ਦੁਨੀਆਦਾਰੀ ਚੜ੍ਹਦੇ ਨੂੰ ਕਰੇ ਸਲਾਮ ਡੁਬਦੇ ਨੂੰ ਕੋਈ ਨਾ ਪੁੱਛੇ

ਅੰਗਰੇਜ ਸਿੰਘ ਹੁੰਦਲ

21ਵੀਂ ਸਦੀ ਦੇ ਪਦਾਰਥਵਾਦੀ ਯੁੱਗ ਵਿਚ ਅਮੀਰੀ ਗਰੀਬੀ ਦਾ ਪਾੜਾ ਵਧਦਾ ਜਾ ਰਿਹਾ ਹੈ ਤੇ ਅਮੀਰੀ ਹਰ ਪਾਸੇ ਧੋਸ ਜਮਾਵੇ ਤੇ ਗਰੀਬ ਨੂੰ ਕੋਈ ਨਾ ਪੁੱਛੇ ਵਾਲੀ ਗੱਲ ਹਕੀਕਤ ਵਿਚ ਸੱਚ ਹੁੰਦੀ ਜਾਪਦੀ ਹੈ । ਚਾਹੇ ਕਿਤੋ ਦੀ ਮਿਸਾਲ ਲੈ ਲਈ ਜਾਵੇ ਅਮੀਰੀ ਗਰੀਬੀ ਦਾ ਫਰਕ ਹਰ ਪਾਸੇ ਦਿਖਾਈ ਦਿੰਦਾ ਹੈ ਤੇ ਗਰੀਬ ਨੂੰ ਗਰੀਬੀ ਹੋਣ ਦਾ ਅਹਿਸਾਸ ਵੀ ਜਰੂਰ ਕਰਵਾ ਦਿੰਦੀ ਹੈ । ਜੇਕਰ ਗਰੀਬ ਤਕੜੇ ਅਮੀਰ ਨੂੰ ਜਾਂ ਕਿਸੇ ਹੋਰ ਉੱਚ ਪਦਵੀ ਤੇ ਬੈਠੇ ਵਿਅਕਤੀ ਨੂੰ ਚੰਗੀ ਸਲਾਹ ਦੇਣ ਦੀ ਕੋਸ਼ਿਸ਼ ਵੀ ਕਰੇ ਤਾਂ ਉਕਤ ਲੋਕਾਂ ਵਲੋਂ ਗਰੀਬ ਹੋਣ ਤੇ ਕਿਹ ਦਿੱਤਾ ਜਾਂਦਾ ਹੈ ਇਹ ਲੱਲਾ ਹੈ, ਇਸ ਦਾ ਦਿਮਾਗ ਨਹੀਂ ਹੈਗਾ ਤੇ ਅਸੀਂ ਬਹੁਤ ਬੱਧੀਮਾਨ ਹਾਂ । ਹਰ ਥਾਂ ਤੇ ਗਰੀਬ ਨੂੰ ਧੱਕਾ ਲੱਗਦਾ ਹੈ ।ਕਈ ਵਾਰ ਅਮੀਰਾਂ ਵਲੋਂ ਗਰੀਬਾਂ ਨਾਲ ਧੱਕਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਦੀਆਂ ਹਨ ਤੇ ਸਮਾਜ ਦੇ ਮਤਲਬੀ ਲੋਕ ਆਪਣੀ ਕਿਸੇ ਨਾ ਕਿਸੇ ਲਾਲਸਾ ਖਾਤਰ ਗਰੀਬ ਨਾਲ ਧੱਕਾ ਕਰਵਾਉਂਦੇ ਹਨ ਤੇ ਝੂਠੀ ਧਿਰ ਨਾਲ ਖੜ੍ਹ ਜਾਂਦੇ ਹਨ ।
ਮੈਂ ਸਮਾਜ ਵਿਚ ਤੇ ਰਿਸ਼ਤੇਦਾਰਾਂ ਵਿਚ ਅਜਿਹੇ ਫਰਕ ਵੀ ਦੇਖੇ ਹਨ । ਸਾਡੇ ਇੱਕ ਬਹੁਤ ਹੀ ਸਤਿਕਾਰਯੋਗ ਸਖਸ਼ੀਅਤ ਜਾਣ ਪਹਿਚਾਣ ਵਾਲੇ ਹਨ ਤੇ ਉਨ੍ਹਾਂ ਦੀ ਸਿਆਸੀ ਪਹੁੰਚ ਵੀ ਸਰਕਾਰ ਦਰਬਾਰੇ ਪੂਰੀ ਹੈ ਤੇ ਉਨ੍ਹਾਂ ਨਾਲ ਸਾਡੇ ਕੁਝ ਰਿਸ਼ਤੇਦਾਰਾਂ ਦੀ ਵੀ ਚੰਗੀ ਸਾਂਝ ਹੈ । ਉਨ੍ਹਾਂ ਨਾਲ ਪਹਿਚਾਣ ਵਾਲਿਆਂ ਵਿਚੋਂ ਸਾਡਾ ਇੱਕ ਰਿਸ਼ਤੇਦਾਰ ਕਹਿੰਦਾ ਹੈ ਜਿੰਨਾਂ ਦੀ ਉਕਤ ਵਾਲਿਆਂ ਸਾਂਝ ਨਹੀਂ ਉਹ ਮੇਰੇ ਕੁਝ ਨਹੀਂ ਲਗਦੇ ਹਾਲਾ ਕਿ ਸਕੇ ਰਿਸ਼ਤੇਦਾਰ ਬੇਗਾਨੇ ਹੋ ਗਏ ਤੇ ਸਿਰਫ ਸਾਂਝ ਵਾਲਿਆਂ ਦੀ ਉੱਚ ਪਹੁੰਚ ਹੋਣ ਕਰਕੇ ਨਜ਼ਦੀਕੀ ਹੋ ਗਏ । ਭਾਵੇ ਕਿ ਮੱਧ ਵਰਗੀ ਰਿਸ਼ਤੇਦਾਰ ਜ਼ਿਆਦਾ ਇੱਜ਼ਤ ਮਾਣ ਦਿੰਦਾ ਹੋਵੇ ਤੇ ਸਤਿਕਾਰ ਕਰਦਾ ਹੋਵੇ । ਪਰ ਉੱਚੀ ਪਹੁੰਚ ਵਾਲੇ ਵੀ ਉਨ੍ਹਾਂ ਲੋਕਾਂ ਨਾਲ ਸਾਂਝ ਉਨੀ ਦੇਰ ਹੀ ਰੱਖਦੇ ਹਨ ਜਿੰਨੀ ਦੇਰ ਉਨ੍ਹਾਂ ਨੂੰ ਕੋਈ ਮਤਲਬ ਹੋਵੇ ਜਦੋਂ ਮਤਲਬ ਨਿਕਲ ਗਿਆ ਤੇ ਫਿਰ ਉਹ ਵੀ ਦੂਰ ਕਰ ਦਿੰਦੇ ਹਨ । ਇਹ ਸਮਾਜ ਵਿਚ ਆਮ ਦੇਖਣ ਨੂੰ ਮਿਲਦਾ ਹੈ ਸਿਆਸੀ ਲੀਡਰਾਂ ਦੀ ਜਦੋਂ ਪੂਰੀ ਤੂਤੀ ਬੋਲਦੀ ਹੋਵੇ ਤੇ ਲੋਕ ਉਨ੍ਹਾਂ ਦੇ ਮੋਢਿਆਂ ਤੇ ਚੜ੍ਹੇ ਰਹਿੰਦੇ ਤੇ ਜਦੋਂ ਤੂਤੀ ਵਜਣੋ ਹੱਟ ਜਾਵੇ ਤੇ ਫਿਰ ਕਿਵੇ ਢਲਦੇ ਪਛਰਾਵੇ ਵਾਂਗ ਲੋਕ ਸਾਥ ਛੱਡ ਦਿੰਦੇ ਹਨ । ਅਮੀਰ ਰਿਸ਼ਤੇਦਾਰ ਆਪਣੇ ਤੋਂ ਵੀ ਤਕੜੇ ਦੂਰ ਤੱਕ ਦੇ ਰਿਸ਼ਤੇਦਾਰਾਂ ਨਾਲ ਸਾਂਝ ਰੱਖਦਾ ਹੈ ਤੇ ਜਦੋਂ ਕਿਤੇ ਗੱਲ ਕਰਨ ਦਾ ਮੌਕਾ ਮਿਲੇ ਤਾਂ ਬੜੀ ਟੌਹਰ ਨਾਲ ਦੱਸਦਾ ਹੈ ਕਿ ਸਾਡਾ ਉਹ ਰਿਸ਼ਤੇਦਾਰ ਹੈ ।ਨੇੜੇ ਦਾ ਗਰੀਬ ਰਿਸ਼ਤੇਦਾਰ ਵੀ ਉਸਨੂੰ ਜਾਣਦਾ ਹੈ ਹੋਵੇ ਤਾਂ ਉਹ ਕਹਿੰਦੇ ਹਨ ਹੈਗਾ ਤਾਂ ਸਾਡਾ ਰਿਸ਼ਤੇਦਾਰ ਪਰ ਸਾਡਾ ਇਸ ਨਾਲ ਘੱਟ ਹੀ ਮਿਲਣ ਵਰਤਣ ਹੈ ।
ਸਮਾਜ ਦੇ ਅਜਿਹੇ ਲੋਕਾਂ ਰਿਸ਼ਤੇਦਾਰਾਂ ਨੂੰ ਚੰਗੀਆਂ ਕਦਰਾਂ ਕੀਮਤਾਂ ਸਮਝਣ ਦੀ ਲੋੜ ਹੈ ਕਿ ਪੈਸਾ, ਸਿਆਸੀ ਪਹੁੰਚ ਸਦਾ ਚਿਰ ਟਿਕੇ ਰਹਿਣ ਵਾਲੇ ਨਹੀਂ ਹਨ ਪਤਾ ਨਹੀਂ ਕੁਦਰਤ ਨੇ ਕਹਿੜੇ ਸਮੇਂ ਬਾਜ਼ੀ ਕਿਸ ਪਾਸੇ ਮੋੜ ਦੇਣੀ ਹੈ ।ਜਿਵੇ ਕੋਈ ਉੱਚੀ ਪਦਵੀ ਤੇ ਵਿਅਕਤੀ ਬੈਠਾ ਹੁੰਦਾਂ ਹੈ ਤਾਂ ਸਾਰੇ ਉਸ ਦੀ ਜੀ ਹਜ਼ੂਰੀ ਕਰਦੇ ਹਨ ਭਾਵੇ ਦਿਲੋ ਸਤਿਕਾਰ ਨਾ ਕਰਦੇ ਹੋਣ ਪਰ ਮਜ਼ਬੂਰੀ ਖਾਤਰ ਨੂੰ ਇਹ ਅਹਿਸਾਸ ਕਰਵਾਉਂਦੇ ਹਨ ਕਿ ਅਸੀਂ ਤੁਹਾਡਾ ਬਹੁਤ ਇੱਜ਼ਤਮਾਣ ਕਰਦੇ ਹਾਂ । ਅਸਲ ਵਿਚ ਇੱਜ਼ਤਮਾਣ ਉਹ ਕਮਾਇਆ ਹੁੰਦਾ ਹੈ ਕਿਸੇ ਪਦਵੀ ਤੋਂ ਬਾਅਦ ਵਿਚ ਵੀ ਮਿਲਦਾ ਰਹੇ ।

ਕਈ ਵਾਰ ਆਮ ਦੇਖਣ ਨੂੰ ਮਿਲਦਾ ਹੈ ਕਿ ਅਮੀਰ ਬੰਦਾ ਭਾਵੇ ਗਲਤ ਸਲਾਹ ਦੇਵੇ ਤਾਂ ਹਰੇਕ ਉਸ ਦੀ ਹਾਂ ਵਿਚ ਹਾਂ ਮਿਲਾਉਂਦਾ ਹੈ ਤੇ ਕਹਿੰਦੇ ਬਹੁਤ ਸਿਆਣਾ ਬੰਦਾ ਹੈ । ਜੇਕਰ ਕੋਈ ਗਰੀਬ ਭਾਵੇਂ ਉਸ ਨਾਲੋ ਕਈ ਗੁਣਾ ਵਧੀਆ ਸਲਾਹ ਦੇਵੇ ਤਾਂ ਲੋਕ ਮੂੰਹ ਤੇ ਕਹਿ ਦਿੰਦੇ ਹਨ ਕਿ ਸਭ ਤੋਂ ਨਿਕੰਮੀ ਗੱਲ ਕੀਤੀ ਹੈ । ਦਿਮਾਗ ਤਾਂ ਕੁਦਰਤੀ ਦੇਣੀ ਹੈ ਕੀ ਪਤਾ ਪ੍ਰਮਾਤਮਾ ਨੇ ਕਿਸਨੂੰ ਜ਼ਿਆਦਾ ਬੁੱਧੀਮਾਨ ਤੇ ਤੇਜ਼ ਤਰਾਰ ਬਣਾ ਕੇ ਪੈਦਾ ਕੀਤਾ ਹੈ ।
ਸੋ ਇਸ ਕਰਕੇ ਹਰੇਕ ਨੂੰ ਇੱਕੋ ਜਿਹਾ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ ਨਾ ਕਿ ਅਮੀਰੀ ਗਰੀਬੀ ਵਾਲਾ ਫਰਕ ਰੱਖ ਕੇ । ਜਦੋਂ ਅਮੀਰ ਘਰ ਆ ਗਿਆ ਤਾਂ ਸਾਰਾ ਟੱਬਰ ਉੁਸ ਦੇ ਅੱਗੇ ਪਿੱਛੇ ਘੁੰਮੀ ਜਾਵੇ ਤੇ ਜਦੋਂ ਆਪਣੇ ਨਾਲੋਂ ਥੋੜਾ ਗਰੀਬ ਆਇਆ ਤਾਂ ਖਾਨਾਪੂਰਤੀ ਕਰਦੇ ਹੋਏ ਉਸਨੂੰ ਪੁੱਛਿਆ ਜਾਂਦਾ ਹੈ । ਕਾਗਜ਼ੀ ਪੈਸੇ ਨੇ ਕਈਆਂ ਦਾ ਖੁੂਨ ਸਫੈਦ ਕਰ ਦਿੱਤਾ ਹੈ ਤੇ ਦਿਮਾਗ ਦੀ ਸੋਚ ਹੀ ਉਲਟੀ ਕਰ ਕੇ ਰੱਖ ਦਿੱਤੀ ਹੈ । ਪੈਸਾ, ਉੱਚ ਪਦਵੀ, ਸਿਆਸੀ ਪਹੁੰਚਾ ਨੂੰ ਪਾਸੇ ਰੱਖ ਕੇ ਸਮਾਜ ਵਿਚ ਚੰਗੀਆਂ ਕਦਰਾਂ ਕੀਮਤਾਂ ਦੇ ਅਧਾਰਿਤ ਜੀਵਨ ਜਿਊਣਾ ਚਾਹੀਦਾ ਹੈ ।

Geef een reactie

Het e-mailadres wordt niet gepubliceerd. Vereiste velden zijn gemarkeerd met *