ਅਮਰਿੰਦਰ ਤੋਂ ਬਾਅਦ ਰਾਹੁਲ ਗਾਂਧੀ ਨੂੰ ਵੀ ਕਰਨਾ ਪਵੇਗਾ ਸਿੱਖਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ : ਹਿੰਮਤ ਸਿੰਘ

ਚੌਰਾਸੀ ਸਿੱਖ ਕਤਲੇਆਮ ਦਾ ਮੁੱਖ ਦੋਸ਼ੀ ਹੈ ਕਾਂਗਰਸੀ ਤੰਤਰ : ਕੋਆਰਡੀਨੇਸ਼ਨ ਕਮੇਟੀ

ਨਿਊਯਾਰਕ 8 ਸਤੰਬਰ – ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਅਮਰੀਕਾ ਦੇ ਨਿਊਯਾਰਕ ਖੇਤਰ ਵਿਚ ਪੁੱਜਣ ਵਾਲੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦਾ ਵਿਆਪਕ ਪੱਧਰ ਤੇ ਵਿਰੋਧ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਕਿਹਾ ਹੈ ਕਿ ਤਿੰਨ ਦਹਾਕੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਭਾਰਤ ਦੀਆਂ ਕੇਂਦਰੀ ਸਰਕਾਰਾਂ ਨੇ ਸਿੱਖਾਂ ਦੇ ਹੋਏ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਨਹੀਂ ਹੋਣ ਦਿੱਤੀ ਸਗੋਂ ਕਾਂਗਰਸ ਦੇ ਗਾਂਧੀ ਪਰਿਵਾਰ ਨੇ ਕਾਤਲਾਂ ਦੀ ਪੁਸ਼ਤ ਪਨਾਹੀ ਕੀਤੀ ਜਿਸ ਕਰ ਕੇ ਸਿੱਖਾਂ ਵਿਚ ਇਸ ਦਾ ਭਾਰੀ ਰੋਸ ਹੈ।  ਅਮਰੀਕਾ ਤੋਂ ਪੰਥਕ ਜਥੇਬੰਦੀਆਂ ਦੇ ਆਗੂ ਹਿੰਮਤ ਸਿੰਘ ਸਮੇਤ ਅਵਤਾਰ ਸਿੰਘ ਪੰਨੂ, ਸੁਰਜੀਤ ਸਿੰਘ ਕੁਲਾਰ, ਕਰਮ ਸਿੰਘ, ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ  ਅਤੇ ਦਵਿੰਦਰ ਸਿੰਘ ਦਿਓ ਨੇ ਕਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਵੀ ਵਿਆਪਕ ਵਿਰੋਧ ਕੀਤਾ ਗਿਆ ਸੀ, ਇਸ ਤੋਂ ਪਹਿਲਾਂ ਤੋਤਾ ਸਿੰਘ ਵਰਗੇ ਅਕਾਲੀ ਲੀਡਰਾਂ ਨੂੰ ਵੀ ਇੱਥੋਂ ਭਜਾਇਆ ਗਿਆ ਸੀ, ਹੁਣ 20 ਸਤੰਬਰ ਨੂੰ ਨਿਊਯਾਰਕ ਪੁੱਜ ਰਹੇ ਗਾਂਧੀ ਪਰਿਵਾਰ ਦੇ ਫ਼ਰਜ਼ੰਦ ਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਇੱਥੋਂ ਭਜਾਇਆ ਜਾਵੇਗਾ। ਸ. ਹਿੰਮਤ ਸਿੰਘ ਨੇ ਕਿਹਾ ਕਿ ਅਮਰੀਕਾ ਵਿਚ ਇਨਸਾਫ਼ ਪਸੰਦ ਸਿੱਖ ਆਜ਼ਾਦੀ ਨਾਲ ਖ਼ੁਸ਼ਹਾਲ ਤੌਰ ਤੇ ਰਹਿ ਰਹੇ ਹਨ ਪਰ ਇੱਥੇ ਆਕੇ ਭਾਰਤ ਵਿਚ ਘੱਟ ਗਿਣਤੀਆਂ ਦੇ ਕਾਤਲ ਜੇਕਰ ਸਾਡੇ ਜ਼ਖ਼ਮਾਂ ਨੂੰ ਕੁਰੇਦਣਗੇ ਤਾਂ ਬਰਦਾਸ਼ਤ ਨਹੀਂ ਹੋਵੇਗਾ, ਰਾਹੁਲ ਗਾਂਧੀ ਦੀ ਦਾਦੀ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਢਹਿ ਢੇਰੀ ਕੀਤਾ ਸੀ ਤੇ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਨੇ ਸਿੱਖਾਂ ਦੇ ਕਤਲੇਆਮ ‘ਤੇ ਕਿਹਾ ਸੀ ਕਿ ‘ਜੇਕਰ ਵੱਡਾ ਰੁੱਖ ਗਿਰਦਾ ਹੈ ਤਾਂ ਧਰਤੀ ਹਿੱਲਦੀ ਹੈ’ ਤਾਂ ਫਿਰ ਉਨ੍ਹਾਂ ਦੇ ਫ਼ਰਜ਼ੰਦ ਰਾਹੁਲ ਗਾਂਧੀ ਨੂੰ ਵੀ ਇਸ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਵਿਰੋਧ ਅਜਿਹਾ ਹੋਵੇਗਾ ਕਿ ਵਿਸ਼ਵ ਵਿਚ ਇਹ ਪਤਾ ਲੱਗ ਜਾਵੇਗਾ ਕਿ ਘੱਟ ਗਿਣਤੀਆਂ ਦੇ ਕਾਤਲਾਂ ਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ। ਹਿੰਮਤ ਸਿੰਘ ਨੇ ਕਿਹਾ ਹੈ ਕਿ ਪਿਛਲੇ ਸਮੇਂ ਤੋਂ ਸਿੱਖਾਂ ਦੇ ਕਾਤਲ ਬੇਅੰਤੇ ਦਾ ਪੋਤਾ ਰਵਨੀਤ ਬਿੱਟੂ ਵੀ ਸਿੱਖਾਂ ਤੇ ਘੱਟ ਗਿਣਤੀਆਂ ਦੇ ਖ਼ਿਲਾਫ਼ ਸਿਰ ਚੁੱਕ ਰਿਹਾ ਹੈ, ਜਿਸ ਦਾ ਜਵਾਬ ਉਸ ਨੂੰ ਢੁਕਵੇਂ ਸਮੇਂ ਤੇ ਦਿੱਤਾ ਜਾਵੇਗਾ ਉਹ ਕਦੇ ਵੀ ਵਿਦੇਸ਼ਾਂ ਦੀ ਧਰਤੀ ਤੇ ਪੁੱਜਿਆਂ ਤਾਂ ਉਸ ਨੂੰ ਵੀ ਸਿੱਖਾਂ ਦੇ ਜਾਹੋ ਜਲਾਲ ਦਾ ਅਹਿਸਾਸ ਕਰਾਉਂਦਿਆਂ ਸਬਕ ਸਿਖਾਇਆ ਜਾਵੇਗਾ, ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਦੇ ਕਾਤਲਾਂ ਨੂੰ ਅਮਰੀਕਾ ਵਿਚ ਕੋਈ ਥਾਂ ਨਹੀਂ ਦਿੱਤੀ ਜਾਵੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *