9 ਅਗਸਤ ਨੂੰ ਹੋਵੇਗਾ ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ ਵਿਸ਼ੇਸ਼ ਸੈਮੀਨਾਰ

ਵਿਸ਼ੇਸ਼ ਮੀਟਿੰਗ ਵੱਲੋਂ ਜੰਗੀ ਜਨੂੰਨ ਭੜਕਾਉਣ ਦੀ ਵੀ ਨਿਖੇਧੀ
ਲੁਧਿਆਣਾ: 29 ਜੁਲਾਈ 2017:
ਕਾਰਪੋਰੇਟ ਯੁਗ ਵਾਲੇ ਮੀਡੀਆ ਦੇ ਇਸ ਦੌਰ ਵਿੱਚ ਬਹੁ ਗਿਣਤੀ ਪੱਤਰਕਾਰ ਭਾਰੀ ਆਰਥਿਕ ਦਬਾਵਾਂ ਹੇਠ ਕੰਮ ਕਰ ਰਹੇ ਹਨ। ਇਹ ਦਬਾਅ ਘਰੇਲੂ ਜ਼ਿੰਦਗੀ ਤੋਂ ਲੈ ਕੇ ਕਲਮੀ ਜ਼ਿੰਦਗੀ ਦੇ ਕਾਰਜ ਖੇਤਰ ਤੱਕ ਵੀ ਉਸਦਾ ਪਿੱਛਾ ਕਰਦੇ ਹਨ। ਆਖਿਰ ਕੀ ਹੈ ਇਸਦਾ ਹਲ? ਕੌਣ ਹੈ ਇਸ ਲਈ ਜ਼ਿੰਮੇਵਾਰ? ਕੀ ਕੀ ਕੀਤਾ ਜਾਣਾ ਜ਼ਰੂਰੀ ਹੈ? ਅਜਿਹੇ ਸਾਰੇ ਸੁਆਲਾਂ ਬਾਰੇ ਹੋਵੇਗੀ 9 ਅਗਸਤ ਦੇ ਵਿਸ਼ੇਸ਼ ਸੈਮੀਨਾਰ ਵਿੱਚ ਵਿਸ਼ੇਸ਼ ਚਰਚਾ। ਸੁਆਲਾਂ ਦਾ ਜੁਆਬ ਦੇਣ ਲਈ ਇਸ ਸੈਮੀਨਾਰ ਵਿੱਚ ਜਿੱਥੇ ਖੁਦ ਪੱਤਰਕਾਰ ਮੌਜੂਦ ਹੋਣਗੇ ਉੱਥੇ ਆਰਥਿਕ ਖੇਤਰਾਂ ਦੇ ਮਾਹਰ ਵੀ ਉਚੇਚੇ ਤੌਰ ‘ਤੇ ਸੱਦੇ ਜਾਣਗੇ। ਕਾਬਿਲੇ ਜ਼ਿਕਰ ਹੈ ਕਿ ਇਸ ਸੈਮੀਨਾਰ ਦਾ ਆਯੋਜਨ “ਦ ਪੀਪਲਜ਼ ਮੀਡੀਆ ਲਿੰਕ” ਦੀ ਪੰਜਾਬੀ ਇਕਾਈ “ਲੋਕ ਮੀਡੀਆ ਮੰਚ” ਵੱਲੋਂ ਕਰਾਇਆ ਜਾ ਰਿਹਾ ਹੈ।
ਅੱਜ ਦੀ ਮੀਟਿੰਗ ਉੱਘੇ ਤਰਕਸ਼ੀਲ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ, ਦੀਪ ਜਗਦੀਪ, ਪ੍ਰਦੀਪ ਸ਼ਰਮਾ ਇਪਟਾ, ਸਤੀਸ਼ ਪ੍ਰਨਾਮੀ, ਸਤੀਸ਼ ਸਚਦੇਵਾ, ਗੁਰਦੇਵ ਸਿੰਘ, ਵੀ ਕੇ ਬੱਤਰਾ ਅਤੇ ਰੈਕਟਰ ਕਥੂਰੀਆ ਨੇ ਵੀ ਭਾਗ ਲਿਆ। ਇਸ ਮੀਟਿੰਗ ਕਿਊਬਾ, ਅਮਰੀਕਾ ਅਤੇ ਚੀਨ ਸਮੇਤ ਬਹੁਤ ਸਾਰੇ ਦੇਸ਼ਾਂ ਵਿਚਲੇ ਮੀਡੀਆ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਵੀ ਹੋਇਆ।
ਬੁਲਾਰਿਆਂ ਨੇ ਇਸ ਗੱਲ ਤੇ ਚਿੰਤਾ ਪ੍ਰਗਟਾਈ ਕਿ ਮੀਡੀਆ ਇਸ ਸਮੇਂ ਭਾਰੀ ਦਬਾਅ ਵਾਲੇ ਨਾਜ਼ੁਕ ਦੌਰ ਵਿੱਚ ਹੈ। ਮੀਡੀਆ ਨੂੰ ਦਬਾਉਣ, ਰਖੇਲ ਬਣਾਉਣ ਅਤੇ ਜੇ ਅੜੇ ਤਾਂ ਫਿਰ ਨਿਸ਼ਾਨਾ ਬਣਾਉਣ ਦੀਆਂ ਸਾਜ਼ਿਸ਼ਾਂ ਜ਼ੋਰਾਂ ਤੇ ਹਨ। ਇਹ ਨਾਜ਼ੁਕ ਸਮਾਂ ਸੋਚਣ ਵਾਲਾ ਹੈ ਤਾਂਕਿ ਵੇਲੇ ਸਿਰ ਸਹੀ ਦਿਸ਼ਾ ਵਿੱਚ ਸਹੀ ਕਦਮ ਪੁੱਟਿਆ ਜਾ ਸਕੇ। ਇਸ ਮਕਸਦ ਲਈ ਕੀਤਾ ਗਿਆ 9 ਜੁਲਾਈ 2017 ਵਾਲਾ ਸੈਮੀਨਾਰ ਵੀ ਬਹੁਤ ਸਫਲ ਰਿਹਾ ਸੀ। ਇਸਦੀ ਚਰਚਾ ਦੁਨੀਆ ਭਰ ਵਿੱਚ ਹੋਈ। ਹੁਣ ਅਗਲਾ ਸੈਮੀਨਾਰ ਬਾਰੇ 9 ਅਗਸਤ 2017 ਨੂੰ ਸਵੇਰੇ 10 ਵਜੇ ਡਾ. ਅਮਰਜੀਤ ਕੌਰ ਬਿਲਡਿੰਗ (LIC ਦੇ ਨਾਲ ਲੱਗਦੇ ਹਾਲ ਵਿੱਚ) ਕਰਾਇਆ ਜਾ ਰਿਹਾ ਹੈ। ਲੋਕ ਪੱਖੀ ਮੀਡੀਆ ਨਾਲ ਸਬੰਧਤ ਸਾਰੇ ਪੱਤਰਕਾਰਾਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਖੁਲ੍ਹਾ ਸੱਦਾ ਹੈ। ਜੇ ਤੁਹਾਡੇ ਕੋਲ ਕੋਈ ਵਿਸ਼ੇਸ਼ ਰਿਪੋਰਟ ਜਾਂ ਪ੍ਰੋਜੈਕਟ ਹੋਵੇ ਤਾਂ ਉਸ ਬਾਰੇ ਵੀ ਚਰਚਾ ਕੀਤੀ ਜਾਵੇਗੀ। ਅਗਾਊਂ ਮਿਲੀਆਂ ਜਾਣਕਾਰੀਆਂ ਨੂੰ ਚਰਚਾ ਦੌਰਾਨ ਪਹਿਲ ਦਿੱਤੀ ਜਾਵੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *