ਪੰਜ ਸਿੰਘ ਸਾਹਿਬਾਨਾਂ ਕੋਲ ਪੇਸ਼ ਹੋਕੇ ਸਜਾ ਲਵਾਉਣ ਤੇ ਘਰੇ ਬੈਠਣ ਸਰਕਾਰੀ ਜਥੇਦਾਰ : ਕੋਆਰਡੀਨੇਸ਼ਨ ਕਮੇਟੀ

ਸੌਦਾ ਸਾਧ ਨੂੰ ਮਾਫ਼ੀ ਦੇਣ ਵਾਲੇ ਜਥੇਦਾਰਾਂ ਨੂੰ ਦੋਸ਼ ਕਬੂਲ ਕੇ ਸਜਾ ਲਵਾਉਣੀ ਜ਼ਰੂਰੀ : ਕੇਵਲ ਸਿੰਘ ਸਿੱਧੂ
ਨਿਊਯਾਰਕ 29 ਅਗਸਤ
ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਮਸਲਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਕਿਹਾ ਹੈ ਕਿ ਡੇਰਾ ਸੌਦਾ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ‘ਤੇ ਕਬਜ਼ਾ ਕਰੀਂ ਬੈਠੇ ਸਰਕਾਰੀ ਜਥੇਦਾਰਾਂ ਨੇ ਮਾਫ਼ ਕਰਕੇ ਸਿੱਖ ਕੌਮ ਨੂੰ ਭੰਬਲ ਭੁੱਸੇ ਵਿਚ ਪਾਉਣ ਦੀ ਬਜਰ ਗ਼ਲਤੀ ਕੀਤੀ ਸੀ ਜਿਸ ਲਈ ਇਹ ਗੁਨਾਹਗਾਰ ਹਨ, ਇਨ੍ਹਾਂ ਨੂੰ ਪੰਜ ਸਿੰਘ ਸਾਹਿਬਾਨਾਂ (ਪੰਜ ਪਿਆਰੇ) ਕੋਲ ਪੇਸ਼ ਹੋਕੇ ਆਪਣੀ ਗ਼ਲਤੀ ਦੀ ਮਾਫ਼ੀ ਮੰਗਣੀ ਚਾਹੀਦੀ ਹੈ ਤੇ ਸਜਾ ਲਵਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ ਤਾਂ ਕਿ ਸਿੱਖ ਕੌਮ ਵਿਚ ਤਸੱਲੀ ਪੈਦਾ ਹੋ ਸਕੇ। ਕੋਆਰਡੀਨੇਸ਼ਨ ਕਮੇਟੀ ਵੱਲੋਂ ਇਹ ਬਿਆਨ ਜਾਰੀ ਕਰਨ ਲਈ ਇਕ ਵਿਸ਼ੇਸ਼ ਇਕੱਤਰਤਾ ਹੰਗਾਮੀ ਤੌਰ ਤੇ ਕੀਤੀ ਅਤੇ ਕਿਹਾ ਕਿ ਜੋ ਜਥੇਦਾਰ ਸ੍ਰੀ ਅਕਾਲ ਤਖਤ ਤੇ ਬਿਠਾਏ ਗਏ ਹਨ ਉਹ ਅਸਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿਚ ਖੇਡਦੇ ਹੋਏ ਸਿੱਖੀ ਸਿਧਾਂਤਾਂ ਤੋਂ ਕੌਮ ਨੂੰ ਭਟਕਾਉਣ ਦਾ ਕੰਮ ਹੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਹੁਸ਼ਿਆਰਪੁਰ ਦੇ ਡੇਰੇ ਦੇ ਇਕ ਮਹੰਤ ਨੂੰ ਬਲਾਤਕਾਰ ਦੇ ਦੋਸ਼ਾਂ ਵਿਚ ਮਾਮੂਲੀ ਸਜਾ ਦੇ ਕੇ ਮਾਫ਼ ਕੀਤਾ ਸੀ ਪਰ ਬਾਅਦ ਵਿਚ ਉਸ ਨੂੰ ਅਦਾਲਤ ਨੇ ਸਜਾ ਸੁਣਾਈ ਸੀ, ਗਿਆਨੀ ਗੁਰਬਚਨ ਸਿੰਘ ਨੇ ਬਾਬਾ ਸ਼ਿਕਾਗੋ ਵਾਲੇ ਨੂੰ ਵੀ ਥੋੜੀ ਸਜਾ ਸੁਣਾ ਕੇ ਮਾਫ਼ ਕੀਤਾ ਸੀ ਜਦ ਕਿ ਉਸ ‘ਤੇ ਵੀ ਬਾਅਦ ਵਿਚ ਗੰਭੀਰ ਦੋਸ਼ ਸਾਹਮਣੇ ਆਏ। ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ, ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਕਿਹਾ ਹੈ ਕਿ ਹੁਣ 2015 ਵਿਚ ਸਰਬਤ ਖ਼ਾਲਸਾ ਵਿਚ ਥਾਪੇ ਗਏ ਜਥੇਦਾਰਾਂ ਨੂੰ ਕੌਮੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਰਾਏ ਲੈ ਕੇ ਕੌਮ ਨੂੰ ਸੰਦੇਸ਼ ਦੇ ਕੇ ਸੇਵਾ ਸੰਭਾਲਣ ਦੀ ਲੋੜ ਹੈ ਤਾਂ ਕਿ ਬਾਦਲ ਦਲੀਆਂ ਵੱਲੋਂ ਕੌਮ ਵਿਚ ਪੈਦਾ ਕੀਤੀਆਂ ਆਰਐਸਐਸ ਦੀਆਂ ਰਵਾਇਤਾਂ ਨੂੰ ਖ਼ਤਮ ਕੀਤਾ ਜਾ ਸਕੇ। ਸੌਦਾ ਸਾਧ ਨੂੰ ਮਾਫ਼ੀ ਦੇਣ ਵਾਲੇ ਜਥੇਦਾਰ ਦੋਸ਼ੀ ਹਨ ਕਿਉਂਕਿ ਜਿਸ ਸੌਦਾ ਸਾਧ ਨੂੰ ਉਹ ਮਾਫ਼ ਕਰ ਰਹੇ ਸਨ, ਉਸ ਨੂੰ ਭਾਰਤੀ ਨਿਆਂ ਪ੍ਰਣਾਲੀ ਨੇ ਵੀ ਸਾਬਤ ਕਰਕੇ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਸਖ਼ਤ ਸਜਾ ਸੁਣਾਈ ਹੈ, ਅਜੇ ਤੱਕ ਸਿੱਖ ਕੌਮ ਸੌਦਾ ਸਾਧ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਂਗ ਰਚਾਉਣ ਦੇ ਮਾਮਲੇ ਵਿਚ ਵੀ ਨਹੀਂ ਭੁਲੀ ਨਾ ਹੀ ਉਸ ਨੂੰ ਮਾਫ਼ ਕੀਤਾ ਹੈ, ਉਸੇ ਤਰ੍ਹਾਂ ਸ੍ਰੀ ਅਕਾਲ ਤਖਤ ਦੇ ਜਥੇਦਾਰਾਂ ਨੂੰ ਵੀ ਸਿੱਖ ਕੌਮ ਨੂੰ ਭਟਕਾਉਣ ਲਈ ਜ਼ਿੰਮੇਵਾਰੀ ਕਬੂਲ ਕੇ ਸਜਾ ਲਵਾਉਣੀ ਚਾਹੀਦੀ ਹੈ। ਹਰਜਿੰਦਰ ਸਿੰਘ ਪਾਇਨਹਿੱਲ ਤੇ ਕੇਵਲ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਾਰੀ ਸਿੱਖ ਕੌਮ ਹੁਣ ਇੱਕਮੁੱਠ ਹੋਕੇ ਸਰਕਾਰੀ ਜਥੇਦਾਰਾਂ ਨੂੰ ਕੌਮ ਤੇ ਮੁੱਖ ਸੇਵਾਦਾਰੀ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ। ਸ. ਹਿੰਮਤ ਸਿੰਘ ਨੇ ਕਿਹਾ ਕਿ ਜੇਕਰ ਜਥੇਦਾਰ ਇਸ ਤਰ੍ਹਾਂ ਨਹੀਂ ਕਰਦੇ ਤਾਂ ਉਹ ਇਨ੍ਹਾਂ ਖ਼ਿਲਾਫ਼ ਮੁਹਿੰਮ ਚਲਾਉਣਗੇ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਅਜਿਹੇ ਮੌਕਾ ਪ੍ਰਸਤ ਲੋਕਾਂ ਤੋਂ ਆਜ਼ਾਦ ਕਰਾਇਆ ਜਾ ਸਕੇ।

ਸਿੱਖ ਫੋਟੋ : ਹੰਗਾਮੀ ਮੀਟਿੰਗ ਕਰਦੇ ਹੋਏ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ।

Geef een reactie

Het e-mailadres wordt niet gepubliceerd. Vereiste velden zijn gemarkeerd met *