ਪੰਜਾਬੀਆਂ ਦੇ ਵਿਆਹ-ਸ਼ਾਦੀਆਂ ਪੁਰ ਹੁੰਦੇ ਸ਼ਾਹੀ ਖਰਚ?

-ਜਸਵੰਤ ਸਿੰਘ ‘ਅਜੀਤ’

ਪੰਜਾਬੀ ਸਮਾਜ ਵਿੱਚ ਵਿਆਹ-ਸ਼ਾਦੀਆਂ ਦੇ ਸਮਾਗਮਾਂ ਪੁਰ ਕੀਤੇ ਜਾਂਦੇ ਤਾਮ-ਝਾਮ ਪੁਰ ਹੋ ਰਹੇ ਸ਼ਾਹਾਨਾ ਖਰਚਾਂ ਨੂੰ ਠਲ੍ਹ ਪਾਣ ਲਈ ਇੱਕ ਪ੍ਰਭਾਵੀ ਮੁਹਿੰਮ ਸ਼ੁਰੂ ਕਰਨ ਲਈ ਇੰਟਰਨੈਸ਼ਨਲ ਪੰਜਾਬੀ ਫੋਰਮ ਵਲੋਂ ਨਵੀਂ ਦਿੱਲੀ ਵਿੱਖੇ ਪਤਵੰਤੇ ਪੰਜਾਬੀਆਂ ਦੀ ਇੱਕ ਉੱਚ-ਪਧੱਰੀ ਬੈਠਕ ਸਦੀ ਗਈ। ਜਿਸ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਸਹਿਤ ਕਈ ਹੋਰ ਪੰਜਾਬੀ ਸੰਸਥਾਵਾਂ ਦੇ ਮੁੱਖੀਆਂ ਨੇ ਵੀ ਹਿੱਸਾ ਲਿਆ। ਇਸ ਬੈਠਕ ਦੀ ਸਮਾਪਤੀ ਤੋਂ ਬਾਅਦ ਦਸਿਆ ਗਿਆ ਕਿ ਇਸ ਬੈਠਕ ਵਿੱਚ ਪੰਜਾਬੀਆਂ ਵਲੋਂ ਵਿਆਹ-ਸ਼ਾਦੀਆਂ ਪੁਰ ਜੋ ਸ਼ਾਹੀ ਖਰਚ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਠਲ੍ਹ ਪਾਣ ਦੇ ਲਈ ਖੁਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਵਿਚਾਰ-ਵਟਾਂਦਰ ਵਿੱਚ ਵਿਆਹ-ਸ਼ਾਦੀਆਂ ਪੁਰ ਹੋ ਰਹੇ ਸ਼ਾਹੀ ਖਰਚਿਆਂ ਦੀ ਕੁ-ਪਰੰਪਰਾ ਨੂੰ ਠਲ੍ਹ ਪਾਣ ਲਈ ਸਮੁਚੇ ਪੰਜਾਬੀ ਭਾਈਚਾਰੇ ਵਿੱਚ ਇੱਕ ਪ੍ਰਭਾਵੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੁਹਿੰਮ ਦੇ ਤਹਿਤ ਸਭ ਤੋਂ ਪਹਿਲਾਂ ਪੰਜਾਬੀਆਂ ਵਲੋਂ ਵਿਆਹ-ਸ਼ਾਦੀਆਂ ਲਈ ਭੇਜੇ ਜਾਂਦੇ ਬਹੁ-ਖਰਚੀਲੇ ਸਦਾ-ਪੱਤਰਾਂ ਅਤੇ ਉਨ੍ਹਾਂ ਨਾਲ ਵੰਡੇ ਜਾਂਦੇ ਮਿਠਾਈ, ਖੁਸ਼ਕ ਮੇਵਿਆਂ ਆਦਿ ਦੇ ਡੱਬਿਆਂ ਦੀ ਪ੍ਰਥਾ ਨੂੰ ਬੰਦ ਕਰ, ਸੱਦਾ ਦੇਣ ਲਈ ਡਿਜਿਟਲ ਢੰਗ ਅਪਨਾਣ ਅਤੇ ਜਿੱਥੇ ਡਿਜਿਟਲ ਸਹੂਲਤਾਂ ਦੀ ਉਪਲਬੱਧਤਾ ਨਹੀਂ, ਉਥੇ ਰਿਸ਼ਤੇਦਾਰਾਂ, ਦੋਸਤਾਂ ਅਤੇ ਹੋਰ ਜਾਣ-ਪਛਾਣ ਵਾਲੇ ਸਜਣਾਂ ਨੂੰ ਸਾਦੇ ਛਪੇ ਸਦਾ-ਪਤੱਰਾਂ ਭੇਜੇ ਜਾਣ ਨੂੰ ਪਰੰਪਰਾ ਨੂੰ ਉਤਸਾਹਿਤ ਕੀਤਾ ਜਾਇਗਾ।
ਪੰਜਾਬੀ ਚਿੰਤਕਾਂ ਅਨੁਸਾਰ ਇੰਟਰਨੈਸ਼ਨਲ ਪੰਜਾਬੀ ਫੋਰਮ ਵਲੋਂ ਸਦੀ ਗਈ ਬੈਠਕ ਵਿੱਚ ਲਿਆ ਗਿਆ, ਉਪ੍ਰੋਕਤ ਫੈਸਲਾ ਹੈ ਤਾਂ ਬਹੁਤ ਸ਼ਲਾਘਾਯੋਗ। ਪਰ ਸੁਆਲ ਉਠਦਾ ਹੈ ਕਿ ‘ਬਿੱਲੀ ਦੇ ਗਲ’ ਵਿੱਚ ਘੰਟੀ ਬੰਨ੍ਹੇਗਾ ਕੌਣ? ਇਸਦਾ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਜੇ ਇਸ ਫੈਸਲੇ ਨੂੰ ਅਮਲ ਵਿੱਚ ਲਿਆਂਦੇ ਜਾਣ ਦੀ ਕਸੌਟੀ ਪੁਰ ਪਰਖਿਆ ਜਾਏ, ਤਾਂ ਇਉਂ ਜਾਪਦਾ ਹੈ ਕਿ ਜਿਵੇਂ ਇਹ ਫੈਸਲਾ ਕਰ, ਇਸਦੀ ਰੂਪ-ਰੇਖਾ ਤਿਆਰ ਕਰ ਲੈਣਾ ਜਿਤਨਾ ਸਹਿਜ ਹੈ, ਉਤਨਾ ਹੀ ਇਸਨੂੰ ਅਮਲ ਵਿੱਚ ਲਿਆ ਪਾਣਾ ਮੁਸ਼ਕਲ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸਾਬਕਾ ਮੈਂਬਰ ਸ. ਗੁਰਲਾਡ ਸਿੰਘ ਅਨੁਸਾਰ ਬੱਚਿਆਂ-ਬੱਚੀਆਂ ਦੇ ਸਾਦੇ ਵਿਆਹ ਕਰਨ ਦਾ ਜੋ ਫੈਸਲਾ ਕੀਤਾ ਗਿਆ ਹੈ, ਹਾਲਾਂਕਿ ਉਹ ਪ੍ਰਸ਼ੰਸਾਯੋਗ ਹੈ, ਪ੍ਰੰਤੂ ਇਸ ਬੈਠਕ ਵਿੱਚ, ਦਾਜ ਆਦਿ ਉਨ੍ਹਾਂ ਮੁੱਦਿਆਂ ਪੁਰ ਕੋਈ ਵਿਚਾਰ-ਚਰਚਾ ਨਾ ਕੀਤਾ ਜਾਣਾ, ਜਿਨ੍ਹਾਂ ਪੁਰ ਸਭ ਤੋਂ ਵੱਧ ਖਰਚ ਕੀਤਾ ਜਾਂਦਾ ਹੈ, ਕਈ ਸਵਾਲ ਖੜੇ ਕਰ ਜਾਂਦਾ ਹੈ। ਉਨ੍ਹਾਂ ਪੁਛਿਆ ਕਿ ਕੀ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀ ਆਰਥਕ ਰੂਪ ਵਿੱਚ ਕਮਜ਼ੋਰ ਪਰਿਵਾਰਾਂ ਨੂੰ ਆਪਣੇ ਬੱਚਿਆਂ-ਬੱਚੀਆਂ ਦੇ ਵਿਆਹ ਲਈ, ਲਖੀਸ਼ਾਹ ਵਣਜਾਰਾ ਹਾਲ ਮੁਫਤ ਉਪਲਬੱਧ ਕਰਵਾਣ ਲਈ ਤਿਆਰ ਹੋਣਗੇ? ਜਿਸ ਨਾਲ ਉਨ੍ਹਾਂ ਵਲੋਂ ਆਪਣੇ ਬੱਚੇ-ਬੱਚੀ ਦੀ ਸ਼ਾਦੀ ਪੁਰ ਕੀਤੇ ਜਾਣ ਵਾਲੇ ਖਰਚੇ ਦਾ ਭਾਰ ਘਟ ਸਕੇ? ਉਨ੍ਹਾਂ ਕਿਹਾ ਕਿ ਵਿਆਹ-ਸ਼ਾਦੀ ਸਮਗਮਾਂ ਪੁਰ ਜਿਨ੍ਹਾਂ ਖਰਚਿਆਂ ਨੂੰ ਬੰਦ ਜਾਂ ਘਟ ਕਰਨ ਦੀ ਗਲ ਕੀਤੀ ਜਾ ਰਹੀ ਹੈ, ਉਹ ਤਾਂ ਕੁਲ ਖਰਚਿਆਂ, ਜਿਨ੍ਹਾਂ ਵਿੱਚ ਦਾਜ ਆਦਿ ਦੇ ਲੈਣ-ਦੇਣ ਅਤੇ ਹੋਰ ਕਈ ਅਡੰਬਰਾਂ ਪੁਰ ਹੋਣ ਵਾਲੇ ਖਰਚੇ ਸ਼ਾਮਲ ਹਨ, ਵਿੱਚੋਂ ਤਾਂ ਨਾਂ-ਮਾਤ੍ਰ ਹੀ ਹੁੰਦੇ ਹਨ।
ਆਮ ਤੋਰ ਤੇ ਵਿਆਹ-ਸ਼ਾਦੀਆਂ ਦੇ ਸਮਾਗਮਾਂ ਪੁਰ ਸਭ ਤੋਂ ਵੱਧ ਖਰਚ ਕੀਤੇ ਜਾਣ ਅਦਿ ਦੀ ਜੋ ਗਲ ਵੇਖਣ ਨੂੰ ਮਿਲਦੀ ਹੈ, ਉਸ ਵਿੱਚ ਇੱਕ-ਤੋਂ-ਇੱਕ ਵੱਧ ਅਜਿਹਾ ਤਾਮ-ਝਾਮ ਕੀਤਾ ਜਾਣਾ ਹੈ, ਜਿਸਦਾ ਸੰਬੰਧ ਅੱਜ ਸਮਾਜ ਅਤੇ ਰਾਜਨੀਤੀ ਵਿੱਚਲੇ ਸਟੇਟਸ ਨਾਲ ਜੁੜ ਕੇ ਰਹਿ ਗਿਆ ਹੋਇਆ ਹੈ। ਜਿਥੇ ਸਮਰਥਾਵਾਨ ਲੋਕੀ, ਸਮਾਜ ਵਿੱਚ ਆਪਣੇ ਸਟੇਟਸ ਨੂੰ ਬਹਾਲ ਰਖਣ ਲਈ ਇੱਕ-ਦੂਜੇ ਤੋਂ ਵੱਧ, ਤਾਮ-ਝਾਮ ਦਾ ਪ੍ਰਦਰਸ਼ਨ ਕਰਦੇ ਹਨ, ਉਥੇ ਹੀ ਰਾਜਨੀਤੀ ਵਿੱਚ ਮੂੰਹ ਮਾਰਨ ਵਾਲੇ ਇਹ ਮੰਨ, ਕਿ ਉਹ ਇਸ ਮੌਕੇ ਪੁਰ ਜਿਤਨਾ ਹੀ ਵੱਡਾ ਅਡੰਬਰ ਰਚਣਗੇ, ਰਾਜਨੀਤਕ ਖੇਤ੍ਰ ਵਿੱਚ ਉਨ੍ਹਾਂ ਦੇ ਸਟੇਟਸ ਦਾ ਉਤਨਾ ਹੀ ਵੱਧ ਦਬਦਬਾ ਬਣੇਗਾ। ਇਨ੍ਹਾਂ ਹਾਲਾਤ ਵਿੱਚ ਉਨ੍ਹਾਂ ਨੂੰ ਜੇ ਆਪਣੇ ਬੱਚਿਆਂ ਦਾ ਸਾਦਾ ਵਿਆਹ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਦਾ ਇੱਕ-ਮਾਤ੍ਰ ਘੜਿਆ-ਘੜਾਇਆ ਜਵਾਬ ਹੁੰਦਾ ਹੈ ਕਿ ਉਨ੍ਹਾਂ ਵਲੋਂ ਅਯੋਜਿਤ ਵਿਆਹ-ਸ਼ਾਦੀ ਦੇ ਸਮਾਗਮਾਂ ਵਿੱਚ ਕੀਤਾ ਗਿਆ ਤਾਮ-ਝਾਮ, ਜੇ ਉਨ੍ਹਾਂ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਉਣ ਵਾਲੀਆਂ ਸਮਾਜਕ ਅਤੇ ਰਾਜਸੀ ਖੇਤ੍ਰ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ਦੀਆਂ ਨਜ਼ਰਾਂ ਨੂੰ ਨਾ ਜਚਿਆ, ਤਾਂ ਕੀ ਸਮਾਜ ਵਿੱਚ ਉਨ੍ਹਾਂ ਦੀ ਨੱਕ ਨਹੀਂ ਕਟ ਜਾਇਗੀ? ਉਨ੍ਹਾਂ ਨੇ ਸਮਾਜਕ ਤੇ ਰਾਜਸੀ ਹਲਕਿਆਂ ਵਿੱਚ ਆਪਣੀ ਨੱਕ ਵੀ ਤਾਂ ਬਚਾਈ ਰਖਣੀ ਹੈ!
ਜੇ ਇਥੇ, ਇਸੇ ਸੋਚ ਅਧੀਨ ਹੋਈਆਂ ਕੁਝ ਸ਼ਾਦੀਆਂ ਵਿਚੋਂ ਦੋ-ਕੁ ਸ਼ਾਦੀਆਂ ਦਾ ਜ਼ਿਕਰ ਕੀਤਾ ਜਾਏ ਤਾਂ ਕੁਥਾਉਂ ਨਹੀਂ ਹੋਵੇਗਾ। ਲਗਭਗ ਸਾਰੇ ਹੀ ਸਿੱਖ ਜਾਣਦੇ ਹਨ ਕਿ ਅਕਾਲ ਤਖਤ ਤੋਂ ਇੱਕ ਹੁਕਮਨਾਮਾ ਜਾਰੀ ਕਰ, ਸਮੂਹ ਸਿੱਖ ਜਗਤ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਪਰਿਵਾਰਕ ਸ਼ਾਦੀ-ਵਿਆਹ ਦੇ ਸਮਾਗਮ ਪੂਰੀ ਤਰ੍ਹਾਂ ਸਾਦੇ ਢੰਗ ਨਾਲ ਕੀਤਾ ਕਰਨ। ਇਸਦੇ ਬਾਵਜੂਦ ਬੀਤੇ ਦਿਨੀਂ ਇੱਕ ਇਤਿਹਾਸਕ ਗੁਰਦੁਆਰੇ ਦੇ ਹੈੱਡ ਗ੍ਰੰਥੀ ਵਲੋਂ ਆਪਣੇ ਪੁਤਰ ਦੀ ਰਿੰਗ-ਸੇਰੇਮਨੀ ਅਤੇ ਵਿਆਹ ਦੇ, ਦੋ ਵੱਖ-ਵੱਖ ਆਯੋਜਨਾਂ ਲਈ ਬਹੁਤ ਹੀ ਵਧੀਆ ਸਦਾ-ਪਤੱਰ ਮਹਿੰਗੀਆਂ ਵਸਤਾਂ ਨਾਲ ਭਰੇ ਡੱਬਿਆਂ ਨਾਲ ਵੰਡੇ ਗਏ। ਜਦੋਂ ਉਹ ਇਹ ਸਦਾ-ਪਤ੍ਰ ਵੰਡ ਰਹੇ ਸਨ, ਤਾਂ ਉਸੇ ਦੌਰਾਨ ਇੱਕ ਸਜਣ ਨੇ ਉਨ੍ਹਾਂ ਦਾ ਧਿਆਨ ਅਕਾਲ ਤਖਤ ਤੋਂ ਜਾਰੀ ਹੁਕਮਨਾਮੇ ਵਲ ਦੁਆਇਆ, ਪਹਿਲਾਂ ਤਾਂ ਉਨ੍ਹਾਂ ਗਲ ਨੂੰ ਅਣਗੋਲਿਆਂ ਕਰ ਦਿੱਤਾ, ਫਿਰ ਦਬੀ ਜ਼ਬਾਨ ਵਿੱਚ ਕਹਿਣ ਲਗੇ ਕਿ ਉਨ੍ਹਾਂ ਦੀ ਜਾਣ-ਪਛਾਣ ਦਾ ਘੇਰਾ ਨਾ ਕੇਵਲ ਵਸੀਹ ਹੈ, ਸਗੋਂ ਉਸ ਵਿੱਚ ਕਈ ਪ੍ਰਮੁਖ ਪ੍ਰਭਾਵਸ਼ਾਲੀ ਸ਼ਖਸੀਅਤਾਂ ਵੀ ਸ਼ਾਮਲ ਹਨ। ਜਿਸ ਕਾਰਣ ਉਨ੍ਹਾਂ ਲਈ ਇਨ੍ਹਾਂ ਸਮਾਗਮਾਂ ਨੂੰ ਪ੍ਰਭਾਵਸ਼ਾਲੀ ਬਣਾਇਆ ਜਾਣਾ ਮਜਬੂਰੀ ਬਣ ਗਿਆ ਹੋਇਆ ਹੈ।
ਇਸੇ ਤਰ੍ਹਾਂ, ਇੱਕ ਨਿਕਟੀ ਮਿਤ੍ਰ ਵਲੋਂ ਦਿੱਲੀ ਦੇ ਇੱਕ ਚੰਗੇ ਹੋਟਲ (ਪੰਜ ਤਾਰਾ ਨਹੀਂ) ਵਿੱਚ ਆਪਣੀ ਬੇਟੀ ਦੀ ਸ਼ਾਦੀ ਦੇ ਸਮਾਗਮ ਦਾ ਅਯੋਜਨ ਕੀਤਾ ਗਿਆ। ਇਸ ਸ਼ਾਦੀ ਸਮਾਗਮ ਤੋਂ ਕੁਝ ਦਿਨ ਬਾਅਦ ਜਦੋਂ ਉਨ੍ਹਾਂ ਨਾਲ ਮੁਲਾਕਾਤ ਹੋਈ, ਤਾਂ ਗਲਾਂ-ਗਲਾਂ ਵਿੱਚ ਉਨ੍ਹਾਂ ਪਾਸੋਂ ਪੁਛਿਆ ਕਿ ਬੇਟੀ ਦਾ ਵਿਆਹ ਦਾ ਪ੍ਰੋਗਰਾਮ ਠੀਕ-ਠਾਕ ਨਿਪਟ ਗਿਆ ਹੈ ਨਾ! ਉਨ੍ਹਾਂ ਨੇ ਮੁਸਕ੍ਰਾਉਂਦਿਆਂ ਦਸਿਆ ਕਿ ਬੇਟੀ ਦੀ ਇਸ ਸ਼ਾਦੀ ਵਿੱਚ ਉਨ੍ਹਾਂ ਨੂੰ (ਇੱਕ ਮੋਟੀ ਰਕਮ ਦਸਦਿਆਂ) ਇਤਨਾ ਲਾਭ ਹੋਇਆ ਹੈ। ਮਤਲਬ ਇਹ ਕਿ ਉਨ੍ਹਾਂ ਲਈ ਆਪਣੀ ਬੇਟੀ ਦੀ ਸ਼ਾਦੀ ਇੱਕ ਪਰਿਵਾਰਕ ਤੇ ਸਮਾਜਕ ਫਰਜ਼ ਨਾ ਹੋ, ਇੱਕ ਵਿਉਪਾਰਕ ਸੌਦਾ ਸੀ।
ਇਹ ਦੋਵੇਂ ਸ਼ਾਦੀਆਂ ਇਸ ਗਲ ਵਲ ਸੰਕੇਤ ਕਰਦੀਆਂ ਹਨ, ਕਿ ਇੱਕ ਪਾਸੇ ਸਮਰਥਵਾਨਾਂ ਅਤੇ ਰਾਜਨੀਤਕਾਂ ਲਈ, ਬੱਚਿਆਂ ਦੇ ਸ਼ਾਦੀ-ਵਿਆਹ ਸਮਾਗਮ ਸਮਾਜ ਤੇ ਰਾਜਨੀਤੀ ਵਿੱਚ ਆਪਣੇ ਸਟੇਟਸ ਦੇ ਦਬਦਬਾ ਤੇ ਨੱਕ ਨੂੰ ਬਚਾਈ ਰਖਣ ਦੀ ਧਾਰਨਾ ਕੰਮ ਕਰ ਰਹੀ ਹੁੰਦੀ ਹੈ, ਜਦਕਿ ਦੂਜੇ ਪਾਸੇ ਵਿਉਪਾਰਕ ਸੋਚ ਵਾਲਿਆਂ ਲਈ ਅਜਿਹੇ ਸਮਾਗਮ ‘ਵਿਉਪਾਰ’ ਬਣ ਜਾਂਦੇ ਹਨ। ਇਨ੍ਹਾਂ ਹਾਲਾਤ ਵਿੱਚ ਸਵਾਲ ਉਠਦਾ ਹੈ ਕਿ ਕੀ ਅਜਿਹੇ ਲੋਕੀ ਆਪਣੇ ਬੱਚਿਆਂ ਦੇ ਸ਼ਾਦੀ-ਵਿਆਹ ਦੇ ਸਮਾਗਮਾਂ ਨੂੰ ‘ਤਾਮ-ਝਾਮ’ ਤੋਂ ਮੁਕਤ ਰਖਣ ਲਈ ਤਿਆਰ ਹੋ ਸਕਦੇ ਹਨ?
ਆਉ ਬਣੀਏ ਗੁਰਸਿੱਖ ਪਿਆਰਾ: ‘ਆਉ ਬਣੀਏ ਗੁਰਸਿੱਖ ਪਿਆਰਾ’ ਪ੍ਰੋਗਰਾਮ, ਜੋ ਦੋ ਵਰ੍ਹਿਆਂ ਤੋਂ ਵੀ ਵੱਧ ਸਮੇਂ ਤੋਂ ਇੱਕ ਨਿਜੀ ਟੀਵੀ ਚੈਨਲ ਪੁਰ ਪ੍ਰਸਾਰਤ ਹੁੰਦਾ ਚਲਿਆ ਆ ਰਿਹਾ ਹੈ, ਦੇ ਸੰਬੰਧ ਵਿੱਚ ਗਲਬਾਤ ਕਰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਲਾਹਕਾਰ ਸ. ਕੁਲਮੋਹਨ ਸਿੰਘ ਨੇ ਦਸਿਆ ਕਿ ਇਸ ਪ੍ਰੋਗਰਾਮ ਵਿੱਚ ਉਨ੍ਹਾਂ (ਸ. ਕੁਲਮੋਹਨ ਸਿੰਘ) ਤੇ ਸ. ਹਰਜਿੰਦਰ ਸਿੰਘ ਵਲੋਂ ਹਾਟ ਸੀਟ ਪਰ ਬੈਠੇ ਪ੍ਰਤੀਯੋਗੀ (ਜੋ ਬੱਚੇ ਤੋਂ ਬਜ਼ੁਰਗ ਤਕ ਹੋ ਸਕਦਾ ਹੈ) ਪਾਸੋਂ ਨਿਰੋਲ ਸਿੱਖ ਇਤਿਹਾਸ, ਧਰਮ, ਗੁਰਬਾਣੀ ਅਤੇ ਦੇਸ਼-ਵਿਦੇਸ਼ ਵਿੱਚ ਪ੍ਰਸਿੱਧਤਾ ਪ੍ਰਾਪਤ ਸਿੱਖ ਸ਼ਖਸੀਅਤਾਂ ਪੁਰ ਅਧਾਰਤ ਪ੍ਰਸ਼ਨ ਪੁਛੇ ਜਾਂਦੇ ਹਨ। ਉਨ੍ਹਾਂ ਦਸਿਆ ਕਿ ਇਹ ਪ੍ਰੋਗਰਾਮ, ਰਾਜਨੀਤੀ ਤੋਂ ਮੁਕਤ ਪੂਰੀ ਤਰ੍ਹਾਂ ਸਿੱਖ ਇਤਿਹਾਸ, ਧਰਮ ਅਤੇ ਗੁਰਬਾਣੀ ਪੁਰ ਅਧਾਰਤ ਹੋਣ ਕਾਰਣ ਦੇਸ਼-ਵਿਦੇਸ਼ ਵਿੱਚ ਬਹੁਤ ਹੀ ਹਰਮਨ-ਪਿਆਰਾ ਹੋ ਰਿਹਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਸੋਸ਼ਲ ਮੀਡੀਆ ਪੁਰ ਤਾਂ ਇਸਨੂੰ 1 ਕਰੋੜ ਤੋਂ ਵੀ ਵੱਧ ਲੋਕੀ ਵੇਖ ਚੁਕੇ ਹਨ, ਜੋ ਕਿ ਇਸਦੀ ਹਰਮਨ-ਪਿਆਰਤਾ ਦਾ ਸਭ ਤੋਂ ਵੱਡਾ ਪ੍ਰਮਾਣ ਹੈ।
…ਅਤੇ ਅੰਤ ਵਿੱਚ : ਆਏ ਦਿਨ ਨਵੇਂ ਤੋਂ ਨਵੇਂ ਵਿਵਾਦਾਂ ਨਾਲ ਜੂਝ ਰਹੇ ਪੰਥ ਦੇ ‘ਸੋਲ ਠੇਕੇਦਰ’ ਹੋਣ ਦੇ ਦਾਅਵੇਦਾਰਾਂ ਨੇ ਕਦੀ ਸੋਚਿਆ ਹੈ ਕਿ ਇੱਕ ਪਾਸੇ ਤਾਂ ਉਹ ਪੰਥ ਨੂੰ ਵਿਵਾਦਾਂ ਵਿੱਚ ਫਸਾ ਉਸਦੇ ਨਾਲ ਆਪਣਾ ਵੀ ਘਾਣ ਕਰਦੇ ਜਾ ਰਹੇ ਹਨ ’ਤੇ ਦੂਸਰੇ ਪਾਸੇ ਦੇਸ਼ ਦੇ ਦੂਰ-ਦਰਾਜ਼ ਇਲਾਕਿਆਂ ਵਿੱਚ ਸਿੱਖਾਂ ਦੀ ਪਛਾਣ ਨੂੰ ਕਿਤਨਾ ਧੱਕਾ ਲਗ ਰਿਹਾ ਹੈ? ਇਹ ਸੁਆਲ ਉਸ ਸਮੇਂ ਉਭਰ, ਸਾਹਮਣੇ ਆਇਆ, ਜਦੋਂ ਇੱਕ ਪ੍ਰਚਾਰਕ ਨੇ ਨਿਜੀ ਗਲਬਾਤ ਦੌਰਾਨ ਦਸਿਆ ਕਿ ਕੁਝ ਸਮਾਂ ਹੋਇਐ, ਉਹ ਸਿੱਖੀ ਦੇ ਪ੍ਰਚਾਰ ਲਈ ਆਸਾਮ ਦੇ ਦੌਰੇ ਤੇ ਸਨ, ਉਸ ਦੌਰਾਨ ਉਥੋਂ ਦੇ ਇੱਕ ਸਿੱਖ ਮੁਖੀ ਨੇ ਗਲਬਾਤ ਕਰਦਿਆਂ ਉਨ੍ਹਾਂ ਨੂੰ ਦਸਿਆ ਕਿ, ਪੰਜਾਬ ਦੇ ਸਾਬਕਾ ਪੁਲਿਸ ਮੁੱਖੀ ਕੇ ਪੀ ਐਸ ਗਿਲ (ਹੁਣ ਸਵਰਗਵਾਸੀ) ਜਦੋਂ ਇਕ ਉੱਚ ਅਹੁਦੇ ਤੇ ਨਿਯੁਕਤ ਹੋ ਆਸਾਮ ਆਏ। ਤਾਂ ਇਕ ਦਿਨ ਉਹ ਬਾਜ਼ਾਰ ਚਲੇ ਗਏ। ਸਬਜ਼ੀ ਦੀ ਇੱਕ ਦੁਕਾਨ ਤੇ ਖੜਿਆਂ ਹੋ, ਉਨ੍ਹਾਂ ਨੇ ਇਕ ਸਬਜ਼ੀ ਨੂੰ ਹੱਥ ਲਾ, ਉਸਦਾ ਭਾਅ ਪੁਛਿਆ। ਉਨ੍ਹਾਂ ਦੇ ਸਬਜ਼ੀ ਨੂੰ ਹੱਥ ਲਾਣ ਦੀ ਦੇਰ ਸੀ ਕਿ ਦੁਕਾਨਦਾਰ ਟੁੱਟ ਕੇ ਪੈ ਗਿਆ। ਕਹਿਣ ਲਗਾ ਕਿ ਤੂੰ ਮੇਰੀ ਸਾਰੀ ਸਬਜ਼ੀ ਭਿਟਾ ਦਿਤੀ ਹੈ। ਇਤਨਾ ਆਖਦਿਆਂ ਉਸਨੇ ਉਹ ਸਾਰੀ ਸਬਜ਼ੀ ਚੁਕ ਸੁੱਟ ਦਿਤੀ। ਸਬਜ਼ੀ ਵਾਲੇ ਦਾ ਇਹ ਵਰਤਾਉ ਵੇਖ ਗਿਲ ਸਾਹਿਬ ਗਰਮ ਹੋ, ਆਪਣੇ ਅਹੁਦੇ ਦਾ ਰਹੁਬ ਝਾੜਦਿਆਂ ਉਸਨੂੰ ਕਹਿਣ ਲਗੇ ਕਿ ਤੂੰ ਜਾਣਦਾ ਨਹੀਂ ਕਿ ਮੈਂ ਕੋਣ ਹਾਂ? ਦੁਕਾਨਦਾਰ ਨੇ ਕਿਹਾ ਕੋਈ ਵੀ ਹੋਵੇਂ, ਹੈ ਤਾਂ ਤੂੰ ਸਵੀਪਰ (ਸਫਾਈ ਕਰਮਚਾਰੀ) ਹੀ। ਇਹ ਸੁਣ ਗਿਲ ਸਾਹਿਬ ਉਸਦਾ ਮੂੰਹ ਵੇਖਦੇ ਰਹਿ ਗਏ। ਇਹ ਘਟਨਾ ਦਸਦਿਆਂ ਉਨ੍ਹਾਂ ਪੁਛਿਆ ਕਿ ਕੀ ਇਹ ਘਟਨਾ ਸਮੁਚੀ ਸਿੱਖ ਕੌਮ ਦਾ ਮੂੰਹ ਚਿੜਾਉਣ ਅਤੇ ਉਸਦਾ ਅਪਮਾਨ ਕਰਨ ਵਾਲੀ ਨਹੀਂ?

Geef een reactie

Het e-mailadres wordt niet gepubliceerd. Vereiste velden zijn gemarkeerd met *