ਬਰਨਾਲਾ, 19 ਦਸੰਬਰ – ਐੱਸ ਡੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਉੱਘੇ ਨਾਟਕਕਾਰ ਅਤੇ ਰੰਗਕਰਮੀ ਡਾ. ਕੁਲਦੀਪ ਸਿੰਘ ਦੀਪ ਦੇ ਨਾਟਕ ‘ਛੱਲਾ’ ਦਾ ਮੰਚ-ਪਾਠ ਕਰਵਾਇਆ ਗਿਆ। ਡਾ. ਦੀਪ ਦੀ ਸਮੁੱਚੀ ਟੀਮ ਦੇ ਮੈਂਬਰਾਂ ਨੇ ਨਾਟਕ ਦੇ ਵੱਖ-ਵੱਖ ਕਿਰਦਾਰਾਂ ਦਾ ਰੋਲ ਨਿਭਾਉਂਦਿਆਂ ਬਹੁਤ ਖ਼ੂਬਸੂਰਤੀ ਨਾਲ ਇਹ ਮੰਚ-ਪਾਠ ਕੀਤਾ। ਡਾ. ਤਰਸਪਾਲ ਕੌਰ ਦੀ ਅਗਵਾਈ ਵਿਚ ਹੋਏ ਇਸ ਸਮਾਗਮ ਵਿਚ ਐੱਸ ਡੀ ਕਾਲਜ ਵਿੱਦਿਅਕ ਸੰਸਥਾਵਾਂ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਉਹਨਾਂ ਇਸ ਉਪਰਾਲੇ ਲਈ ਸਮੁੱਚੇ ਵਿਭਾਗ ਦੀ ਤਾਰੀਫ਼ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕੀਰਤੀ ਕਿਰਪਾਲ ਨੇ ਕਿਹਾ ਕਿ ਅਜੋਕੇ ਦੌਰ ਵਿਚ ਹੋਰ ਵਿਧਾਵਾਂ ਦੀ ਤਰ੍ਹਾਂ ਨਾਟਕ ਅਤੇ ਰੰਗਮੰਚ ‘ਤੇ ਵੀ ਉਸਾਰੂ ਚਰਚਾ ਹੋਣੀ ਚਾਹੀਂਦੀ ਹੈ। ਉਹਨਾਂ ਅਜਿਹਾ ਪ੍ਰੋਗਰਾਮ ਕਰਵਾਉਣ ਲਈ ਐੱਸ ਡੀ ਕਾਲਜ ਨੂੰ ਵਧਾਈ ਵੀ ਦਿੱਤੀ। ਮੰਚ-ਪਾਠ ਉਪਰੰਤ ਡਾ. ਸੋਮਪਾਲ ਹੀਰਾ ਵੱਲੋਂ ਨਾਟਕ ‘ਤੇ ਚਰਚਾ ਸ਼ੁਰੂ ਕੀਤੀ ਗਈ। ਉੱਘੇ ਸਾਹਿਤਕਾਰ ਡਾ. ਤੇਜਾ ਸਿੰਘ ਤਿਲਕ, ਤਰਸੇਮ ਅਤੇ ਭੋਲਾ ਸਿੰਘ ਸੰਘੇੜਾ ਨੇ ਵਿਚਾਰ ਚਰਚਾ ਵਿਚ ਸਰਗਰਮੀ ਨਾਲ ਹਿੱਸਾ ਲਿਆ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਅਨੁਰਾਧਾ ਸ਼ਰਮਾ ਨੇ ਕਿਹਾ ਕਿ ਭਵਿੱਖ ਵਿਚ ਇਸ ਤਰ੍ਹਾਂ ਦੇ ਸਾਹਿਤਕ ਪ੍ਰੋਗਾਰਾਮ ਜਾਰੀ ਰਹਿਣਗੇ। ਇਸ ਮੌਕੇ ਮਾ. ਰਾਮ ਸਰੂਪ ਸ਼ਰਮਾ, ਬਾਬੂ ਬ੍ਰਿਜ ਲਾਲ, ਲਛਮਣ ਦਾਸ, ਚਰਨੀ ਬੇਦਿਲ, ਡਾ. ਹਰੀਸ਼ ਕੁਮਾਰ, ਪਵਨ ਪਰਿੰਦਾ, ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ, ਪ੍ਰਿੰਸੀਪਲ ਰਾਕੇਸ਼ ਗਰਗ, ਪ੍ਰਿੰਸੀਪਲ ਕਸ਼ਮੀਰ ਸਿੰਘ ਅਤੇ ਪ੍ਰੋ. ਅਸ਼ਵਨੀ ਸੀਕਰੀ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।