ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਈ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਰਿਹਾਈ ਲਈ ਮਿਰਧਾ ਅਗਵਾ ਕਾਂਡ ਵਿੱਚ ਸਾਮਲ ਭਾਈ ਹਰਨੇਕ ਸਿੰਘ ਭੱਪ ਨੂੰ ਸੁਣਾਈ ਗਈ ਉਮਰ ਕੈਦ ਬਾਅਦ ਭਾਈ ਭੱਪ ਅੱਜਕੱਲ ਫਿਰ ਚਰਚਾ ਵਿੱਚ ਹਨ। ਤਕਰੀਬਨ 13 ਸਾਲ ਜ਼ੇਲ੍ਹ ਕੱਟਣ ਅਤੇ ਕਈ ਮੁਕੱਦਮਿਆਂ ਦੀ ਖੱਜਲ ਖੁਆਰੀ ਬਾਅਦ ਵੀ ਮਿਲੀ ਉਮਰ ਕੈਦ ਬਾਅਦ ਸਾਂਤ ਚਿੱਤ ਆ ਰਹੇ ਭਾਈ ਭੱਪ ਦੀ ਕੁਰਬਾਨੀ ਨੂੰ ਹਰ ਕੌਂਮਪ੍ਰਸਤ ਸਿੱਖ ਸਿਜਦਾ ਕਰ ਰਿਹਾ ਹੈ। ਪਿਛਲੇ ਸਮੇਂ ਵਿੱਚ ਬਹੁਤ ਸਾਰੇ ਪੰਥ ਪ੍ਰਸਤ ਸਿੱਖਾਂ ਵੱਲੋਂ ਭਾਈ ਭੱਪ ਦੀ ਇਕੱਲਤਾ ਕੱਟ ਰਹੀ ਮਾਤਾ ਨਾਲ ਜਦ ਵੀ ਕਦੇ ਗੱਲ ਹੁੰਦੀ ਤਾਂ ਮਾਤਾ ਮੱਦਦ ਲੈਣੋ ਇਹ ਕਹਿ ਕੇ ਗੁਰੇਜ਼ ਕਰਦੀ ਕਿ ਭੱਪ ਨੇ ਮਨ੍ਹਾਂ ਕੀਤਾ ਹੋਇਆ ਹੈ। ਦਹਾਕੇ ‘ਤੋਂ ਵੀ ਵੱਧ ਸਮਾਂ ਤਿਹਾੜ, ਨਾਭਾ ਅਤੇ ਜੈਪੁਰ ਦੀਆਂ ਕਾਲ-ਕੋਠੜੀਆਂ ਵਿੱਚ ਕੱਟਣ ਉਪਰੰਤ ਅਤੇ ਪਿਛਲੇ ਦਿਨੀ ਉਮਰ ਕੈਦ ਸੁਣ ਕੇ ਵੀ ਭਾਈ ਭੱਪ ਦੇ ਚਿਹਰੇ ਦੇ ਚਿੰਤਾਂ ਦਾ ਕੋਈ ਚਿੰਨ ਨਹੀ ਸੀ।
ਯੂਰਪ ਦੀਆਂ ਪੰਥਕ ਜਥੇਬੰਦੀਆਂ ਬੱਬਰ ਖਾਲਸਾ ( ਜਥੇਦਾਰ ਤਲਵਿੰਦਰ ਸਿੰਘ ) ਅਤੇ ਦਲ ਖਾਲਸਾ ਦੇ ਆਗੂਆਂ ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਣਸੂ ਅਤੇ ਭਾਈ ਜਗਮੋਹਣ ਸਿੰਘ ਮੰਡ ਬੈਲਜ਼ੀਅਮ, ਜਰਮਨੀ ‘ਤੋਂ ਭਾਈ ਸੁਰਿੰਦਰ ਸਿੰਘ ਸੇਖੋਂ ਭਾਈ ਪ੍ਰਤਾਪ ਸਿੰਘ, ਸਵਿੱਟਜ਼ਰਲੈਂਡ ‘ਤੋਂ ਭਾਈ ਪ੍ਰਿਤਪਾਲ ਸਿੰਘ ਖਾਲਸਾ ਅਤੇ ਬਾਬਾ ਸੁਰਜੀਤ ਸਿੰਘ ਸੁੱਖਾ ਹੋਰਾਂ ਵੱਲੋਂ ਜਾਰੀ ਬਿਆਨ ਵਿੱਚ ਉਹਨਾਂ ਜਿਥੇ ਭਾਈ ਭੱਪ ਨੂੰ ਸੁਣਾਈ ਗਈ ਸਜ਼ਾ ਦਾ ਵਿਰੋਧ ਕੀਤਾ ਹੈ ਉੱਥੇ ਭਾਈ ਭੱਪ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਕਿਹਾ ਹੈ ਕਿ ਸਿੱਖ ਸੰਘਰਸ਼ ਨੂੰ ਸਮਰਪਤਿ ਭਾਈ ਸਾਹਿਬ ਕੁਰਬਾਨੀ ਅਤੇ ਤਿਆਗ ਦੀ ਮੂਰਤ ਹਨ ਜਿਨ੍ਹਾਂ ਨੇ ਢਾਈ ਦਹਾਕੇ ਹੋ ਗਏ ਘਰ ਦੇ ਵਿਹੜੇ ਪੈਰ ਵੀ ਨਹੀ ਪਾਇਆ ਪਰ ਕਦੇ ਵੀ ਕੋਈ ਸਿ਼ਕਵਾ ਨਹੀ ਕੀਤਾ। ਸਿੰਘ ਸੰਘਰਸ਼ ਦੇ ਸਿਖਰ ਵੇਲੇ ਚੋਟੀ ਦੇ ਸ਼ਹੀਦ ਜੁਝਾਰੂਆਂ ਦੇ ਸਾਥੀ ਰਹੇ ਭਾਈ ਭੱਪ ਦੀ ਮਾਤਾ ਬਹੁਤ ਸਾਰੀਆਂ ਤੰਗੀਆਂ ਵਿੱਚੋਂ ਗੁਜਰਦੀ ਰਹੀ ਪਰ ਉਹ ਮੱਦਦ ਕਰਨ ਦੀ ਪੇਸਕਸ਼ ਕਰਨ ਵਾਲੇ ਸਿੰਘਾਂ ਨੂੰ ਮਨ੍ਹਾਂ ਹੀ ਕਰਦੇ ਰਹੇ ਤੇ ਬੜੀ ਮੁਸਕਲ ਨਾਲ ਕੁੱਝ ਸਿੰਘਾਂ ਨੇ ਉਹਨਾਂ ਨੂੰ ਮਾਤਾ ਜੀ ਲਈ ਇੱਕ ਮਕਾਨ ਬਣਾਉਣ ਲਈ ਰਜਾਮੰਦ ਕੀਤਾ ਜੋ ਤਕਰੀਬਨ ਤਿਆਰ ਹੋ ਚੁੱਕਾ ਹੈ। ਜਿਕਰਯੋਗ ਹੈ ਕਿ ਪ੍ਰੋ ਭੁੱਲਰ ਨੂੰ ਰਿਹਾਅ ਕਰਵਾਉਣ ਹਿੱਤ ਕਾਂਗਰਸੀ ਆਗੂ ਰਾਮ ਨਿਵਾਸ ਮਿਰਧਾ ਦੇ ਪੁੱਤਰ ਰਾਜਿੰਦਰ ਮਿਰਧਾ ਨੂੰ ਅਗਵਾ ਕੀਤਾ ਸੀ ਪਰ ਪੁਲਿਸ ਨੂੰ ਮਿਲੀ ਸੂਹ ਕਾਰਨ ਤਿੰਨ ਰਾਜਾਂ ਦੀ ਪੁਲਿਸ ਨੇ ਸਿੰਘਾਂ ਨੂੰ ਘੇਰ ਲਿਆ ਤੇ ਮੁਕਾਬਲੇ ਵਿੱਚ ਭਾਈ ਨਵਦੀਪ ਸਿੰਘ ਸ਼ਹੀਦ ਹੋ ਗਏ ਤੇ ਕੁੱਝ ਸਿੰਘ ਬਚ ਨਿਕਲੇ ਜਿਨ੍ਹਾਂ ਨੇ ਮੁਠਭੇੜ ਦਾ ਫਾਇਦਾ ਉਠਾ ਸਕਦੇ ਹੋਣ ਦੇ ਬਾਵਜੂਦ ਵੀ ਕਾਂਗਰਸੀ ਆਗੂ ਦੇ ਮੁੰਡੇ ਨੂੰ ਜਿਊਦਾ ਜਾਣ ਦਿੱਤਾ ਹਾਲਾਂਕਿ ਉਹ ਬੜੀ ਅਸਾਨੀ ਨਾਲ ਮੁਕਾਬਲੇ ਦੀ ਆੜ ਵਿੱਚ ਗੋਲੀ ਮਾਰ ਸਕਦੇ ਸਨ। ਉਪਰੋਕਤ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਹਰਨੇਕ ਸਿੰਘ ਭੱਪ ਅਠਾਰਵੀਂ ਸਦੀ ਦੇ ਸਿੰਘਾਂ ਵਾਲਾ ‘’ਪੰਥ ਵਸੇ ਮੈਂ ਉਜੜਾਂ’’ ਵਾਲਾ ਪੰਥਕ ਜ਼ਜਬਾ ਅਪਣੇ ਅੰਦਰ ਸਮੋਈ ਬੈਠਾ ਹੈ।