ਉਹ ਗੁਲਾਬਾਂ ਦੇ ਸੁਪਨੇ ਇਹ ਕੰਡਿਆਲੇ ਰਾਹ,
ਨਸੀਬੀ ਥੋਡੇ ਕੁੜੀਓ ਲਿਖਤ ਕੌਣ ਕਰ ਗਿਆ।
ਖੱਦਰ ਕੱਤ ਤੂੰਬ ਕੇ ਧਾਗਾ-ਧਾਗਾ ਪਰੋਇਆ,
ਮਰਜ਼ੀ ਦੇ ਰੰਗ ਫੁੱਲਕਾਰੀ ‘ਤੇ ਕੌਣ ਧਰ ਗਿਆ।
ਤੁਸੀਂ ਰੰਗ ਚੁਣਦੀਆਂ ਰਹੀਆਂ ਛਣਕਾ ਕੇ,
ਨੀ ਇਹ ਵੰਗਾਂ ਦੇ ਟੋਟੇ-ਟੋਟੇ ਕੌਣ ਕਰ ਗਿਆ।
ਪੱਟੀਆਂ ਸੀ ਚਾਅ ਨਾਲ ਗੁੰਦੀਆਂ ਸੂਈਆਂ ਸਜਾ,
ਪਰਾਂਦਿਆਂ ਨੂੰ ਕਿੱਲੀ ਦੇ ਰਾਹ ਕੌਣ ਦੱਸ ਗਿਆ।
ਨੀ ਖਿੜੀਆਂ ‘ਕਲੀਆਂ ਤੁਸੀਂ ਬਾਬਲੇ ਦੇ ਬਾਗੀਂ,
ਦੇਸ਼ ਵਸਦੀਆਂ ਨੂੰ ਪਰਦੇਸਣਾ ਕੌਣ ਕਰ ਗਿਆ।
ਧੀਆਂ ਨੂੰ ਬਿਗਾਨੀ ਜੂਹ ਤੋਰ ਬਾਬਲ ਫ਼ਿਕਰੀਂ,
ਨੀ ਇਹਨਾਂ ਜਿੱਤਾਂ ਨੂੰ ਹਾਰਾਂ ਕੌਣ ਕਰ ਗਿਆ।
ਨੀ ਕੌਣ ਚੁਰਾ ਕੇ ਤੁਰ ਗਿਆ ਬੇਫ਼ਿਕਰੀ,
ਹਾਸੇ ਖੋਹ ਤਲੀ ਉਦਾਸੀ ਕੌਣ ਧਰ ਗਿਆ।
ਰਾਜਾਨੁ ਜੰਮਣ ਵਾਲੀ ਨੂੰ ਮੰਦਾ ਨਾ ਆਖਿਆ ਨਾਨਕ,
ਖੋਹ ਕੇ ਸ਼ਿੰਗਾਰ ਫ਼ਕੀਰਾਂ ਦੇ ਹਾਲ ਕੌਣ ਕਰ ਗਿਆ।
ਜਗ ਦਾ ਚਾਨਣ ਨੀ ਤੁਸੀਂ ਸੂਰਜ ਦੀਆਂ ਜਾਈਆਂ,
ਤੁਹਾਡੇ ਲੇਖਾਂ ਵਿੱਚ ਹਨੇਰੇ ਨੀ ਕੌਣ ਭਰ ਗਿਆ।
ਨੀ ਤੁਸੀਂ ਬੋਲੋ ਦੁੱਖੜੇ ਪੀੜਾਂ ਨੂੰ ਫਰੋਲੋ,
ਭਰੇ ਨੈਣੀਂ ਦਿਲਾਂ ‘ਚ ਖ਼ੌਫ ਕੌਣ ਭਰ ਗਿਆ।
ਦੋ ਥਾਵਾਂ ਦੇ ਦੇਸ਼ ਵਸਾ ਕੇ ਕਿਉਂ ਰਹੀਆਂ ਕੁਦੇਸਣਾ,
ਥੋਡੇ ਹਿੱਸੇ ਦੀ ਧਰਤੀ ਅੰਬਰ ਤੇ ਕੌਣ ਦਾਅਵੇ ਕਰ ਗਿਆ।
-ਸੁਖਵਿੰਦਰ ਕੌਰ ‘ਹਰਿਆਓ’