ਬੈਲਜ਼ੀਅਮ ਨਾਈਟ ਸੌਪ ਯੁਨੀਅਨ ਦੀ ਅਗਲੀ ਮੀਟਿੰਗ ਵੀਰਵਾਰ 19 ਅਕਤੂਬਰ

ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਕੁੱਝ ਸਾਲਾਂ ‘ਤੋਂ ਬੈਲਜ਼ੀਅਮ ਸਰਕਾਰ ਅਤੇ ਸ਼ਹਿਰਾਂ ਦੇ ਪ੍ਰਸਾਸ਼ਨ ਵੱਲੋਂ ਰਾਤ ਦੀਆਂ ਦੁਕਾਨਾਂ ( ਨਾਈਟ ਸੌਪਾਂ ) ਤੇ ਸਿਕੰਜਾਂ ਕਸਣ ਲਈ ਨਵੇਂ-ਨਵੇਂ ਕਾਨੂੰਨ ਬਣਾਏ ਜਾ ਰਹੇ ਹਨ। ਜਿਵੇਂ ਕਿ ਕੁੱਝ ਸ਼ਹਿਰਾਂ ਵਿੱਚ ਦੁਕਾਨਾਂ 24 ਘੰਟੇਂ ਵੀ ਖੁੱਲ੍ਹ ਸਕਦੀਆਂ ਹਨ ਤੇ ਕਈ ਜਗ੍ਹਾ ਸਿਰਫ ਸਾਂਮੀ 6 ਵਜੇ ‘ਤੋਂ ਹੀ। ਕਈ ਸ਼ਹਿਰਾਂ ਵਿੱਚ ਨਾਈਟ ਸੌਪ ਖੋਲ੍ਹਣ ਲਈ ਇਜਾਜਤ ਲੈਣ ਲਈ ਥੱਬਾ ਪੇਪਰਾਂ ਦੀ ਜਰੂਰਤ ਹੈ ਤੇ ਕਿਤੇ ਇੱਕ ਪੇਪਰ ਵੀ ਨਹੀ ਚਾਹੀਂਦਾ। ਕਈ ਜਗ੍ਹਾ ਨਵੀਂ ਦੁਕਾਨ ਲਈ 6 ਹਜ਼ਾਰ ਯੂਰੋ ਦੀ ਫੀਸ ਹੈ ਤੇ ਕਈ ਥਾਂ ਚਵਾਨੀ ਵੀ ਨਹੀ ਤੇ ਕਈ ਥਾਵਾਂ ਤੇ ਖੋਲ੍ਹਣੀ ਹੈ ਹੀ ਮਨ੍ਹਾਂ। ਕਈ ਅਜਿਹੇ ਸ਼ਹਿਰ ਵੀ ਹਨ ਜਿਥੇ ਰਾਤ 11 ਵਜੇ ‘ਤੋਂ ਬਾਅਦ ਅਲਕੋਹਲ ਵੇਚਣੀ ਮਨਾਂ ਹੈ ਜਦਕਿ ਰਾਤਾਂ ਦੇ ਗਾਹਕ ਤਾਂ ਨਿਕਲਦੇ ਹੀ ਬੀਅਰ ਬੱਤੇ ਲਈ ਹਨ। ਨਾਈਟ ਸੌਪਾਂ ਜੋ ਸਾਰੇ ਪ੍ਰਵਾਸੀਆਂ ਵੱਲੋਂ ਹੀ ਚਲਾਈਆਂ ਜਾ ਰਹੀਆਂ ਜਿਨ੍ਹਾਂ ਵਿੱਚ ਬਹੁ ਗਿਣਤੀ ਪੰਜਾਬੀਆਂ ਦੀ ਹੀ ਹੈ ਬੇਸੱਕ ਉਹ ਚੜ੍ਹਦੇ ਪੰਜਾਬ ਦੇ ਹੋਣ ਜਾਂ ਲਹਿੰਦੇਂ ਪੰਜਾਬ ਦੇ ਤੇ ਕੁੱਝ ਅਰਬੀ ਤੇ ਬੰਗਾਂਲੀ ਵੀ ਹਨ ਜੋ ਇਹ ਕਾਰੋਬਾਰ ਕਰਦੇ ਹਨ। ਨਾਈਟ ਸੌਪਾਂ ਦੇ ਮਾਲਕਾਂ ਦੀ ਜੋ ਤਸਵੀਰ ਗੋਰਿਆਂ ਦੀ ਨਜ਼ਰ ਵਿੱਚ ਬਣ ਚੁੱਕੀ ਹੈ ਕਿ ਇਹ ਲੋਕ ਸੁਪਰ ਮਾਰਕੀਟਾਂ ਵਿੱਚੋਂ ਸਮਾਨ ਖਰੀਦ ਕੇ ਸਾਂਮ ਛੇ ਵਜੇ ‘ਤੋਂ ਬਾਅਦ ਦੁੱਗਣੇ ਭਾਅ ਸਾਂਨੂੰ ਵੇਚ ਰਹੇ ਹਨ ਤੇ ਆਪ ਮਹਿੰਗੀਆਂ ਕਾਰਾਂ ‘ਚ ਘੁੰਮਦੇ ਨੇ ਤੇ ਚੰਗੇਂ ਘਰਾਂ ਵਿੱਚ ਰਹਿੰਦੇ ਹਨ। ਨਸਲੀ ਨਫਰਤ ਦੇ ਕਾਰਨ ਬਹੁਤ ਵਾਰ ਲੜਾਈ-ਝਗੜੇ ਵੀ ਹੁੰਦੇ ਹਨ। ਰਾਤ ਨੂੰ ਚੋਰਾਂ ਦਾ ਕੰਮ ਵੀ ਸੌਖਾ ਹੋ ਜਾਦਾਂ ਹੈ ਤੇ ਲੁਟੇਰੇ ਵੀ ਅਪਣਾ ਲਗਦਾ ਦਾਅ ਲਾਉਦੇਂ ਰਹਿੰਦੇਂ ਹਨ। ਤਕਰੀਬਨ ਇਹੀ ਹੁੰਦਾ ਹੈ ਕਿ ਸ਼ਹਿਰਾਂ ਦੀਆਂ ਮਿਊਸਪਲ ਚੋਣਾ ਸਮੇਂ ਪ੍ਰਵਾਸੀਆਂ ਦੀ ਆਮਦ ‘ਤੋਂ ਔਖੀਆਂ ਪਾਰਟੀਆਂ ਜਿੱਤਣ ‘ਤੋਂ ਬਾਅਦ ਨਾਈਟ ਸੌਪਾਂ ਵਾਲਿਆਂ ਦੇ ਨੱਕ ‘ਚ ਦਮ ਜਰੂਰ ਕਰ ਦਿੰਦੀਆਂ ਹਨ। ਪਰ ਹੁਣ ਵੋਟਾਂ ਵਟੋਰਨ ਲਈ ਹਰ ਪਾਰਟੀ ਦੀ ਹੀ ਮਜਬੂਰੀ ਬਣ ਚੁੱਕੀ ਹੈ ਕਿ ਉਹ ਬਹੁਗਿਣਤੀ ਨੂੰ ਖੁਸ਼ ਰੱਖਣ ਲਈ ਆਟੇ ਵਿੱਚ ਲੂਣ ਬਰਾਬਰ ਗਿਣਤੀ ਦੀ ਢਿੰਬਰੀ ਟਾਈਟ ਕਰੇ। ਜਿਸ ਕਾਰਨ ਨਾਈਟ ਸੌਪਾਂ ਵਾਲੇ ਸਿਆਸੀ ਪਾਰਟੀਆਂ ਦੀਆਂ ਅੱਖਾਂ ਵਿੱਚ ਕੁੱਝ ਜਿਆਦਾ ਹੀ ਰੜਕ ਰਹੇ ਹਨ। ਦੂਜੇ ਪਾਸੇ ਨਾਈਟ ਸੌਪਾਂ ਚਲਾ ਰਹੇ ਪੰਜਾਬੀਆਂ ਦਾ ਕਹਿਣਾ ਹੈ ਕਿ ਇਹ ਧੰਦਾਂ ਹੁਣ ਪਹਿਲਾਂ ਵਾਲਾ ਨਹੀ ਰਿਹਾ ਕਿਉਕਿ ਕਈ ਤਰਾਂ ਦੇ ਟੈਕਸ ਭਰਨੇ ਪੈਂਦੇ ਹਨ ਤੇ ਫਿਰ ਰਾਤਾਂ ਨੂੰ ਜਾਗਣਾ ਪੈਦਾਂ ਹੈ। ਜਦ ਆਂਮ ਬੰਦਾਂ ਨੌਕਰੀ ਕਰ ਅਪਣੇ ਬੀਵੀ ਬੱਚਿਆਂ ਨਾਲ ਅਰਾਮ ਕਰਨ ਲਈ ਵਾਪਸ ਪਰਤ ਰਿਹਾ ਹੁੰਦਾਂ ਹੈ ਤਾਂ ਨਾਈਟ ਸੌਪਾਂ ਵਾਲੇ ਅਪਣੀਆਂ ਦੁਕਾਨਾਂ ਦੇ ਸ਼ਟਰ ਚੁੱਕ ਰਹੇ ਹੁੰਦੇਂ ਨੇ। ਜਦ ਦੂਜੇ ਲੋਕ ਅਪਣੀ ਨੀਂਦ ਪੂਰੀ ਕਰ ਸਵੇਰੇ ਉੱਠਣ ਲਈ ਪਲਸੇਟੇ ਮਾਰ ਰਹੇ ਹੁੰਦੇਂ ਨੇ ਤਾਂ ਨਾਈਟ ਸੌਪਾਂ ਵਾਲੇ ਕਈ ਉਸ ਸਮੇਂ ਸਾਂਮ ਵਾਲਾ ਪ੍ਰਛਾਦਾ ਛਕ ਰਹੇ ਹੁੰਦੇਂ ਨੇ। ਕਈ ਤਾਂ ਅਜਿਹੇ ਹਨ ਕਿ ਜਿਹੜੇ ਇੱਕ ਘਰੇ ਰਹਿੰਦੇ ਹੋਵੇ ਵੀ ਅਪਣੇ ਪਰਿਵਾਰ ਵਿੱਚ ਅਜਨਬੀ ਹਨ ਕਿਉਕਿ ਜਦ ਸਵੇਰੇ ਬੱਚੇ ਸਕੂਲ ਜਾਂਦੇ ਹਨ ਤਾਂ ਇਹ ਸੁੱਤੇ ਹੁੰਦੇਂ ਨੇ ਤੇ ਜਦ ਬੱਚੇ ਸਕੂਲੋਂ ਵਾਪਸ ਆਉਦੇ ਹਨ ਤਾਂ ਇਹ ਦੁਕਾਨਾਂ ਖੋਲ੍ਹਣ ਲਈ ਘਰੋਂ ਜਾ ਚੁੱਕੇ ਹੁੰਦੇਂ ਹਨ। ਘਰਾਂ ਵਿਚਲੀਆਂ ਦੁਕਾਨਾਂ ਵਾਲੇ ਜਰੂਰ ਕੁੱਝ ਸਮਾਂ ਬੱਚਿਆਂ ਨਾਲ ਬਿਤਾ ਲੈਂਦੇ ਹਨ। ਕੁੱਲ ਮਿਲਾ ਕੇ ਨਾਈਟ ਸੌਪਾਂ ਵਾਲੇ ਇੱਕ ਵੱਖਰੀ ਕਿਸਮ ਦੀ ਜਿੰਦਗੀ ਜਿਉਂ ਰਹੇ ਹਨ। ਪਰ ਫਿਰ ਵੀ ਰਾਜਨੀਤਿਕ ਲੋਕਾਂ ਦੇ ਮੁਫਾਦਾ ਲਈ ਇਹਨਾਂ ਦੀ ਚੱਲ ਰਹੀ ਇਹ ਔਖੀ-ਸੌਖੀ ਜਿੰਦਗੀ ਨੂੰ ਬਰਬਾਦ ਕਰਨ ਦੇ ਇਜੰਡੇਂ ਤੇ ਸਭ ਧਿਰਾਂ ਸਹਿਮਤ ਨਜ਼ਰ ਆ ਰਹੀਆਂ ਹਨ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਆਉਦੇਂ ਕੁੱਝ ਸਾਲਾਂ ਤੱਕ ਐਨੀ ਕੁ ਸਖ਼ਤੀ ਕਰ ਦਿੱਤੀ ਜਾਵੇਗੀ ਕਿ ਚੱਲ ਰਹੀਆਂ ਦੁਕਾਨਾਂ ਵਿੱਚੋਂ 95 ਪ੍ਰਸੈਂਟ ਕਿਸੇ ਨਾਂ ਕਿਸੇ ਤਰਾਂ ਬੰਦ ਕਰਵਾ ਦਿੱਤੀਆਂ ਜਾਣਗੀਆਂ। ਅਜਿਹੇ ਮਾਹੌਲ ਵਿੱਚ ਇਹਨਾਂ ਦੁਕਾਨਦਾਰਾਂ ਨੇ ਅਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰੱਖਣ ਲਈ ਹੰਭਲਾ ਮਾਰਦੇ ਹੋਏ ਇੱਕ ਬੈਲਜ਼ੀਅਮ ਨਾਈਟ ਸੌਪ ਯੁਨੀਅਨ ਬਣਾਈ ਹੈ। ਜੋ ਰਜਿਸਟਰ ਕਰਵਾ ਦਿੱਤੀ ਹੈ ਤਾਂ ਜੋ ਭਵਿੱਖ ਵਿੱਚ ਇਕੱਠੇ ਹੋ ਕੇ ਕੋਈ ਕਾਂਨੂੰਨੀ ਚਾਰਜੋਈ ਕਰਨ ਦੇ ਸਮਰੱਥ ਹੋ ਸਕਣ। ਇਸ ਯੁਨੀਅਨ ਦਾ ਹਰ ਮੈਂਬਰ ਇੱਕ ਨਿਗੂਣੀ ਜਿਹੀ ਰਾਸ਼ੀ ਇਸ ਯੁਨੀਅਨ ਦੇ ਅਕਾਂਉਟ ਵਿੱਚ ਜਮਾਂ ਕਰਵਾਏਗਾ ਤਾਂ ਜੋ ਕੋਈ ਨਾਂਮੀ ਵਕੀਲ ਪੱਕੇ ਤੌਰ ਤੇ ਰੱਖਿਆ ਜਾ ਸਕੇ ਜੋ ਕਿਸੇ ਵੀ ਮੈਂਬਰ ਨੂੰ ਆਉਣ ਵਾਲੀ ਮੁਸੀਬਤ ਸਮੇਂ ਕਾਂਨੂੰਨੀ ਸਹਾਇਤਾ ਉੱਪਲਭਦ ਕਰਵਾ ਸਕੇ। ਅਜਿਹੇ ਹੀ ਹੋਰ ਕੁੱਝ ਨੁਕਤੇ ਵਿਚਾਰਨ ਹਿੱਤ ਯੁਨੀਅਨ ਦੀ ਇਹ ਦੂਸਰੀ ਇਕੱਤਰਤਾ ਸਿੰਤਰੂਧਨ ਦੇ ਗੁਰਦਵਾਰਾ ਸਾਹਿਬ ਵਿੱਚ ਆਉਦੇਂ ਵੀਰਵਾਰ ਦੁਪਿਹਰੇ 1 ਵਜੇ ਰੱਖੀ ਗਈ ਹੈ ਤਾਂ ਜੋ ਅਗਲੀ ਰਣਨੀਤੀ ਤਹਿ ਕਰ ਕੇ ਉਸਨੂੰ ਅਮਲੀ ਜਾਮਾਂ ਪਹਿਨਾਇਆ ਜਾ ਸਕੇ।

Geef een reactie

Het e-mailadres wordt niet gepubliceerd. Vereiste velden zijn gemarkeerd met *