਨਾ ਹੋ, ਆਪਾਂ ਰਲ-ਮਿਲ ਕੇ ਕਰਦੇ ਆਂ ਵਿਚਾਰਾਂ । ਲੱਭ ਲੈਨੇ ਆਂ ਕੋਈ ਨਾ ਕੋਈ ਹੱਲ “ , ਤਰਲੋਮੱਛੀ ਹੋਏ ਲੰਬੜ ਨੂੰ ਸ਼ਾਂਤ ਕਰਦੇ ਜਾਗੀਰ ਨੂੰ ਕਰਮੇ ਪਾੜ੍ਹੇ ਦੀ ਸਮਝਾਉਣੀ ਹੋਰ ਵੀ ਮੁੱਲਵਾਨ ਲੱਗੀ –“ ਪਾਸਾ ਚੜ੍ਹਦਾ ਹੋਵੇ ਜਾਂ ਲਹਿੰਦਾ , ਹੈ ਤਾਂ ਪਿੰਡ ਆਪਣੇ ਦਾ ਈ ਆ ਨਾ , ਈਸਾ-ਪੁਰ ਦਾ ।“ ਜਾਗੀਰੇ ਨੂੰ ਸਾਫ ਸਪੱਸ਼ਟ ਜਾਪ ਰਿਹਾ ਸੀ – “ ਦੋਨੋਂ ਬਰਾ-ਬਰੋਬਰ ਦੇ ਪੰਚਾਇਤ ਮੈਂਬਰ ਆਪੋ-ਵਿਚ ਦੀ ਫੈਸਲਾ ਨਹੀਂ ਕਰ ਸਕਦੇ । ਸਰਪੰਚ ਹੋਣ ਨਾਤੇ ਉਸਨੂੰ ਦਖ਼ਲ-ਅੰਦਾਜ਼ ਹੋਣਾ ਈ ਪੈਣਾ ।“

ਚਾਨਚੱਕ ਆ ਪਿਆ ਟਕਰਾਅ-ਮਸਲਾ ਨਜਿੱਠਣ ਲਈ ਅਜੇ ਉਹ ਆਮ-ਇਜਲਾਸ ਸੱਦਣ ਬਾਰੇ ਸੋਚ ਹੀ ਰਿਹਾ ਸੀ ਕਿ ਤੀਜੇ ਕੁ ਦਿਨ ਉਸਦੇ ਤੱਕ ਇਕ ਨਵੀਂ ਨਿਵੇਕਲੀ ਖ਼ਬਰ ਆ ਪੁੱਜੀ । ਛਿੱਬੂ ਚੌਕੀਦਾਰ ਨੇ ਇਕ ਸ਼ਾਮੀਂ ਆ ਦੱਸਿਆ – “ ਉਸ ਦਿਨ ਦੁਪਹਿਰ ਕੁ ਵੇਲੇ ਇਕ ਲੰਮੀ ਸਾਰੀ ਗੱਡੀ ‘ਚ ਕਿੰਨੇ ਸਾਰੇ ਬੰਦੇ ਹੁਕਮੇ ਕੋਲ ਆਏ ਸਨ । ਖੁੱਲ੍ਹੇ-ਖੁੱਲ੍ਹੇ ਚੋਗੇ ਪਾਇਓ ਸੀ ਉਹਨਾਂ , ਗੂੜ੍ਹੇ ਰੰਗ ਦੇ । ਵਾਲ ਸਭ ਦੇ ਖੁੱਲ੍ਹੇ ਪਿਛਾਂਹ ਵੱਲ ਨੂੰ ਲਮਕਣ । ਦੇਖਣ-ਚਾਖਣ ਨੂੰ ਤਪੀ-ਤਪੀਸਰ ਲਗਦੇ ਸੀ ਸਾਰੇ । ਪੂਰੇ ਪਹੁੰਚਿਓ ਮਹਾਂ ਪੁਰਖ । ਦੁਪੈਰਾ ਕੱਟ ਕੇ ਬਾਕੀ ਤਾਂ ਮੁੜ ਗਏ ਵਾਪਸ , ਉਸੇ ਗੱਡੀ ‘ਚ , ਦੋ ਜਣੇ ਹਜੇ ਵੀ ਹੁਕਮ ਚੰਦ ਹੋਣਾਂ ਕੋਲ ਰੁਕਿਓ ਆ । ਅੱਗੇ ਤਾਂ ਕਦੀ ਦੇਖੇ ਨਈਂ ਏਹ !”

ਸ਼ਿਬੂ ਦੀ ਤਫ਼ਸੀਲ ਨੇ ਜਗੀਰੇ ਨੂੰ ਹੋਰ ਵੀ ਫਿਕਰਮੰਦ ਕਰ ਦਿੱਤਾ । ਘੜੀ-ਪਲ ਲਈ ਉਸਨੂੰ ਆਪਣਾ-ਆਪ ਲਾਚਾਰ ਹੋਇਆ ਜਾਪਿਆ । ਝੱਟ ਹੀ ੳਸਨੇ ਆਪਣੇ ਇਕੋ-ਇਕ ਸੰਗੀ-ਸਹਿਯੋਗੀ ਦੀ ਜਿਵੇਂ ਬਾਂਹ ਜਾ ਫੜੀ । ਕਰਮੇ ਨਾਲ ਹੋਈ ਕੀਤੀ ਬਾਤ-ਚੀਤ ਉਸਨੂੰ ਮੁੜ ਤੋਂ ਢਾਰਸ ਦੇਣ ਲੱਗ ਪਈ । ਕਰਮੇ ਨੂੰ ਵੀ ਓਪਰੇ ਬੰਦਿਆਂ ਦੀ ਤਟਫਟ ਹੋਈ ਆਮਦ ਨੇ ਬੇ-ਚੈਨ ਕਰ ਦਿੱਤਾ ਸੀ । ਉਹ ਤਾਂ ਪਹਿਲੋਂ ਹੀ ਇਹੋ-ਜਿਹਾਂ ਦਾ ਜਬਰ ਝਲਦਾ ਪੁੱਜਾ ਪਿਆ ਸੀ ਪਿੰਡ , ਤਿੰਨ ਮਹੀਨੇ ਲਈ । ਯੂਨੀਵਰਸਿਟੀਓਂ ਸਸਪੈਂਡ ਹੋ ਕੇ ।ਉਸ ਦਾ ਰੋਸ ਤਾਂ ਫੀਸ ਵਾਧੇ ਕਾਰਨ ਹੀ ਵਧਿਆ । ਪਾੜ੍ਹਿਆਂ ਦੀ ਮੰਗ ਸੀ ਫੀਸ ਵਾਧਾ ਵਾਪਸ ਲਿਆ ਜਾਵੇ । ਮੁਲਕ ਭਰ ਦੇ ਗਰੀਬ-ਗੁਰਬਿਆਂ ਦੇ ਹਾਣ ਦੀ ਗਿਣ ਹੁੰਦੀ ਯੂਨੀਵਰਸਿਟੀ ਉਹਨਾਂ ਤੋਂ ਨਾ ਖੋਹੀ ਜਾਏ । ਪਰ ਯੂਨੀਵਰਸਿਟੀ ਪ੍ਰਬੰਧ ਉਹਨਾਂ ਦੀ ਕੋਈ ਦਲੀਲ ਸੁਣਨ ਨੂੰ ਤਿਆਰ ਨਹੀਂ ਸੀ ਹੋਇਆ । ਉਲਟਾ ਡਰ-ਡਰਾਵੇ ਦਿੰਦਾ, ਉਹਨਾਂ ਦੀ ਮਾਰ-ਕੁੱਟ ਕਰਨ ਤੱਕ ਦੀਆਂ ਕਾਰਵਾਈਆਂ ਕਰਦਾ ਰਿਹਾ ।

ਪਿੰਡ-ਘਰ ਆਏ ਬੈਠੇ ਕਰਮਵੀਰ ਦੀ ਪਲਸਤਰ ਲੱਗੀ ਬਾਂਹ ‘ਚੋਂ ਇੱਕ ਜ਼ੋਰਦਾਰ ਚੀਸ ਉੱਠੀ । ਉਸ ਨੂੰ ਲੱਗਾ….ਯੂਨੀਵਰਸਿਟੀ ਲਾਇਬਰੇਰੀ ‘ਚ ਆਪਣੇ ਧਿਆਨ ਪੜ੍ਹਦੇ ਬੈਠੇ ਤੇ,ਬਾਹਰੋਂ ਚਾਨਚੱਥ ਆ ਧਮਕੇ ਇੱਕ ਹਥਿਆਰਬੰਦ ਟੋਲੇ ਨੇ ਫਿਰ ਹਮਲਾ ਕਰ ਦਿੱਤਾ ਹੈ । ਰੰਗ-ਬਰੰਗੇ ਕੱਪੜਿਆਂ ‘ਚ ਆਏ ਹਮਲਾਵਰਾਂ ਨੇ ਸਾਰੇ ਹੋਸਟਲ ਕਮਰੇ ਬਿਨਾਂ ਕਿਸੇ ਰੋਕ-ਟੋਕ ਘੁੰਮੇ ਹਨ । ਵਿਦਿਆਰਥੀ ਇਕੱਠਾ ‘ਚ ਮੋਹਰੀ ਬਣੇ ਪਾੜ੍ਹਿਆਂ ਨੂੰ ਲੱਭ-ਲੱਭ ਕੇ ਮਾਰਿਆ –ਕੁੱਟਿਆ ਹੈ ।ਪਾੜ੍ਹਿਆਂ ਦੀ ਹਾਹਾਕਾਰ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਫਿਰ ਨਹੀਂ ਸੁਣਾਈ ਦਿੰਤੀ । ਸਿੱਟੇ ਵਜੋਂ ਉੱਠੇ ਤਿੱਖੇ ਵਿਰੋਧ ਨੂੰ ਜ਼ੋਰ-ਜਬਰੀ ਨੱਪ ਲਿਆ ਹੈ ।ਇਸ ਰੋਹ ਦੇ ਹਮਦਰਦ ਅਧਿਆਪਕੀ ਅਮਲੇ ਦੀ ਵੀ ਅਤਿ ਨੀਵੇਂ ਪੱਧਰ ‘ਤੇ ਡਿੱਗ ਕੇ ਹੇਠੀ ਕੀਤੀ ਹੈ । ਸਾਰੇ ਸਰਗਰਮ ਪਾੜ੍ਹੇ ਘਰਾਂ-ਪਿੰਡਾਂ ਨੂੰ ਭੇਜ ਦਿੱਤੇ ਗਏ ਹਨ , ਤਿੰਨ ਮਹੀਨੇ ਲਈ ਮੁਅੱਤਲ ਕਰਕੇ …..।“

ਬੀਤੇ ਦਿਨੀਂ ਹੋਈ-ਬੀਤੀ ਤਾਜ਼ੀ ਰੀਲ੍ਹ ਵਾਂਗ ਮੁੜ ਉਸ ਸਾਹਮਣੇ ਘੁੰਮ ਗਈ । ਆਪਣੇ ਪਿੰਡ, ਆਪਣੇ ਘਰ ਬੇਚੈਨ ਬੈਠੇ ਕਰਮੇ ਨੂੰ ਅਣ-ਪਛਾਤੇ ਓਪਰਿਆਂ ਦੀ ਪਿੰਡ ‘ਚ ਹੋਈ ਆਮਦ ਫਿਰ ਕਿਸੇ ਧੱਕੇ –ਵਧੀਕੀ ਦੇ ਸੰਕੇਤ ਵਜੋਂ ਜਾਪੀ । ਪਰ ਸਮੇਂ, ਸਥਾਨ ਤੇ ਸਥਿਤੀ ‘ਚ ਘਿਰ ਕੇ ਚੁੱਪ ਰਹਿਣਾ ਹੁਣ ਉਸ ਦੀ ਆਦਤ ਵਿਚ ਸ਼ਾਮਲ ਨਹੀ ਸੀ ਰਿਹਾ ।ਇਹ ਸਿੱਖਿਆ ਉਸਨੂੰ ਆਪਣੇ ਪੁਰਖਿਆਂ ਤੋਂ ਵੀ ਮਿਲੀ ਸੀ ਤੇ ….. ਤੇ ਜਾਗੀਰੇ ਦੇ ਦਾਦੇ ਬਬਰ ਹੀਰਾ ਸਿੰਘ ਦੀ ਜੀਵਨ ਜਾਂਚ ਤੋਂ ਵੀ ।

ਬਾਂਹ ‘ਚ ਉੱਠੀ ਚੀਸ ਨੂੰ ਭੁੱਲ ਭੁਲਾ ਕੇ, ਆਪ-ਮੁਹਾਰੇ ਉਸ ਦੇ ਕਦਮ ਜਾਗੀਰੇ ਸਰਪੰਚ ਦੀ ਕੋਠੀ ਵੱਲ ਨੂੰ ਹੋ ਤੁਰੇ । ਜਾਗੀਰਾ ਜਿਵੇਂ ਪਹਿਲੋਂ ਹੀ ਉਸ ਦੀ ਉਡੀਕ ਕਰ ਰਿਹਾ ਹੋਵੇ – “ ਆ ਬਈ ਪਾੜ੍ਹਿਆ ਤੈਨੂੰ ਈ ਚੇਤੇ ਕਰਦਾ ਸੀ ਮੈਂ…..।“

“ਹੁਣ ਦੱਸੋ ਅੰਕਲ, ਹੁਣ ਕਿਹੜੇ ਪਾਸੇ ਭੁਗਤੋਗੇ …..”, ਕਰਮਵੀਰ ਨੇ ਬੈਠਦਿਆਂ ਸਾਰ ਸਿੱਧਾ ਸਵਾਲ ਕਰ ਦਿੱਤਾ – “ਇੱਕ ਪਾਸੇ ਲੰਬੜ ਆ ਤੁਹਾਡਾ ਮੁੱਢ –ਸ਼ੁਰੂ ਦਾ ਪੱਕਾ –ਠੱਕਾ ਜੋਟੀਦਾਰ । ਤੇ ….ਦੂਜੇ ਪਾਸੇ ਨਵੀਂ ਉਭਰੀ ਸਿਆਸੀ ਸਫ਼ਬੰਦੀ ? “

ਕਰਮੇ ਨੇ ਥੋੜ੍ਹਾ ਕੁ ਰੁਕ ਕੇ ਬੇਚੈਨ ਜਾਪਦੇ ਜਾਗੀਰੇ ਵਲ ਨੂੰ ਧਿਆਨ ਨਾਲ ਦੇਖਿਆ । ਉਸਦੇ ਚਿਹਰੇ ਦੀ ਗੁਸੈਲੀ ਆਭਾ ਉਸ ਨੂੰ ਥੋੜ੍ਹਾ ਸੰਭਲ ਦੇ ਸੰਕੇਤ ਕਰਦੀ ਜਾਪੀ । ਤਾਂ ਵੀ ਉਸ ਤੋਂ ਆਪਣੇ ਆਪੇ ਨੂੰ ਠੀਕ ਤਰ੍ਹਾਂ ਰੋਕਿਆ ਨਾ ਗਿਆ । “….ਸੱਤਾ ਦਾ ਕਾਲਾ ਚਮਸ਼ਾ ਸਰਪੰਚ ਸਾਬ੍ਹ, ਹਰ ਤਰ੍ਹਾਂ ਦੀਆਂ ਸਰਕਾਰਾਂ ਦੀਆਂ ਅੱਖਾਂ ‘ਚ ਹਨੇਰਾ ਤਾਂ ਉਤਾਰਦਾ ਦੀ ਉਤਾਰਦਾ ,ਇਹਨਾਂ ਦੇਤਾਂ ਕੰਨਾਂ ਨੂੰ ਵੀ ਜਿਮੇਂ ਸੁਨਣਾ ਬੰਦ ਹੋ ਜਾਂਦਾ । ਨਾ ਇਹਨਾਂ ਨੂੰ ਗਰੀਬ-ਗੁਰਬਿਆਂ ਦੀਆਂ ਚੀਕਾਂ-ਆਵਾਜ਼ਾਂ ਸੁਣਦੀਆਂ ਨਾ ਕਿਰਤੀਆਂ-ਕਾਮਿਆਂ-ਵਿਦਿਆਰਥੀਆਂ ਦੇ ਹਉਕੇ-ਹਾਵੇ ।……..ਆਹ ਦੇਖ ਲਓ ਮੇਰੀ ਬਾਂਹ ਦਾ ਹਾਲ ।“

ਕਰਮੇ ਦੀ ਗੁਸੈਲੀ ਸੁਰ ਬਿਨਾਂ ਰੋਕ-ਟੋਕ ਉਬਾਲੇ ਮਾਰਦੀ ਜਾਗੀਰੇ ਨੂੰ ਬੁਰੀ ਤਾਂ ਲੱਗੀ , ਪਰ ਕਿੰਨਾ ਸਾਰਾ ਅਖਬਾਰੀ ਸੱਚ ਵੀ ਉਸਦੇ ਆਖੇ-ਬੋਲੇ ਨਾਲ ਮੇਲ ਖਾਂਦਾ ਦਿੱਸਿਆ । ਤਾਂ ਵੀ ਉਸ ਤੋਂ ਰਿਹਾ ਨਾ ਗਿਆ – “ ਚੱਲ ਛੱਡ ਕਰ ….. ਤੂੰ ਤਾਂ ਬਾਹਲਾ ਈ ਤਿੱਖਾ ਬੋਲਦਾਂ । ਉਹ ਵੀ ਆਪਣੇ ਈ ਮੁਲਕ ਦੇ ਬੰਦੇ ਆ, ਕੋਈ ਸੱਤ-ਪਰਾਏ ਤਾਂ ਹੈਅ ਨਹੀਂ । ਐਮੇਂ ਨਈਂ ਭੰਡੀ ਜਾਈਦਾ ਹਰ ਕਿਸੇ ਨੂੰ……। ਘਰੋਂ ਪੜ੍ਹਨ ਗਿਆ ਤੂੰ ਆਹੀ ਕੁਝ ਸਿੱਖ ਕੇ ਆਇਆ ਉਥੋਂ …..।“ ਜਾਗੀਰਾ ਜਿਵੇਂ ਉਕਤਾ ਗਿਆ ਸੀ ।

“ਓਥੋਂ ਨਈਂ ਐਥੋਂ ਸਿੱਖਿਆ ਸਰਪੰਚ ਸਾਬ੍ਹ ਤੁਹਾਡੇ ਘਰੋ , ਬਾਬੇ ਹੀਰਾ ਸਿੰਘ ਹੋਣਾਂ ਤੋਂ । ਹੱਕ-ਸੱਚ ਨੂੰ ਪ੍ਰਣਾਏ ਯੁੱਧਵੀਰਾਂ ਤੋਂ ….” ਕਰਮੇ ਦਾ ਸੱਚ-ਸੁੱਚ ਸੁਣ ਕੇ ਜਾਗੀਰਾ ਇਸ ਵਾਰ ਚੁੱਪ ਰਿਹਾ । ਕੋਈ ਹੂੰਅ-ਹਾਂ, ਹਾਂ-ਨਾਂਹ ਨਾ ਕੀਤੀ , ਉਂਝ ਵੀ ਉਸਨੂੰ ਬਾਬੇ ਹੀਰਾ ਸਿੰਘ ਦੀ ਛਿੜੀ ਵਾਰਤਾ ਨੇ ਆਪਣੇ ਅਤੀਤ ਨਾਲ ਜੋੜ ਲਿਆ ਸੀ । ਆਪਣੇ ਆਪ , ਆਪਣੇ ਪੁਰਖਿਆਂ ਨਾਲ । “….. ਇਕ ਲੱਤੋਂ ਹੀਣਾ ਹੋਣ ਕਰਕੇ ਆਪ ਤਾਂ ਉਹ ਬਹੁਤ ਦੌੜ-ਭੱਜ ਨਹੀਂ ਸੀ ਕਰ ਸਕਦਾ ਪਰ ਜ਼ਿਲ੍ਹੇ ਭਰ ਦੀਆਂ ਗੁਪਤ ਸਲਾਹਾਂ ਸਭ ਉਸਦੀ ਦੇਖ-ਰੇਖ ‘ਚ ਹੀ ਹੁੰਦੀਆਂ ਸਨ, ਹਵੇਲੀ ਜਾਂ ਖੂਹ ‘ਤੇ । ਆਇਆਂ-ਗਿਆਂ ਦੀ ਸਾਂਭ –ਸੰਭਾਲ ਕਰਮੇ ਦੇ ਬਾਬੇ ਜੁੰਮੇ ਹੁੰਦੀ , ਜੀਵਨ ਸਿੰਘ ਦੇ । ਪਰਦਾ ਏਨਾ, ਕਦੀ ਕਿਸੇ ਨੂੰ ਸੂਹ ਤੱਕ ਨਹੀਂ ਸੀ ਲੱਗਣ ਦਿੱਤੀ ਉਹਨਾਂ । ਇਹ ਸਾਰਾ ਕੁਝ ਉਸਦੇ ਬਾਪ ਨੇ ਦੱਸਿਆ ਸੀ ਉਸਨੂੰ ਬਾਪੂ ਕੇਹਰ ਸਿੰਘ ਨੇ ਜਾਂ ਕਰਮੇ ਦੇ ਬਾਬੇ ਜੀਵਨ ਸਿੰਘ ਨੇ ।

ਸਹਿ-ਸੁਭਾਅ ਹੀ ਕਰਮੇ ਦੀ ਨਿਗਾਹ ਆਪਣੇ ਆਪ ‘ਚ ਮਗਨ ਦਿੱਸਦੇ ਜਾਗੀਰੇ ਵਲ੍ਹ ਨੂੰ ਘੁੰਮੀ । ਉਸ ਅੰਦਰ ਡੱਕ ਹੋਇਆ ਕਿੰਨਾ ਸਾਰਾ ਹੋਰ ਸੱਚ ਮੁੜ ਉਸਦੇ ਬੋਲਾਂ ‘ਚ ਸ਼ਾਮਿਲ ਸੀ – “ ਤੁਹਾਨੂੰ ਪਤਆ ਸਰਪੰਚ ਸਾਬ੍ਹ ਧੰਨਾ ਸਿੰਘ ਬਹਿਲਪੁਰੀਆ , ਰਤਨ ਸਿੰਘ ਰਕੜ ਵਰਗੇ ਬੱਬਰਾਂ ਬਾਬਿਆਂ , ਪੁਲਿਸ ਹੱਥੋਂ ਨਾ ਫੜ ਹਣ ਦੀ ਕਸਮ ਵੀ ਤੁਆਡੇ ਬਾਬਾ ਜੀ ਹੀਰਾ ਸਿੰਘ ਬੱਬਰ ਤੋਂ ਥਾਪੜਾ ਲੈ ਕੇ ਖਾਧੀ ਸੀ । ਇਕ ਨੇ ਸ਼ਹੀਦ ਹੋਣ ਤੋਂ ਪਹਿਲਾਂ ਨੌਂ ਪੁਲਸੀਏ ਮਾਰੇ ਸਨ, ਦੂਜੇ ਨੇ ਪੰਜ ।“

ਕਰਮੇ ਦੇ ਦੱਸੇ ਅਲੋਕਾਰੀ ਭੇਤ ਨੇ ਜਾਗੀਰੇ ਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ ।ਅਵਾਕ ਜਿਹਾ ਹੋਏ ਦੀ ਸੁਰਤੀ-ਬਿਰਤੀ ਕਰਮੇ ਦੀ ਬਾਤ-ਵਾਰਤਾ ਨਾਲ ਹੋਰ ਵੀ ਡੂੰਘੀ ਤਰ੍ਹਾਂ ਜੁੜ ਗਈ , ਉਹ ਦੱਸ ਰਿਹਾ ਸੀ – “ ਏਹ ਤਾਂ ਨੂਪੇ –ਬੋਘੇ-ਮੀਹੇ ਵਰਗੇ ਗੱਦਾਰਾਂ ਦੀਆਂ ਬੇੜੀਆਂ ‘ਚ ਵੱਟੇ ਪਏ । ਨਹੀ ਹੁਣ ਨੁੰ ਨਕਸ਼ਾ ਹੋਰ ਦਾ ਹੋਰ ਹੋਣਾ ਸੀ । ਖੜਕਵੇਂ ਸੰਗਰਾਮੀ ਘੋਲਾਂ ਨਾਲ ਜੁੜੀ ਪੰਜਾਬੀ ਅਣਖ ਐਉਂ ਹੀਣੀ ਨਹੀ ਸੀ ਹੋਣੀ , ਜਿਹੋ ਜਿਹੀ ਹੁਣ ਹੋਈ ਪਈ ਆ , ਕੁਰਸੀ ਭੁੱਖ ਪਿੱਛੇ, “ ਨਾ ਚਾਹੁੰਦਿਆਂ ਵੀ ਕਰਮੇ ਤੋਂ ਤਲਖ ਟਿਣੀ ਫਿਰ ਤੋਂ ਕਰ ਹੋ ਗਈ । ਜਾਗੀਰੇ ਨੂੰ ਲੱਗਾ ਕਰਮੇ ਨੇ ਇਹ ਕੁਰਸੀ ਤਨਜ਼ ਹੋਰਨਾਂ ਸਮੇਤ ਉਸ ਉੱਤੇ ਵੀ ਕੱਸੀ ਐ । ਉਹ ਖਿਝਿਆ ਜ਼ਰੂਰ , ਪਰ ਛੇਤੀ ਹੀ ਸੰਭਲ ਗਿਆ ।ਅਗਲੇ ਹੀ ਪਲ, ਥੋੜ੍ਹੀ ਕੁ ਲਾਂਭੇ ਗਈ ਬਾਤ-ਚੀਤ , ਲੀਹ ਸਿਰ ਕਰਦੇ ਕਰਦੇ ਨੇ ਫਿਰ ਤੋਂ ਛੇੜ ਲਈ -“ ਏਹ ਰਹਿਣ ਦੇ ਹੁਣ, ਤੂੰ….ਤੂੰ ਆਹ ਦੱਸ ,ਏਹਨਾਂ ਓਪਰੇ ਬੰਦਿਆਂ ਦਾ ਕੀ ਕਰੀਏ ?”

“ ਕਰਮੇ ਦੀ ਸਲਾਹ ਨਾਲੋਂ ਵੱਧ ਜਾਗੀਰੇ ਦੀ ਪਿੱਠ ‘ਤੇ ਉਸਦੇ ਅਤੀਤ ਨੇ ਚੂੰਢੀ ਵੱਢੀ , ਉਸਦੇ ਬਾਬੇ ਹੀਰਾ ਸਿੰਘ ਬੱਬਰ ਨੇ –“ ਚੰਗਾ ਕਰਦੇ ਆਂ ਫੇਏ ਹੀਲਾ-ਵਸੀਲਾ ।“

ਅਗਲੇ ਤੋਂ ਅਗਲੇ ਦਿਨ ਜੁੜੀ ਗ੍ਰਾਮ ਸਭਾ ਨੇ ਲੱਭੂ ਲੰਬੜ ਦਾ ਪ੍ਰਸਤਾਵ ਅੱਧਿਓਂ ਵੱਧ ਪਿੰਡ ਨੇ ਹੱਥ ਖੜ੍ਹੇ ਕਰਕੇ ਪਾਸ ਕਰ ਦਿੱਤਾ । ਬਾਵਾ ਰਾਮ ਦੇ ਕਿਰਿਆ-ਕਰਮ ਤੋਂ ਅਗਲੀ ਸੰਗਰਾਂਦੇ, ਕਿਸ਼ਨ ਨੂੰ ਪਿੰਡ ਦੇ ਮੰਦਰ ਦਾ ਅਗਲਾ ਪਾਂਧਾ ਨਿਯੁਕਤ ਕਰਨ ਦੀ ਮਿਤੀ ਵੀ ਉਸੇ ਦਿਨ ਮਿੱਥ ਲਈ ਗਈ ।

ਉਸ ਦਿਨ ਘਰ-ਕੋਠੀ ਵੱਲ ਨੂੰ ਵਾਪਿਸ ਤੁਰੇ ਆਉਂਦੇ ਜਾਗੀਰੇ ਸਰਪੰਚ ਨੂੰ ਲੱਗਾ ਸੀ ਕਿ ਉਸ ਦੇ ਪਿਤਾ-ਪੁਰਖਿਆਂ ਤੋਂ ਤੁਰੀ ਆਉਂਦੀ ਸਾਂਝ ਨੂੰ ਦੁਫੇੜਨ ਵਾਲੇ ਨਾਗੋਨਾ ਵਾਇਰਸ ਦੇ ਡੰਗ ਤੋਂ ਸਮੇਂ ਸਿਰ ਉਪਰਾਲਾ ਕਰਕੇ ਪੰਡਤਾਂ ਵਿਹੜੇ ਸਮੇਤ ਸਾਰੇ ਪਿੰਡ ਈਸਪੁਰ ਨੂੰ ਸਹੀ ਸਲਾਮਤ ਬਚਾ ਲਿਆ ਹੈ ।

Geef een reactie

Het e-mailadres wordt niet gepubliceerd. Vereiste velden zijn gemarkeerd met *