ਅੰਮ੍ਰਿਤਸਰ-ਯੂ.ਕੇ. ਵਿਚਾਲੇ ਕੌਮਾਂਤਰੀ ਉਡਾਣਾਂ ਸ਼ੁਰੂ ਕਰਾਉਣ ਲਈ ਦ੍ਰਿੜ ਨੇ ਸੰਸਦ ਮੈਂਬਰ ਢੇਸੀ

ਮੰਤਰੀਆਂ ਤੇ ਹਵਾਈ ਕੰਪਨੀਆਂ ਨੂੰ ਕਾਇਲ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ

ਚੰਡੀਗੜ੍ਹ 22 ਸਤੰਬਰ : ਸ੍ਰੀ ਗੁਰੂ ਰਾਮ ਦਾਸ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਬਰਤਾਨੀਆਂ ਵਿਚਾਲੇ ਚਿਰਾਂ ਤੋਂ ਬੰਦ ਪਈਆਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਮੁੜ੍ਹ ਸ਼ੁਰੂ ਹੋਣ ਦੀ ਆਸ ਬੱਝੀ ਹੈ ਕਿਉਂਕਿ ਪ੍ਰਵਾਸੀ ਭਾਈਚਾਰੇ ਅਤੇ ਪੰਜਾਬੀਆਂ ਦੀ ਇਸ ਚਿਰੋਕਣੀ ਮੰਗ ਦੀ ਪੂਰਤੀ ਲਈ ਬਰਤਾਨਵੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਤਨਦੇਹੀ ਨਾਲ ਯਤਨ ਆਰੰਭੇ ਗਏ ਹਨ।

ਇਸ ਸਬੰਧੀ ਇੱਕ ਬਿਆਨ ਰਾਹੀਂ ਜਾਣਕਾਰੀ ਦਿੰਦੇ ਹੋਏ ਸਮੁੱਚੇ ਯੂਰਪ ਦੇ ਪਹਿਲੇ ਪਗੜੀਧਾਰੀ ਸਿੱਖ ਸੰਸਦ ਮੈਂਬਰ ਬਣੇ ਬਰਤਾਨੀਆਂ ਦੀ ਲੇਬਰ ਪਾਰਟੀ ਦੇ ਨੇਤਾ ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਪਿਛਲੇ ਦਿਨੀਂ ਉਨਾਂ ਏਅਰ ਇੰਡੀਆ ਦੀ ਯੂਰਪੀਨ ਉਡਾਣਾਂ ਦੀ ਮੁਖੀ ਤਾਰਾ ਨਾਇਡੂ ਨਾਲ ਪੱਛਮੀ ¦ਦਨ ਸਥਿੱਤ ਉਨਾਂ ਦੇ ਦਫਤਰ ਵਿੱਚ ਮੁਲਾਕਾਤ ਕੀਤੀ। ਇਸ ਮੌਕੇ ਉਨਾਂ ਨਾਲ ਸਲੋਹ ਦੇ ਵਪਾਰੀ ਤਨਸੀਰ ਬੁਖਾਰੀ ਵੀ ਹਾਜ਼ਰ ਸਨ।

ਇਸ ਮੀਟਿੰਗ ਦੌਰਾਨ ਢੇਸੀ ਨੇ ਨਾਇਡੂ ਨੂੰ ਆਖਿਆ ਕਿ ਕੌਮਾਂਤਰੀ ਪ੍ਰਸਿੱਧੀ ਹਾਸਲ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਯੂ.ਕੇ. ਤੋਂ ਬੰਦ ਪਈਆਂ ਸਿੱਧੀਆਂ ਉਡਾਣਾਂ ਮੁੜ੍ਹ ਚਾਲੂ ਕੀਤੀਆਂ ਜਾਣ ਕਿਉਂਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੀ ਇਹ ਚਿਰੋਕਣੀ ਮੰਗ ਹੈ। ਉਨਾਂ ਏਅਰ ਇੰਡੀਆ ਦੀ ਅਧਿਕਾਰੀ ਨੂੰ ਸਲਾਹ ਦਿੱਤੀ ਕਿ ¦ਦਨ ਦੇ ਹੀਥਰੋ ਹਵਾਈ ਅੱਡੇ ਅਤੇ ਨਵੀਂ ਦਿੱਲੀ ਵਿਚਕਾਰ ਰੋਜਾਨਾਂ ਚਲਦੀਆਂ ਤਿੰਨ ਸਿੱਧੀਆਂ ਉਡਾਣਾਂ ਵਿੱਚੋਂ ਘੱਟੋ-ਘੱਟ ਇੱਕ ਉਡਾਣ ਨੂੰ ਸਿੱਧੀ ਅੰਮ੍ਰਿਤਸਰ ਤੱਕ ਕੀਤਾ ਜਾਵੇ ਤਾਂ ਜੋ ਉਤਰੀ ਰਾਜਾਂ ਦੇ ਆਮ ਲੋਕ ਅਤੇ ਵਪਾਰੀ ਵੀ ਇਸ ਸਿੱਧੀ ਉਡਾਣ ਦਾ ਫਾਇਦਾ ਉਠਾ ਸਕਣ।

ਸੰਸਦ ਮੈਂਬਰ ਢੇਸੀ ਨੇ ਦੱਸਿਆ ਕਿ ਤਾਰਾ ਨਾਇਡੂ ਨੇ ਉਨਾਂ ਦੀਆਂ ਦਲੀਲਾਂ ਨੂੰ ਬਹੁਤ ਗੌਰ ਨਾਲ ਸੁਣਿਆਂ ਅਤੇ ਭਰੋਸਾ ਦਿੱਤਾ ਕਿ ਉਹ ਇਹ ਤਜ਼ਵੀਜ਼ ਸਬੰਧੀ ਨਵੀਂ ਦਿੱਲੀ ਸਥਿੱਤ ਏਅਰ ਇੰਡੀਆ ਦੇ ਉਚ ਅਧਿਕਾਰੀਆਂ ਨੂੰ ਸਿਫ਼ਾਰਸ਼ ਕਰੇਗੀ ਜਿਨਾਂ ਨੇ ਅੱਗੋਂ ਇਹ ਫ਼ੈਸਲਾ ਲੈਣਾ ਹੈ। ਇਸ ਤੋਂ ਇਲਾਵਾ ਢੇਸੀ ਨੇ ਬੀਤੇ ਦਿਨੀਂ ਲੰਦਨ ਸਥਿੱਤ ਭਾਰਤੀ ਹਾਈ ਕਮਿਸ਼ਨਰ ਵਾਈ. ਕੇ. ਸਿਨਹਾ ਨਾਲ ਵੀ ਮੀਟਿੰਗ ਕੀਤੀ ਅਤੇ ਉਨਾਂ ਨੂੰ ਇਸ ਮੁੱਦੇ ‘ਤੇ ਇੱਕ ਪੱਤਰ ਸੌਂਪਦਿਆਂ ਭਾਰਤ ਸਰਕਾਰ ਨਾਲ ਇਹ ਮਸਲਾ ਉਠਾਉਣ ਲਈ ਕਿਹਾ। ਪੰਜਾਬ ਅਤੇ ਯੂ.ਕੇ. ਦਰਮਿਆਨ ਸਿੱਧੀਆਂ ਹਵਾਈ ਸੇਵਾਵਾਂ ਸੁਰੂ ਕਰਵਾਉਣ ਲਈ ਯਤਨਸ਼ੀਲ ਢੇਸੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਹਾਲ ਹੀ ਵਿੱਚ ਆਪਣੇ ਭਾਰਤੀ ਦੌਰੇ ਸਮੇਂ ਉਨਾਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ, ਵਿਦੇਸੀ ਮਾਮਲਿਆਂ ਬਾਰੇ ਮੰਤਰੀ ਸ਼ੁਸ਼ਮਾ ਸਵਰਾਜ, ਸ਼ਹਿਰੀ ਹਵਾਬਾਜ਼ੀ ਮੰਤਰੀ ਜਯੰਤ ਸਿਨਹਾ, ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਦੇ ਮੁਖੀ ਵਿਜੇ ਸਾਂਪਲਾ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵੀ ਇਸ ਸਬੰਧੀ ਮੀਟਿੰਗਾਂ ਕੀਤੀਆਂ ਹਨ। ਉਨਾਂ ਦੱਸਿਆ ਕਿ ਇਸ ਮੁੱਦੇ ‘ਤੇ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਪੰਜਾਬ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਹਵਾਈ ਉੜਾਣ ਕੰਪਨੀਆਂ ਵੱਲੋਂ ਰਾਜ ਸਰਕਾਰ ਕੋਲ ਪਹੁੰਚ ਕੀਤੇ ਜਾਣ ‘ਤੇ ਉਨਾਂ ਨੂੰ ਲੋੜੀਂਦੀ ਪ੍ਰਤੀਪੂਰਤੀ ਲਈ ਹਰ ਹਾਲਤ ਵਿੱਚ ਮੱਦਦ ਕੀਤੀ ਜਾਵੇਗੀ। ਢੇਸੀ ਨੇ ਇਹ ਵੀ ਦੱਸਿਆ ਕਿ ਪਿਛਲੇ ਦਿਨੀਂ ਉਨਾਂ ਲੰਦਨ ਸਥਿੱਤ ਹਵਾਈ ਕੰਪਨੀ ‘ਵਰਜਿਨ ਐਟਲਾਂਟਿਕ’ ਦੇ ਸੀਨੀਅਰ ਮੈਨੇਜਰ ਡੇਵਿਡ ਹੌਜ ਨਾਲ ਵੀ ਮੀਟਿੰਗ ਕੀਤੀ ਅਤੇ ਉਨਾਂ ਨੂੰ ਪਵਿੱਤਰ ਨਗਰੀ ਅਤੇ ਕੌਮਾਂਤਰੀ ਸੈਲਾਨੀ ਕੇਂਦਰ ਅੰਮ੍ਰਿਤਸਰ ਲਈ ਸਿੱਧੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੇ ਫਾਇਦਿਆਂ ਸਬੰਧੀ ਅੰਕੜਿਆਂ ਅਤੇ ਤੱਥਾਂ ਸਮੇਤ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਵਰਜਿਨ ਕੰਪਨੀ ਦੇ ਅਧਿਕਾਰੀ ਨੇ ਵੀ ਭਰੋਸਾ ਦਿੱਤਾ ਹੈ ਕਿ ਉਹ ਇਸ ਤਜ਼ਵੀਜ਼ ਬਾਰੇ ਕੰਪਨੀ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਫ਼ੈਸਲਾ ਲੈਣਗੇ। ਸੰਸਦ ਮੈਂਬਰ ਢੇਸੀ ਨੇ ਦ੍ਰਿੜਤਾ ਦਿਖਾਉਂਦਿਆਂ ਕਿਹਾ ਕਿ ਉਹ ਪੰਜਾਬ ਅਤੇ ਬਰਤਾਨੀਆਂ ਵਿਚਾਲੇ ਸਿੱਧੀਆਂ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *