ਕੌਣ ਬਣੇਗਾ ਆਸਟ੍ਰੇਲੀਆ ਦਾ ਅਗਲਾ ਪ੍ਰਧਾਨ ਮੰਤਰੀ ……..?


ਸਕਾਟ ਮੋਰੀਸਨ ਬਨਾਮ ਐਂਥਨੀ ਐਲਬਨੀਜ਼
ਮਿੰਟੂ ਬਰਾੜ

“ਸ਼ਨੀਵਾਰ 21 ਮਈ 2022 ਨੂੰ ਆਸਟ੍ਰੇਲੀਆ ਦੀਆਂ ਸੰਘੀ ਚੋਣਾਂ ਹੋਣ ਜਾਂ ਰਹੀਆਂ ਹਨ। ਜਿਨ੍ਹਾਂ ਵਿੱਚ ਮੁੱਖ ਮੁਕਾਬਲਾ ਲੇਬਰ ਅਤੇ ਲਿਬਰਲ ਪਾਰਟੀ ਵਿਚਲੇ ਹੈ। ਮੌਜੂਦਾ ਸਮੇਂ ਲਿਬਰਲ ਵੱਲੋਂ ‘ਸਕਾਟ ਮੋਰੀਸਨ’ ਪ੍ਰਧਾਨ ਮੰਤਰੀ ਹਨ। ਲੇਬਰ ਵੱਲੋਂ ਮੌਜੂਦਾ ਵਿਰੋਧੀ ਧਿਰ ਦੇ ਨੇਤਾ ‘ਐਂਥਨੀ ਐਲਬਨੀਜ਼’ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਹਨ। ਆਓ ਇੱਕ ਸਰਸਰੀ ਝਾਤ ਪਾਈਏ ਉਹਨਾਂ ਦੇ ਸਿਆਸੀ ਅਤੇ ਨਿੱਜੀ ਜੀਵਨ ਉੱਤੇ।”

ਆਸਟ੍ਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ …. ਕੀ ਰਿਹਾ ਘਾਟੇ ਦਾ ਸੌਦਾ….?
13 ਮਈ 1968 ਨੂੰ ਜਨਮੇ ਅਤੇ ਇਸੇ ਮਹੀਨੇ ਆਪਣਾ 54ਵਾਂ ਜਨਮ ਦਿਹਾੜਾ ਮਨਾਉਣ ਵਾਲੇ ਆਸਟ੍ਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ ਸਕਾਟ ਜੋਹਨ ਮੋਰੀਸਨ, ਜੋ ਕਿ ਲਿਬਰਲ ਪਾਰਟੀ ਦੇ 14ਵੇਂ ਨੇਤਾ ਹਨ ਅਤੇ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ। ਮੁੜ ਸੱਤਾ ਹਾਸਲ ਕਰਨ ਲਈ ਅੱਜ ਕੱਲ ਚੱਲ ਰਹੇ ਚੋਣ ਪ੍ਰਚਾਰ ਵਿੱਚ ਪੂਰੀ ਤਰ੍ਹਾਂ ਰੁੱਝੇ ਹੋਏ ਹਨ।
ਸਾਲ 2018, ਅਗਸਤ ਦਾ ਮਹੀਨਾ, ਸਕਾਟ ਮੋਰੀਸਨ ਵਾਸਤੇ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਇਹ ਵੀ ਇਕ ਸੱਚ ਹੈ ਕਿ ਉਹ ਜ਼ਾਤੀ ਤੌਰ ਤੇ ਚਮਤਕਾਰਾਂ ਵਿੱਚ ਵਿਸ਼ਵਾਸ ਵੀ ਰੱਖਦੇ ਹਨ। ਮੈਲਕਮ ਟਰਨਬੁੱਲ ਦਾ ਸੱਤਾ ਤੋਂ ਪਰ੍ਹਾਂ ਹੋ ਜਾਣਾ ਅਤੇ ਸਕਾਟ ਮੋਰੀਸਨ ਦਾ ਲਿਬਰਲ ਪਾਰਟੀ ਦਾ ਨੇਤਾ ਚੁਣਿਆ ਜਾਣਾ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਣਾ। ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ।
ਸਿਡਨੀ ਦੇ ਵੇਵਰਲੇਅ ਵਿੱਚ, ਇੱਕ ਪੁਲਿਸ ਅਫ਼ਸਰ ਅਤੇ ਬਾਅਦ ਵਿੱਚ ਬਣੇ ਮੇਅਰ (ਸ੍ਰੀ ਜੋਹਨ ਡਗਲਸ ਮੋਰੀਸਨ) ਦੇ ਘਰ ਜਨਮੇ ਸਕਾਟ ਮੋਰੀਸਨ ਨੇ ਆਪਣੀ ਮੁੱਢਲੀ ਸਿੱਖਿਆ ਸਿਡਨੀ ਵਿੱਚ ਹੀ ਹਾਸਲ ਕੀਤੀ। ਫੇਰ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਤੋਂ ਭੂਗੋਲਿਕ ਅਰਥ-ਸ਼ਾਸਤਰ ਦੇ ਵਿਸ਼ਿਆਂ ਨਾਲ ਗ੍ਰੈਜੂਏਸ਼ਨ ਕੀਤੀ। ਸਕਾਟ ਮੋਰੀਸਨ ਦਾ ਪਿਛੋਕੜ ‘ਵਿਲੀਅਮ ਰਾਬਟਸ’ ਨਾਲ ਜੁੜਦਾ ਹੈ ਜੋ ਕਿ ਸਾਲ 1788 ਦੌਰਾਨ ਅਸਟ੍ਰੇਲੀਆ ਵਿੱਚ ਧਾਗਾ ਚੋਰੀ ਕਰਕੇ ਲਿਆਇਆ ਸੀ ਅਤੇ ਫੜਿਆ ਗਿਆ ਸੀ। ਬਾਅਦ ਵਿੱਚ ਉਸ ਨੂੰ ਸਜ਼ਾ ਵੀ ਹੋਈ ਸੀ।
ਸਕਾਟ ਮੋਰੀਸਨ ‘ਪ੍ਰਰੈਸਬੇਟੇਰੀਅਨ ਚਰਚ ਆਫ਼ ਆਸਟ੍ਰੇਲੀਆ’ (ਪੀ.ਸੀ.ਏ.) ਨੂੰ ਮੰਨਣ ਵਾਲੇ ਹਨ। ਕੱਟੜ ਧਾਰਮਿਕ ਹੋਣ ਕਾਰਨ ਉਹ ਇਹ ਵੀ ਕਹਿੰਦੇ ਸੁਣੇ ਗਏ ਹਨ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਆਸਟ੍ਰੇਲੀਆਈ ਧਰਤੀ ਉਪਰ ਧਰਮ ਦੇ ਨਾਂ ਤੇ ਖ਼ਾਸ ਕੰਮ ਕਰਨ ਲਈ ਭੇਜਿਆ ਹੈ। ਬਾਅਦ ਵਿੱਚ ਉਨ੍ਹਾਂ ਨੇ ਆਪਣੇ ਉਕਤ ਬਿਆਨ ਦਾ ਮਤਲਬ ਇੰਝ ਸਮਝਾਇਆ ਸੀ ਕਿ “ਆਪਾਂ ਜੋ ਵੀ ਨਿੱਤ ਪ੍ਰਤੀ ਦਿਨ ਕਰਦੇ ਹਾਂ ਉਹ ਕ੍ਰਿਸਚਨ ਹੋਣ ਦੇ ਨਾਤੇ ਧਾਰਮਿਕ ਹੁੰਦਾ ਹੈ ਅਤੇ ਪ੍ਰਮਾਤਮਾ ਦੇ ਹੁਕਮ ਨਾਲ ਹੀ ਹੁੰਦਾ ਹੈ।”
ਉਨ੍ਹਾਂ ਦਾ ਵਿਆਹ ਸਾਲ 1990 ਵਿੱਚ ਜੈਨੀ ਵੈਰੇਨ ਨਾਲ ਹੋਇਆ। ਉਨ੍ਹਾਂ ਦੇ ਦੋ ਬੱਚੇ (ਜੁੜਵਾਂ ਬੇਟੀਆਂ) ਹਨ।
ਸਾਲ 1989 ਤੋਂ 1995 ਤੱਕ ਉਹ ਨੈਸ਼ਨਲ ਪਾਲਿਸੀ ਦੇ ਤਹਿਤ ਬਤੌਰ ਖੋਜ ਮੈਨੇਜਰ ਕੰਮ ਕਰਦੇ ਰਹੇ। ਸਾਲ 1998 ਵਿੱਚ ਉਹ ਨਿਊਜ਼ੀਲੈਂਡ ਚਲੇ ਗਏ ਅਤੇ 2000 ਤੱਕ ਉਹ ਨਿਊਜ਼ੀਲੈਂਡ ਦੇ ਟੂਰਿਜ਼ਮ ਅਤੇ ਖੇਡ ਵਿਭਾਗ ਵਿਚ ਬਤੌਰ ਡਾਇਰੈਕਟਰ ਰਹੇ। ਫੇਰ ਸਾਲ 2004 ਤੋਂ 2006 ਤੱਕ ਉਹ ਟੂਰਿਜ਼ਮ ਆਸਟ੍ਰੇਲੀਆ ਦੇ ਮੈਨੇਜਿੰਗ ਡਾਇਰੈਕਟਰ ਵੀ ਰਹੇ। ਇਸ ਦੌਰਾਨ ਉਨ੍ਹਾਂ ਦੇ ਸਬੰਧ ਨਿਊਜ਼ੀਲੈਂਡ ਦੇ ਸੈਰ-ਸਪਾਟਾ ਮੰਤਰੀ ਮੁਰੈ ਮੈਕਲੀ ਨਾਲ ਕਾਫ਼ੀ ਨਜ਼ਦੀਕੀ ਹੋ ਚੁੱਕੇ ਸਨ।
ਸਾਲ 2000 ਵਿੱਚ ਉਹ ਆਸਟ੍ਰੇਲੀਆ ਵਾਪਸ ਪਰਤ ਆਏ ਅਤੇ ਨਿਊ ਸਾਊਥ ਵੇਲਜ਼ ਰਾਜ ਵਿਚਲੀ ਲਿਬਰਲ ਪਾਰਟੀ ਡਿਵੀਜ਼ਨ ਦੇ ਨਿਰਦੇਸ਼ਕ ਬਣ ਗਏ। ਰਾਜਨੀਤਿਕ ਸੋਚ ਸਮਝ ਰੱਖਣ ਵਾਲੇ ਸਕਾਟ ਮੋਰੀਸਨ, ਸਾਲ 2007 ਦੌਰਾਨ ਦੇਸ਼ ਦੇ ਹਾਊਸ ਆਫ਼ ਰਿਪ੍ਰੀਜ਼ੈਂਟੇਟਿਵ ਵਿੱਚ ਚੁਣੇ ਗਏ ਅਤੇ ਐੱਮ.ਪੀ. ਬਣ ਕੇ ਪਾਰਲੀਮੈਂਟ ਵਿੱਚ ਪਹੁੰਚੇ। ਸਾਲ 2013 ਵਿੱਚ ਲਿਬਰਲ ਪਾਰਟੀ ਨੇ ਨੈਸ਼ਨਲਾਂ ਨਾਲ ਗਠਜੋੜ ਕਰ ਲਿਆ ਅਤੇ ਸੱਤਾ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ। ਉਸ ਸਮੇਂ ਬਣੀ ‘ਟੋਨੀ ਐਬਟ’ ਸਰਕਾਰ ਵਿੱਚ ਸਕਾਟ ਮੋਰੀਸਨ ਨੂੰ ਇਮੀਗ੍ਰੇਸ਼ਨ ਅਤੇ ਬਾਰਡਰਾਂ ਦੀ ਸੁਰੱਖਿਆ ਵਾਲੇ ਵਿਭਾਗ ਦਾ ਮੰਤਰੀ ਬਣਾਇਆ ਗਿਆ। ਇਸ ਤੋਂ ਅਗਲੇ ਸਾਲ ਉਹ ਸਦਨ ਦੇ ਅੰਦਰੂਨੀ ਬਦਲਾਵਾਂ ਕਾਰਨ ਸਮਾਜਿਕ ਸੇਵਾਵਾਂ ਦੇ ਮੰਤਰੀ ਬਣਾ ਦਿੱਤੇ ਗਏ।
ਸਤੰਬਰ 2015 ਵਿੱਚ ਰਾਜਨੀਤਿਕ ਉਥੱਲ-ਪਥੱਲ ਹੋਈ ਅਤੇ ਪ੍ਰਧਾਨ ਮੰਤਰੀ ‘ਐਬਟ’ ਨੂੰ ਹਟਾ ਕੇ ‘ਮੈਲਕਮ ਟਰਨਬੁੱਲ’ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਅਤੇ ਇਸੇ ਉਥੱਲ-ਪਥੱਲ ਦੇ ਚੱਲਦਿਆਂ, ਲਿਬਰਲ ਪਾਰਟੀ ਮੁੜ ਤੋਂ ਸਮੇਂ ਦੇ ਗੇੜ ਵਿੱਚ ਆ ਗਈ ਅਤੇ ਘਰੇਲੂ ਮਾਮਲਿਆਂ ਦੇ ਮੰਤਰੀ ਪੀਟਰ ਡਟਨ ਨੇ ਮੈਲਕਮ ਟਰਨਬੁੱਲ ਦੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਨੂੰ ਚੁਨੌਤੀ ਦੇ ਦਿੱਤੀ। ਭਾਵੇਂ ਇਹ ਚੁਨੌਤੀ ਅਸਰਦਾਰ ਸਾਬਤ ਨਾ ਹੋਈ। ਪਰੰਤੂ ਪਾਰਟੀ ਵਿੱਚ ਕਿਉਂਕਿ ਅ-ਵਿਸ਼ਵਾਸ ਪੈਦਾ ਹੋ ਹੀ ਚੁੱਕਿਆ ਸੀ ਇਸ ਲਈ ਲਿਬਰਲ ਪਾਰਟੀ ਨੇ ਦੋਬਾਰਾ ਤੋਂ ਲੀਡਰਸ਼ਿਪ ਦੀਆਂ ਚੋਣਾਂ ਕਰਵਾਉਣ ਦਾ ਸਿਰਫ਼ ਫ਼ੈਸਲਾ ਹੀ ਨਹੀਂ ਲਿਆ ਸਗੋਂ ਮੈਲਕਮ ਟਰਨਬੁੱਲ ਨੂੰ ‘ਨਾਟ ਟੂ ਸਟੈਂਡ’ ਵਾਲੀ ਸਥਿਤੀ ਵਿੱਚ ਖੜ੍ਹਾ ਕਰ ਦਿੱਤਾ ਗਿਆ।
ਇਸ ਖ਼ਾਨਾ-ਜੰਗੀ ਦੌਰਾਨ ਭਾਵੇਂ ਪੀਟਰ ਡਟਨ ਅਤੇ ਜੂਲੀ ਬਿਸ਼ਪ ਵੀ ਜਿੱਤ ਨਹੀਂ ਸਕੇ ਪਰੰਤੂ ਇਸ ਕਸ਼ਮਕਸ਼ ਦੌਰਾਨ ਸਕਾਟ ਮੋਰੀਸਨ ਇੱਕ -ਸਮਝੌਤੇ ਦਾ ਉਮੀਦਵਾਰ ਭਾਵ ‘ਕੰਪਰੋਮਾਈਜ਼ਡ ਕੈਂਡੀਡੇਟ’ ਦੇ ਤੌਰ ਤੇ ਅੱਗੇ ਆ ਗਏ ਅਤੇ ਵਕਤੀ ਤੌਰ ਰਾਜ-ਸੱਤਾ ਦੀ ਡੋਰ ਸਕਾਟ ਮੋਰੀਸਨ ਨੂੰ ਸਾਂਭਦਿਆਂ, ਆਸਟ੍ਰੇਲੀਆ ਦਾ 30ਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ।
ਇਹ ਰਾਜਨੀਤਿਕ ਸਚਾਈ ਹੈ ਕਿ ਸੱਤਾ ਕੁਰਸੀ ਤੱਕ ਪਹੁੰਚਣ ਵਾਲੇ ਰਾਹ ਅਤੇ ਸੋਚ ਵਿਚਾਰ ਕੁੱਝ ਹੋਰ ਹੀ ਹੁੰਦੇ ਹਨ। ਪਰੰਤੂ ਸੱਤਾ ਵਾਲੀ ਕੁਰਸੀ ਤੇ ਬੈਠਦਿਆਂ ਹੀ ਜੋ ਕੁੱਝ ਦਿਖਾਈ ਦੇਣ ਲੱਗਦਾ ਹੈ। ਪ੍ਰਧਾਨ ਮੰਤਰੀ ਬਣਦਿਆਂ ਹੀ ਸਕਾਟ ਮੋਰੀਸਨ ਸਾਹਮਣੇ ਬਹੁਤ ਸਾਰੀਆਂ ਨਵੀਂਆਂ ਨਵੀਂਆਂ ਚੁਨੌਤੀਆਂ ਨੇ ਕੇਵਲ ਸਿਰ ਹੀ ਨਹੀਂ ਕੱਢਿਆ, ਸਗੋਂ ਉਨ੍ਹਾਂ ਦੇ ਸਿਰੇ ਤੇ ਪਹੁੰਚੇ ਰਾਜਨੀਤਿਕ ਕੈਰੀਅਰ ਨੂੰ ਠੇਸ ਲਗਾਉਣੀ ਵੀ ਸ਼ੁਰੂ ਕਰ ਦਿੱਤੀ।
ਇਕ ਤਾਂ ਸਾਲ 2019 ਵਾਲੀਆਂ ਚੋਣਾਂ ਨੇ ਪਾਰਟੀ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ। ਦੂਜਾ ਕੁਦਰਤੀ ਆਫ਼ਤ, ਜੰਗਲ ਦੀ ਅੱਗ ਕਾਰਨ (2019-2022), ਜਦੋਂ ਦੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਤਾਂ ਪ੍ਰਧਾਨ ਮੰਤਰੀ ਸਾਹਿਬ ਆਪਣੇ ਪਰਿਵਾਰ ਸਮੇਤ ਛੁੱਟੀਆਂ ਦਾ ਅਨੰਦ ਮਾਣ ਰਹੇ ਸਨ। ਇਸ ਕਾਰਨ ਪਾਰਟੀ ਨੂੰ ਸ਼ਰਮੰਦਗੀ ਦਾ ਸਾਹਮਣਾ ਕਰਨਾ ਪਿਆ ਅਤੇ ਜੰਗਲ ਦੀ ਅੱਗ ਵਾਲੇ ਉਸ ਸੀਜ਼ਨ ਦਾ ਸਾਰਾ ਖ਼ਮਿਆਜ਼ਾ ਪ੍ਰਧਾਨ ਮੰਤਰੀ ਦੀ ਕਾਰਜ-ਕੁਸ਼ਲਤਾ ਨੂੰ ਪ੍ਰਭਾਵਿਤ ਕਰਦਾ ਦਿਖਾਈ ਦਿੰਦਾ ਹੈ।
ਫੇਰ ਕਰੋਨਾ ਕਾਲ ਆ ਗਿਆ। ਪਹਿਲਾਂ ਤਾਂ ਸਮੁੱਚੇ ਸੰਸਾਰ ਵਿੱਚ ਆਸਟ੍ਰੇਲੀਆਈ ਸਰਕਾਰ ਦੀ ਵਾਹ-ਵਾਹ ਹੋ ਗਈ ਕਿ ਦੇਸ਼ ਅੰਦਰ ਕਰੋਨਾ ਤੋਂ ਬਚਾਓ ਲਈ ਵਧੀਆ ਕਾਰਜ ਮੋਰੀਸਨ ਸਰਕਾਰ ਵੱਲੋਂ ਕੀਤੇ ਗਏ ਹਨ। ਪਰੰਤੂ ਨਾਲ ਹੀ ਇਸ ਦੌਰਾਨ ਕਰੋਨਾ ਮਰੀਜ਼ਾਂ ਦੀ ਦੇਖਭਾਲ, ਬਾਕੀ ਸਮਾਜ ਦਾ ਕਰੋਨਾ ਤੋਂ ਬਚਾਓ, ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਅਤੇ ਇਸ ਨਾਲ ਜੋ ਲੋਕਾਂ ਦਾ ਆਰਥਿਕ ਨੁਕਸਾਨ ਹੋਇਆ -ਉਸ ਦੀ ਭਰਪਾਈ ਪੂਰੀ ਨਾ ਕਰਨ, ਸਹੀ ਬੱਧ ਤਰੀਕਿਆਂ ਨਾਲ ਮੁਆਵਜ਼ੇ ਤੈਅ ਨਾ ਕਰਨ, ਸਮੇਂ ਸਿਰ ਸਹਾਇਤਾ ਨਾ ਮਿਲਣ ਆਦਿ ਦੇ ਦੋਸ਼ ਵੀ ਸਰਕਾਰ ਉਪਰ ਲੱਗੇ।
ਕੋਵਿਡ-19 ਵੈਕਸੀਨ ਦੀ ਖ਼ਰੀਦ ਤੋਂ ਲੈ ਕੇ ਵਿਤਰਨ ਆਦਿ ਤੱਕ ਬਹੁਤ ਸਾਰੀਆਂ ਖ਼ਾਮੀਆਂ ਪਾਈਆਂ ਗਈਆਂ ਅਤੇ ਇਸ ਨੇ ਵੀ ਮੋਰੀਸਨ ਸਰਕਾਰ ਦੀ ਕਾਰਜ-ਕੁਸ਼ਲਤਾ ਉਪਰ ਸਵਾਲ ਖੜ੍ਹੇ ਕੀਤੇ।
ਦੇਸ਼ ਦੀ ਪਾਰਲੀਮੈਂਟ ਦੇ ਅੰਦਰ, ਮਹਿਲਾਵਾਂ ਨਾਲ ਹੋਏ ਸ਼ੋਸ਼ਣ ਦੀ ਜਦੋਂ ਪੋਲ ਖੁੱਲ੍ਹੀ ਤਾਂ ਇਸ ਨਾਲ ਵੀ ਮੌਜੂਦਾ ਸਰਕਾਰ ਦੇ ਅਕਸ ਤੇ ਬੁਰੀ ਤਰ੍ਹਾਂ ਠਾਹ ਲੱਗੀ ਅਤੇ ਕਈ ਮੰਤਰੀਆਂ ਅਤੇ ਹੋਰ ਸਟਾਫ਼ ਮੈਂਬਰਾਂ ਉਪਰ ਵੀ ਮਹਿਲਾਵਾਂ ਦੇ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗੇ।
ਬਾਹਰੀ ਦੇਸ਼ਾਂ ਦੇ ਤਾਲਮੇਲ ਸਬੰਧੀ ਨੀਤੀਆਂ ਦੌਰਾਨ, ਮੋਰੀਸਨ ਸਰਕਾਰ ਨੇ ਭਾਵੇਂ ਔਕਸ (ਆਸਟ੍ਰੇਲੀਆ, ਯੂ.ਕੇ. ਅਤੇ ਅਮਰੀਕਾ) ਦਰਮਿਆਨ ਸੰਧੀ ਹੋਈ ਅਤੇ ਪ੍ਰਮਾਣੂ ਪਣਡੁੱਬੀਆਂ ਖ਼ਰੀਦਣ ਦਾ ਫ਼ੈਸਲਾ ਹੋਇਆ। ਪਰੰਤੂ ਇਸ ਨਾਲ ਫਰਾਂਸ ਦੇ ਸਬੰਧ ਆਸਟ੍ਰੇਲੀਆ ਨਾਲ ਖਟਾਈ ਵਿੱਚ ਪੈ ਗਏ। ਕਿਉਂਕਿ ਪਹਿਲਾਂ ਵਾਲਾ ਸਮਝੌਤਾ ਆਸਟ੍ਰੇਲੀਆ ਦਾ ਫਰਾਂਸ ਨਾਲ ਚੱਲ ਰਿਹਾ ਸੀ। ਇਸ ਦੇ ਨਾਲ ਹੀ ਕੋਵਿਡ ਕਾਲ ਦਾ ਸਾਰਾ ਕਸੂਰ ਚੀਨ ਦਾ ਕੱਢਣ ਕਾਰਨ ਅਤੇ ਚੀਨ ਨੂੰ ਕਰੋਨਾ ਦਾ ਸਿੱਧਾ ਜ਼ਿੰਮੇਵਾਰ ਠਹਿਰਾਏ ਜਾਣ ਕਾਰਨ -ਆਸਟ੍ਰੇਲੀਆ, ਫਰਾਂਸ ਅਤੇ ਚੀਨ ਦੇ ਆਪਸੀ ਸੰਬੰਧਾਂ ਵਿੱਚ ਵਿਗਾੜ ਪੈ ਗਿਆ।
ਸ਼ਰਨਾਰਥੀਆਂ ਪ੍ਰਤੀ ਅਪਣਾਏ ਗਏ ਆਪਣੇ ਰੁਖ਼ ਲਈ ਵੀ ਸਰਕਾਰ ਦਾ ਜਨਤਕ ਤੌਰ ਤੇ ਵਿਰੋਧ ਕੀਤਾ ਜਾ ਰਿਹਾ ਹੈ।
ਸ਼ਰਨਾਰਥੀ ਕੈਂਪਾਂ ਵਿੱਚ ਰੱਖੇ ਗਏ ਦੂਸਰੇ ਦੇਸ਼ਾਂ ਤੋਂ ਆਏ ਲੋਕਾਂ ਪ੍ਰਤੀ ਸਰਕਾਰ ਦਾ ਵਧੀਆ ਰਵੱਈਆ ਨਹੀਂ ਹੈ ਅਤੇ ਉਨ੍ਹਾਂ ਨਾਲ ਇਨਸਾਨਾਂ ਵਰਗਾ ਵਰਤਾਓ ਨਹੀਂ ਕੀਤਾ ਜਾ ਰਿਹਾ, ਇਸ ਬਾਰੇ ਵੀ ਮੋਰੀਸਨ ਸਰਕਾਰ ਉਪਰ ਲਗਾਤਾਰ ਇਲਜ਼ਾਮ ਲੱਗਦੇ ਰਹੇ ਹਨਙ
ਤਾਲਿਬਾਨ ਦੇ ਅਫ਼ਗ਼ਾਨ ਉਪਰ ਕਬਜ਼ੇ ਨੇ ਇੱਕ ਹੋਰ ਬਖੇੜਾ ਖੜ੍ਹਾ ਕਰ ਦਿੱਤਾ। ਅਫ਼ਗ਼ਾਨਿਸਤਾਨ ਦੀ ਲੜਾਈ ਦੌਰਾਨ ਮਿੱਤਰ ਦੇਸ਼ਾਂ ਦੀਆਂ ਫ਼ੌਜਾਂ ਦੀ ਮਦਦ ਲਈ ਬਹੁਤ ਸਾਰੇ ਅਫ਼ਗ਼ਾਨ ਦੋ-ਭਾਸ਼ੀਏ -ਤਾਲੀਬਾਨਾਂ ਦੇ ਖ਼ਿਲਾਫ਼ ਖੜ੍ਹੇ ਹੋਏ ਸਨ। ਅਮਰੀਕਾ ਦੇ ਰਾਸ਼ਟਰਪਤੀ ਜੋਏ ਬਾਇਡਨ ਦੀ ਚੋਣ ਹੁੰਦਿਆਂ ਹੀ ਅਫ਼ਗ਼ਾਨਿਸਤਾਨ ਵਿੱਚੋਂ ਅਮਰੀਕੀ ਸੈਨਾਵਾਂ ਨੂੰ ਵਾਪਸ ਬੁਲਾ ਲਿਆ ਗਿਆ ਅਤੇ ਤਾਲੀਬਾਨਾਂ ਦਾ ਅਫ਼ਗ਼ਾਨਿਸਤਾਨ ਉਪਰ ਕਬਜ਼ਾ ਹੋ ਗਿਆ। ਉਹ ਅਫ਼ਗ਼ਾਨ ਨਾਗਰਿਕ, ਜਿਨ੍ਹਾਂ ਨੇ ਆਸਟ੍ਰੇਲੀਆਈ ਫ਼ੌਜਾਂ ਅਤੇ ਹੋਰ ਮਿੱਤਰ ਦੇਸ਼ਾਂ ਦੀਆਂ ਫ਼ੌਜਾਂ ਦੀ ਮਦਦ ਕੀਤੀ ਸੀ, ਉਹਨਾਂ ਨੇ ਆਪਣੀ ਜਾਨ ਦੀ ਗੁਹਾਰ ਲਗਾਈ ਅਤੇ ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ਨੂੰ ਵੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉੱਥੋਂ ਕੱਢਣ ਅਤੇ ਰਾਜਨੀਤਿਕ ਸ਼ਰਨ ਦੇਣ ਦੀ ਮੰਗ ਰੱਖੀ ਸੀ। ਆਸਟ੍ਰੇਲਿਆਈ ਸਰਕਾਰ ਨੇ ਇਸ ਪਾਸੇ ਧਿਆਨ ਤਾਂ ਦਿੱਤਾ ਪਰੰਤੂ ਦੂਸਰੇ ਦੇਸ਼ਾਂ (ਬ੍ਰਿਟੇਨ ਅਤੇ ਅਮਰੀਕਾ) ਦੇ ਮੁਕਾਬਲਤਨ ਇਹ ਧਿਆਨ ਬਹੁਤ ਹੀ ਹੌਲੀ-ਹੌਲੀ ਅਤੇ ਘੱਟ ਦਿਖਾਈ ਦਿੱਤਾ। ਇਸ ਬਾਰੇ ਵੀ ਮੋਰੀਸਨ ਸਰਕਾਰ ਨੁਕਤਾਚੀਨੀਆਂ ਝੱਲ ਰਹੀ ਹੈ।
ਰੂਸ ਦੇ ਯੁਕਰੇਨ ਉਪਰ ਹਮਲੇ ਕਾਰਨ ਆਸਟ੍ਰੇਲਿਆਈ ਸਰਕਾਰ ਨੇ ਯੁਕਰੇਨ ਦਾ ਸਾਥ ਦਿੱਤਾ ਅਤੇ ਇੰਗਲੈਂਡ ਅਤੇ ਅਮਰੀਕਾ ਅਤੇ ਹੋਰ ਯੂਰਪੀ ਦੇਸ਼ਾਂ ਦੀ ਤਰਜ਼ ਤੇ ਯੁਕਰੇਨ ਨੂੰ ਹਥਿਆਰ ਸਪਲਾਈ ਕੀਤੇ ਅਤੇ ਹੋਰ ਮਦਦ ਵੀ ਕੀਤੀ।
ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਹਮੇਸ਼ਾ ਤੋਂ ਹੀ ਮਿੱਤਰ ਦੇਸ਼ ਰਹੇ ਹਨ ਅਤੇ ਬਹੁਤ ਸਾਰੀਆਂ ਸਾਂਝੀਆਂ ਨੀਤੀਆਂ ਦੇ ਪਾਲਕ ਵੀ ਰਹੇ ਹਨ। ਪਰੰਤੂ ਜਦੋਂ ਮੋਰੀਸਨ ਸਰਕਾਰ ਨੇ ਇਹ ਫ਼ੈਸਲਾ ਲਿਆ ਕਿ ਜੇਕਰ ਕੋਈ ਨਿਊਜ਼ੀਲੈਂਡ ਦਾ ਵਸਨੀਕ ਜੋ ਕਿ ਆਸਟ੍ਰੇਲੀਆ ਵਿੱਚ ਰਹਿ ਰਿਹਾ ਹੈ, ਜੇਕਰ ਇੱਥੇ ਕੋਈ ਅਪਰਾਧ ਕਰਦਾ ਹੈ ਤਾਂ ਉਸ ਨੂੰ ਡੀ ਪੋਰਟ ਕਰਕੇ ਨਿਊਜ਼ੀਲੈਂਡ ਭੇਜ ਦਿੱਤਾ ਜਾਵੇਗਾ। ਇਸ ਫ਼ੈਸਲੇ ਦਾ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ‘ਜੈਸਿੰਡਾ ਆਰਡਰਨ’ ਨੇ ਡਟ ਕੇ ਵਿਰੋਧ ਕੀਤਾ ਅਤੇ ਇਸ ਨਾਲ ਦੋਹਾਂ ਦੇਸ਼ਾਂ ਦੀ ਮਿੱਤਰਤਾ ਵਿੱਚ ਥੋੜ੍ਹੀ ਖਟਾਸ ਵੀ ਪੈਦਾ ਹੋਈ।
ਇਸ ਤੋਂ ਪਹਿਲਾਂ ਸਰਕਾਰ ਦਾ ਦੋਹਰੀ ਨਾਗਰਿਕਤਾ ਵਾਲਾ ਫ਼ੈਸਲਾ ਵੀ ਬਹੁਤ ਸਾਰੀਆਂ ਅੜਚਣਾਂ ਆਦਿ ਖੜ੍ਹੀਆਂ ਕਰ ਗਿਆ ਅਤੇ ਕਾਫ਼ੀ ਲੋਕਾਂ ਨੂੰ ਆਪਣੇ ਪਦ-ਭਾਰ ਇਸ ਤਹਿਤ ਛੱਡਣੇ ਪਏ ਅਤੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਜਿਸ ਦਾ ਸਿੱਧਾ ਅਸਰ ਸਕਾਟ ਮੋਰੀਸਨ ਸਰਕਾਰ ਦੀਆਂ ਰਣਨੀਤੀਆਂ ਨੂੰ ਗ਼ਲਤ ਗਰਦਾਨਣ ਵਿੱਚ ਹੀ ਪਿਆ ਅਤੇ ਵਿਰੋਧੀ ਲਗਾਤਾਰ ਸਿਰ ਚੁੱਕਦੇ ਰਹੇ।
ਦੇਸ਼ ਅੰਦਰ ਸਭ ਤੋਂ ਜ਼ਿਆਦਾ ਅਸਰ ਲੋਕਾਂ ਉਪਰ ਹੜ੍ਹਾਂ ਆਦਿ ਨਾਲ ਪਿਆ। ਇਸ ਸਾਲ 2022 ਦੇ ਸ਼ੁਰੂ ਵਿੱਚ ਹੀ ਹੜ੍ਹਾਂ ਨੇ ਕਾਫ਼ੀ ਤਬਾਹੀ ਮਚਾਈ ਅਤੇ ਲੋਕਾਂ ਨੇ ਸਿੱਧੇ ਤੌਰ ਤੇ ਮੋਰੀਸਨ ਸਰਕਾਰ ਨੂੰ ਹੀ ਇਸ ਦਾ ਦੋਸ਼ੀ ਐਲਾਨ ਦਿੱਤਾ ਅਤੇ ਸਾਫ਼ ਤੌਰ ਤੇ ਕਿਹਾ ਕਿ ਮੋਰੀਸਨ ਸਰਕਾਰ ਦਾ ‘ਵਾਤਾਵਰਣ ਬਦਲ’ ਸਬੰਧੀ ਕੋਈ ਵੀ ਧਿਆਨ ਨਹੀਂ ਹੈ।
ਅੰਦਰੂਨੀ ਕਲੇਸ਼ : ਮੋਰੀਸਨ ਸਰਕਾਰ ਨੂੰ ਆਪਣਿਆਂ ਵੱਲੋਂ ਵੀ ਬਹੁਤ ਸਾਰੇ ਵਿਰੋਧੀ ਕਮੈਂਟਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਪਹਿਲਾਂ ਤਾਂ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਹੀ ਔਕਸ ਸਮਝੌਤੇ ਕਾਰਨ ਫਰਾਂਸ ਨਾਲ ਸਬੰਧ ਵਿਗੜਨ ਕਾਰਨ ਸਕਾਟ ਮੋਰੀਸਨ ਨੂੰ ਲਤਾੜਿਆ। ਨਿਊ ਸਾਊਥ ਵੇਲਜ਼ ਰਾਜ ਦੀ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਸਕਾਟ ਮੋਰੀਸਨ ਨੂੰ ਸਿੱਧੇ ਤੌਰ ਤੇ ‘ਖ਼ਤਰਨਾਕ’ ਦੱਸਿਆ ਅਤੇ ਕਿਹਾ ਕਿ ਇਸ ਬੰਦੇ ਦਾ ਦਿਮਾਗ਼ ਸੰਤੁਲਿਤ ਹੀ ਨਹੀਂ ਹੈ।
ਵਧੀਕ ਪ੍ਰਧਾਨ ਮੰਤਰੀ -ਬਾਰਨਾਬੇ ਜਾਇਸੀ ਨੇ ਇੱਕ ਮੈਸੇਜ ਕੀਤਾ, ‘ਪ੍ਰਧਾਨ ਮੰਤਰੀ ਸਕਾਟ ਮੋਰੀਸਨ ਉਪਰ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਇੱਕ ਨੰਬਰ ਦਾ ਝੂਠਾ ਹੈ’ ਅਤੇ ਇਸ ਨਾ ਚਾਹੁੰਦੇ ਹੋਏ ਵੀ ‘ਲੀਕ’ ਹੋ ਗਏ ਸੰਦੇਸ਼ ਨੇ ਵੀ ਕਾਫ਼ੀ ਤਰਥੱਲੀ ਮਚਾਈ ਅਤੇ ਸਕਾਟ ਮੋਰੀਸਨ ਦਾ ਅਕਸ ਹੋਰ ਵੀ ਖ਼ਰਾਬ ਕੀਤਾ।
ਲਿਬਰਲ ਸੈਨੇਟਰ ਕੰਸੇਟਾ ਫਿਅਰਾਵੰਟੀ ਵੇਲਜ਼ ਨੇ ਤਾਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ‘ਤਾਨਾਸ਼ਾਹ’ ਤੱਕ ਕਰਾਰ ਦੇ ਦਿੱਤਾ ਅਤੇ ਕਿਹਾ ਕਿ ਇਹ ਸ਼ਖ਼ਸੀਅਤ ਤਾਂ ‘ਪ੍ਰਧਾਨ ਮੰਤਰੀ ਆਫ਼ਿਸ’ ਦੇ ਕਾਬਲ ਹੀ ਨਹੀਂ ਹੈ।
ਦੇਸ਼ ਦੁਨੀਆ ਦੀ ਰਾਜਨੀਤੀ ਅਤੇ ਹੋਰ ਕਾਰਜਾਂ ਨੂੰ ਦੇਖਦਿਆਂ ਇਹ ਤਾਂ ਸਪਸ਼ਟ ਹੋ ਹੀ ਜਾਂਦਾ ਹੈ ਕਿ ਇੱਕ ਵਿਅਕਤੀ ਜੋ ਕਿ ਸੱਤਾ ਜਾਂ ਕੁੱਝ ਵੀ ਹਾਸਲ ਕਰਨ ਵਾਸਤੇ ਜੋ ਸੰਘਰਸ਼ ਕਰਦਾ ਹੈ, ਜੋ ਸਚਾਈਆਂ ਪ੍ਰਗਟ ਕਰਦਾ ਹੈ, ਜੋ ਕੰਮ ਕਾਜ ਜਾਂ ਹੀਲੇ ਵਸੀਲੇ ਵਰਤ ਕੇ ਜਾਂ ਇਹ ਕਹਿ ਲਵੋ ਕਿ ਜੋ ਵਿਚਾਰਧਾਰਾ ਅਤੇ ਸੁਫ਼ਨੇ ਜਨਤਾ ਨੂੰ ਦਿਖਾ ਕੇ ਸੱਤਾ ਵਿੱਚ ਆਉਂਦਾ ਹੈ -ਅਕਸਰ ਹੀ ਉਹ ਪੂਰੇ ਨਹੀਂ ਹੁੰਦੇ ਅਤੇ ਰਾਜਨੀਤਿਕ ਲੋਕ ਆਪਣੀਆਂ ਖੇਡਾਂ ਖੇਡਣ ਵਿੱਚ ਹੀ ਮਸਰੂਫ਼ ਰਹਿੰਦੇ ਹਨ।

ਕੌਣ ਹਨ ‘ਐਂਥਨੀ ਐਲਬਨੀਜ਼’……?
ਕੀ ਉਹ ਬਣ ਸਕਦੇ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ?
2 ਮਾਰਚ, 1963 ਨੂੰ ਜਨਮੇ ਐਂਥਨੀ ਐਲਬਨੀਜ਼, ਦੀ ਜੀਵਨ ਯਾਤਰਾ ਬੜੇ ਹੀ ਸੰਘਰਸ਼ ਨਾਲ ਭਰੀ ਹੋਈ ਹੈ। ਪਿਤਾ ਦੇ ਪਿਆਰ ਤੋਂ ਦੂਰ ਰਹੇ ਐਂਥਨੀ ਦਾ ਬਚਪਨ ਮਾਂ ਦੇ ਸਹਾਰੇ ਨਾਲ ਹੀ ਬੀਤਿਆ ਕਿਉਂਕਿ ਉਨ੍ਹਾਂ ਦੀ ਮਾਂ ਮੈਰੀਆਨੇ ਐਲਰੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਸ (ਐਂਥਨੀ) ਦੇ ਪਿਤਾ ਉਸ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਇੱਕ ਕਾਰ ਦੁਰਘਟਨਾ ਵਿੱਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ। ਮੈਰੀਆਨੇ ਨੇ ਆਪਣੇ ਇਕਲੌਤੇ ਪੁੱਤਰ ਨੂੰ ਬੜੀਆਂ ਸੱਧਰਾਂ ਨਾਲ ਇਕੱਲਿਆਂ ਹੀ ਪਾਲਿਆ।
ਐਂਥਨੀ ਜਦੋਂ ਚੌਦਾਂ ਸਾਲਾਂ ਦੇ ਹੋਏ ਤਾਂ ਉਨ੍ਹਾਂ ਨੂੰ ਸਚਾਈ ਦਾ ਪਤਾ ਲੱਗਾ ਕਿ ਉਨ੍ਹਾਂ ਦੇ ਪਿਤਾ (ਕਾਰਲੋ ਐਲਬਨੀਜ਼) ਜ਼ਿੰਦਾ ਹਨ ਅਤੇ ਇਟਲੀ ਦੇ ਰਹਿਣ ਵਾਲੇ ਹਨ। ਉਹ ਆਪਣੇ ਮਾਤਾ ਪਿਤਾ ਦੇ ਪਿਆਰ ਦੀ ਨਿਸ਼ਾਨੀ ਹਨ। ਜਿਨ੍ਹਾਂ ਦਾ ਕਿ ਆਪਸ ਵਿੱਚ ਵਿਆਹ ਨਹੀਂ ਸੀ ਹੋ ਸਕਿਆ ਕਿਉਂਕਿ ਕਾਰਲੋ ਐਲਬਨੀਜ਼ ਪਹਿਲਾਂ ਤੋਂ ਹੀ ਉਨ੍ਹਾਂ ਦੇ ਇਟਲੀ ਦੇ ਪਿੰਡ ਦੀ ਇੱਕ ਲੜਕੀ ਨਾਲ ਕੁੜਮਾਈ ਕਰ ਚੁੱਕੇ ਸਨ ਅਤੇ ਉਹ (ਕਾਰਲੋ) ਮੈਰੀਆਨੇ ਨੂੰ ਇਕੱਲਿਆਂ ਛੱਡ ਕੇ ਚਲੇ ਗਏ।
ਐਂਥਨੀ ਦੇ ਜੀਵਨ ਦੀ ਸ਼ੁਰੂਆਤ ਸੰਘਰਸ਼ ਭਰੀ ਸੀ। ਉਹ ਮੰਨਦੇ ਹਨ ਕਿ ਉਨ੍ਹਾਂ ਦੀ ਮਾਤਾ ਨੇ ਉਨ੍ਹਾਂ ਨੂੰ ਜੀਵਨ ਦੀਆਂ ਤਿੰਨ ਪ੍ਰਮੁੱਖ ਸਚਾਈਆਂ ਨਾਲ ਵਾਕਫ਼ ਕਰਵਾਇਆ -ਕੈਥੋਲਿਕ ਧਾਰਮਿਕ ਜੀਵਨ, ਰਗਬੀ ਲੀਗ ਅਤੇ ਤੀਸਰੀ ਹੈ ਲੇਬਰ ਪਾਰਟੀ। ਇਨ੍ਹਾਂ ਤਿੰਨਾਂ ਨੂੰ ਫੜ੍ਹ ਕੇ ਉਹ ਆਪਣੇ ਜੀਵਨ ਦੀਆਂ ਬਹੁਤ ਸਾਰੀਆਂ ਪੌੜੀਆਂ ਨੂੰ ਚੜ੍ਹਦੇ ਰਹੇ ਹਨ ਅਤੇ ਮੰਜ਼ਿਲਾਂ ਨੂੰ ਸਰ ਵੀ ਕਰਦੇ ਰਹੇ ਹਨ। ਸਾਲ 2000 ਦੌਰਾਨ ਉਨ੍ਹਾਂ ਦਾ ਵਿਆਹ ਕਾਰਮਲ ਟੈਬੂ ਨਾਲ ਹੋਇਆ ਜੋ ਕਿ ਬਾਅਦ ਵਿੱਚ ਨਿਊ ਸਾਊਥ ਵੇਲਜ਼ ਦੇ ਵਧੀਕ ਪ੍ਰੀਮੀਅਰ ਵੀ ਰਹੀ। ਜੀਵਨ ਦੀ ਇੱਕ ਹੋਰ ਗਹਿਰੀ ਅਤੇ ਅਟੱਲ ਸਚਾਈ ਦਾ ਪਤਾ ਉਨ੍ਹਾਂ ਨੂੰ ਉਸ ਵਕਤ ਲੱਗਾ ਜਦੋਂ ਐਂਥਨੀ ਦੀ ਮਾਤਾ ਮੈਰੀਆਨੇ ਐਲਬਨੀਜ਼, ਸਾਲ 2002 ਵਿੱਚ ਐਂਥਨੀ ਦਾ ਸਾਥ ਛੱਡ ਕੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈ।
ਆਪਣੇ ਜਨਮ ਤੋਂ ਕਈ ਦਹਾਕਿਆਂ ਬਾਅਦ, ਐਂਥਨੀ ਨੇ ਇਟਲੀ ਜਾ ਕੇ ਆਪਣੇ ਪਿਤਾ ਕਾਰਲੋ ਐਲਬਨੀਜ਼ ਬਾਰੇ ਪਤਾ ਲਗਾਉਣ ਦਾ ਮਨ ਬਣਾ ਲਿਆ ਅਤੇ ਆਸਟ੍ਰੇਲਿਆਈ ਸਫ਼ਾਰਤਖ਼ਾਨੇ ਦੇ ਸਹਿਯੋਗ ਨਾਲ ਉਨ੍ਹਾਂ ਦਾ ਪਤਾ ਮਿਲ ਵੀ ਗਿਆ। ਸਾਲ 2009 ਵਿੱਚ ਉਨ੍ਹਾਂ ਨੇ ਆਪਣੇ ਪਿਤਾ ਕਾਰਲੋ ਐਲਬਨੀਜ਼ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਪਰਿਵਾਰ ਇੱਕ ਵਾਰੀ ਫੇਰ ਤੋਂ ਇਕੱਠੇ ਹੋਏ। ਇਸ ਤੋਂ ਬਾਅਦ ਐਂਥਨੀ ਐਲਬਨੀਜ਼ ਦੇ ਪਿਤਾ ਕਾਰਲੋ ਐਲਬਨੀਜ਼ ਜਨਵਰੀ 2014 ਵਿੱਚ ਇਸ ਦੁਨੀਆ ਤੋਂ ਸਦਾ ਲਈ ਰੁਖ਼ਸਤ ਹੋ ਗਏ।
ਰਾਜਨੀਤਿਕ ਜੀਵਨ ਦੌਰਾਨ ਉਹ ਹਮੇਸ਼ਾ ਲੇਬਰ ਪਾਰਟੀ ਨਾਲ ਹੀ ਜੁੜੇ ਰਹੇ ਹਨ। ਉਨ੍ਹਾਂ ਦੇ 33ਵੇਂ ਜਨਮ ਦਿਨ ਤੇ ਰਾਜਨੀਤੀ ਨੇ ਉਨ੍ਹਾਂ ਨੂੰ ਸਾਲ 1996 ਦੌਰਾਨ ਸਿਡਨੀ (ਅੰਦਰੂਨੀ) ਤੋਂ ਜਿਤਾ ਕੇ ਵਧੀਆ ਤੋਹਫ਼ਾ ਦਿੱਤਾ ਸੀ। ਇਸ ਤੋਂ ਬਾਅਦ ਪੂਰੇ ਦਹਾਕੇ ਦਾ ਸਫ਼ਰ ਲੱਗਾ ਉਨ੍ਹਾਂ ਨੂੰ ਰਾਜਨੀਤਿਕ ਸੱਤਾ ਵਿੱਚ ਪਹੁੰਚਣ ਵਾਸਤੇ। ਜਦੋਂ ਸਾਲ 2007 ਵਿੱਚ ਲੇਬਰ ਪਾਰਟੀ ਸੱਤਾ ਵਿੱਚ ਆਈ ਅਤੇ ਕੈਵਿਨ ਰੁੱਡ ਪ੍ਰਧਾਨ ਮੰਤਰੀ ਬਣੇ ਤਾਂ ਐਂਥਨੀ ਐਲਬਨੀਜ਼ ਨੂੰ ਬੁਨਿਆਦੀ ਢਾਂਚੇ ਅਤੇ ਪਰਿਵਹਿਣ ਮੰਤਰੀ ਬਣਾਇਆ ਗਿਆ।
ਸਾਲ 2010 ਤੱਕ ਉਨ੍ਹਾਂ ਦਾ ਪ੍ਰਭਾਵ ਕਾਇਮ ਰਿਹਾ ਅਤੇ ਰਾਜਨੀਤੀ ਵਿੱਚ ਆਈ ਅਚਾਨਕ ਤਬਦੀਲੀ ਨੇ ਕੈਵਿਨ ਰੁੱਡ ਤੋਂ ਸੱਤਾ ਖੋਹ ਲਈ ਅਤੇ ਜੂਲੀਆ ਗਿਲਾਰਡ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਉਪਰ ਬਿਰਾਜਮਾਨ ਕਰ ਦਿੱਤਾ।
ਸਾਲ 2013 ਵਿੱਚ ਜਦੋਂ ਕਿ ਕੈਵਿਨ ਰੁੱਡ ਦੇਸ਼ ਦੇ ਦੋਬਾਰਾ ਪ੍ਰਧਾਨ ਮੰਤਰੀ ਬਣਨ ਵਿੱਚ ਕਾਮਯਾਬ ਹੋਏ ਤਾਂ ਉਸ ਸਮੇਂ ਐਂਥਨੀ ਐਲਬਨੀਜ਼ ਨੂੰ ਵਧੀਕ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ। ਪਰੰਤੂ ਇਹ ਸਰਕਾਰ ਵੀ ਮਹਿਜ਼ 10 ਕੁ ਹਫ਼ਤੇ ਹੀ ਚੱਲ ਸਕੀ ਅਤੇ ਲੇਬਰ ਪਾਰਟੀ, ਚੋਣਾਂ ਹਾਰ ਕੇ ਮੁੜ ਸੱਤਾ ਤੋਂ ਬਾਹਰ ਹੋ ਗਈ।
ਇਸ ਤੋਂ ਬਾਅਦ ਐਂਥਨੀ ਐਲਬਨੀਜ਼, ਵਿਰੋਧੀ ਧਿਰ ਦੇ ਨੇਤਾ ਵੱਜੋ ਉੱਭਰੇ ਪਰੰਤੂ ਉਨ੍ਹਾਂ ਦੇ ਮੁੱਖ ਵਿਰੋਧੀ ਬਿਲ ਸ਼ੋਰਟਨ ਕੋਲ ਜ਼ਿਆਦਾ ਨੁਮਾਇੰਦਿਆਂ ਦਾ ਸਹਿਯੋਗ ਹਾਸਲ ਸੀ ਇਸ ਲਈ ਉਦੋਂ ਭਾਵੇਂ ਉਹ ਜਿੱਤ ਨਾ ਸਕੇ। ਪਰ ਬਿਲ ਸ਼ੋਰਟਨ ਦੀ ਅਗਵਾਈ ਚ ਲਗਾਤਾਰ ਦੋ ਚੋਣਾ ਹਾਰਨ ਤੋਂ ਬਾਅਦ ਸਾਲ 2019 ਵਿੱਚ ਐਂਥਨੀ ਐਲਬਨੀਜ਼ ਨੂੰ ਲੇਬਰ ਪਾਰਟੀ ਨੇ ਵਿਰੋਧੀ ਧਿਰ ਦਾ ਨੇਤਾ ਥਾਪ ਦਿੱਤਾ।
ਵਿਰੋਧੀ ਧਿਰ ਦੇ ਨੇਤਾ ਬਣਨ ਦੇ ਨਾਲ ਹੀ ਐਂਥਨੀ ਐਲਬਨੀਜ਼ ਨੇ ਲੇਬਰ ਪਾਰਟੀ ਨੂੰ ਮੁੜ ਤੋਂ ਜਨਤਕ ਸਹਿਯੋਗ ਦਿਵਾਉਣ ਪ੍ਰਤੀ ਕੰਮ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਹਮੇਸ਼ਾ ਹੀ ਏਜਡ ਕੇਅਰ ਸੈਕਟਰ ਦੀ ਕਾਰਜ ਕੁਸ਼ਲਤਾ ਵੱਲ ਨਿਸ਼ਾਨੇ ਸਾਧੇ ਅਤੇ ਵਾਅਦੇ ਕੀਤੇ ਕਿ ਉਨ੍ਹਾਂ ਦੀ ਪਾਰਟੀ ਨੂੰ ਸੱਤਾ ਮਿਲਣ ਤੇ ਉਹ ਇਸ ਖੇਤਰ ਵਿੱਚ ਬਹੁਤ ਜ਼ਿਆਦਾ ਬਦਲਾਅ ਕਰਨਗੇ ਜਿਸ ਨਾਲ ਕਿ ਉਕਤ ਖੇਤਰ ਵਿੱਚ ਕਾਫ਼ੀ ਸੁਧਾਰ ਹੋਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਬੱਚਿਆਂ ਦਾ ਪਾਲਣ ਪੋਸ਼ਣ ਅਤੇ ਦੇਖਭਾਲ ਦੇ ਖ਼ਰਚੇ ਘਟਾਉਣ ਅਤੇ ਖ਼ਾਸ ਕਰਕੇ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ ਤਨਖ਼ਾਹਾਂ ਅਤੇ ਹੋਰ ਭੱਤਿਆਂ ਦੀ ਬਰਾਬਰਤਾ ਆਦਿ ਪ੍ਰਤੀ ਮਹੱਤਵਪੂਰਨ ਬਿਆਨ ਦਿੱਤੇ ਅਤੇ ਇਨ੍ਹਾਂ ਵਾਸਤੇ ਸਹੀ ਬੱਧ ਭਲਾਈ ਦੀਆਂ ਯੋਜਨਾਵਾਂ ਦੀ ਆਸ ਜਨਤਕ ਤੌਰ ਤੇ ਪੈਦਾ ਕੀਤੀ।
ਉਨ੍ਹਾਂ ਨੇ ਐਬੋਰਿਜਨਲ ਅਤੇ ਟੋਰੇਂਸ ਆਈਲੈਂਡਰਾਂ ਦੀ ਆਵਾਜ਼ ਨੂੰ ਪਾਰਲੀਮੈਂਟ ਤੱਕ ਪਹੁੰਚਾਉਣ ਲਈ ਇੱਕ ਸਲਾਹਕਾਰ ਬਾਡੀ ਦੇ ਸੰਗਠਨ ਦਾ ਐਲਾਨ ਵੀ ਕੀਤਾ ਹੈ ਜਿਸ ਨਾਲ ਕਿ ਮੂਲ ਨਿਵਾਸੀਆਂ ਨੂੰ ਉਨ੍ਹਾਂ ਦੇ ਪੁਰੇ ਹੱਕ ਦਿਵਾਏ ਜਾ ਸਕਣ।
ਰਾਜਨੀਤਿਕ ਗਲਿਆਰਿਆਂ ਵਿੱਚ ਇੱਕ ਗੱਲ ਸਾਫ਼ ਹੁੰਦੀ ਹੈ ਕਿ ਬਿਆਨ, ਸਮੇਂ ਅਨੁਸਾਰ ਬਦਲੇ ਜਾ ਸਕਦੇ ਹਨ। ਸਾਲ 2019 ਦੌਰਾਨ ਉਨ੍ਹਾਂ ਨੇ ਵਾਤਾਵਰਣ ਸਬੰਧੀ ਆਪਣੇ ਹੀ ਬਿਆਨਾਂ ਅਤੇ ਸੁਫ਼ਨਿਆਂ ਤੋਂ ਕਿਨਾਰਾ ਕੀਤਾ ਪਰੰਤੂ ਉਹ ਰਾਸ਼ਟਰੀ ਸੁਰੱਖਿਆ ਅਤੇ ਚੀਨ ਦੇ ਮੁੱਦਿਆਂ ਉਪਰ ਕਾਇਮ ਰਹੇ। ਉਨ੍ਹਾਂ ਨੇ ਸ਼ਰਨਾਰਥੀਆਂ (ਕਿਸ਼ਤੀਆਂ ਰਾਹੀਂ ਪੁੱਜਣ ਵਾਲੇ) ਪ੍ਰਤੀ ਵੀ ਪਹਿਲਾਂ ਤੋਂ ਪੇਸ਼ ਕੀਤੀ ਜਾ ਰਹੀ ਸੁਹਿਰਦਤਾ ਤੋਂ ਮੂੰਹ ਮੋੜਿਆ ਅਤੇ ਦੇਸ਼ ਦੀ ਮੌਜੂਦਾ ਸਰਕਾਰ ਵੱਲੋਂ ਚਲਾਈ ਗਈ ਰਣਨੀਤੀ ਦਾ ਸਮਰਥਨ ਕੀਤਾ।
ਕਰੋਨਾ ਕਾਲ ਦੌਰਾਨ ਮੌਜੂਦਾ ਸਰਕਾਰ ਵੱਲੋਂ ਕੀਤੇ ਗਏ ਕਾਰਜ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਯੋਜਨਾਵਾਂ, ਅਮਰੀਕਾ ਅਤੇ ਚੀਨ ਨਾਲ ਸਬੰਧ, ਆਰਥਿਕ ਨੀਤੀਆਂ, ਵਾਤਾਵਰਣ ਦੇ ਮੁੱਦੇ ਆਦਿ ਕਾਰਨ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੇਸ਼ ਦੀ ਜਨਤਾ ਉਪਰੋਕਤ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਿਸ਼ੇਸ਼ ਫ਼ੈਸਲਾ ਕਰਨ ਜਾ ਰਹੀ ਹੈ ਅਤੇ ਉਹ ਫ਼ੈਸਲਾ ਭਾਵੇਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਹੱਕ ਵਿੱਚ ਹੋਵੇਙ ਅਸੀਂ ਉਮੀਦ ਕਰਦੇ ਹਾਂ ਕਿ ਉਹ ਫ਼ੈਸਲਾ ਦੇਸ਼ ਅਤੇ ਦੇਸ਼ਵਾਸੀਆਂ ਦੇ ਹਿਤ ਵਿਚ ਹੋਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *